ਸੁਖਬੀਰ ਦੇ ਕਾਫ਼ਲੇ ‘ਤੇ ਕੋਈ ਹਮਲਾ ਨਹੀਂ ਹੋਇਆ : ਹਰਸਿਮਰਤ ਬਾਦਲ

ਸੁਖਬੀਰ ਦੇ ਕਾਫ਼ਲੇ ‘ਤੇ ਕੋਈ ਹਮਲਾ ਨਹੀਂ ਹੋਇਆ : ਹਰਸਿਮਰਤ ਬਾਦਲ

ਕੈਪਸ਼ਨ-ਮੁਕਤਸਰ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਸਿਮਰਤ ਬਾਦਲ।
ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼ :
ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਮੁਕਤਸਰ ਦੇ ਅਕਾਲੀ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਹੱਕ ਵਿਚ ਪ੍ਰਚਾਰ ਦੌਰਾਨ ਕਿਹਾ ਕਿ  ਜਲਾਲਾਬਾਦ ਵਿਖੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਉਪਰ ਹਮਲਾ ਹੋਣ ਦੀ ਘਟਨਾ ਸਬੰਧੀ ਚਰਚਾ ਨਿਰਮੂਲ ਹੈ। ਇਹ ਹਮਲਾ ਸ੍ਰੀ ਬਾਦਲ ਦੇ ਕਾਫਲੇ ਉਪਰ ਨਹੀਂ ਹੋਇਆ ਸਗੋਂ ਦੋ ਧੜਿਆਂ ਦੀ ਆਪਸੀ ਖਹਿਬਾਜ਼ੀ ਦੀ ਘਟਨਾ ਸੀ। ਉਨ੍ਹਾਂ ਕਿਹਾ ਕਿ ‘ਆਮ ਆਦਮੀ ਪਾਰਟੀ’ ਦੇ ਬੁਲਾਰੇ ਅਤੇ ਐਮ.ਪੀ. ਭਗਵੰਤ ਮਾਨ ਵੱਲੋਂ ਸ਼ਰੇਆਮ ਲੋਕਾਂ ਨੂੰ ਪੱਥਰਬਾਜ਼ੀ ਲਈ ਭੜਕਾਇਆ ਜਾ ਰਿਹਾ ਜੋ ਕਿ ਬਹੁਤ ਹੀ ਨਿੰਦਣਯੋਗ ਤੇ ਚਿੰਤਾਜਨਕ ਗੱਲ ਹੈ।
ਉਨ੍ਹਾਂ ਕਾਂਗਰਸ ਦੇ ਮਨੋਰਥ ਪੱਤਰ ਉਪਰ ਪ੍ਰਤੀਕਰਮ ਜ਼ਾਹਰ ਕਰਦਿਆਂ ਕਿਹਾ ਕਿ ਇਹ ਮਨੋਰਥ ਪੱਤਰ ਝੂਠ ਦਾ ਪੁਲੰਦਾ ਹੈ। ਕਾਂਗਰਸ ਵੱਲੋਂ ਪਹਿਲਾਂ ਵੀ ਜਾਰੀ ਕੀਤੇ ਗਏ ਮੈਨੀਫੈਸਟੋ ਵੇਖ ਲਵੋ ਉਨ੍ਹਾਂ ਕਦੇ ਵੀ ਕੋਈ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਹਲਕਾ ਸ੍ਰੀ ਮੁਕਤਸਰ ਸਾਹਿਬ ਵਿਖੇ ਅਕਾਲੀ ਦਲ ਤੋਂ ਬਾਗੀ ਹੋ ਕੇ ਖੜ੍ਹੇ ਆਜ਼ਾਦ ਉਮੀਦਵਾਰ ਸੁਖਦਰਸ਼ਨ ਸਿੰਘ ਮਰਾੜ੍ਹ ਸਬੰਧੀ ਕਿਹਾ ਕਿ ਉਹ ਮਤਲਬਪ੍ਰਸਤ ਹੈ।
ਹਰਸਿਮਰਤ ਕੌਰ ਬਾਦਲ ਨੇ ਕੁਝ ਚੈਨਲਾਂ ਵੱਲੋਂ ਕੀਤੇ ਸਰਵੇਖਣਾਂ ਬਾਰੇ ਕਿਹਾ ਕਿ ਇਨ੍ਹਾਂ ਦੀ ਕੋਈ ਅਹਿਮੀਅਤ ਨਹੀਂ। ਪਿਛਲੀਆਂ ਚੋਣਾਂ ਵੇਲੇ ਸਰਵੇਖਣ, ਨਤੀਜੇ ਆਉਣ ਤੋਂ ਕੁਝ ਪਲ ਪਹਿਲਾਂ ਵੀ ਕਾਂਗਰਸ ਦੀ ਸਰਕਾਰ ਬਣਾਉਂਦੇ ਸੀ ਪਰ ਨਤੀਜੇ ਉਲਟ ਆਏ। ਹੁਣ ਵੀ ਇਸੇ ਤਰ੍ਹਾਂ ਹੀ ਹੋਵੇਗਾ

 

