ਰਾਮੂਵਾਲੀਆ ਕਹਿੰਦਾ : ਮੋਦੀ ਲੰਗਰ ‘ਤੇ ਜੀਐੱਸਟੀ ਲਾ ਕੇ ਖੁੰਦਕ ਕੱਢ ਰਿਹੈ ਨਿੱਜੀ ਖੁੰਦਕ

ਰਾਮੂਵਾਲੀਆ ਕਹਿੰਦਾ : ਮੋਦੀ ਲੰਗਰ ‘ਤੇ ਜੀਐੱਸਟੀ ਲਾ ਕੇ ਖੁੰਦਕ ਕੱਢ ਰਿਹੈ ਨਿੱਜੀ ਖੁੰਦਕ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਲਵੰਤ ਸਿੰਘ ਰਾਮੂਵਾਲੀਆ।

ਜਲੰਧਰ/ਬਿਊਰੋ ਨਿਊਜ਼:
ਸਮਾਜਵਾਦੀ ਪਾਰਟੀ ਦੇ ਆਗੂ ਬਲਵੰਤ ਸਿੰਘ ਰਾਮੂਵਾਲੀਆ ਨੇ ਜੀਐੱਸਟੀ ਦੇ ਮੁੱਦੇ ‘ਤੇ ਕੇਂਦਰ ਸਰਕਾਰ ਉਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੰਗਰ ‘ਤੇ ਜੀਐੱਸਟੀ ਲਾ ਕੇ ਕੋਈ ਖੁੰਦਕ ਕੱਢ ਰਹੇ ਹਨ। ਉਨ੍ਹਾਂ ਅਕਾਲੀ ਦਲ ‘ਤੇ ਵੀ ਨਿਸ਼ਾਨਾ ਲਾਇਆ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵੰਤ ਸਿੰਘ ਰਾਮੂਵਾਲੀਆਂ ਨੇ ਮੰਗ ਕੀਤੀ ਦਰਬਾਰ ਸਾਹਿਬ ਦੇ ਲੰਗਰ ‘ਤੇ ਜੀਐੱਸਟੀ ਤੁਰੰਤ ਖ਼ਤਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਿਸਾਖੀ ਮੌਕੇ ਕੈਨੇਡਾ ਦੇ ਸਰੀ ਸ਼ਹਿਰ ‘ਚ ਪੰਜ ਲੱਖ ਸਿੱਖ ਇਕੱਠੇ ਹੋਏ ਸਨ ਅਤੇ ਉਨ੍ਹਾਂ ਨੇ ਵੀ ਜੈਕਾਰੇ ਛੱਡ ਕੇ ਭਾਰਤ ਸਰਕਾਰ ਤੋਂ ਲੰਗਰ ‘ਤੇ ਲੱਗਾ ਜੀਐੱਸਟੀ ਖ਼ਤਮ ਕਰਨ ਦੀ ਮੰਗ ਕੀਤੀ ਸੀ। ਸ੍ਰੀ ਰਾਮੂਵਾਲੀਆ ਨੇ 1975 ਵਿੱਚ ਲੱਗੀ ਐਂਮਰਜੈਸੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿੱਖੀ ਸਰੂਪ ਵਾਲੀ ਤਸਵੀਰ ਮੀਡੀਆ ਅੱਗੇ ਪੇਸ਼ ਕਰਦਿਆਂ ਕਿਹਾ ਕਿ ਮੋਦੀ 19 ਮਹੀਨੇ ਸਿੱਖ ਬਣ ਕੇ ਪੰਜਾਬ ਵਿੱਚ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਮੋਦੀ ਪੰਜਾਬ ਦੇ ਗੁਰਦੁਆਰਿਆਂ ਵਿੱਚ ਵੀ ਰਹੇ ਤੇ ਲੰਗਰ ਵੀ ਛਕਿਆ, ਪਰ ਹੁਣ ਇਹ ਸਭ ਕੁਝ ਵਿਸਾਰ ਕੇ ਲੰਗਰ ‘ਤੇ ਟੈਕਸ ਲਾ ਦਿੱਤਾ ਹੈ। ਸ੍ਰੀ ਰਾਮੂਵਾਲੀਆ ਨੇ ਕਿਹਾ ਕਿ ਏਅਰ ਇੰਡੀਆ ਵਿੱਚ ਮੀਟ ਤੇ ਸ਼ਰਾਬ ਵਰਤਾਈ ਜਾਂਦੀ ਹੈ ਅਤੇ ਉਸ ਦਾ 250 ਕਰੋੜ ਦਾ ਘਾਟਾ ਸਰਕਾਰ ਕੋਲੋਂ ਦੇ ਰਹੀ ਹੈ, ਜਦੋਂਕਿ ਕੇਂਦਰ ਸਰਕਾਰ ਮਹਿਜ਼ 4.5 ਕਰੋੜ ਵੀ ਮੁਆਫ਼ ਨਹੀਂ ਕਰ ਰਹੀ।
ਕੈਪਟਨ ਦੀਆਂ ਨੀਤੀਆਂ ਨੂੰ ਤਸੱਲੀਬਖ਼ਸ਼ ਦੱਸਿਆ
ਬਲਵੰਤ ਸਿੰਘ ਰਾਮੂਵਾਲੀਆਂ ਨੇ ਕਿਹਾ ਕਿ ਫਿਲਹਾਲ ਕੈਪਟਨ ਸਰਕਾਰ ਦੀਆਂ ਨੀਤੀਆਂ ਤੋਂ ਉਹ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਪੁਰਾਣੇ ਸਾਥੀਆਂ ਦੀ ਸਹਾਇਤਾ ਨਾਲ ਉਹ ਸ਼ਾਹਕੋਟ ਜ਼ਿਮਨੀ ਚੋਣ ‘ਚ ਲੰਗਰ ‘ਤੇ ਲੱਗੇ ਜੀਐੱਸਟੀ ਦਾ ਮੁੱਦਾ ਚੁੱਕਣਗੇ। ਸ੍ਰੀ ਰਾਮੂਵਾਲੀਆ ਨੇ ਕਿਹਾ ਕਿ ਉਹ ਕਾਂਗਰਸ ਦੀ ਮਦਦ ਦਾ ਐਲਾਨ ਨਹੀਂ ਕਰ ਰਹੇ ਤੇ ਇਹ ਫ਼ੈਸਲਾ ਉਨ੍ਹਾਂ ਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਹੀ ਕਰਨਗੇ।