ਪੰਜਾਬੀ ਗਾਇਕ ਨਵਜੋਤ ਵਿਰਕ ਦੀ ਗੋਲੀਆਂ ਮਾਰ ਕੇ ਹੱਤਿਆ

ਪੰਜਾਬੀ ਗਾਇਕ ਨਵਜੋਤ ਵਿਰਕ ਦੀ ਗੋਲੀਆਂ ਮਾਰ ਕੇ ਹੱਤਿਆ

ਡੇਰਾਬੱਸੀ/ਬਿਊਰੋ ਨਿਊਜ਼ :
ਪੰਜਾਬ ਦੇ ਉਭਰਦੇ ਗਾਇਕ ਨਵਜੋਤ ਸਿੰਘ ਵਿਰਕ (23) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਸ ਦੀ ਲਾਸ਼ ਪੁਲੀਸ ਨੂੰ ਬਰਵਾਲਾ ਰੋਡ ‘ਤੇ ਇਕ ਬੰਦ ਪਈ ਫੈਕਟਰੀ ਦੇ ਨਾਲ ਖਾਲੀ ਪਏ ਪਲਾਟ ਦੀਆਂ ਝਾੜੀਆਂ ਵਿੱਚ ਖੂਨ ਨਾਲ ਲਿੱਬੜੀ ਹੋਈ ਮਿਲੀ। ਉਸ ਦੀ ਕਾਰ ਨੇੜੇ ਹੀ ਸੜਕ ‘ਤੇ ਖੜ੍ਹੀ ਸੀ। ਵਿਰਕ ਨੂੰ ਦੋ ਗੋਲੀਆਂ ਪਿੱਠ ਅਤੇ ਪੰਜ ਉਸ ਦੀ ਛਾਤੀ ‘ਤੇ ਮਾਰੀਆਂ ਗਈਆਂ ਸਨ। ਮੌਕੇ ਤੋਂ ਦੋ  ਕਾਰਤੂਸ ਅਤੇ ਤਿੰਨ ਚੱਲੀਆਂ ਹੋਈਆਂ ਗੋਲੀਆਂ ਦੇ ਖੋਲ ਮਿਲੇ ਹਨ। ਪੁਲੀਸ ਨੇ ਮ੍ਰਿਤਕ ਦੇ ਪਿਤਾ ਸੁਖਬੀਰ ਸਿੰਘ ਵਾਸੀ ਪਿੰਡ ਫ਼ਤਿਹਗੜ੍ਹ ਬੇਹੜਾ ਦੇ ਬਿਆਨ ‘ਤੇ ਧਾਰਾ 302 ਤਹਿਤ ਕੇਸ ਦਰਜ ਕੀਤਾ ਹੈ। ਸਿਵਲ ਹਸਪਤਾਲ ‘ਚ ਪੋਸਟਮਾਰਟਮ ਮਗਰੋਂ ਦੇਹ ਦਾ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਮਾਪਿਆਂ ਦਾ ਇਕਲੌਤਾ ਪੁੱਤਰ ਨਵਜੋਤ ਪਿਛਲੇ ਤਿੰਨ ਸਾਲਾ ਤੋਂ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਸਰਗਰਮ ਹੋਇਆ ਸੀ। ਲਵ ਵਿਰਕ ਦੇ ਨਾਮ ਨਾਲ ਜਾਣੇ ਜਾਂਦੇ ਨਵਜੋਤ ਦੇ ਯੂ-ਟਿਊਬ ‘ਤੇ ਦੋ ਗੀਤ ਆ ਚੁੱਕੇ ਹਨ। ਉਸ ਵੱਲੋਂ ਦੋਵੇਂ ਗੀਤ ਵੱਡਾ ਖ਼ਰਚ ਕਰਕੇ ਰਿਲੀਜ਼ ਕੀਤੇ ਗਏ ਸਨ। ਹੁਣ ਉਸ ਦਾ ਨਵਾਂ ਗੀਤ ‘ਈਸਾਪੁਰੀਆ ਵਿਰਕ’ ਆ ਰਿਹਾ ਸੀ ਜੋ ਉਸ ਨੇ ਦੀਪ ਢਿੱਲੋਂ ਨਾਲ ਗਾਇਆ ਸੀ। ਉਸ ਦੇ ਹੁਣ ਤੱਕ ਦੇ ਗੀਤ ਜ਼ਿਆਦਾ ਕਮਾਲ ਨਹੀਂ ਕਰ ਸਕੇ ਸਨ।
