ਆਸਟਰੇਲੀਆ : ਸਮੁੰਦਰ ‘ਚ ਡੁੱਬਣ ਕਾਰਨ ਭਾਰਤੀ ਵਿਦਿਆਰਥੀ ਦੀ ਮੌਤ

ਆਸਟਰੇਲੀਆ : ਸਮੁੰਦਰ ‘ਚ ਡੁੱਬਣ ਕਾਰਨ ਭਾਰਤੀ ਵਿਦਿਆਰਥੀ ਦੀ ਮੌਤ

ਮੈਲਬਰਨ/ਬਿਊਰੋ ਨਿਊਜ਼ :

ਪੱਛਮੀ ਆਸਟਰੇਲੀਆ ਸੂਬੇ ਦੇ ਐਲਬਨੀ ਕਸਬੇ ‘ਚ ਸਮੁੰਦਰ ‘ਚ ਡੁੱਬਣ ਕਾਰਨ ਇਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦਾ ਅੰਕਿਤ (20 ਸਾਲ)  ਕੁਝ ਮਹੀਨੇ ਪਹਿਲਾਂ ਹੀ ਪੜ੍ਹਨ ਲਈ ਪਰਥ ਆਇਆ ਸੀ। ਉਹ ਸ਼ਹਿਰ ਤੋਂ ਆਪਣੇ ਦੋਸਤਾਂ ਨਾਲ ਘੁੰਮਣ ਲਈ ਐਲਬਨੀ ਆਇਆ ਸੀ। ਸਮੁੰਦਰ ਲਾਗੇ ਇਹ ਸਾਰੇ ਇਕ ਚਟਾਨ ‘ਤੇ ਚੜ੍ਹ ਗਏ। ਅੰਕਿਤ ਇੱਕ ਚਟਾਨ ਤੋਂ ਦੂਜੀ ‘ਤੇ ਚੜ੍ਹ ਕੇ ਸੈਲਫੀ ਲੈ ਰਿਹਾ ਸੀ ਕਿ ਇਸੇ ਦੌਰਾਨ ਉਸ ਦਾ ਪੈਰ ਫਿਸਲ ਗਿਆ ਤੇ ਉਹ ਪਹਾੜੀ ਤੋਂ 40 ਫੁੱਟ ਹੇਠਾਂ ਸਮੁੰਦਰ ‘ਚ ਜਾ ਡਿੱਗਾ ਤੇ ਉਸ ਦੀ ਮੌਤ ਹੋ ਗਈ।
ਜਾਣਕਾਰੀ ਮਿਲੀ ਹੈ ਕਿ ਇਹ ਵਿਦਿਆਰਥੀ ‘ਦ ਗੈਪ’ ਨਾਂ ਦੇ ਇਸ ਸਥਾਨ ‘ਤੇ ਫ਼ੋਟੋਆਂ ਖਿੱਚ ਰਹੇ ਸਨ। ਅੰਕਿਤ ਦੇ ਸਾਥੀਆਂ ਵੱਲੋਂ ਘਟਨਾ ਬਾਰੇ ਪੁਲੀਸ ਨੂੰ ਸੂਚਿਤ ਕਰਨ ‘ਤੇ ਬਚਾਅ ਦਸਤਾ ਹੈਲੀਕਾਪਟਰ ਸਮੇਤ ਖੋਜ ਅਤੇ ਬਚਾਅ ਕਾਰਜਾਂ ਲਈ ਮੌਕੇ ‘ਤੇ ਪੁੱਜਿਆ ਪਰ ਉਦੋਂ ਤਕ ਅੰਕਿਤ ਦੀ ਮੌਤ ਹੋ ਚੁੱਕੀ ਸੀ। ਇਕ ਘੰਟੇ ਬਾਅਦ ਅੰਕਿਤ ਦੀ ਮ੍ਰਿਤਕ ਦੇਹ ਸਮੁੰਦਰ ਵਿੱਚੋਂ ਬਰਾਮਦ ਕਰ ਲਈ ਗਈ। ਇਸ ਘਟਨਾ ਕਾਰਨ ਪਰਥ ਸਥਿਤ ਭਾਰਤੀ ਭਾਈਚਾਰੇ ‘ਚ ਭਾਰੀ ਸੋਗ ਹੈ। ਕਰਜ਼ਾ ਲੈ ਕੇ ਪੜ੍ਹਨ ਤੋਰੇ ਪੁੱਤ ਦੀ ਮੌਤ ਮਗਰੋਂ ਸਦਮੇ ‘ਚ ਘਿਰੇ ਪਰਿਵਾਰ ਦੀ ਮਦਦ ਦੇ ਉਪਰਾਲੇ ਕੀਤੇ ਗਏ ਹਨ। ਸਫ਼ਾਰਤਖਾਨੇ ਦੇ ਸਹਿਯੋਗ ਨਾਲ ਅੰਕਿਤ ਦਾ ਸਰੀਰ ਅੰਤਿਮ ਸੰਸਕਾਰ ਲਈ ਭਾਰਤ ਭੇਜਿਆ ਜਾਵੇਗਾ।