ਸੂ ਕੀ ਤੋਂ ਪੁਰਸਕਾਰ ਵਾਪਸ ਲੈ ਸਕਦਾ ਹੈ ਲੰਡਨ

ਸੂ ਕੀ ਤੋਂ ਪੁਰਸਕਾਰ ਵਾਪਸ ਲੈ ਸਕਦਾ ਹੈ ਲੰਡਨ

ਲੰਡਨ/ਬਿਊਰੋ ਨਿਊਜ਼ :
ਰੋਹਿੰਗੀਆ ਸੰਕਟ ਬਾਰੇ ਮਿਆਂਮਾਰ ਆਗੂ ਆਂਗ ਸਾਨ ਸੂ ਕੀ ਵੱਲੋਂ ਲਏ ਗਏ ਸਟੈਂਡ ਨੂੰ ਦੇਖਦਿਆਂ ਲੰਡਨ ਸ਼ਹਿਰ ਵੱਲੋਂ ਉਸ ਨੂੰ ਦਿੱਤੇ ਗਏ ਪੁਰਸਕਾਰ ਨੂੰ ਲੈਣ ਬਾਰੇ ਵਿਚਾਰਾਂ ਸ਼ੁਰੂ ਹੋ ਗਈਆਂ ਹਨ। ਲੰਡਨ ਕਾਰਪੋਰੇਸ਼ਨ ਦੀ ਨੀਤੀ ਅਤੇ ਵਸੀਲਿਆਂ ਬਾਰੇ ਕਮੇਟੀ ਦੀ ਮੁਖੀ ਕੈਥਰੀਨ ਮੈਕਗਿੰਨੀਜ਼ ਨੇ ਸਾਥੀ ਕੌਂਸਲਰਾਂ ਨੂੰ ਈ-ਮੇਲ ਭੇਜ ਕੇ ਕਿਹਾ ਹੈ ਕਿ ਉਹ ਮਿਆਂਮਾਰ ਦੇ ਹਾਲਾਤ ਅਤੇ ਉਥੋਂ ਦੀ ਫ਼ੌਜ ਵੱਲੋਂ ਕੀਤੀਆਂ ਗਈਆਂ ਵਧੀਕੀਆਂ ਨੂੰ ਦੇਖ ਕੇ ਪਰੇਸ਼ਾਨ ਹਨ। ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਇਕ ਮੈਂਬਰ ਮਨਸੂਰ ਅਲੀ ਨੇ ਈ-ਮੇਲ ਭੇਜ ਕੇ ਸੂ ਕੀ ਦੀ ਨਾਕਾਮੀ ਸਬੰਧੀ ਮਤਾ ਰੱਖਣ ਦੀ ਮੰਗ ਕੀਤੀ ਸੀ। ‘ਦਿ ਆਬਜ਼ਰਵਰ’ ਮੁਤਾਬਕ ਬੰਗਲਾਦੇਸ਼ ਮੂਲ ਦੇ ਮੈਂਬਰ ਨੇ ਕਿਹਾ ਕਿ ਅਰਜ਼ੀਆਂ ਦੀ ਪੜਤਾਲ ਕਰਨ ਤੋਂ ਬਾਅਦ ਉਹ ਸੂ ਕੀ ਨੂੰ ਦਿੱਤੇ ਗਏ ਪੁਰਸਕਾਰ ਨੂੰ ਵਾਪਸ ਲੈਣ ਸਬੰਧੀ ਕਮੇਟੀ ਨੂੰ ਹਦਾਇਤਾਂ ਕਰਨਗੇ। ਅਲੀ ਦੇ ਨਾਲ ਇਕ ਹੋਰ ਮੈਂਬਰ ਥੌਮਸ ਐਂਡਰਸਨ ਨੇ ਵੀ ਇਹੋ ਜਿਹੀ ਚਿੰਤਾ ਪ੍ਰਗਟਾਈ ਹੈ। ਆਨਰੇਰੀ ਫ੍ਰੀਡਮ ਆਫ਼ ਦਿ ਸਿਟੀ ਆਫ਼ ਲੰਡਨ ਪੁਰਸਕਾਰ ਸੂ ਕੀ ਨੂੰ ਮਈ ਵਿਚ ਦਿੱਤਾ ਗਿਆ ਸੀ। ਔਕਸਫੋਰਡ ਸਿਟੀ ਕੌਂਸਿਲ ਨੇ ਵੀ ਸਰਬਸੰਮਤੀ ਨਾਲ ਫ੍ਰੀਡਮ ਆਫ਼ ਔਕਸਫੋਰਡ ਆਨਰ ਵਾਪਸ ਲੈਣ ਦਾ ਮਤਾ ਪਾਸ ਕੀਤਾ ਸੀ। ਕੌਂਸਿਲ ਵੱਲੋਂ 27 ਨਵੰਬਰ ਨੂੰ ਵਿਸ਼ੇਸ਼ ਬੈਠਕ ਕਰਕੇ ਸਨਮਾਨ ਨੂੰ ਵਾਪਸ ਲੈਣ ਦੀ ਤਸਦੀਕ ਕੀਤੀ ਜਾਵੇਗੀ।