ਅਕਾਲ ਤਖ਼ਤ ਸਾਹਮਣੇ ਢਾਡੀ ਵਾਰਾਂ ਦਾ ਗਾਇਨ ਫਿਲਹਾਲ ਬੰਦ

ਅਕਾਲ ਤਖ਼ਤ ਸਾਹਮਣੇ ਢਾਡੀ ਵਾਰਾਂ ਦਾ ਗਾਇਨ ਫਿਲਹਾਲ ਬੰਦ
ਅਕਾਲ ਤਖ਼ਤ ਸਾਹਮਣੇ ਵਾਰਾਂ ਦਾ ਗਾਇਨ ਕਰਦੇ ਹੋਏ ਢਾਡੀ ਜਥੇ ਦੀ ਪੁਰਾਣੀ ਤਸਵੀਰ.

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਚਿਰਾਂ ਤੋਂ ਚਲੇ ਆ ਰਹੇ ਸਿੱਖਾਂ ਦੀ ਤਰਜ਼-ਏ-ਜ਼ਿੰਦਗੀ ਨੂੰ ਪੇਸ਼ ਕਰਨ ਦੇ ਢੱਡ ਸਾਰੰਗੀ ਵਾਲੇ ਸੰਗੀਤਕ ਅੰਦਾਜ਼ ਨੂੰ ਫਿਲਹਾਲ ਬਰੇਕ ਲਗਾ ਦਿਤੀ ਗਈ ਹੈ। ਢਾਡੀ ਵਾਰਾਂ ਦਾ ਗਾਇਨ ਕਰਕੇ ਸੰਗਤ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਾਉਂਦੇ ਢਾਡੀ ਜਥਿਆਂ ਦੀਆਂ ਦੋ ਧਿਰਾਂ ਵਿਚਾਲੇ ਗਾਇਨ ਦੇ ਸਮੇਂ ਨੂੰ ਲੈ ਕੇ ਵਿਵਾਦ ਕਾਰਨ ਅਕਾਲ ਤਖ਼ਤ ਦੇ ਆਦੇਸ਼ਾਂ ‘ਤੇ ਇਸ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ।
ਅਕਾਲ ਤਖ਼ਤ ਦੇ ਜਥੇਦਾਰ ਦੇ ਨਿੱਜੀ ਸਹਾਇਕ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਜਲਦੀ ਹੀ ਇਸ ਮਾਮਲੇ ਨੂੰ ਹੱਲ ਕੀਤਾ ਜਾਵੇਗਾ ਅਤੇ ਮੁੜ ਤੋਂ ਢਾਡੀ ਜਥਿਆਂ ਵੱਲੋਂ ਗਾਇਨ ਸ਼ੁਰੂ ਹੋ ਜਾਵੇਗਾ। ਫਿਲਹਾਲ ਢਾਡੀ ਵਾਰਾਂ ਦਾ ਗਾਇਨ ਇਕ ਮਈ ਤੋਂ ਬੰਦ ਹੈ।
ਦੱਸਣਯੋਗ ਹੈ ਕਿ ਗੁਰੂ ਹਰਗੋਬਿੰਦ ਸਾਹਿਬ  ਸ਼੍ਰੋਮਣੀ ਢਾਡੀ ਸਭਾ ਅਤੇ ਮੀਰੀ ਪੀਰੀ ਢਾਡੀ ਸਭਾ ਦੇ ਜਥਿਆਂ ਵੱਲੋਂ ਇੱਥੇ ਅਕਾਲ ਤਖ਼ਤ ਦੇ ਸਾਹਮਣੇ ਰੋਜ਼ਾਨਾ ਹੀ ਢਾਡੀ ਵਾਰਾਂ ਦਾ ਗਾਇਨ ਕੀਤਾ ਜਾਂਦਾ ਰਿਹਾ ਹੈ। ਦੋਵਾਂ ਸਭਾਵਾਂ ਦਾ ਪਿਛਲੇ ਕੁਝ ਸਮੇਂ ਤੋਂ ਝਗੜਾ ਚੱਲ ਰਿਹਾ ਹੈ। ਇਨ੍ਹਾਂ ਦੇ ਝਗੜੇ ਨੂੰ ਹੱਲ ਕਰਦਿਆਂ ਅਕਾਲ ਤਖ਼ਤ ਵੱਲੋਂ ਦੋਵਾਂ ਸਭਾਵਾਂ ਨੂੰ ਵੱਖ ਵੱਖ ਦਿਨ ਵੰਡ ਦਿੱਤੇ ਗਏ ਸਨ, ਪਰ ਇਸ ਤੋਂ ਬਾਅਦ ਇਕ ਧਿਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਕੋਲ ਵਧੇਰੇ ਢਾਡੀ ਜਥੇ ਹਨ ਅਤੇ ਉਸ ਮੁਤਾਬਿਕ ਉਨ੍ਹਾਂ ਨੂੰ ਵਧੇਰੇ ਸਮਾਂ ਦਿੱਤਾ ਜਾਣਾ ਚਾਹੀਦਾ ਹੈ।
ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਪਿਛਲੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਕੋਲ ਵੀ ਪੁੱਜਾ ਸੀ। ਇਸ ਸਬੰਧੀ ਸ਼੍ਰੋਮਣੀ ਢਾਡੀ ਸਭਾ ਦੇ ਮੁਖੀ ਬਲਦੇਵ ਸਿੰਘ ਐਮਏ ਨੇ ਆਖਿਆ ਕਿ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਵਿੱਚ ਵਧੇਰੇ ਢਾਡੀ ਜਥੇ ਹਨ ਅਤੇ ਉਨ੍ਹਾਂ ਨੂੰ ਉਸੇ ਮੁਤਾਬਕ ਹੀ ਵਧੇਰੇ ਸਮਾਂ ਦਿੱਤਾ ਜਾਣਾ ਚਾਹੀਦਾ ਹੈ।
ਦੂਜੇ ਪਾਸੇ, ਮੀਰੀ ਪੀਰੀ ਢਾਡੀ ਸਭਾ ਦੇ ਸਾਬਕਾ ਮੁਖੀ ਗੁਰਮੇਜ ਸਿੰਘ ਨੇ ਦੂਜੀ ਧਿਰ ਦੇ ਵਧੇਰੇ ਜਥੇ ਹੋਣ ਦੇ ਦਾਅਵੇ ਨੂੰ ਗ਼ਲਤ ਆਖਿਆ ਤੇ ਕਿਹਾ ਕਿ ਜਦੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਦੋਵਾਂ ਧਿਰਾਂ ਨੂੰ ਬਰਾਬਰ ਸਮਾਂ ਵੰਡ ਦਿੱਤਾ ਗਿਆ ਹੈ ਤਾਂ ਦੋਵਾਂ ਧਿਰਾਂ ਨੂੰ ਇਸ ਫ਼ੈਸਲੇ ਮੁਤਾਬਿਕ ਚੱਲਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਸੁਝਾਅ ਦਿੱਤਾ ਹੈ ਕਿ ਦੋਵੇਂ ਜਥਿਆਂ ਦਾ ਰਲੇਵਾਂ ਕਰ ਦਿੱਤਾ ਜਾਵੇ ਅਤੇ ਮਗਰੋਂ ਵੋਟਾਂ ਰਾਹੀਂ ਪ੍ਰਧਾਨ ਚੁਣ ਲਿਆ ਜਾਵੇ ਤਾਂ ਜੋ ਵੱਧ ਘੱਟ ਸਮੇਂ ਦਾ ਵਿਵਾਦ ਮੂਲੋਂ ਹੀ ਖਤਮ ਹੋ ਜਾਵੇ।