ਪੰਜਾਬ ਬੋਰਡ ਦੀਆਂ ਕਿਤਾਬਾਂ ‘ਚੋਂ ਸਿੱਖ ਇਤਿਹਾਸ ਨੂੰ ਛਾਂਗਣ ਦਾ ਮਾਮਲਾ ਜਿਉਂ ਦਾ ਤਿਉਂ

ਪੰਜਾਬ ਬੋਰਡ ਦੀਆਂ ਕਿਤਾਬਾਂ ‘ਚੋਂ ਸਿੱਖ ਇਤਿਹਾਸ ਨੂੰ ਛਾਂਗਣ ਦਾ ਮਾਮਲਾ ਜਿਉਂ ਦਾ ਤਿਉਂ

ਚੰਡੀਗੜ੍ਹ/ਬਿਊਰੋ ਨਿਊਜ਼ :ਪੰਜਾਬ ਸਰਕਾਰ ਨੇ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਪੁਸਤਕ ਵਿਚੋਂ ਸਿੱਖ ਇਤਿਹਾਸ ਦੀ ਕਥਿਤ ਤੌਰ ‘ਤੇ ਛੰਗਾਈ ਕਰਨ ਦੇ ਮਾਮਲੇ ਬਾਰੇ ਕਿਸੇ ਜਾਚ ਪੜਤਾਲ ਦੀ ਥਾਂ ਵਿਚ ਵਿਚਾਲੇ ਦਾ ਰਾਹ ਅਖਤਿਆਰ ਕਰ ਲਿਆ ਜਾਪਦਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਛਾਪੀ ਕਿਤਾਬ ਵਿਚਲੀਆਂ ਗਲਤੀਆਂ ਲਈ ਮੁਆਫ਼ੀ ਮੰਗੀ ਹੈ ਅਤੇ ਇਸ ਦੀ ਸੁਧਾਈ ਕਰਨ ਦਾ ਫ਼ੈਸਲਾ ਲਿਆ ਹੈ।
ਸਰਕਾਰ ਨੇ ਇਸ ਤੋਂ ਇਲਾਵਾ ਸਕੂਲਾਂ ਵਿਚ ਗਾਈਡ ਬੁੱਕ ‘ਤੇ ਪਾਬੰਦੀ ਲਾਉਣ ਅਤੇ ਸਾਬਕਾ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਵੇਲੇ ਹੋਏ ਪੁਸਤਕ ਸਕੈਂਡਲ ਦੀ ਮੁੜ ਜਾਂਚ ਕਰਵਾਉਣ ਦਾ ਐਲਾਨ ਕੀਤਾ ਹੈ।
ਇਸ ਬਾਰੇ ਪੰਜਾਬ ਦੇ ਸਿੱਖਿਆ ਮੰਤਰੀ ਓਪੀ ਸੋਨੀ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੰਗਲਵਾਰ ਨੂੰ ਪੰਜਾਬ ਭਵਨ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਕਿਤਾਬਾਂ ਵਿੱਚੋਂ ਪੰਜਾਬ ਅਤੇ ਸਿੱਖ ਇਤਿਹਾਸ ਨੂੰ ਕੱਢਣ ਦਾ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਹਨ ਜਦਕਿ ਕਿਤਾਬਾਂ ਵਿੱਚੋਂ ਸਿੱਖ ਤੇ ਪੰਜਾਬ ਦੇ ਇਤਿਹਾਸ ਨਾਲ ਨਾ ਤਾਂ ਕੋਈ ਛੇੜਛਾੜ ਕੀਤੀ ਗਈ ਹੈ ਅਤੇ ਨਾ ਹੀ ਕੁਝ ਘਟਾਇਆ ਗਿਆ ਹੈ, ਸਗੋਂ ਵਾਧਾ ਹੀ ਕੀਤਾ ਹੈ। ਮੰਤਰੀਆਂ ਨੇ ਕਿਹਾ ਕਿ ਸਿੱਖਿਆ ਬੋਰਡ ਨੇ ਆਪਣੇ ਇਤਿਹਾਸ ਵਿਚ ਪਹਿਲੀ ਵਾਰ ਖ਼ੁਦ ਪੁਸਤਕਾਂ ਛਾਪ ਕੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਪ੍ਰਾਈਵੇਟ ਪ੍ਰਕਾਸ਼ਕਾਂ ਦੀ ਲੁੱਟ ਤੋਂ ਬਚਾਇਆ ਹੈ ਕਿਉਂਕਿ ਬੋਰਡ ਵੱਲੋਂ ਬਾਰ੍ਹਵੀਂ ਦੀ ਇਤਿਹਾਸ ਦੀ ਛਾਪੀ ਕਿਤਾਬ ਦੀ ਕੀਮਤ ਕੇਵਲ 90 ਰੁਪਏ ਹੈ ਜਦਕਿ ਪ੍ਰਾਈਵੇਟ ਪ੍ਰਕਾਸ਼ਕ ਵੱਲੋਂ ਗਾਈਡ ਦੀ ਕੀਮਤ 450 ਰੁਪਏ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਿੱਖਿਆ ਬੋਰਡ ਇਕ ਖੁਦਮੁਖ਼ਤਾਰ ਅਦਾਰਾ ਹੈ ਅਤੇ ਕਿਤਾਬਾਂ ਤਿਆਰ ਕਰਨ ਦੀ ਸਾਰੀ ਜ਼ਿੰਮੇਵਾਰੀ ਬੋਰਡ ਦੀ ਹੈ।

ਮੰਤਰੀਆਂ ਨੇ ਇਹ ਵੀ ਦੋਸ਼ ਲਾਇਆ ਕਿ ਕਿਤਾਬਾਂ ਛਾਪਣ ਲਈ ਬਣਾਈ ਕਮੇਟੀ ਵਿੱਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਇਕ ਪ੍ਰਤੀਨਿਧ ਵੀ ਸ਼ਾਮਲ ਸੀ ਅਤੇ ਅਕਾਲੀ ਦਲ ਬੇਵਜ੍ਹਾ ਇਹ ਮੁੱਦਾ ਉਠਾ ਰਿਹਾ ਹੈ।  ਅਕਾਲੀ ਦਲ ਦੀ ਅਗਵਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਸਕੂਲ ਸੀਬੀਐਸਈ ਨਾਲ ਜੁੜੇ ਹਨ ਅਤੇ ਅਕਾਲੀ ਦਲ ਦੂਜੇ ਪਾਸੇ ਪੰਜਾਬ ਤੇ ਸਿੱਖ ਇਤਿਹਾਸ ਦੀ ਦੁਹਾਈ ਦੇ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਗਿਆਰਵੀਂ ਦੀ ਛਪ ਰਹੀ ਕਿਤਾਬ ਵਿੱਚ ਸਿੱਖ ਗੁਰੂਆਂ ਦਾ ਵਿਸਥਾਰ ਸਹਿਤ ਇਤਿਹਾਸ ਸ਼ਾਮਲ ਹੈ।
ਜਦੋਂ ਪੱਤਰਕਾਰਾਂ ਨੇ ਮੰਤਰੀਆਂ ਮੂਹਰੇ ਬੋਰਡ ਵੱਲੋਂ ਛਾਪੀ 12ਵੀਂ ਦੀ ਇਤਿਹਾਸ ਦੀ ਕਿਤਾਬ ਵਿਚ ਸ਼ਬਦੀ ਤੇ ਇਬਾਰਤੀ ਗ਼ਲਤੀਆਂ ਬਾਰੇ ਪੁੱਛਿਆ ਤਾਂ ਸ੍ਰੀ ਰੰਧਾਵਾ ਨੇ ਮੁਆਫ਼ੀ ਮੰਗਦਿਆਂ ਕਿਹਾ ਕਿ ਇਸ ਕਿਤਾਬ ਵਿਚਲੀਆਂ ਗ਼ਲਤੀਆਂ ਦੀ ਵੀ ਮਾਹਿਰਾਂ ਦੀ ਕਮੇਟੀ ਰਾਹੀਂ ਪੜਤਾਲ ਕਰਵਾਈ ਜਾਵੇਗੀ।  ਇਸੇ ਦੌਰਾਨ ਸ੍ਰੀ ਰੰਧਾਵਾ ਨੇ ਕਿਹਾ ਕਿ ਸਾਬਕਾ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਵੇਲੇ ਕਿਤਾਬਾਂ ਦੇ ਹੋਏ ਘਪਲੇ ਦੀ ਵੀ ਨਵੇਂ ਸਿਰਿਓਂ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਲੱਖਾਂ ਵਿਦਿਆਰਥੀਆਂ ਨੂੰ ਪ੍ਰਾਈਵੇਟ ਪ੍ਰਕਾਸ਼ਕਾਂ ਦੀ ਲੁੱਟ ਤੋਂ ਬਚਾਉਣ ਲਈ ਬੋਰਡ ਖੁਦ ਕਿਤਾਬਾਂ ਛਾਪੇਗਾ ਅਤੇ ਸਕੂਲਾਂ ਵਿੱਚ ਗਾਈਡਾਂ ਤੇ ਕੁੰਜੀਆਂ ‘ਤੇ ਪਾਬੰਦੀ ਲਾਈ ਜਾਵੇਗੀ।
