ਮੋਦੀ-ਡੋਵਾਲ ਦੀ ਗਲਤ ਵਿਦੇਸ਼ ਨੀਤੀ

ਮੋਦੀ-ਡੋਵਾਲ ਦੀ ਗਲਤ ਵਿਦੇਸ਼ ਨੀਤੀ

ਰੂਸ ਨੇ ਰੁਪਈਏ ਬਦਲੇ ਭਾਰਤ ਨੂੰ ਤੇਲ ਵੇਚਣਾ ਬੰਦ ਕਰ ਦਿਤਾ ਹੈ। ਮੋਦੀੇ ਅਮਰੀਕੀ ਸਾਮਰਾਜੀ ਗੁਟ ਵਲ ਝੁਕ ਗਿਆ ਹੈ ਤੇ ਰੂਸ ਨੇ ਮੋਦੀ ਵਲ ਪਿਠ ਕਰਨ ਦੀ ਤਿਆਰੀ ਕਰ ਲਈ ਹੈ।

ਰੂਸ ਦੀ ਸਭ ਤੋਂ ਵਧੇਰੇ ਪ੍ਰਭਾਵਸ਼ਾਲੀ ਇੰਟਰਨੈਟ ਅਖਬਾਰ ਅਤੇ ਉਸ ਦੀ ਬਿਦੇਸ ਨੀਤੀ ਦੀ ਸਰਕਾਰੀ ਤਰਜਮਾਨ ਆਰ ਟੀ. ਕਾਮ ਨੇ ਮੋਦੀ ਵਿਰੋਧੀ ਖਬਰਾਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿਤੀ ਹੈ। ਕੁਝ ਦਿਨਾਂ ਤੋਂ ਰਾਹੁਲ ਗਾਂਧੀ ਬਾਰੇ ਖਬਰਾਂ ਛਪਣੀਆ ਆਰੰਭ ਹੋ ਗਈਆ ਹਨ। ਮੋਦੀ ਬਾਰੇ ਛਪੀਆ ਲਿਖਤਾਂ ਹੇਠਾਂ ਪਾਠਕਾਂ ਦੀਆਂ ਟਿਪਣੀਆਂ ਵਿਚ ਮੋਦੀ ਵਿਰੋਧੀ ਵਿਚਾਰਾਂ ਨੂੰ ਤਰਜੀਹ ਦਿਤੀ ਜਾ ਰਹੀ ਹੈ। ਹੁਣ ਸਾਰੀਆ ਹਦਾਂ ਬੰਨੇ ਟਪਦੇ ਹੋਏ ਮੋਦੀ ਦੀ ਸਭ ਤੋਂ ਦੁਖਦੀ ਰਗ ਕਸ਼ਮੀਰ ਮਸਲੇ ਉਤੇ ਉਂਗਲ ਰਖਦਿਆਂ ਸਾਬਕਾ ਰਾਅ ਮੁਖੀ ਏ ਐਸ ਦੁਲਟ ਦੀ ਲਿਖਤ ਛਾਪੀ ਗਈ ਹੈ।

ਇਸ ਲਿਖਤ ਵਿਚ ਦੁਲਟ ਨੇ ਕਸ਼ਮੀਰ ਬਾਰੇ ਮੋਦੀ ਨੀਤੀਆਂ ਦੀ ਖੁਲ੍ਹ ਕੇ ਆਲੋਚਨਾ ਕੀਤੀ ਹੈ ਅਤੇ 370 ਧਾਰਾ ਤੋੜਨ ਦਾ ਵਿਰੋਧ ਕੀਤਾ ਹੈ। ਦੁਲਟ ਅਨੁਸਾਰ ਵੇਖਣ ਨੂੰ ਕਸ਼ਮੀਰ ਸ਼ਾਂਤ ਜਾਪਦਾ ਹੈ ਪਰ ਇਸ ਦੀ ਤਹਿ ਹੇਠ ਲਾਵਾ ਬਲ ਰਿਹਾ ਹੈ ਜਿਹੜਾ ਕਿਸੇ ਵੇਲੇ ਵੀ ਫੁਟ ਸਕਦਾ ਹੈ। ਕਸ਼ਮੀਰ ਦੀ ਹਾਲਤ 2016 ਦੀਆਂ ਗਰਮੀਆਂ ਨਾਲ ਮੇਲ ਖਾਂਦੀ ਹੈ ਜਦੋਂ ਖਾੜਕੂ ਲਹਿਰ ਦਾ ਹੀਰੋ ਬੁਰਹਾਨ ਵਾਨੀ ਮਾਰਿਆ ਗਿਆ ਸੀ ਤਾਂ ਦਖਣੀ ਕਸ਼ਮੀਰ ਲਾਵੇ ਵਾਂਗੂ ਫੁਟ ਪਿਆ ਸੀ। ਹੁਣ ਖਾੜਕੂਆਂ ਕੋਲ ਹੀਰੋ ਦੀ ਘਾਟ ਹੈ ਪਰ ਇਸ ਵੇਲੇ ਕਸ਼ਮੀਰ ਵਿਚ ਕਬਰਾਂ ਦੀ ਸ਼ਾਂਤੀ ਹੈ। 

