ਬਰਗਾੜੀ ਕਾਂਡ : ਚੋਰੀ ਕੀਤੇ ਗੁਰੂ ਗਰੰਥ ਸਾਹਿਬ ਦੇ ਸਰੂਪ ਮਿਲਣ ਦੀ ਸੰਭਾਵਨਾ ਲਗਭਗ ਖਤਮ

ਬਰਗਾੜੀ ਕਾਂਡ : ਚੋਰੀ ਕੀਤੇ ਗੁਰੂ ਗਰੰਥ ਸਾਹਿਬ ਦੇ ਸਰੂਪ ਮਿਲਣ ਦੀ ਸੰਭਾਵਨਾ ਲਗਭਗ ਖਤਮ

ਬਠਿੰਡਾ/ਬਿਊਰੋ ਨਿਊਜ਼ :

 
ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਬਰਗਾੜੀ ਕਾਂਡ ਦੇ ਮੁੱਖ ਸੂਤਰਧਾਰ ਮਹਿੰਦਰਪਾਲ ਬਿੱਟੂ ਨੇ ਗੁਰੂ ਘਰ ’ਚੋਂ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਕਰੀਬ ਛੇ ਸੌ ਪੰਨਿਆਂ ਨੂੰ ਡਰੇਨ ’ਚ ਸੁੱਟ ਕੇ ਸਭ ਸਬੂਤਾਂ ’ਤੇ ਮਿੱਟੀ ਪਾ ਦਿੱਤੀ ਹੈ। ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਤਰਫ਼ੋਂ ਸਰੂਪ ਬਰਾਮਦ ਕਰਨ ਲਈ ਆਖ਼ਰੀ ਪਲ ਤੱਕ ਵਾਹ ਲਾਈ ਗਈ। ਅਹਿਮ ਸੂਤਰਾਂ ਅਨੁਸਾਰ ਸਿੱਟ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮਹਿੰਦਰਪਾਲ ਬਿੱਟੂ ਸਰੂਪ ਦੀ ਬਰਾਮਦਗੀ ਨੂੰ ਲੈ ਕੇ ਤਫ਼ਤੀਸ਼ ਦੌਰਾਨ ਬਿਆਨ ਬਦਲਦਾ ਰਿਹਾ ਅਤੇ ਅਖੀਰ ਉਸ ਨੇ ਸਰੂਪ ਡਰੇਨ ’ਚ ਸੁੱਟਣ ਦੀ ਗੱਲ ਕਬੂਲ ਲਈ ਹੈ।
ਵੇਰਵਿਆਂ ਅਨੁਸਾਰ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ’ਚੋਂ ਕਰੀਬ ਤਿੰਨ ਸਾਲ ਪਹਿਲਾਂ 1 ਜੂਨ 2015 ਨੂੰ ਗੁਰੂ ਗਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਸਨ ਅਤੇ ਹੁਣ ਜਾਂਚ ਅਨੁਸਾਰ ਇਹ ਸਰੂਪ ਬਰਾਮਦ ਹੋਣ ਦੀਆਂ ਸਭ ਅਟਕਲਾਂ ਖ਼ਤਮ ਹੋ ਗਈਆਂ ਹਨ।

ਸੂਤਰ ਦੱਸਦੇ ਹਨ ਕਿ ਹੁਣ ਜਦੋਂ ਸਰੂਪ ਬਰਾਮਦ ਹੋਣ ਦੀ ਕਹਾਣੀ ਦਾ ਅੰਤ ਹੋ ਗਿਆ ਹੈ ਤਾਂ ਭਲਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਪੰਜਾਬ ਪੁਲੀਸ ਦੇ ਮੁਖੀ ਇਸ ਮਾਮਲੇ ਤੇ ਮੀਡੀਆ ਕੋਲ ਖ਼ੁਲਾਸਾ ਕਰ ਸਕਦੇ ਹਨ। ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਬਰਗਾੜੀ ਕਾਂਡ ਦੀ ਕੀਤੀ ਜਾਂਚ ਮਗਰੋਂ ਹੁਣ ਵਾਰੀ ਸੀਬੀਆਈ ਹੈ। ਸੀਬੀਆਈ ਦੇ ਹੱਥ ਹੁਣ ਤੱਕ ਖ਼ਾਲੀ ਸਨ।  ਵਿਸ਼ੇਸ਼ ਜਾਂਚ ਟੀਮ ਵੱਲੋਂ ਪੁਲੀਸ ਰਿਮਾਂਡ ਦੌਰਾਨ ਫੜੇ ਡੇਰਾ ਪੈਰੋਕਾਰਾਂ ਦੇ ਘਰਾਂ ਤੇ ਟਿਕਾਣਿਆਂ ਦੀ ‘ਸਰਚ ਮੁਹਿੰਮ’ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਪੈਰੋਕਾਰ 16 ਜੂਨ ਤੱਕ ਪੁਲੀਸ ਰਿਮਾਂਡ ’ਤੇ ਹਨ।

ਡੀਆਈਜੀ ਰਣਬੀਰ ਸਿੰਘ ਖੱਟੜਾ ਦਾ ਕਹਿਣਾ ਸੀ ਕਿ ਹੁਣ ਤੱਕ ਦੀ ਜਾਂਚ ਤੋਂ ਸਰੂਪ ਬਰਾਮਦ ਹੋਣੇ ਮੁਸ਼ਕਲ ਜਾਪਦੇ ਹਨ ਪ੍ਰੰਤੂ ਉਹ ਜੁਟੇ ਹੋਏ ਹਨ। ਇੱਕ ਦੋ ਦਿਨਾਂ ਤੱਕ ਸਭ ਤੱਥ ਸਾਹਮਣੇ ਆ ਜਾਣਗੇ। ਉਨ੍ਹਾਂ ਦੱਸਿਆ ਕਿ ਸੀਬੀਆਈ ਤਰਫ਼ੋਂ ਹਾਲੇ ਤੱਕ ਉਨ੍ਹਾਂ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਗਿਆ ਅਤੇ ਸਿੱਟ ਤਰਫ਼ੋਂ ਸਭ ਜਾਣਕਾਰੀ ਅਦਾਲਤ ’ਚ ਪੇਸ਼ ਕਰ ਦਿੱਤੀ ਜਾਵੇਗੀ।

ਬਰਗਾੜੀ ਕਾਂਡ ਦੀ ਜਾਂਚ ਬਾਰੇ ਦੱਸਦੇ ਹੋਏ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