ਸੁਖਬੀਰ ਦੇ ਕਾਫ਼ਲੇ ‘ਤੇ ਪਥਰਾਅ ਮਗਰੋਂ ਬਾਦਲਾਂ ਦੀ ਸੁਰੱਖਿਆ ਵਧਾਈ
15-20 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੱਡੇ ਸਿਆਸਤਦਾਨਾਂ ਦੇ ਜਲਸਿਆਂ ਦੌਰਾਨ ਟਕਰਾਅ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਪੁਲੀਸ ਨੂੰ ਖਾਸ ਤੌਰ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਮਾਗਮਾਂ ਦੌਰਾਨ ਵਿਸ਼ੇਸ਼ ਸੁਰੱਖਿਆ ਇੰਤਜ਼ਾਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਵਧੀਕ ਡੀਜੀਪੀ (ਚੋਣਾਂ) ਵੀ ਕੇ ਭਾਵੜਾ ਨੇ ਦੱਸਿਆ ਕਿ ਸਾਰੇ ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਇਸ ਸਬੰਧੀ ਨਿਰਦੇਸ਼ ਦਿੱਤੇ ਗਏ ਹਨ। ਜਲਾਲਾਬਾਦ ਵਿਧਾਨ ਸਭਾ ਹਲਕੇ ਦੇ ਇੱਕ ਪਿੰਡ ਵਿਚ ਐਤਵਾਰ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਾਫਲੇ ‘ਤੇ ਹੋਏ ਪਥਰਾਅ ਬਾਅਦ ਇਹ ਨਿਰਦੇਸ਼ ਦਿੱਤੇ ਗਏ ਹਨ। ਸੂਤਰਾਂ ਮੁਤਾਬਕ ਖੁਫ਼ੀਆ ਏਜੰਸੀਆਂ ਨੇ ਚੋਣ ਅਧਿਕਾਰੀਆਂ ਨੂੰ ਚੌਕਸ ਕੀਤਾ ਹੈ ਕਿ ਲੋਕਾਂ ਵਿਚ ਰੋਹ ਹੋਣ ਕਾਰਨ ਬਾਦਲਾਂ ਦੀਆਂ ਰੈਲੀਆਂ ਦੌਰਾਨ ਗੜਬੜ ਹੋਣ ਦੇ ਆਸਾਰ ਹਨ। ਦੱਸਣਯੋਗ ਹੈ ਕਿ ਬਾਦਲਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਮਿਲੀ ਹੋਈ ਹੈ।
ਪੁਲੀਸ ਇੰਸਪੈਕਟਰ ਗੁਰਬੀਰ ਸਿੰਘ ਦੇ ਬਿਆਨਾਂ ‘ਤੇ ਪੁਲੀਸ ਨੇ ਪਿੰਡ ਕੰਧਵਾਲਾ ਹਾਜ਼ਰ ਖਾਨ ਵਿਚ ਹੋਏ ਪਥਰਾਅ ਦੇ ਮਾਮਲੇ ਵਿਚ ਹਰਪ੍ਰ੍ਰੀਤ ਸਿੰਘ ਨਾਂ ਦੇ ਵਿਅਕਤੀ ਸਮੇਤ 15-20 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਹਰਪ੍ਰੀਤ ਨੂੰ ਗ੍ਰਿਫਤਾਰ ਕੀਤਾ ਹੈ। ਇਸੇ ਦੌਰਾਨ ਬਾਘਾਪੁਰਾਣਾ ਵਿੱਚ ਅਕਾਲੀ ਵਰਕਰਾਂ ਵੱਲੋਂ ਕਾਂਗਰਸੀ ਵਰਕਰਾਂ ‘ਤੇ ਕੀਤੇ ਹਮਲੇ ਸਬੰਧੀ ਅਕਾਲੀਆਂ ਤੇ ਕਾਂਗਰਸੀਆਂ ਨੇ ਪੁਲੀਸ ਨੂੰ ਰਾਜ਼ੀਨਾਮਾ ਲਿਖ ਕੇ ਦਿੱਤਾ ਹੈ। ਸ੍ਰੀ ਭਾਵੜਾ ਨੇ ਦੱਸਿਆ ਕਿ ਸੁਖਬੀਰ ਬਾਦਲ ਦੇ ਕਾਫ਼ਲੇ ‘ਤੇ ਹਮਲੇ ਦੇ ਮਾਮਲੇ ਵਿਚ ਜਿਹੜੀ ਐਫਆਈਆਰ ਦਰਜ ਕੀਤੀ ਹੈ ਉਸ ‘ਚ ਕਿਸੇ ਵੀ ਪਾਰਟੀ ਦਾ ਜ਼ਿਕਰ ਨਹੀਂ ਹੈ।
