ਪ੍ਰਕਾਸ਼ ਸਿੰਘ ਬਾਦਲ ਨੂੰ ਸਿਰੋਪਾਓ ਨਾ ਦੇਣ ਵਾਲੇ ਅਰਦਾਸੀਏ ਬਲਬੀਰ ਸਿੰਘ ਨੇ ਮੈਨੇਜਰ ‘ਤੇ ਲਾਇਆ ਅੜਿੱਕਾ ਡਾਹੁਣ ਦਾ ਦੋਸ਼

ਪ੍ਰਕਾਸ਼ ਸਿੰਘ ਬਾਦਲ ਨੂੰ ਸਿਰੋਪਾਓ ਨਾ ਦੇਣ ਵਾਲੇ ਅਰਦਾਸੀਏ ਬਲਬੀਰ ਸਿੰਘ ਨੇ ਮੈਨੇਜਰ ‘ਤੇ ਲਾਇਆ ਅੜਿੱਕਾ ਡਾਹੁਣ ਦਾ ਦੋਸ਼

ਅੰਮ੍ਰਿਤਸਰ/ਬਿਊਰੋ ਨਿਊਜ਼ :
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰੋਪਾਓ ਨਾ ਦੇਣ ਕਾਰਨ ਚਰਚਾ ਵਿੱਚ ਆਏ ਅਰਦਾਸੀਏ ਭਾਈ ਬਲਬੀਰ ਸਿੰਘ ਨੇ ਦੋਸ਼ ਲਾਇਆ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਉਸ ਨੂੰ ਸੇਵਾਵਾਂ ‘ਤੇ ਹਾਜ਼ਰ ਹੋਣ ਵਿੱਚ ਅੜਿੱਕਾ ਖੜ੍ਹਾ ਕਰ ਰਹੇ ਹਨ, ਜਿਸ ਖ਼ਿਲਾਫ਼ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਦੂਜੇ ਪਾਸੇ ਮੈਨੇਜਰ ਸੁਲੱਖਣ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਅਰਦਾਸੀਏ ਭਾਈ ਬਲਬੀਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਲਈ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਅਤੇ ਦੋਸ਼ ਲਾਇਆ ਕਿ ਇਹ ਸਭ ਗਿਣੀ ਮਿੱਥੀ ਸਾਜ਼ਿਸ਼ ਤਹਿਤ ਕਰਾਇਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਡੇਰਾ ਸਿਰਸਾ ਮੁਖੀ ਨੂੰ ਮੁਆਫ਼ ਕਰਨ ਤੋਂ ਬਾਅਦ ਸਿੱਖ ਪੰਥ ਵਿੱਚ ਉੱਠੀ ਰੋਸ ਦੀ ਲਹਿਰ ਦੌਰਾਨ ਸਿੱਖਾਂ ਨੂੰ ਆਪਸ ਵਿੱਚ ਉਲਝਾਉਣ ਲਈ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਹੁਣ ਤੱਕ ਸੌ ਤੋਂ ਵੱਧ ਥਾਵਾਂ ‘ਤੇ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਕਿਸੇ ਦੋਸ਼ੀ ਨੂੰ ਸਜ਼ਾ ਨਹੀਂ ਹੋਈ। ਉਸ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਸਿੱਖੀ ਸਿਧਾਂਤਾਂ ‘ਤੇ ਪਹਿਰਾ ਦੇਣ ਵਾਲੇ ਨੇਕ ਇਨਸਾਨ ਕਰਾਰ ਦਿੱਤਾ ਪਰ ਆਖਿਆ ਕਿ ਉਨ੍ਹਾਂ ‘ਤੇ ਵੀ ਸਿਆਸੀ ਦਬਾਅ ਬਣਾਇਆ ਗਿਆ ਹੈ, ਜਿਸ ਕਾਰਨ ਕਿਸੇ ਕਰਮਚਾਰੀ ਜਾਂ ਅਧਿਕਾਰੀ ਦੀ ਨਿਯੁਕਤੀ, ਤਬਾਦਲਾ ਜਾਂ ਮੁਅੱਤਲੀ ਵੀ ਉਨ੍ਹਾਂ ਦੇ ਹੱਥ ਵਿੱਚ ਨਹੀਂ ਹੈ।
ਆਪਣੀ ਮਿਸਾਲ ਦਿੰਦਿਆਂ ਭਾਈ ਬਲਬੀਰ ਸਿੰਘ ਨੇ ਆਖਿਆ ਕਿ ਉਸ ਦਾ ਤਬਾਦਲਾ ਮਾਛੀਵਾੜਾ ਕੀਤਾ ਗਿਆ ਸੀ ਪਰ ਪ੍ਰਧਾਨ ਵੱਲੋਂ ਤਬਾਦਲੇ ‘ਤੇ ਰੋਕ ਲਾ ਦਿੱਤੀ ਗਈ ਅਤੇ ਉਸ ਨੂੰ ਹਰਿਮੰਦਰ ਸਾਹਿਬ ਡਿਊਟੀ ‘ਤੇ ਹਾਜ਼ਰ ਹੋਣ ਦੇ ਆਦੇਸ਼ ਕੀਤੇ ਸਨ। ਹੁਣ ਛੁੱਟੀ ਮਗਰੋਂ ਜਦੋਂ ਉਹ ਸਕੱਤਰ ਦੇ ਆਦੇਸ਼ ਲੈ ਕੇ ਸੇਵਾਵਾਂ ‘ਤੇ ਹਾਜ਼ਰ ਹੋਣ ਲਈ ਪੁੱਜਾ ਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਨੇ ਡਿਊਟੀ ‘ਤੇ ਹਾਜ਼ਰ ਨਹੀਂ ਹੋਣ ਦਿੱਤਾ। ਉਸ ਨੇ ਚਿਤਾਵਨੀ ਦਿੱਤੀ ਕਿ ਮੈਨੇਜਰ ਦੇ ਇਸ ਵਤੀਰੇ ਖ਼ਿਲਾਫ਼ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ।
ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਨੇ ਆਖਿਆ ਕਿ ਇਹ ਕਰਮਚਾਰੀ ਇਕ ਜਨਵਰੀ ਤੋਂ ਵਿਦੇਸ਼ ਜਾਣ ਦੇ ਨਾਂ ਹੇਠ ਛੁੱਟੀ ਉਤੇ ਹੈ। ਪਹਿਲਾਂ ਤਿੰਨ ਮਹੀਨੇ ਅਤੇ ਮਗਰੋਂ ਹੋਰ ਛੁੱਟੀ ਲਈ ਸੀ। ਲਗਪਗ ਮਹੀਨਾ ਪਹਿਲਾਂ ਇਹ ਉਨ੍ਹਾਂ ਕੋਲ ਆਇਆ ਸੀ ਅਤੇ ਮੁੜ ਹਾਜ਼ਰ ਨਹੀਂ ਹੋਇਆ। ਜੇ ਉਹ ਦਫ਼ਤਰ ਹਾਜ਼ਰ ਹੋਵੇਗਾ ਤਾਂ ਦਸਤਾਵੇਜ਼ ਦੇਖਣ ਮਗਰੋਂ ਇਸ ਸਬੰਧੀ ਅਗਲੀ ਕਾਰਵਾਈ ਕੀਤੀ ਜਾਵੇਗੀ।