ਦਿੱਲੀ : ਸਰਕਾਰੀ ਕੰਮ ‘ਚ ਅੜਿੱਕਾ ਪਾਉਣ ਦੇ ਮਾਮਲੇ ‘ਚੋਂ ਜਰਨੈਲ ਸਿੰਘ ਬਰੀ

ਦਿੱਲੀ : ਸਰਕਾਰੀ ਕੰਮ ‘ਚ ਅੜਿੱਕਾ ਪਾਉਣ ਦੇ ਮਾਮਲੇ ‘ਚੋਂ ਜਰਨੈਲ ਸਿੰਘ ਬਰੀ

ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਅਦਾਲਤ ਵੱਲੋਂ ‘ਆਪ’ ਦੇ ਵਿਧਾਨ ਸਭਾ ਮੈਂਬਰ ਜਰਨੈਲ ਸਿੰਘ ਨੂੰ ਦਿੱਲੀ ਨਗਰ ਨਿਗਮ ਦੇ ਇਕ ਇੰਜੀਨੀਅਰ ਦੇ ਕੰਮ ਵਿਚ ਅੜਿੱਕਾ ਪਾਉਣ, ਇਕ ਅਣ-ਅਧਿਕਾਰਿਤ ਇਮਾਰਤ ਨੂੰ ਢਾਹੁਣ, ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਇਕ ਸਰਕਾਰੀ ਅਧਿਕਾਰੀ ਦੀ ਕੁੱਟ-ਮਾਰ ਦੇ ਦੋਸ਼ਾਂ ਵਿਚੋਂ ਬਰੀ ਕਰ ਦਿੱਤਾ ਹੈ। ਅਦਾਲਤ ਨੇ ਇਸ ਕੇਸ ਦੇ ਸਬੰਧ ਵਿਚ ਪੁਲੀਸ ਵਲੋਂ ਦਾਖਲ ਕੀਤੀ ਚਾਰਜਸ਼ੀਟ ਅਤੇ ਦੋਸ਼ਾਂ ਦੀ ਜ਼ਮੀਨੀ ਪੱਧਰ ਤੱਕ ਤਕਨੀਕੀ ਜਾਂਚ ਕਰਨ ਬਾਅਦ ਕਿਹਾ ਕਿ ਇਹ ਦੋਸ਼ ਗਲ਼ਤ ਹਨ। ਅਦਾਲਤ ਨੇ ਕਿਹਾ ਕਿ ਜ਼ਾਬਤਾ ਫ਼ੌਜਦਾਰੀ ਦੀ ਧਾਰਾ 195 ਦੇ ਅਨੁਸਾਰ ਕੋਈ ਵੀ ਅਦਾਲਤ ਭਾਰਤੀ ਦੰਡਾਵਲੀ ਦੀ ਧਾਰਾ 172 ਤੋਂ ਧਾਰਾ 188 ਦੇ ਅਧੀਨ ਕਿਸੇ ਕੇਸ ਵਿਚ ਨੋਟਿਸ ਸਿਰਫ਼ ਉਸ ਸ਼ਿਕਾਇਤ ‘ਤੇ ਲੈ ਸਕਦੀ ਹੈ ਜਿਸ ਵਿਚ ਸ਼ਿਕਾਇਤ ਕਿਸੇ ਸਰਕਾਰੀ ਕਰਮਚਾਰੀ ਦੇ ਖਿਲਾਫ਼ ਹੋਵੇ। ਪੁਲੀਸ ਵਲੋਂ ਦਾਖਲ ਕੀਤੀ ਚਾਰਜਸ਼ੀਟ ਵਿਚ ਆਈ.ਪੀ.ਸੀ ਦੀ ਧਾਰਾ 186 ਲਗਾਈ ਗਈ ਹੈ, ਜਿਸ ਕਾਰਨ ਇਹ ਕੇਸ ਅੱਗੇ ਨਹੀਂ ਵਧਾਇਆ ਜਾ ਸਕਦਾ। ਜਾਣਕਾਰੀ ਅਨੁਸਾਰ ਦਿੱਲੀ ਦੇ ਤਿਲਕ ਨਗਰ ਤੋਂ ਵਿਧਾਨ ਸਭਾ ਮੈਂਬਰ ਜਰਨੈਲ ਸਿੰਘ ‘ਤੇ ਉਕਤ ਦੋਸ਼ਾਂ ਦੇ ਤਹਿਤ ਅਪ੍ਰੈਲ, 2015 ਵਿਚ ਕੇਸ ਦਰਜ ਕੀਤਾ ਗਿਆ ਸੀ।