ਪਿਛਲੇ ਕੁਝ ਸਾਲਾਂ ਦਰਮਿਆਨ ਰਾਸ਼ਟਰੀ ਪਾਰਟੀਆਂ ਨੇ ਇਕੱਠੇ ਕੀਤੇ15,077 ਕਰੋੜ

ਪਿਛਲੇ ਕੁਝ ਸਾਲਾਂ ਦਰਮਿਆਨ ਰਾਸ਼ਟਰੀ ਪਾਰਟੀਆਂ ਨੇ ਇਕੱਠੇ ਕੀਤੇ15,077 ਕਰੋੜ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ- ਚੋਣ ਅਧਿਕਾਰ ਸੰਗਠਨ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ.ਡੀ.ਆਰ.) ਦੁਆਰਾ ਕੀਤੇ ਗਏ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਰਾਸ਼ਟਰੀ ਰਾਜਨੀਤਕ ਪਾਰਟੀਆਂ ਵਲੋਂ 2004-05 ਤੋਂ 2020-21 ਦਰਮਿਆਨ ਅਣਪਛਾਤੇ ਸਰੋਤਾਂ ਤੋਂ 15,077.97 ਕਰੋੜ ਰੁਪਏ ਇੱਕਤਰ ਕੀਤੇ ਗਏ ਹਨ । ਏ.ਡੀ.ਆਰ. ਵਲੋਂ ਇਸ ਵਿਸ਼ਲੇਸ਼ਣ 'ਚ 8 ਰਾਸ਼ਟਰੀ ਤੇ 27 ਖੇਤਰੀ ਪਾਰਟੀਆਂ 'ਤੇ ਵਿਚਾਰ ਕੀਤਾ ਗਿਆ ਹੈ । ਏ.ਡੀ.ਆਰ. ਅਨੁਸਾਰ 2020-21 ਦੌਰਾਨ ਰਾਸ਼ਟਰੀ ਤੇ ਖੇਤਰੀ ਪਾਰਟੀਆਂ ਵਲੋਂ ਅਣਪਛਾਤੇ ਸਰੋਤਾਂ ਤੋਂ 690.67 ਕਰੋੜ ਰੁਪਏ ਇੱਕਠੇ ਕੀਤੇ ਗਏ ਹਨ, ਜਿਸ ਵਿਚੋਂ ਰਾਸ਼ਟਰੀ ਪਾਰਟੀਆਂ ਦਾ ਹਿੱਸਾ 426.74 ਕਰੋੜ ਰੁਪਏ ਤੇ ਖੇਤਰੀ ਪਾਰਟੀਆਂ 263.92 ਕਰੋੜ ਰੁਪਏ ਹੈ । ਭਾਜਪਾ ਨੇ 2020-21 ਦੌਰਾਨ ਅਣਪਛਾਤੇ ਸਰੋਤਾਂ ਤੋਂ 100.50 ਕਰੋੜ ਰੁਪਏ ਤੇ ਕਾਂਗਰਸ ਨੇ 178.78 ਕਰੋੜ ਰੁਪਏ ਕੀਤੇ, ਜਦਕਿ ਖੇਤਰੀ ਪਾਰਟੀਆਂ ਵਿਚੋਂ ਵਾਈ.ਐਸ.ਆਰ. ਕਾਂਗਰਸ ਨੇ 96.25 ਕਰੋੜ ਰੁਪਏ, ਡੀ.ਐਮ.ਕੇ. ਨੇ 80 ਕਰੋੜ ਰੁਪਏ, ਬੀ.ਜੇ.ਡੀ. ਨੇ 67 ਕਰੋੜ ਰੁਪਏ ਤੇ 'ਆਪ' ਨੇ 5.4 ਕਰੋੜ ਰੁਪਏ ਪ੍ਰਾਪਤ ਕੀਤੇ ਹਨ । ਦੱਸਣਯੋਗ ਹੈ ਕਿ ਰਾਸ਼ਟਰੀ ਰਾਜਨੀਤਕ ਪਾਰਟੀਆਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ), ਇੰਡੀਅਨ ਨੈਸ਼ਨਲ ਕਾਂਗਰਸ (ਆਈ. ਐਨ. ਸੀ.), ਆਲ ਇੰਡੀਆ ਤਿ੍ਣਮੂਲ ਕਾਂਗਰਸ (ਏ.ਆਈ.ਟੀ.ਸੀ.), ਸੀ. ਪੀ. ਆਈ.-ਐਮ, ਸੀ.ਪੀ.ਆਈ., ਬਹੁਜਨ ਸਮਾਜ ਪਾਰਟੀ (ਬਸਪਾ), ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ. ਸੀ. ਪੀ.) ਅਤੇ ਨੈਸ਼ਨਲ ਪੀਪਲਜ਼ ਪਾਰਟੀ ਸ਼ਾਮਿਲ ਹਨ, ਜਦਕਿ ਖੇਤਰੀ ਪਾਰਟੀਆਂ 'ਚ- ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਏ.ਆਈ.ਏ.ਡੀ.ਐਮ.ਕੇ, ਡੀ. ਐਮ. ਕੇ., ਬੀ.ਜੇ.ਡੀ., ਜੇ.ਡੀ.-ਯੂ., ਸ਼ਿਵਸੈਨਾ, ਟੀ.ਡੀ.ਪੀ., ਟੀ.ਆਰ.ਐਸ., ਵਾਈ. ਐਸ. ਆਰ. ਕਾਂਗਰਸ, ਆਰ.ਐਲ.ਡੀ. ਆਦਿ ਸ਼ਾਮਿਲ ਹਨ ।