ਦਿੱਲੀ ਗੁਰਦੁਆਰਾ ਚੋਣ ਪ੍ਰਕਿਰਿਆ ‘ਤੇ ਨਹੀਂ ਲੱਗੇਗੀ ਰੋਕ

ਦਿੱਲੀ ਗੁਰਦੁਆਰਾ ਚੋਣ ਪ੍ਰਕਿਰਿਆ ‘ਤੇ ਨਹੀਂ ਲੱਗੇਗੀ ਰੋਕ

ਚੋਣਾਂ ਫਰਵਰੀ ਦੇ ਅੱਧ ਤੱਕ ਹੋਣ ਦੀ ਸੰਭਾਵਨਾ
ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਗੁਰਦੁਆਰਾ ਚੋਣਾਂ ਲਈ 100 ਫ਼ੀਸਦੀ ਤਸਵੀਰਾਂ ਵਾਲੀਆਂ ਵੋਟਰ ਸੂਚੀਆਂ ਬਣਾਉਣ ਤੱਕ ਗੁਰਦੁਆਰਾ ਚੋਣ ਪ੍ਰਕਿਰਿਆ ‘ਤੇ ਰੋਕ ਲਾਉਣ ਦੀ ਮੰਗ ਨੂੰ ਦਿੱਲੀ ਹਾਈ ਕੋਰਟ ਨੇ ਨਕਾਰ ਦਿੱਤਾ ਹੈ। ਹਾਈਕੋਰਟ ਦੇ ਚੀਫ਼ ਜਸਟਿਸ ਦੀ ਦੋਹਰੀ ਬੈਂਚ ਨੇ ਦਿੱਲੀ ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ ਵੱਲੋਂ ਦਿੱਲੀ ਗੁਰਦੁਆਰਾ ਚੋਣਾਂ ਸੰਬਧੀ ਦਾਖ਼ਲ ਅਪੀਲ ਦੀ ਸੁਣਵਾਈ ਦੌਰਾਨ ਅਪੀਲਕਰਤਾ ਦੇ ਵਕੀਲ ਵੱਲੋਂ 100 ਫ਼ੀਸਦੀ ਤਸਵੀਰਾਂ ਵਾਲੀਆਂ ਵੋਟਰ ਸੂਚੀਆਂ ਬਣਾਉਣ ਤੱਕ ਗੁਰਦੁਆਰਾ ਚੋਣ ਪ੍ਰਕਿਰਿਆ ਰੋਕਣ ਦੀ ਮੰਗ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਸਬੰਧ ਵਿਚ ਸਰਕਾਰੀ ਵਕੀਲ ਨੇ ਕਿਹਾ ਕਿ ਬਗੈਰ ਤਸਵੀਰ ਵਾਲੇ ਵੋਟਰ ਵੀ ਸਰਕਾਰੀ ਤਸਵੀਰ ਵਾਲੇ ਕੋਈ ਵੀ ਸ਼ਨਾਖਤੀ ਕਾਰਡ ਦੇ ਆਧਾਰ ‘ਤੇ ਅਪਣੀ ਵੋਟ ਪਾ ਸਕਣਗੇ। ਅਦਾਲਤ ਨੇ ਸਰਕਾਰੀ ਵਕੀਲ ਨੂੰ ਇਸ ਸਬੰਧੀ ਜਾਰੀ ਸਰਕੂਲਰ ਦੀ ਕਾਪੀ 25 ਜਨਵਰੀ ਦੀ ਅਗਲੀ ਸੁਣਵਾਈ ਵਿਚ ਦਾਖ਼ਲ ਕਰਨ ਲਈ ਆਖਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਦਿੱਲੀ ਗੁਰਦੁਆਰਾ ਚੋਣਾਂ ਮਾਮਲੇ ਦੇ ਜਾਣਕਾਰ ਇੰਦਰਮੋਹਨ ਸਿੰਘ ਨੇ ਦੱਸਿਆ ਕਿ ਹੁਣ ਦਿੱਲੀ ਸਰਕਾਰ ਵੱਲੋਂ ਗੁਰਦੁਆਰਾ ਚੋਣਾਂ ਕਰਵਾਉਣ ਦੀਆਂ ਤਰੀਕਾਂ ਦਾ ਵੇਰਵਾ ਦਿੱਲੀ ਹਾਈਕੋਰਟ ਦੇ ਸਿੰਗਲ ਬੈਂਚ ਵਿਚ 23 ਜਨਵਰੀ ਨੂੰ ਹੋਣ ਵਾਲੀ ਅਗਲੀ ਸੁਣਵਾਈ ਵਿਚ ਦਾਖ਼ਲ ਕਰਨ ਦੇ ਨਾਲ ਇਨ੍ਹਾਂ ਚੋਣਾਂ ਦੇ ਫਰਵਰੀ ਦੇ ਮੱਧ ਤੱਕ ਕਰਵਾਏ ਜਾਣ ਦੀ ਪੂਰੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਮੌਜੂਦਾ ਮੈਂਬਰ ਕੁਲਵੰਤ ਸਿੰਘ ਬਾਠ ਵੱਲੋਂ ਨਵੇਂ ਸਿਰੇ ਤੋਂ ਵੋਟਰ ਸੂਚੀਆਂ ਬਣਾਉਨ ‘ਤੇ ਗੁਰਦੁਆਰਾ ਵਾਰਡਾਂ ਦੀ ਮੁੜ ਹਦਬੰਦੀ ਵਿਚ ਹੋਈਆਂ ਖਾਮੀਆਂ ਸਬੰਧੀ ਦਾਖ਼ਲ ਪਟੀਸ਼ਨ ਨੂੰ ਹਾਈਕੋਰਟ ਦੇ ਜਸਟਿਸ ਹੀਮਾ ਕੋਹਲੀ ਨੇ ਅਪਣੇ ਬੀਤੇ 7 ਦਸੰਬਰ ਦੇ ਆਦੇਸ਼ਾਂ ਰਾਹੀਂ ਰੱਦ ਕਰ ਦਿੱਤਾ ਸੀ, ਜਿਸ ਵਿਚ ਅਦਾਲਤ ਨੇ ਪਟੀਸ਼ਨ ਕਰਤਾ ਦੀ ਦਲੀਲਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਸੀ ਕਿ ਪਟੀਸ਼ਨ ਕਰਤਾ ਨੇ ਸੁਪਰੀਮ ਕੋਰਟ ਵੱਲੋਂ ਵੋਟਰ ਸੂਚੀਆਂ ਤਿਆਰ ਕਰਨ ਤੇ ਵਾਰਡਾਂ ਦੀ ਮੁੜ ਹਦਬੰਦੀ ਸਬੰਧੀ ਦਿੱਤੇ 17 ਸਤੰਬਰ, 2012 ਦੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ‘ਤੇ ਬੀਤੇ 3 ਸਾਲਾਂ ਤੋਂ ਵੱਧ ਸਮੇਂ ਵਿਚ ਦਿੱਲੀ ਸਰਕਾਰ ਜਾਂ ਅਦਾਲਤ ਪਾਸ ਕੋਈ ਪਹੁੰਚ ਨਹੀਂ ਕੀਤੀ। ਅਦਾਲਤ ਨੇ ਇਹ ਵੀ ਕਿਹਾ ਕਿ ਕਿਉਂਕਿ ਚੋਣ ਪ੍ਰਕਿਰਿਆ ਜਨਵਰੀ 2017 ਵਿਚ ਸ਼ੁਰੂ ਹੋਣੀ ਹੈ ਇਸ ਲਈ ਪਟੀਸ਼ਨ ਕਰਤਾ ਵੱਲੋਂ ਹੁਣ ਆਖਰੀ ਸਮੇਂ ਅਦਾਲਤ ਨੂੰ ਦਖ਼ਲ ਦੇਣ ਸਬੰਧੀ ਪਟੀਸ਼ਨ ਚੋਣ ਪ੍ਰਕਿਰਿਆ ਵਿਚ ਰੁਕਾਵਟ ਪਾਉਣਾ ਹੈ, ਜਿਸ ਦੀ ਅਦਾਲਤ ਵੱਲੋਂ ਇਜਾਜ਼ਤ ਨਹੀ ਦਿੱਤੀ ਜਾ ਸਕਦੀ।