ਦਸਤਾਰ ਸਿੱਖ ਕੌਮ ਦੀ ਆਨ-ਸ਼ਾਨ, ਕੇਂਦਰ ਵਲੋਂ ਸਿੱਖ ਫ਼ੌਜੀਆਂ ਲਈ ਹੈਲਮਟ ਦੀ ਤਜਵੀਜ ਦਸਤਾਰ ਦੀ ਤੋਹੀਨ ਕਰਨ ਵਾਲੀ : ਮਾਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 16 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- “ਦਸਤਾਰ ਅਤੇ ਕੇਸ” ਸਿੱਖ ਕੌਮ ਦੇ ਸੰਸਾਰ ਪੱਧਰ ਦੀ ਆਨ-ਸ਼ਾਨ ਦੇ ਪ੍ਰਤੀਕ ਹਨ । ਫਿਰ ਇਹ ਦਸਤਾਰ ਰਾਹੀ ਕੌਮਾਂਤਰੀ ਪੱਧਰ ਉਤੇ ਸਿੱਖ ਕੌਮ ਉਤੇ ਕਾਇਮ ਹੋਈ ਅਤਿ ਸਤਿਕਾਰਿਤ ਇੱਜ਼ਤ ਵੱਡੀਆਂ ਕੁਰਬਾਨੀਆਂ, ਸ਼ਹਾਦਤਾਂ ਅਤੇ ਮਨੁੱਖਤਾ ਲਈ ਖੂਨ ਡੋਲਣ ਉਪਰੰਤ ਹੋਈ ਹੈ । ਇਹ ਮਾਣ-ਸਨਮਾਨ ਕਾਇਮ ਹੋਣ ਪਿੱਛੇ ਸਾਡੀ ਕੌਮ ਦਾ ਵੱਡਾ ਯਾਦਗਰੀ ਇਤਿਹਾਸ ਹੈ । ਲੇਕਿਨ ਇਸ ਮੁਲਕ ਦੇ ਕੱਟੜਵਾਦੀ ਹਿੰਦੂਤਵ ਸੋਚ ਦੇ ਮਾਲਕ ਹੁਕਮਰਾਨਾਂ ਨੇ ਫੌਜ ਵਿਚ ਵੀ ਫਿਰਕੂ ਸੋਚ ਨੂੰ ਹਵਾ ਦੇ ਕੇ ਸਾਡੇ ਫਖ਼ਰ ਵਾਲੇ ਪਹਿਰਾਵੇ ਅਤੇ ਦਸਤਾਰ ਉਤੇ ਲੋਹਟੋਪ ਪਹਿਨਣ ਲਈ ਸਾਜਿਸਾਂ ਉਤੇ ਅਮਲ ਕਰ ਰਹੇ ਹਨ । ਜੋ ਸਿੱਖ ਕੌਮ ਲਈ ਅਸਹਿ ਤੇ ਅਕਹਿ ਹੈ । ਜਿਸਨੂੰ ਸਿੱਖ ਕੌਮ ਕਤਈ ਸਹਿਣ ਨਹੀ ਕਰੇਗੀ । ਇਸ ਲਈ ਹੁਕਮਰਾਨਾਂ ਲਈ ਬਿਹਤਰ ਹੋਵੇਗਾ ਕਿ ਉਹ ਇੰਡੀਅਨ ਫ਼ੌਜ ਵਿਚ ਫ਼ਾਂਸੀਵਾਦੀ ਫਿਰਕੂ ਸੋਚ ਤੋ ਨਿਰਲੇਪ ਰਹਿਕੇ ਫ਼ੌਜ ਵਿਚ ਬਣੀ ਸਾਂਝ ਅਤੇ ਅਨੁਸਾਸਨ ਨੂੰ ਕਾਇਮ ਰਹਿਣ ਦੇਣ ਵਰਨਾ ਇਸਦੇ ਮਾਰੂ ਨਤੀਜੇ ਹੁਕਮਰਾਨਾਂ ਨੂੰ ਭੁਗਤਣੇ ਪੈਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਫ਼ੌਜ ਵਿਚ ਵੀ ਹੁਕਮਰਾਨਾਂ ਵੱਲੋਂ ਕੱਟੜਵਾਦੀ ਫਿਰਕੂ ਸੋਚ ਦੇ ਗੁਲਾਮ ਬਣਕੇ ਸਿੱਖ ਜਰਨੈਲਾਂ, ਫੌ਼ਜੀਆਂ ਨੂੰ ਜੋ ਅੱਜ ਤੱਕ ਦਸਤਾਰ ਪਹਿਨਦੇ ਆ ਰਹੇ ਹਨ, ਉਨ੍ਹਾਂ ਨੂੰ ਦਸਤਾਰਾਂ ਉਪਰੋ ਲੋਹਟੋਪ ਪਹਿਨਣ ਲਈ ਮਜਬੂਰ ਕਰਨ ਦੀ ਸਾਜਿਸ ਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਫ਼ੌਜ ਵਿਚ ਅਨੁਸਾਸਨ ਨੂੰ ਫੇਲ੍ਹ ਕਰਨ ਲਈ ਹੁਕਮਰਾਨਾਂ ਦੀਆਂ ਫਿਰਕੂ ਨੀਤੀਆ ਨੂੰ ਜਿੰਮੇਵਾਰ ਠਹਿਰਾਕੇ ਇਸਦੇ ਖਤਰਨਾਕ ਨਤੀਜਿਆ ਤੋ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਥੇ ਹਿੰਦੂਤਵ ਹੁਕਮਰਾਨ ਸਿੱਖ ਕੌਮ ਤੇ ਧਰਮ ਦੇ ਕਕਾਰਾਂ, ਪਹਿਰਾਵੇ ਨਾਲ ਕਿਸ ਤਰ੍ਹਾਂ ਨਫਰਤ ਕਰਦੇ ਹਨ, ਉਹ ਇਸ ਗੱਲ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਪਹਿਲੇ ਇਨ੍ਹਾਂ ਨੇ ਫ਼ੌਜ ਵਿਚ ਸਦੀਆ ਤੋ ਚੱਲਦੀਆ ਆ ਰਹੀਆ ਸਿੱਖ ਰੈਜਮੈਟ, ਸਿੱਖ-9, ਸਿੱਖ ਲਾਇਟ ਇਨਫੈਟਰੀ ਜਿਨ੍ਹਾਂ ਨੇ ਪਹਿਲੇ ਸੰਸਾਰ ਯੁੱਧ, ਦੂਸਰੇ ਸੰਸਾਰ ਯੁੱਧ, 1962,65 ਅਤੇ 71 ਦੀਆਂ ਜੰਗਾਂ ਵਿਚ ਵੱਡੇ ਫਖ਼ਰ ਵਾਲੀਆ ਪ੍ਰਾਪਤੀਆ ਕੀਤੀਆ ਹਨ ਅਤੇ ਮੁਲਕ ਦੀਆਂ ਸਰਹੱਦਾਂ ਉਤੇ ਹਮੇਸ਼ਾਂ ਦੁਸ਼ਮਣ ਤਾਕਤਾਂ ਦਾ ਮੂੰਹ ਭੰਨਦੇ ਹੋਏ ਇਸਦੀ ਨਿਰੰਤਰ ਸਰਹੱਦਾਂ ਤੇ ਰੱਖਿਆ ਕਰਦੇ ਆ ਰਹੇ ਹਨ ਅਤੇ ਜੋ ਰੈਜਮੈਟਾਂ ਹਰ ਕੰਮ ਵਿਚ ਮੋਹਰੀ ਰਹੀਆ ਹਨ, ਉਨ੍ਹਾਂ ਸਿੱਖ ਰੈਜਮੈਟਾਂ ਨੂੰ ਫ਼ੌਜ ਵਿਚੋ ਖਤਮ ਕਰਨ ਦੇ ਫਿਰਕੂ ਅਮਲ ਸੁਰੂ ਕੀਤੇ । ਹੁਣ ਫ਼ੌਜ ਵਿਚ ਸਿੱਖ ਜਰਨੈਲਾਂ, ਅਫਸਰਾਂ ਅਤੇ ਫ਼ੌਜੀਆਂ ਦੀ ਸੁਰੱਖਿਆ ਦਾ ਬਹਾਨਾ ਬਣਾਕੇ ਦਸਤਾਰਧਾਰੀ ਸਿੱਖ ਫ਼ੌਜੀਆ ਨੂੰ ਹੈਲਮਟ ਪਹਿਨਣ ਲਈ ਮਜਬੂਰ ਕੀਤਾ ਜਾ ਰਿਹਾ ਹੈ । ਜੋ ਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਹਨ । ਜਿਨ੍ਹਾਂ ਨੂੰ ਕੋਈ ਵੀ ਸਿੱਖ ਕਤਈ ਵੀ ਪ੍ਰਵਾਨ ਨਹੀ ਕਰ ਸਕਦਾ ।
