ਬਰਗਾੜੀ ਕਾਂਡ : ਗੁਰੂ ਗ੍ਰੰਥ ਸਾਹਿਬ ਬਾਰੇ ਅਪਮਾਨਜਨਕ ਭਾਸ਼ਾ ‘ਚ ਪੋਸਟਰ ਲਿਖਣ ਵਾਲੇ ਦੀ ਸ਼ਨਾਖਤ ਕਾਟਜੂ ਜਾਂਚ ਕਮਿਸ਼ਨ ਦੀ ਰਿਪੋਰਟ ਵੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਪੁੱਜੀ

ਬਰਗਾੜੀ ਕਾਂਡ : ਗੁਰੂ ਗ੍ਰੰਥ ਸਾਹਿਬ ਬਾਰੇ ਅਪਮਾਨਜਨਕ ਭਾਸ਼ਾ ‘ਚ ਪੋਸਟਰ ਲਿਖਣ ਵਾਲੇ ਦੀ ਸ਼ਨਾਖਤ ਕਾਟਜੂ ਜਾਂਚ ਕਮਿਸ਼ਨ ਦੀ ਰਿਪੋਰਟ ਵੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਪੁੱਜੀ

ਚੰਡੀਗੜ੍ਹ/ਬਿਊਰੋ ਨਿਊਜ਼ :
ਤਕਰੀਬਨ ਤਿੰਨ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਬਰਗਾੜੀ ਬੇਅਦਬੀ ਕਾਂਡ ਸਬੰਧੀ ਪੰਜਾਬ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ 10 ਸ਼ੱਕੀ ਵਿਅਕਤੀਆਂ ਵਿੱਚੋਂ ਇਕ ਦੀ ਲਿਖਾਈ ਸਤੰਬਰ 2015 ਵਿੱਚ ਪਿੰਡ ਬਰਗਾੜੀ ’ਚ ਚਿਪਕਾਏ ਗਏ ਉਨ੍ਹਾਂ ਪੋਸਟਰਾਂ ਨਾਲ ਮਿਲ ਗਈ ਹੈ ਜਿਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਬਾਰੇ ਅਪਮਾਨਜਨਕ ਭਾਸ਼ਾ ਵਰਤੀ ਗਈ ਸੀ। ਪੁਲੀਸ ਸੂਤਰਾਂ ਅਨੁਸਾਰ ਘਟਨਾ ਤੋਂ ਬਾਅਦ ਸ਼ੱਕੀ ਵਿਅਕਤੀਆਂ ਤੋਂ ਇਲਾਵਾ ਪਿੰਡ ਬਰਗਾੜੀ ਵਿੱਚੋਂ ਲਿਖਾਈ ਦੇ 100 ਤੋਂ ਵੱਧ ਨਮੂਨੇ ਲਏ ਜਾ ਚੁੱਕੇ ਸਨ ਪਰ ਇਨ੍ਹਾਂ ਵਿੱਚੋਂ ਕੋਈ ਲਿਖਾਈ ਪੋਸਟਰਾਂ ਦੀ ਲਿਖਾਈ ਨਾਲ ਨਹੀਂ ਸੀ ਮਿਲ ਰਹੀ। ਪੁਲੀਸ ਨੂੰ ਇਹ ਕਾਮਯਾਬੀ  ਪਿਛਲੇ ਹਫ਼ਤੇ ਗ੍ਰਿਫ਼ਤਾਰ ਕੀਤੇ ਗਏ ਦਸ ਸ਼ੱਕੀ ਵਿਅਕਤੀਆਂ ਦੀ ਲਿਖਾਈ ਦੀ ਫੋਰੈਂਸਿਕ ਰਿਪੋਰਟ ਦੇਖਣ ਤੋਂ ਬਾਅਦ ਮਿਲੀ। ਪੁਲੀਸ ਨੇ ਇਹ ਜਾਂਚ ਰਿਪੋਰਟ ਨੋਡਲ ਏਜੰਸੀ ਸੀਬੀਆਈ ਨੂੰ ਸੌਂਪ ਦਿੱਤੀ ਹੈ ਜੋ ਕਿ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੀਬੀਆਈ ਕੋਲ ਅਸਲੀ ਪੋਸਟਰ ਹਨ, ਕਿਉਂ 2016 ਵਿੱਚ ਕੇਸ ਸਬੰਧੀ ਸਾਰਾ ਰਿਕਾਰਡ ਉਸ ਨੂੰ ਸੌਂਪ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਵੇਲੇ ਉਸ ਵਿਅਕਤੀ ਦੀ ਪਛਾਣ ਜਨਤਕ ਨਹੀਂ ਕੀਤੀ ਜਾ ਸਕਦੀ ਹੈ।
ਡੀਜੀਪੀ (ਇੰਟੈਲੀਜੈਂਸ) ਦਿਨਕਰ ਗੁਪਤਾ ਨੇ ਕਿਹਾ ਕਿ ਮਾਮਲੇ ਦੀ ਵੱਖ ਵੱਖ ਪਹਿਲੂਆਂ ਤੋਂ ਜਾਂਚ ਚੱਲ ਰਹੀ ਸੀ ਅਤੇ ਇਸ ਸਬੰਧੀ ਕੋਈ ਵੀ ਨਵੀਂ ਪੇਸ਼ਕਦਮੀ ਬਾਰੇ ਜਾਣਕਾਰੀ ਸਿਰਫ਼ ਸੀਬੀਆਈ ਹੀ ਦੇ ਸਕਦੀ ਹੈ।
ਘਟਨਾ ਲਈ ਗ੍ਰਿਫ਼ਤਾਰ ਕੀਤੇ ਗਏ ਸਾਰੇ 10 ਸ਼ੱਕੀ ਵਿਅਕਤੀਆਂ ਦੀ ਅਗਵਾਈ ਮਹਿੰਦਰ ਪਾਲ ਉਰਫ਼ ਬਿੱਟੂ ਕਰਦਾ ਸੀ ਜੋ ਡੇਰਾ ਸਿਰਸਾ ਦੀ ਸੂਬਾ ਕਮੇਟੀ ਦਾ ਮੈਂਬਰ ਹੈ। ਉਹ ਗਰਮ ਖ਼ਿਆਲੀ ਸਿੱਖ ਜਥੇਬੰਦੀਆਂ ਖ਼ਿਲਾਫ਼ ਡੇਰਾ ਪ੍ਰੇਮੀਆਂ ਵੱਲੋਂ ਦਿੱਤੇ ਜਾਂਦੇ ਧਰਨਿਆਂ ਤੇ ਮੁਜ਼ਾਹਰਿਆਂ ਦੀ ਪ੍ਰਧਾਨਗੀ ਵੀ ਕਰਦਾ ਰਿਹਾ ਹੈ।