ਨਵਜੋਤ ਦੇ ਪਿਤਾ ਸੁਖਬੀਰ ਸਿੰਘ ਨੇ ਦੱਸਿਆ ਕਿ ਉਹ ਮੁਹਾਲੀ ਤੋਂ ਗਾਇਕੀ ਦੀ ਸਿਖਲਾਈ ਲੈ ਰਿਹਾ ਸੀ ਅਤੇ ਲੰਮੇ ਸਮੇ ਤੋਂ ਖਰੜ ਆਪਣੇ ਦੋਸਤਾਂ ਨਾਲ ਫਲੈਟ ਵਿੱਚ ਰਹਿੰਦਾ ਸੀ। ਉਸ ਦੇ ਤਾਏ ਦਾ ਲੜਕਾ ਇਕ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਣ ਕਾਰਨ ਪਿਛਲੇ ਮਹੀਨੇ ਤੋਂ ਨਵਜੋਤ ਦੇ ਘਰ ਰਹਿ ਰਿਹਾ ਸੀ। ਬੀਤੀ ਸ਼ਾਮ ਤਕਰੀਬਨ ਚਾਰ ਵਜੇ ਨਵਜੋਤ ਆਪਣੀ ਸਿਲਵਰ ਰੰਗ ਦੀ ਮਾਈਕਰਾ ਕਾਰ ‘ਤੇ ਚੰਡੀਗੜ੍ਹ ਗਿਆ ਸੀ। ਰਾਤ ਪੌਣੇ ਗਿਆਰਾਂ ਵਜੇ ਅਖ਼ੀਰਲੀ ਵਾਰ ਉਸ ਦੀ ਮਾਤਾ ਰਾਜਵਿੰਦਰ ਕੌਰ ਨਾਲ ਛੇਤੀ ਘਰ ਆਉਣ ਬਾਰੇ ਗੱਲ ਹੋਈ ਸੀ। ਕਾਫੀ ਦੇਰ ਘਰ ਨਾ ਪਹੁੰਚਣ ‘ਤੇ ਪਰਿਵਾਰ ਵੱਲੋਂ ਉਸ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਬਰਵਾਲਾ ਰੋਡ ‘ਤੇ ਇਕ ਬੰਦ ਪਈ ਫੈਕਟਰੀ ਦੇ ਬਾਹਰ ਕਾਰ ਖੜ੍ਹੀ ਮਿਲੀ। ਉਸ ਦੀ ਪਿਛਲੀ ਖਿੜਕੀ ਖੁੱਲ੍ਹੀ ਸੀ ਅਤੇ ਕਾਰ ਵਿੱਚ ਖਾਲੀ ਕਾਰਤੂਸ ਦਾ ਇਕ ਖੋਲ ਡਿੱਗਿਆ ਹੋਇਆ ਸੀ ਅਤੇ ਫੈਕਟਰੀ ਦੇ ਨਾਲ ਖਾਲੀ ਪਲਾਟ ਵਿੱਚ ਉਸ ਦੀ ਗੋਲੀਆਂ ਨਾਲ ਵਿੰਨ੍ਹੀ ਲਾਸ਼ ਪਈ ਸੀ।
ਸੂਚਨਾ ਮਿਲਣ ਮਗਰੋਂ ਏਐਸਪੀ ਹਰਮਨਦੀਪ ਹਾਂਸ, ਥਾਣਾ ਮੁਖੀ ਮਹਿੰਦਰ ਸਿੰਘ, ਸੀਆਈਏ ਇੰਚਾਰਜ ਤਰਲੋਚਨ ਸਿੰਘ ਭਾਰੀ ਪੁਲੀਸ ਫੋਰਸ ਨਾਲ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਏਐਸਪੀ ਹਾਂਸ ਨੇ ਦੱਸਿਆ ਕਿ ਕੇਸ ਨੂੰ ਹੱਲ ਕਰਨ ਲਈ ਪੁਲੀਸ ਦੀਆਂ ਵੱਖ ਵੱਖ ਟੀਮਾਂ ਕੰਮ ਕਰ ਰਹੀਆਂ ਹਨ।
