ਸਿੱਖ ਕਤਲੇਆਮ ਦੇ ਮੁਲਜ਼ਮ ਟਾਈਟਲਰ ਨੇ ਲਾਈ ਡਿਟੈਕਟਰ ਟੈਸਟ ਤੋਂ ਕੀਤਾ ਇਨਕਾਰ

ਸਿੱਖ ਕਤਲੇਆਮ ਦੇ ਮੁਲਜ਼ਮ ਟਾਈਟਲਰ ਨੇ ਲਾਈ ਡਿਟੈਕਟਰ ਟੈਸਟ ਤੋਂ ਕੀਤਾ ਇਨਕਾਰ

ਨਵੀਂ ਦਿੱਲੀ/ਬਿਊਰੋ ਨਿਊਜ਼ :
ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਨੇ ਦਿੱਲੀ ਦੀ ਇਕ ਅਦਾਲਤ ਨੂੰ ਦੱਸਿਆ ਕਿ ਸੀ.ਬੀ.ਆਈ. ਨੇ ਆਪਣੀ ਪਟੀਸ਼ਨ ਵਿਚ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ ਵਿਚ ਉਸ ਦਾ ਲਾਈ ਡਿਕਟੈਕਸ਼ਨ ਟੈਸਟ (ਝੂਠ ਦਾ ਪਤਾ ਲਾਉਣ ਵਾਲਾ ਟੈਸਟ) ਕਰਨ ਲਈ ਕੋਈ ਕਾਰਨ ਨਹੀਂ ਦੱਸਿਆ। ਟਾਈਟਲਰ ਨੇ ਟੈਸਟ ਕਰਵਾਉਣ ਤੋਂ ਇਨਕਾਰ ਕਰਦਿਆ ਇਸ ਨੂੰ ‘ਬਦਨੀਤੀ’ ਦੱਸਿਆ। ਟਾਈਟਲਰ ਜਿਹੜਾ ਅਦਾਲਤ ਸਾਹਮਣੇ ਨਿੱਜੀ ਰੂਪ ਵਿਚ ਪੇਸ਼ ਨਹੀਂ ਹੋਇਆ ਨੇ ਆਪਣੇ ਵਕੀਲ ਰਾਹੀਂ ਦਾਇਰ ਅਰਜ਼ੀ ਵਿਚ ਕਿਹਾ ਕਿ ਸੀ.ਬੀ.ਆਈ. ਦੀ ਪਟੀਸ਼ਨ ਕਾਨੂੰਨ ਦੀ ਘੋਰ ਦੁਰਵਰਤੋਂ ਹੈ ਅਤੇ ਇਹ ਮੰਦਭਾਵਨਾ ਨਾਲ ਭਰੀ ਹੋਈ ਹੈ। ਹਥਿਆਰਾਂ ਦੇ ਵਪਾਰੀ ਅਭਿਸ਼ੇਕ ਵਰਮਾ ਜਿਸ ਨੂੰ ਵੀ ਅਦਾਲਤ ਨੇ ਸੀ.ਬੀ.ਆਈ. ਦੀ ਪਟੀਸ਼ਨ ‘ਤੇ ਨੋਟਿਸ ਭੇਜਿਆ ਸੀ, ਅਦਾਲਤ ਵਿਚ ਪੇਸ਼ ਹੋਇਆ ਅਤੇ ਕਿਹਾ ਕਿ ਉਹ ਉਸ ਵਲੋਂ ਜਾਂਚ ਏਜੰਸੀ ਨੂੰ ਦਿੱਤੇ ਪਹਿਲੇ ਬਿਆਨ ‘ਤੇ ਕਾਇਮ ਹੈ ਅਤੇ ਜਾਂਚ ਵਿਚ ਸ਼ਾਮਲ ਹੋਣ ਲਈ ਤਿਆਰ ਹੈ। ਵਕੀਲ ਮਨਿੰਦਰ ਸਿੰਘ, ਜਿਹੜੇ ਵਰਮਾ ਵਲੋਂ ਪੇਸ਼ ਹੋਏ, ਨੇ ਵੀ ਕਿਹਾ ਕਿ ਉਸ ਦਾ ਲਾਈ ਡਿਟੈਕਸ਼ਨ ਟੈਸਟ ਕਰਨ ਦਾ ਕੋਈ ਕਾਰਨ ਨਹੀਂ ਦਿੱਤਾ ਅਤੇ ਉਹ ਸੀ.ਆਰ.ਪੀ.ਸੀ. ਦੀ ਧਾਰਾ 164 ਤਹਿਤ ਮਜਿਸਟਰੇਟ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਣ ਲਈ ਤਿਆਰ ਹੈ। ਉਸ ਨੇ ਪਟੀਸ਼ਨ ਦਾ ਜਵਾਬ ਦੇਣ ਲਈ ਹਫਤੇ ਦਾ ਸਮਾਂ ਮੰਗਿਆ ਹੈ। ਵਧੀਕ ਚੀਫ ਮੈਟਰੋਪੋਲੀਟਨ ਮਜਿਸਟਰੇਟ ਸ਼ਿਵਾਲੀ ਸ਼ਰਮਾ ਨੇ ਵਰਮਾ ਨੂੰ ਆਪਣੇ ਜਵਾਬ ਦੇਣ ਲਈ ਸਮਾਂ ਦੇ ਦਿੱਤਾ ਹੈ ਅਤੇ ਸੀ.ਬੀ.ਆਈ. ਦੀ ਅਰਜ਼ੀ ‘ਤੇ ਦਲੀਲਾਂ ਸੁਣਨ ਲਈ ਮਾਮਲੇ ਦੀ ਸੁਣਵਾਈ 23 ਫਰਵਰੀ ‘ਤੇ ਪਾ ਦਿੱਤੀ ਹੈ।