ਸ੍ਰੀ ਨਗਰ ਦੀ ਹਰੇਕ ਨੁਕਰ ਵਿਚ ਲੋਕ ਪੁਛਦੇ ਹਨ ਕਿ ਜੇ ਕਸ਼ਮੀਰ ਭਾਰਤ ਦਾ ਅਟੁਟ ਅੰਗ ਹੈ ਤਾਂ ਉਥੇ ਚੋਣਾਂ ਕਿਉਂ ਨਹੀਂ ਕਰਵਾਈਆ ਜਾ ਰਹੀਆਂ ਅਤੇ ਪ੍ਰਧਾਨ ਮੰਤਰੀ ਉਥੇ ਦੌਰਾ ਕਰਨ ਕਿਉਂ ਨਹੀਂ ਜਾਂਦਾ? ਜਦੋਂ ਕਿ ਮਹਿਜ 11 ਮਹੀਨੇ ਪ੍ਰਧਾਨ ਮੰਤਰੀ ਰਿਹਾ ਦੇਵ ਗੌੜਾ ਚਾਰ ਵਾਰੀ ਕਸ਼ਮੀਰ ਗਿਆ ਸੀ। 6 ਜੁਲਾਈ 1996 ਦੇ ਆਪਣੇ ਪਹਿਲੇ ਦੌਰੇ ਵਿਚ ਉਸ ਨੇ ਵਖਵਾਦੀ ਗਰੁਪਾਂ ਸਮੇਤ ਸਭ ਨੂੰ ਮਿਲਣ ਲਈ ਤਰਜੀਹ ਦਿਤੀ। ਲੋਕਾਂ ਨੇ ਉਸ ਉਤੇ ਭਰੋਸਾ ਕੀਤਾ ਤੇ ਅਗਲੀ ਵਾਰ ਉਹ ਖੁਲ੍ਹੀ ਜੀਪ ਵਿਚ ਬੈਠ ਕੇ ਹਵਾਈ ਅਡੇ ਤੋਂ ਬਾਹਰ ਨਿਕਲਿਆ। ਇਹੀ ਢੰਗ ਨਰ ਸਿਮਹਾ ਰਾਓ ਨੇ ਅਪਨਾਇਆ। ਮੋਦੀ ਨੂੰ ਇਹੀ ਢੰਗ ਅਪਨਾਉਣਾ ਚਾਹੀਦਾ ਹੈ। ਅਸੀਂ ਦੁਨੀਆਂ ਦੀ ਸਭ ਤੋਂ ਵਡੀ ਜਮਹੂਰੀਅਤ ਹੋਣ ਦਾ ਦਾਅਵਾ ਕਰਦੇ ਹਾਂ ਪਰ ਕਸ਼ਮੀਰ ਵਿਚ ਜਮਹੂਰੀਅਤ ਤਬਾਹ ਹੋ ਰਹੀ ਹੈ। 