ਰਾਜ ਦੇ ਮੁੱਖ ਚੋਣ ਅਧਿਕਾਰੀ ਵੀ ਕੇ ਸਿੰਘ ਨੇ ਲੋਕਾਂ ਨੂੰ ਹਿੰਸਾ ਦਾ ਰਾਹ ਨਾ ਫੜਨ ਦੀ ਅਪੀਲ ਕਰਦਿਆਂ ਕਿਹਾ ਕਿ 4 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਤੇ ਜੇਕਰ ਲੋਕਾਂ ਨੂੰ ਕਿਸੇ ਪਾਰਟੀ ਪ੍ਰਤੀ ਗੁੱਸਾ ਹੈ ਤਾਂ ਵੋਟਿੰਗ ਮਸ਼ੀਨ ਦਾ ਬਟਨ ਦੱਬ ਕੇ ਕੱਢ ਲਿਆ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥ ਵਿਚ ਲੈਣ ਨਹੀਂ ਦਿੱਤਾ ਜਾਵੇਗਾ ਤੇ ਹਿੰਸਾ ਦੇ ਰਾਹ ਪੈਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਆਟਾ-ਦਾਲ ਸਕੀਮ ਬੰਦ ਕਰਨ ਬਾਰੇ ਕਾਂਗਰਸ ਜਾਂ ‘ਆਪ’ ਵੱਲੋਂ ਸੂਬਾਈ ਦਫ਼ਤਰ ਵਿਚ ਕੋਈ ਸ਼ਿਕਾਇਤ ਦਰਜ ਨਹੀਂ ਕਰਾਈ ਗਈ। ਵਿਭਾਗ ਨੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਲਏ ਫੈਸਲੇ ਦੇ ਮੱਦੇਨਜ਼ਰ ਖ਼ੁਦ ਹੀ ਇਹ ਸਕੀਮ ਬੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਆਟਾ ਦਾਲ ਸਕੀਮ ਬਾਰੇ ਚੋਣ ਕਮਿਸ਼ਨ ਨੂੰ ਮਾਮਲਾ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨ ਵੱਲੋਂ ਸ਼ਿਕਾਇਤਾਂ ਦਾ ਨਿਪਟਾਰਾ ਯੋਜਨਾਬੱਧ ਤੇ ਘੱਟ ਸਮੇਂ ਅੰਦਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 889 ਸ਼ਿਕਾਇਤਾਂ ਵਿਚੋਂ 736 ਨਿਪਟਾ ਦਿੱਤੀਆਂ ਹਨ।
ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ‘ਪੇਡ ਨਿਊਜ਼’ ਦਾ ਪਹਿਲਾ ਮਾਮਲਾ ਗਿੱਦੜਬਾਹਾ ਵਿਚ ਸਾਹਮਣੇ ਆਇਆ ਹੈ, ਜਿਸ ਵਿੱਚ ਕਾਂਗਰਸ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਸੇ ਉਮੀਦਵਾਰ ਜਾਂ ਪਾਰਟੀ ਦੇ ਨਿੱਜੀ ਚੈਨਲ ਵੱਲੋਂ ਕੀਤੇ ਜਾਣ ਵਾਲੇ ਪ੍ਰਚਾਰ ਦਾ ਖ਼ਰਚਾ ਸਬੰਧਤ ਮਾਲਕ ਉਮੀਦਵਾਰ ਜਾਂ ਸਬੰਧਤ ਪਾਰਟੀ ਦੇ ਖ਼ਰਚੇ ਵਿਚ ਸ਼ਾਮਲ ਕੀਤਾ ਜਾਵੇਗਾ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤਕ ਸਰਕਾਰੀ ਇਮਾਰਤਾਂ ‘ਤੇ 17647  ਥਾਵਾਂ ਤੋਂ ਪੋਸਟਰ, ਬੈਨਰ, ਬੋਰਡ ਹਟਾਏ ਗਏ ਹਨ। 461 ਥਾਵਾਂ ਤੋਂ ਕੰਧਾਂ ‘ਤੇ ਕੀਤੀ ਇਸ਼ਤਿਹਾਰਬਾਜ਼ੀ ਹਟਾਈ ਗਈ ਹੈ।