ਪੁਲੀਸ ਨੂੰ ਕਤਲ ਪਿੱਛੇ ਪੰਜਾਬ ਵਿੱਚ ਚੱਲ ਰਹੀ ਗੈਂਗਵਾਰ ‘ਤੇ ਸ਼ੱਕ  ਹੈ। ਦੂਜੇ ਪਾਸੇ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਿਰਕ ਦੀ ਕੁਝ ਲੜਕੀਆਂ ਨਾਲ ਨੇੜਤਾ ਸੀ ਅਤੇ ਕਤਲ ਹੋਣ ਦਾ ਇਹ ਵੀ ਇਕ ਕਾਰਨ ਹੋ ਸਕਦਾ ਹੈ। ਪੁਲੀਸ ਨੇ ਸ਼ੱਕ ਦੇ ਅਧਾਰ ਉਤੇ ਕੁਝ ਲੜਕੀਆਂ ਨੂੰ ਪੁਲੀਸ ਸਟੇਸ਼ਨ ਵੀ ਬੁਲਾਇਆ ਹੈ।
ਨਵਜੋਤ ਸਿੰਘ ਵਿਰਕ ਉਰਫ਼ ਲਵ ਵਿਰਕ ਦੇ ਕਤਲ ਕੇਸ ਨੇ ਸਬ-ਡਿਵੀਜ਼ਨ ਡੇਰਾਬੱਸੀ ਵਿੱਚ ਕਾਨੂੰਨ ਵਿਵਸਥਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਸ ਕਤਲ ਕੇਸ ਵਿੱਚ ਪੁਲੀਸ ਦਾ ਕਾਤਲਾਂ ਤੱਕ ਪਹੁੰਚਣਾ ਤਾਂ ਦੂਰ ਪੁਲੀਸ ਕਤਲ ਦੇ ਅਸਲ ਕਾਰਨ ਤੱਕ ਵੀ ਨਹੀਂ ਪਹੁੰਚ ਪਾਈ। ਸਬ-ਡਿਵੀਜ਼ਨ ਦੇ ਜ਼ੀਰਕਪੁਰ ਖੇਤਰ ਵਿੱਚ ਜਿੱਥੇ ਦਿਨ ਦਿਹਾੜੇ ਲੁੱਟ ਖੋਹਾਂ ਅਤੇ ਲੜੀਵਾਰ ਚੋਰੀਆਂ ਹੋ ਰਹੀਆਂ ਹਨ, ਉਥੇ ਹੀ ਡੇਰਾਬੱਸੀ ਖੇਤਰ ਵਿੱਚ ਪਿਛਲੇ ਕਰੀਬ ਦੋ ਹਫ਼ਤਿਆਂ ਵਿੱਚ ਗੋਲੀਆਂ ਮਾਰ ਕੇ ਇਹ ਦੂਜਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਤੋਂ ਪਹਿਲਾਂ 17 ਮਈ ਨੂੰ ਖੇਤਰ ਵਿੱਚ ਸਮਗੋਲੀ ਰੋਡ ‘ਤੇ ਖੇੜੀ ਪਿੰਡ ਦੀ ਬੀੜ ਵਿੱਚੋਂ ਗੈਂਗਸਟਰ ਵਿਵੇਕ ਰਾਣਾ ਵਾਸੀ ਸ਼ਾਮਲੀ ਮੁਜਫ਼ਰਨਗਰ ਦੀ ਗੋਲੀਆਂ ਨਾਲ ਵਿੰਨ੍ਹੀ ਲਾਸ਼ ਮਿਲੀ ਸੀ।