ਬਰਗਾੜੀ ’ਚ ਬੇਅਦਬੀ ਦੀ ਘਟਨਾ ਖ਼ਿਲਾਫ਼ ਰੋਸ ਪ੍ਰਗਟਾਵੇ ਦੌਰਾਨ ਬਹਿਬਲ ਕਲਾਂ ਵਿੱਚ ਵਾਪਰੇ ਗੋਲੀ ਕਾਂਡ ਵਿੱਚ ਕਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਹੋਈ ਮੌਤ ਸਬੰਧੀ ‘ਸਿੱਖਜ਼  ਫਾਰ ਹਿਊਮਨ ਰਾਈਟਸ’ ਵੱਲੋਂ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਦੀ ਅਗਵਾਈ ਹੇਠ ਬਣਾਏ ਜਾਂਚ ਕਮਿਸ਼ਨ ਦੀ ਰਿਪੋਰਟ ਅੱਜ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਸੌਂਪੀ ਗਈ ਹੈ। ਬਹਿਬਲ ਕਾਂਡ ਦੀ ਜਾਂਚ ਲਈ ਮੌਜੂਦਾ ਸਰਕਾਰ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਗਿਆ ਹੈ।
ਇਹ ਰਿਪੋਰਟ ‘ਸਿੱਖਜ਼ ਫਾਰ ਹਿਊਮਨ ਰਾਈਟਸ’ ਦੇ ਐਡਵੋਕੇਟ ਅਮਰ ਸਿੰਘ ਚਹਿਲ ਤੇ ਐਡਵੋਕੇਟ ਹਰਪਾਲ ਸਿੰਘ ਚੀਮਾ ਵੱਲੋਂ ਸੌਂਪੀ ਗਈ।