ਪੰਜਾਬੀ ਮੂਲ ਦੀ ਅਮਰੀਕਨ ਪੱਤਰਕਾਰ ਪੀਜੇ ਰੰਧਾਵਾ ਨੂੰ ਮਿਲਿਆ ਐਮੀ ਐਵਾਰਡ

ਪੰਜਾਬੀ ਮੂਲ ਦੀ ਅਮਰੀਕਨ ਪੱਤਰਕਾਰ ਪੀਜੇ ਰੰਧਾਵਾ ਨੂੰ ਮਿਲਿਆ ਐਮੀ ਐਵਾਰਡ

ਲਾਸ ਏਂਜਲਸ/ਬਿਊਰੋ ਨਿਊਜ਼ :
ਪੰਜਾਬੀ ਮੂਲ ਦੀ ਅਮਰੀਕਨ ਪੱਤਰਕਾਰ ਪੀਜੇ ਰੰਧਾਵਾ ਨੂੰ ਪੱਤਰਕਾਰੀ ਦੇ ਖੇਤਰ ਵਿਚ ਇਸ ਸਾਲ ਦਾ ਵਕਾਰੀ ਐਮੀ ਐਵਾਰਡ ਮਿਲਿਆ ਹੈ। ਉਹ ਇਸ ਸਮੇਂ ਏਐਸਡੀਕੇ ਨਿਊਜ਼ ਵਿਚ ਸੀਨੀਅਰ ਪੱਤਰਕਾਰ ਵਜੋਂ ਸੇਵਾ ਨਿਭਾ ਰਹੀ ਹੈ। ਉਸ ਨੇ ਸੰਨ 2013 ਤੋਂ ਲੈ ਕੇ 2015 ਤੱਕ ਸਾਊਥ ਕੈਰੋਲੀਨਾ ਦੇ ਡਬਲਿਊਆਈਐਸ ਟੀਵੀ ਵਿਚ ਵੀ  ਪੱਤਰਕਾਰ ਵਜੋਂ ਸੇਵਾਵਾਂ ਦਿੱਤੀਆਂ ਸਨ। ਇਸ ਤੋਂ ਪਹਿਲਾਂ ਉਸ ਨੇ ਸੰਨ 2011 ਤੋਂ 2013 ਦਰਮਿਆਨ ਕੋਟਾ ਟੈਰੋਟਰੀ ਨਿਊਜ਼ ਵਿਚ ਬਤੌਰ ਐਂਕਰ ਤੇ ਰਿਪੋਰਟਰ ਕਾਫ਼ੀ ਨਾਮਣਾ ਖੱਟਿਆ ਸੀ। ਪੀਜੇ ਰੰਧਾਵਾ ਨੇ ਡੇਅ-ਪੌਲ ਯੂਨੀਵਰਸਿਟੀ ਸ਼ਿਕਾਗੋ ਤੋਂ ਪੜ੍ਹਾਈ ਕੀਤੀ ਹੋਈ ਹੈ।
ਪੀਜੇ ਰੰਧਾਵਾ ਨੂੰ ਇਹ ਐਵਾਰਡ ਮਿਲਣ ਤੋਂ ਬਾਅਦ ਅਮਰੀਕਾ ਰਹਿੰਦੇ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਪਾਈ ਜਾ ਰਹੀ ਹੈ। ਦਰਸ਼ਕਾਂ ਨਾਲ ਖਚਾਖਚ ਭਰੇ ਮਾਈਕਰੋਸੌਫਟ ਹਾਲ ਵਿਚ ਪੀਜੇ ਰੰਧਾਵਾ ਨੇ ਇਹ ਐਵਾਰਡ ਮਿਲਣ ਦੇ ਮੌਕੇ ‘ਤੇ ਕਿਹਾ ਕਿ ਉਹ ਜਿੱਥੇ ਜਿਊਰੀ ਮੈਂਬਰਾਂ ਦਾ ਸ਼ੁਕਰੀਆ ਅਦਾ ਕਰਦੀ ਹੈ, ਉਥੇ ਨਾਲ ਹੀ ਆਪਣੀ ਜ਼ਿੰਦਗੀ ਵਿਚ ਆਏ ਹਰ ਉਸ ਸ਼ਖਸ ਦਾ ਵੀ ਇਸ ਐਵਾਰਡ ਨੂੰ ਪ੍ਰਾਪਤ ਕਰਨ ਵਿਚ ਯੋਗਦਾਨ ਮੰਨਦੀ ਹੈ, ਜਿਸ ਨੇ ਉਸ ਨੂੰ ਅਜਿਹਾ ਪ੍ਰਾਪਤ ਕਰਨ ਦੇ ਕਾਬਲ ਬਣਾਇਆ।