ਕੇਜਰੀਵਾਲ ਵਲੋਂ ਬਿਕਰਮ ਮਜੀਠੀਏ ਤੋਂ ਮੁਆਫ਼ੀ ਮੰਗਣ ਬਾਅਦ ਪੰਜਾਬ ਦੀ ‘ਆਪ’ ਇਕਾਈ ਨੇ ਦਿੱਲੀ ਵਾਲਿਆਂ ਵਿਰੁਧ ‘ਝਾੜੂ ਚੁਕਿਆ’

ਕੇਜਰੀਵਾਲ ਵਲੋਂ ਬਿਕਰਮ ਮਜੀਠੀਏ ਤੋਂ ਮੁਆਫ਼ੀ ਮੰਗਣ ਬਾਅਦ ਪੰਜਾਬ ਦੀ ‘ਆਪ’ ਇਕਾਈ ਨੇ ਦਿੱਲੀ ਵਾਲਿਆਂ ਵਿਰੁਧ ‘ਝਾੜੂ ਚੁਕਿਆ’

ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਵਿਧਾਨ ਸਭਾ ਦੀ ਲਾਬੀ ਵਿੱਚ ਹੋਰਨਾਂ ਵਿਧਾਇਕਾਂ ਸਮੇਤ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ।
ਚੰਡੀਗੜ੍ਹ/ਨਿਊਜ਼ ਬਿਊਰੋ:
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਡਰੱਗ ਕਾਂਡ ਵਿੱਚ ਉਨ੍ਹਾਂ ਖ਼ਿਲਾਫ਼ ਚੱਲ ਰਹੇ ਮਾਣਹਾਨੀ ਦੇ ਕੇਸ ਵਿੱਚ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਨਾਟਕੀ ਢੰਗ ਨਾਲ ਮੁਆਫ਼ੀ ਮੰਗਣ ਕਾਰਨ ਪਾਰਟੀ ਦੀ ਪੰਜਾਬ ਇਕਾਈ ਵਿੱਚ ਚੁਫੇਰਿਓਂ ਬਗ਼ਾਵਤੀ ਸੁਰਾਂ ਉੱਠ ਗਈਆਂ ਹਨ। ਅਜਿਹੇ ਸੰਕੇਤ ਹਨ ਕਿ ਪੰਜਾਬ ਇਕਾਈ ਦੇ ਆਗੂ ਆਪਣੀ ਵੱਖਰੀ ਪਾਰਟੀ ਬਣਾਉਣ ਦੀ ਤਿਆਰੀ ਵਿੱਚ ਹਨ। ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਸਹਿ ਪ੍ਰਧਾਨ ਦੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਪਾਰਟੀ ਵਿੱਚ ਤੂਫਾਨ ਲਿਆ ਦਿੱਤਾ ਹੈ। ਸਮੂਹ ਵਿਧਾਇਕਾਂ ਨੇ ਵੀ ਸ਼ੁਕਰਵਾਰ ਨੂੰ ਇੱਥੇ ਮੀਟਿੰਗ ਕਰਕੇ ਸ੍ਰੀ ਕੇਜਰੀਵਾਲ ਨੂੰ ਫਿਟਕਾਰਾਂ ਪਾਈਆਂ ਹਨ। ਕਈ ਹੋਰ ਆਗੂ ਵੀ ਅਸਤੀਫੇ ਦੇਣ ਦੀ ਤਿਆਰੀ ਵਿੱਚ ਹਨ।
‘ਆਪ’ ਵਿਧਾਇਕਾਂ ਸਮੇਤ ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਦੀ ਜੋੜੀ ਨੇ ਪੰਜਾਬ ਵਿਧਾਨ ਸਭਾ ਦੇ ਕਮੇਟੀ ਰੂਮ ਵਿੱਚ ਮੀਟਿੰਗ ਕਰਕੇ ਸ੍ਰੀ ਕੇਜਰੀਵਾਲ ਨੂੰ ਫਿਟਕਾਰਾਂ ਪਾਈਆਂ। ਉਨ੍ਹਾਂ ਕਿਹਾ ਕਿ ਇਸ ਆਗੂ ਨੇ ਆਪਣੀ ਕਮਜ਼ੋਰ ਮਾਨਸਿਕਤਾ ਕਾਰਨ ਸ੍ਰੀ ਮਜੀਠੀਆ ਅੱਗੇ ਆਤਮਸਮਰਪਣ ਕੀਤਾ ਹੈ, ਜਿਸ ਨਾਲ ਪਾਰਟੀ ਦੀ ਪੰਜਾਬ ਇਕਾਈ ਦੇ ਆਗੂਆਂ ਅਤੇ ਵਰਕਰਾਂ ਨੂੰ ਨਮੋਸ਼ੀ ਝੱਲਣੀ ਪੈ ਰਹੀ ਹੈ। ਮੀਟਿੰਗ ਵਿੱਚ ਵਿਧਾਇਕ ਐਚਐਸ ਫੂਲਕਾ ਤੇ ਹਰਪਾਲ ਸਿੰਘ ਚੀਮਾ ਤੋਂ ਇਲਾਵਾ ਸਾਰੇ ਵਿਧਾਇਕ ਮੌਜੂਦ ਸਨ। ਸੂਤਰਾਂ ਅਨੁਸਾਰ ਮੀਟਿੰਗ ਵਿੱਚ 13 ਦੇ ਕਰੀਬ ਵਿਧਾਇਕ ਪੰਜਾਬ ਦਾ ਵੱਖਰਾ ਯੂਨਿਟ ਬਣਾਉਣ ਦੇ ਹਾਮੀ ਸਨ, ਪਰ ਫਿਲਹਾਲ ਅਜਿਹਾ ਫ਼ੈਸਲਾ ਟਾਲ ਦਿੱਤਾ ਗਿਆ ਹੈ। ਇਸੇ ਦੌਰਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਪੰਜਾਬ ਦੀ ਲੀਡਰਸ਼ਿਪ ਦੀ ਇਸ ਮੁੱਦੇ ਉਪਰ 18 ਮਾਰਚ ਨੂੰ ਦਿੱਲੀ ਵਿੱਚ ਮੀਟਿੰਗ ਸੱਦੀ ਹੈ, ਪਰ ਵਿਧਾਇਕਾਂ ਨੇ ਇਸ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਕੀਤਾ ਹੈ। ਰੋਹ ਵਿੱਚ ਆਏ ਵਿਧਾਇਕਾਂ ਨੇ ਹਾਈਕਮਾਂਡ ਵੱਲੋਂ ਪੰਜਾਬ ਲਈ ਬਣਾਈ ਕੋਰ ਕਮੇਟੀ ਨੂੰ ਵੀ ਭੰਗ ਕਰ ਦਿੱਤਾ ਹੈ। ਵਿਧਾਇਕਾਂ ਨੇ ਕਿਹਾ ਕਿ ਉਹ ਹੁਣ ਦਿੱਲੀ ਮੀਟਿੰਗਾਂ ਕਰਨ ਨਹੀਂ ਜਾਣਗੇ ਅਤੇ ਅਜਿਹੀਆਂ ਮੀਟਿੰਗਾਂ ਭਵਿੱਖ ਵਿੱਚ ਪੰਜਾਬ ‘ਚ ਹੀ ਕੀਤੀਆਂ ਜਾਣਗੀਆਂ।
ਉਧਰ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਉਪ ਨੇਤਾ ਸਰਵਜੀਤ ਕੌਰ ਮਾਣੂਕੇ, ਵਿਧਾਇਕ ਅਮਨ ਅਰੋੜਾ, ਕੰਵਰ ਸੰਧੂ, ਪ੍ਰੋ. ਬਲਜਿੰਦਰ ਕੌਰ, ਪ੍ਰਿੰਸੀਪਲ ਬੁੱਧ ਰਾਮ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਸਮੇਤ 20 ਵਿਧਾਇਕਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਸ੍ਰੀ ਕੇਜਰੀਵਾਲ ਨੇ ਸ੍ਰੀ ਮਜੀਠੀਆ ਮੂਹਰੇ ਆਤਮਸਮਰਪਣ ਕਰਕੇ ਪੰਜਾਬ ਨਾਲ ਧੋਖਾ ਕੀਤਾ। ਸ੍ਰੀ ਖਹਿਰਾ ਨੇ ਕਿਹਾ ਕਿ ਸਮੂਹ ਆਗੂ ਦਿੱਲੀ ਦੀ ਥਾਂ ਪੰਜਾਬ ਦੇ ਹਿਤਾਂ ਨਾਲ ਖੜ੍ਹੇ ਹਨ ਅਤੇ ਉਹ ਅਹੁਦਿਆਂ ਦੀ ਕੋਈ ਪ੍ਰਵਾਹ ਨਹੀਂ ਕਰਨਗੇ। ਉਨ੍ਹਾਂ ਸੰਕੇਤ ਦਿੱਤੇ ਕਿ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਸ੍ਰੀ ਕੇਜਰੀਵਾਲ ਦੀ ਇਸ ਭੁੱਲ ਵਿਰੁੱਧ ਅਤੇ ਪੰਜਾਬ ਦੇ ਹਿੱਤਾਂ ਲਈ ਜਲਦੀ ਹੀ ਅਹਿਮ ਫ਼ੈਸਲੇ ਲਵੇਗੀ। ਕੰਵਰ ਸੰਧੂ ਨੇ ਦੱਸਿਆ ਕਿ ਭਗਵੰਤ ਮਾਨ ਉਨ੍ਹਾਂ ਦੇ ਸੰਪਰਕ ਵਿਚ ਹੈ ਅਤੇ ਅਗਲੀ ਰਣਨੀਤੀ ਉਨ੍ਹਾਂ ਨਾਲ ਸਲਾਹ ਮਸ਼ਵਰਾ ਕਰਕੇ ਹੀ ਘੜੀ ਜਾਵੇਗੀ।
