ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਾਵਨ ਸਰੋਵਰ ਵਿਚ ਗੁਟਕਾ ਸਾਹਿਬ ਸੁੱਟਣ ਵਾਲੇ ਵਿਅਕਤੀ ਨੂੰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਕੀਤਾ ਪੁਲਿਸ ਹਵਾਲੇ

ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਾਵਨ ਸਰੋਵਰ ਵਿਚ ਗੁਟਕਾ ਸਾਹਿਬ ਸੁੱਟਣ ਵਾਲੇ ਵਿਅਕਤੀ ਨੂੰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਕੀਤਾ ਪੁਲਿਸ ਹਵਾਲੇ

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ -(ਮਨਪ੍ਰੀਤ ਸਿੰਘ ਖਾਲਸਾ) : ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਸਰੋਵਰ ਵਿੱਚ ਰਣਬੀਰ ਸਿੰਘ ਨਾਮਕ ਵਿਅਕਤੀ ਨੇ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਬੇਅਦਬੀ ਕਰਕੇ ਗੁਟਕਾ ਸਾਹਿਬ ਸਰੋਵਰ ਵਿਚ ਸੁਟ ਦਿਤਾ।ਇਸ ਘਟਨਾਂ ਕਾਰਨ ਸੰਗਤਾਂ ਦੇ ਮਨਾ ਵਿਚ ਰੋਸ ਦੀ ਭਾਵਨਾ ਪੈਦਾ ਹੋਈ ਹੈ।ਜਾਣਕਾਰੀ ਮੁਤਾਬਿਕ ਅੱਜ ਸਵੇਰੇ ਕਰੀਬ 11 ਵਜੇ ਇਹ ਮੰਦਭਾਗੀ ਘਟਨਾ ਵਾਪਰੀ ਜਿਸ ਨੂੰ ਪਹਿਲਾਂ ਤਾਂ ਦਬਾਉਣ ਦੇ ਭਰਪੂਰ ਯਤਨ ਕੀਤੇ ਗਏ। ਜਿਵੇ ਜਿਵੇ ਸ਼ਹਿਰ ਵਿਚ ਇਸ ਘਟਨਾ ਦੀ ਚਰਚਾ ਫੈਲੀ ਤਾਂ ਮਜਬੂਰ ਹੋ ਕੇ ਸ਼ੋ੍ਰਮਣੀ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਸਵਿਕਾਰ ਕੀਤਾ ਕਿ ਇਹ ਘਟਨਾਂ ਵਾਪਰੀ ਹੈ। ਇਸ ਘਟਨਾਂ ਲਈ ਜਿੰਮੇਵਾਰ ਵਿਅਕਤੀ ਕੋਲੋ ਜਦ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਉਕਤ ਨੇ ਆਪਣਾ ਨਾਮ ਰਣਬੀਰ ਸਿੰਘ ਵਾਸੀ ਲੁਧਿਆਣਾ ਦਸਿਆ। ਉਕਤ ਦੇ ਵਾਲ ਕੱਟੇ ਹੋਏ ਹਨ।ਸੁਖਮਨੀ ਸਾਹਿਬ ਦੀ ਪੋਥੀ ਸੁੱਟਣ ਬਾਰੇ  ਮੌਕੇ ਤੇ ਸੰਗਤਾਂ ਨੇ ਸੇਵਾਦਾਰਾਂ ਨੂੰ ਇਸ ਵਿਅਕਤੀ ਦੀ ਹਰਕਤ ਬਾਰੇ ਦੱਸਿਆ ਤਾਂ ਤੁਰੰਤ ਸੇਵਾਦਾਰ ਅਤੇ ਸੰਗਤਾਂ ਨੇ ਇਸ ਵਿਅਕਤੀ ਨੂੰ ਫੜਿਆ ਅਤੇ ਸੁਖਮਨੀ ਸਾਹਿਬ ਦੀ ਪੋਥੀ ਨੂੰ ਸਰੋਵਰ ਵਿੱਚੋਂ ਬਾਹਰ ਕੱਢਿਆ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਗੁਰਿੰਦਰ ਸਿੰਘ ਮਥਰੇਵਾਲ ਤੇ ਵਧੀਕ ਮੈਨੇਜਰ ਨਰਿੰਦਰ ਸਿੰਘ ਮਥਰੇਵਾਲ ਦੇ ਨਾਲ ਨਾਲ ਮੀਤ ਮੈਨੇਜਰ ਨਿਸ਼ਾਨ ਸਿੰਘ  ਵੱਲੋਂ ਇਸ ਵਿਅਕਤੀ ਤੋਂ ਲੰਮਾਂ ਸਮਾਂ ਪੁੱਛਗਿੱਛ ਕੀਤੀ । ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਗੁਰਿੰਦਰ ਸਿੰਘ ਮਥਰੇਵਾਲ, ਨਰਿੰਦਰ ਸਿੰਘ ਮਥਰੇਵਾਲ ਅਤੇ ਮੀਤ ਮੈਨੇਜਰ ਨਿਸ਼ਾਨ ਸਿੰਘ ਜਫਰਵਾਲ ਨੇ ਲੰਬੀ ਪੁੱਛ ਪੜਤਾਲ ਤੋਂ ਬਾਅਦ ਇਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ। ਜਿਸ ਤੋਂ ਬਾਅਦ ਇਸ ਸਬੰਧੀ ਜਾਣਕਾਰੀ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮਿਲੀ ਤਾਂ ਉਨ੍ਹਾਂ ਨੇ ਇਸ ਸਬੰਧੀ ਕਾਿਨੂੰਨੀ ਕਾਰਵਾਈ ਦੇ ਆਦੇਸ਼ ਦਿੱਤੇ। ਜਿਸ ਤੋਂ ਬਾਅਦ ਇਸ ਦੀ ਇਤਲਾਹ ਗਲਿਆਰਾ ਚੌਂਕੀ ਦੇ ਇੰਚਾਰਜ ਨੂੰ ਦਿੱਤੀ ਗਈ। ਗਲਿਆਰਾ ਚੌਂਕੀ ਦੇ ਇੰਚਾਰਜ ਨੇ ਇਸ ਘਟਨਾ ਸਬੰਧੀ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਇਸ ਕੇਸ ਨੂੰ ਅਗਾਂਹ ਵਧਾਉਣ ਲਈ  ਥਾਣਾ ਈ ਡਵੀਜਨ ਦੇ ਹਵਾਲੇ ਇਸ ਵਿਅਕਤੀ ਨੂੰ ਕਰ ਕੇ ਕਾਨੂੰਨੀ ਕਾਰਵਾਈ ਆਰੰਭੀ ਗਈ। ਮੈਨੇਜਰ ਨਰਿੰਦਰ ਸਿੰਘ ਮਥਰੇਵਾਲ ਨੇ ਕਿਹਾ ਕਿ ਬੇਅਦਬੀ ਕਰਨ ਵਾਲੇ ਵਿਆਕਤੀ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰਕੇ ਅਗਲੇਰੀ ਕਾਰਵਾਈ ਲਈ ਕਿਹਾ ਗਿਆ ਹੈ।ਇਸ ਸੰਬਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਸ਼੍ਰੋਮਣੀ ਕਮੇਟੀ ਅਧਿਕਾਰੀਆਂ ਪਾਸੋਂ ਘਟਨਾ ਦੀ ਜਾਣਕਾਰੀ ਮਿਲਣ ’ਤੇ ਤੁਰੰਤ ਅੰਮ੍ਰਿਤਸਰ ਪਹੁੰਚੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਇਕੱਤਰਤਾ ਕਰਕੇ ਘਟਨਾ ਦੀ ਜਾਣਕਾਰੀ ਹਾਸਲ ਕੀਤੀ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਘਟਨਾ ਅਚਾਨਕ ਵਾਪਰੀ ਘਟਨਾ ਨਹੀਂ, ਸਗੋਂ ਸੋਚੀ ਸਮਝੀ ਸਾਜ਼ਿਸ਼ ਹੈ, ਜੋ ਸਿੱਖਾਂ ਦੀਆਂ ਭਾਵਨਾਵਾਂ ਭੜਕਾ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਹੈ।ਗੁਰਬਾਣੀ ਦੀ ਬੇਅਦਬੀ ਕਰਨਾ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਦੇ ਪਿੱਛੇ ਕੰਮ ਕਰ ਰਹੀਆਂ ਸ਼ਕਤੀਆਂ ਨੂੰ ਸਾਹਮਣੇ ਲਿਆ ਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਵੱਖ-ਵੱਖ ਥਾਵਾਂ ’ਤੇ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਨ੍ਹਾਂ ਨੇ ਸਿੱਖ ਹਿਰਦਿਆਂ ਤਾਰ-ਤਾਰ ਕੀਤਾ ਹੈ, ਪਰ ਸਰਕਾਰਾਂ ਵੱਲੋਂ ਦੋਸ਼ੀਆਂ ਦੇ ਪਿੱਛੇ ਕੰਮ ਕਰਦੀਆਂ ਤਾਕਤਾਂ ਨੂੰ ਸਾਹਮਣੇ ਨਹੀਂ ਲਿਆਂਦਾ ਜਾਂਦਾ।