ਇਸ ਮੌਕੇ ਜਦੋਂ ਇਹ ਸਵਾਲ ਉਠਿਆ ਕਿ ਹੁਣ ਗਿਆਰਵੀਂ ਤੋਂ ਬਾਰਵੀਂ ਦੀ ਜਮਾਤ ਵਿੱਚ ਗਏ 2 ਲੱਖ ਦੇ ਕਰੀਬ ਵਿਦਿਆਰਥੀ ਬਾਰ੍ਹਵੀਂ ਦੀਆਂ ਕਿਤਾਬਾਂ ਵਿਚੋਂ ਕੱਢੇ ਪੰਜਾਬ ਤੇ ਸਿੱਖ ਧਰਮ ਦੇ ਇਤਿਹਾਸ ਦੇ ਸਿਲੇਬਸ ਨੂੰ ਪੜ੍ਹਨ ਤੋਂ ਵਾਂਝੇ ਰਹਿ ਜਾਣਗੇ ਤਾਂ ਇਸ ਬਾਰੇ ਸਪਸ਼ਟ ਕਰਦਿਆਂ ਸਿੱਖਿਆ ਮੰਤਰੀ ਸ੍ਰੀ ਸੋਨੀ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਲਈ ਬਾਰ੍ਹਵੀਂ ਜਮਾਤ ਵਿਚ ਇਤਿਹਾਸ ਦੀਆਂ ਵਿਸ਼ੇਸ਼ ਜਮਾਤਾਂ ਲਾ ਕੇ ਇਹ ਖੱਪਾ ਪੂਰਿਆ ਜਾਵੇਗਾ।

ਅਕਾਲੀ ਦਲ ਨੇ ਕਾਂਗਰਸ ਨੂੰ ਇਤਿਹਾਸ ਨਾਲ ਛੇੜਛਾੜ ਦੀ ਦੋਸ਼ੀ ਗਰਦਾਨਿਆਂ
ਚੰਡੀਗੜ੍ਹ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਸਰਕਾਰ ‘ਤੇ ਪੰਜਾਬ ਅਤੇ ਗੁਰੂਆਂ ਦੇ ਇਤਿਹਾਸ ਦੀ ਜਾਣਕਾਰੀ ਸਕੂਲੀ ਸਿਲੇਬਲ ਵਿੱਚੋਂ ਮਨਫ਼ੀ ਕਰਨ ਦੇ ਦੋਸ਼ ਲਾਉਂਦਿਆਂ ਕਾਂਗਰਸ ਨੂੰ ਇਤਿਹਾਸ ਨਾਲ ਛੇੜਛਾੜ ਦੀ ਦੋਸ਼ੀ ਗਰਦਾਨਿਆਂ। ਮੰਗਲਵਾਰ ਨੂੰ ਚੰਡੀਗੜ੍ਹ ਚ ਪ੍ਰੈਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਸਿੱਖਾਂ ਤੇ ਪੰਜਾਬੀਆਂ ਦੇ ਜਜ਼ਬਾਤ ਨਾਲ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਹ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵੀਂ ਛਾਪੀ ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਦੇ ਮਾਮਲ ੇ ‘ਤੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰ ਮੁਲਕ, ਫਿਰਕੇ ਅਤੇ ਧਰਮ ਦਾ ਇਤਿਹਾਸ ਹੁੰਦਾ ਹੈ ਅਤੇ ਜੇਕਰ ਕੋਈ ਇਸ ਇਤਿਹਾਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸਮਝ ਲਵੋ ਸਬੰਧਤ ਲੋਕਾਂ ਦੇ ਭਵਿੱਖ ਨੂੰ ਖ਼ਤਮ ਕੀਤਾ ਜਾ ਰਿਹਾ ਹੈ।