ਦੁਲਟ ਦੇ ਕਥਨ ਅਨੁਸਾਰ ਹਾਲ ਦੀ ਘੜੀ ਨਿਰਾਸ਼ਾ ਤੇ ਬੇਭਰੋਸਗੀ ਨੇ ਕਸ਼ਮੀਰ ਨੂੰ ਆਪਣੇ ਕਲਾਵੇ ਵਿਚ ਲਿਆ ਹੋਇਆ ਹੈ। ਕਸ਼ਮੀਰੀਆਂ ਦੇ ਮਨਾਂ ਵਿਚ ਬੇਗਾਨਗੀ ਤੇ ਨਫਰਤ ਵਧ ਗਈ ਹੈ। ਇਸਲਾਮੀ ਖਾੜਕੂਪੁਣਾ ਹੁਣ ਸਭ ਤੋਂ ਵਡਾ ਖਤਰਾ ਹੈ। ਵਖਵਾਦੀ ਨਾ ਦਿਸਦੇ ਹੋਣ ਪਰ ਵਖਵਾਦ ਘਰ ਘਰ ਦਾ ਵਰਤਾਰਾ ਬਣ ਗਿਆ ਹੈ। ਭਾਵੇਂ ਬੰਦੂਕ ਦੀ ਤਾਕਤ ਨਜਰੋਂ ਓਹਲੇ ਹੈ ਪਰ ਇਹ ਵਕਤੀ ਤੌਰ ਉਤੇ ਹੈ। ਬੰਦੂਕ ਦਾ ਅਗਲਾ ਹਮਲਾ ਜਦੋਂ ਵੀ ਹੋਇਆ ਪਹਿਲੇ ਨਾਲੋਂ ਖਤਰਨਾਕ ਹੋਵੇਗਾ। ਦੁਲਟ ਅਨੁਸਾਰ ਸਾਬਕਾ ਗ੍ਰਹਿ ਮੰਤਰੀ ਚਿੰਦਬਰਮ ਨੇ ਪਾਰਲੀਮੈਂਟ ਵਿਚ ਧਾਰਾ 370 ਤੋੜਨ ਦਾ ਵਿਰੋਧ ਕਰਦਿਆਂ ਇਸ ਨੂੰ ਖਤਰਨਾਕ ਗਲਤੀ ਕਰਾਰ ਦਿਤਾ ਸੀ।

ਆਰ ਟੀ.ਕਾਮ ਵਿਚ ਛਪੀ ਇਸ ਲਿਖਤ ਦੇ ਥਲੇ ਛਪੇ ਪਾਠਕਾਂ ਦੇ ਪ੍ਰਤੀਕਰਮਾਂ ਵਿਚ ਨਾ ਸਿਰਫ ਮੋਦੀ ਨੀਤੀਆਂ ਦੀ ਰਜ ਕੇ ਨਿੰਦਿਆ ਕੀਤੀ ਗਈ ਹੈ ਬਲਕਿ ਇਕ ਟਿਪਣੀ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਹੁਣ ਤਕ ਪਾਕਿਸਤਾਨ ਨੇ ਜਿੰਨੀ ਵਾਰ ਵੀ ਯੂਨਾਈਟਡ ਨੇਸ਼ਨਜ ਦੀ ਸੁਰਖਿਆ ਕੌਂਸਲ ਵਿਚ ਕਸ਼ਮੀਰ ਮਸਲਾ ਉਠਾਇਆ ਹੈ, ਓਨੀ ਵਾਰ ਹੀ ਰੂਸ ਨੇ ਉਸ ਮਤੇ ਨੂੰ ਵੀਟੋ ਕੀਤਾ ਹੈ ਪਰ ਹੁਣ ਇਉਂ ਨਹੀਂ ਹੋਵੇਗਾ। ਸਪਸ਼ਟ ਹੈ ਕਿ ਮੋਦੀ-ਡੋਵਾਲ ਦੀ ਗਲਤ ਬਿਦੇਸ ਨੀਤੀ ਕਾਰਨ ਭਾਰਤ ਖਾਹ-ਮਖਾਹ ਹੀ ਜਿੰਦਗੀ ਮੌਤ ਦੀ ਜੰਗ ਲੜ ਰਹੇ ਰੂਸੀ ਤੇ ਅਮਰੀਕੀ ਸਾਮਰਾਜੀਆਂ ਵਿਚਕਾਰ ਇਕ ਧਿਰ ਬਣਦਾ ਜਾ ਰਿਹਾ ਹੈ।