ਸ. ਮਾਨ ਨੇ ਫ਼ੌਜ ਵਿਚ ਸੇਵਾ ਕਰਨ ਵਾਲਿਆ ਜਰਨੈਲਾਂ, ਫ਼ੌਜੀ ਅਫਸਰਾਂ ਅਤੇ ਫ਼ੌਜੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਿੱਖ ਕੌਮ ਦੀ ਆਨ-ਸਾਨ ਦੀ ਪ੍ਰਤੀਕ ਦਸਤਾਰ ਉਤੋ ਹੁਕਮਰਾਨਾਂ ਦੇ ਹੈਲਮਟ ਪਹਿਨਣ ਦੇ ਕੀਤੇ ਜਾਣ ਵਾਲੇ ਹੁਕਮਾਂ ਨੂੰ ਬਿਲਕੁਲ ਪ੍ਰਵਾਨ ਨਾ ਕਰਨ । ਬਲਕਿ ਸਦੀਆਂ ਤੋਂ ਇੰਡੀਅਨ ਫ਼ੌਜ ਵਿਚ ਸਿੱਖ ਫ਼ੌਜੀਆਂ ਵੱਲੋਂ ਦਸਤਾਰ ਪਹਿਨਣ ਅਤੇ ਸਿੱਖ ਕੰਪਨੀਆ ਵਿਚ ਗੁਰੂਘਰ ਦੀਆਂ ਮਰਿਯਾਦਾਵਾ ਅਨੁਸਾਰ ਆਪਣੀਆ ਰਵਾਇਤਾ ਨੂੰ ਕਾਇਮ ਰੱਖਦੇ ਹੋਏ ਸਿੱਖੀ ਆਨ-ਸਾਨ ਨੂੰ ਉਸੇ ਤਰ੍ਹਾਂ ਬਰਕਰਾਰ ਰੱਖਣ ਜਿਵੇ ਫ਼ੌਜ ਵਿਚ ਸੇਵਾ ਕਰਨ ਵਾਲੇ ਸਾਡੇ ਪੁਰਾਤਨ ਬਜੁਰਗ ਕਾਇਮ ਰੱਖਦੇ ਆਏ ਹਨ ਅਤੇ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੀ ਆਨ-ਸਾਨ ਵਿਚ ਵਾਧਾ ਕਰਦੇ ਆਏ ਹਨ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਇੰਡੀਆ ਦੇ ਰੱਖਿਆ ਵਜ਼ੀਰ, ਸ੍ਰੀ ਮੋਦੀ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਮੁੱਖ ਰੱਖਦੇ ਹੋਏ ਅਜਿਹਾ ਕੋਈ ਵੀ ਅਮਲ ਨਹੀ ਕਰਨਗੇ ਜਿਸ ਨਾਲ ਫ਼ੌਜ ਵਿਚ ਵੀ ਫਿਰਕੂ ਸੋਚ ਉਤੇ ਹਫੜਾ-ਦਫੜੀ ਮੱਚ ਜਾਵੇ ਅਤੇ ਫ਼ੌਜ ਜੋ ਅੱਜ ਸਰਬਸਾਂਝੇ ਗੁਲਦਸਤੇ ਦਾ ਪ੍ਰਤੀਕ ਹੈ, ਉਸ ਵਿਚ ਵੀ ਨਫਰਤੀ ਲਪਟਾ ਉੱਠ ਖਲੋਣ ਅਤੇ ਇਨਸਾਨੀਅਤ ਦਾ ਬਿਨ੍ਹਾਂ ਵਜਹ ਹੁਕਮਰਾਨਾਂ ਦੀ ਗਲਤੀਆ ਦੀ ਬਦੌਲਤ ਨੁਕਸਾਨ ਹੋਵੇ ।
Comments (0)