ਇਸ ਦੌਰਾਨ ਬੈਂਸ ਭਰਾਵਾਂ ਨੇ ‘ਆਪ’ ਨਾਲੋਂ ਨਾਤਾ ਤੋੜਦਿਆਂ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਮੁਆਫੀ ਮੰਗ ਕੇ ਪੰਜਾਬ ਨਾਲ ਗੱਦਾਰੀ ਕੀਤੀ ਹੈ ਅਤੇ ਪੰਜਾਬ ਦੇ ਲੋਕ ਹੁਣ ਉਨ੍ਹਾਂ ਨੂੰ ਕਦੇ ਵੀ ਮੁਆਫ ਨਹੀਂ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਕੇਜਰੀਵਾਲ ਨੇ ਮਾਣਹਾਨੀ ਕੇਸ ਤੋਂ ਡਰਦਿਆਂ ਨਹੀਂ ਸਗੋਂ ਕੋਈ ਸਿਆਸੀ ਗਿੱਟਮਿੱਟ ਕਰਕੇ ਮੁਆਫੀ ਮੰਗੀ ਹੈ। ਉਧਰ ‘ਆਪ’ ਹਰਿਆਣਾ ਦੇ ਪ੍ਰਧਾਨ ਨਵੀਨ ਜੈਹਿੰਦ ਨੇ ਕਿਹਾ ਕਿ ਫੰਡਾਂ ਦੀ ਤੋਟ ਅਤੇ ਵਕੀਲਾਂ ਦੀਆਂ ਫੀਸਾਂ ਤੇ ਹੋਰ ਝੰਜਟਾਂ ਤੋਂ ਬਚਣ ਲਈ ਪਾਰਟੀ ਵੱਲੋਂ ਸਾਰੇ ਮਾਮਲਿਆਂ ਵਿਚ ਮੁਆਫੀਆਂ ਮੰਗੀਆਂ ਜਾ ਰਹੀਆਂ ਹਨ।
ਇਸ ਦੌਰਾਨ ਆਮ ਆਦਮੀ ਪਾਰਟੀ (ਆਪ) ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਤੇ ਪੰਜਾਬ ਦੇ ਮੁੱਖ ਬੁਲਾਰੇ ਹਰਜੋਤ ਬੈਂਸ ਨੇ ਦੋਸ਼ ਲਾਇਆ ਕਿ ਸੁਖਪਾਲ ਖਹਿਰਾ ਵਿਰੋਧੀ ਧਿਰ ਦੇ ਆਗੂ ਵਜੋਂ ਪਾਰਟੀ ਨੂੰ ਤੋੜਨ ਦੇ ਯਤਨ ਵਿੱਚ ਹੈ। ਉਨ੍ਹਾਂ ਕਿਹਾ ਕਿ ਸ੍ਰੀ ਖਹਿਰਾ ਨੂੰ ਜੇਕਰ ਪਾਰਟੀ ਏਨੀ ਮਾੜੀ ਲਗਦੀ ਹੈ ਤਾਂ ਉਹ ਵਿਰੋਧੀ ਧਿਰ ਦੇ ਆਗੂ ਅਤੇ ਵਿਧਾਇਕ ਦੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਲੋਕਾਂ ਕੋਲੋਂ ਮੁੜ ਫਤਵਾ ਲੈਣ ਦੀ ਹਿੰਮਤ ਦਿਖਾਉਣ।

ਸਾਡਾ ਕੰਮ ਅਦਾਲਤਾਂ ‘ਚ ਲੜਨ ਦਾ ਨਹੀਂ: ਸਿਸੋਦੀਆ
ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਹ ਪੰਜਾਬ ਦੀ ਨਾਰਾਜ਼ ਲੀਡਰਸ਼ਿਪ ਨਾਲ ਗੱਲ ਕਰਕੇ ਮਸਲੇ ਨੂੰ ਹੱਲ ਕਰਨਗੇ। ਉਨ੍ਹਾਂ ਕਿਹਾ ਕਿ ‘ਆਪ’ ਲੋਕਾਂ ਲਈ ਗਲੀਆਂ ਵਿੱਚ ਲੜਨ ਵਾਲੀ ਪਾਰਟੀ ਹੈ ਅਤੇ ਉਨ੍ਹਾਂ ਦਾ ਕੰਮ ਅਦਾਲਤਾਂ ਵਿੱਚ ਲੜਨ ਦਾ ਨਹੀਂ। ਉਨ੍ਹਾਂ ਕਿਹਾ ਕਿ ਜੇ ਪਾਰਟੀ ਲੀਡਰਸ਼ਿਪ ਅਦਾਲਤੀ ਲੜਾਈ ਵਿੱਚ ਉਲਝੀ ਰਹੀ ਤਾਂ ਲੋਕ ਹਿਤਾਂ ਲਈ ਲੜਨ ਦਾ ਸਮਾਂ ਕਿਵੇਂ ਬਚੇਗਾ।