ਕੈਲਫੋਰਨੀਆ ‘ਚ ਜਗਜੀਤ ਸਿੰਘ ਦੀ ਹੱਤਿਆ ਸਬੰਧੀ ਸਿੱਖ ਵਫ਼ਦ ਵੱਲੋਂ ਮੋਡੈਸਟੋ ਸਿਟੀ ਪੁਲਿਸ ਚੀਫ਼ ਨਾਲ ਮੁਲਾਕਾਤ

ਕੈਲਫੋਰਨੀਆ ‘ਚ ਜਗਜੀਤ ਸਿੰਘ ਦੀ ਹੱਤਿਆ ਸਬੰਧੀ ਸਿੱਖ ਵਫ਼ਦ ਵੱਲੋਂ ਮੋਡੈਸਟੋ ਸਿਟੀ ਪੁਲਿਸ ਚੀਫ਼ ਨਾਲ ਮੁਲਾਕਾਤ

ਫ਼ਰੀਮੌਂਟ/ਬਿਊਰੋ ਨਿਊਜ਼:
ਕੈਲਫ਼ੋਰਨੀਆ ਦੇ ਮਡੈਸਟੋ ਸ਼ਹਿਰ ‘ਚ ਸਿੱਖ ਨੌਜਵਾਨ ਜਗਜੀਤ ਸਿੰਘ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਸਬੰਧੀ ਸਿੱਖਾਂ ਦਾ ਇਕ ਵਫ਼ਦ ਮੋਡੈਸਟੋ ਸਿਟੀ ਚੀਫ਼ ਗੈਲਨਕੈਰੋ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਸਿੱਖਾਂ ਦੀਆਂ ਭਾਵਨਾਵਾਂ ਸਬੰਧੀ ਜਾਣੂ ਕਰਵਾਉਂਦਿਆਂ ਹਮਲੇ ਦੀ ਤੁਰੰਤ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਅਪੀਲ ਕੀਤੀ। ਇਹ ਵਫ਼ਦ ਮੈਡਸਟੋ ਸਿਟੀ ਦੀ ਵਾਈਸ ਮੇਅਰ ਸ. ਮਨਮੀਤ ਸਿੰਘ ਗਰੇਵਾਲ ਦੀ ਅਗਵਾਈ ‘ਚ ਪਹੁੰਚਿਆ ਅਤੇ ਉਨ੍ਹਾਂ ਨੂੰ 32 ਸਾਲਾ ਸ. ਜਗਜੀਤ ਸਿੰਘ ਦੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਗਰੌਸਰੀ ਸਟੋਰ ‘ਚ ਸਿਗਰਟਾਂ ਖਰੀਦਣ ਸਬੰਧੀ ਉਕਤ ਵਿਅਕਤੀਆਂ ਵੱਲੋਂ ਕੀਤੇ ਕਤਲ ਦੀ ਤਫ਼ਤੀਸ਼ ਦੀ ਮੰਗ ਕੀਤੀ।
ਵਰਨਣਯੋਗ ਹੈ ਕਿ ਜਗਜੀਤ ਸਿੰਘ, ਜੋ ਕਿ ਕਪੂਰਥਲਾ ਪੰਜਾਬ ਦਾ ਰਹਿਣ ਵਾਲਾ ਸੀ, 18 ਮਹੀਨੇ ਪਹਿਲਾਂ ਹੀ ਅਮਰੀਕਾ ਆਇਆ ਸੀ ਅਤੇ ਇੱਥੇ ਹੈਚ ਫੂਡ ਐਂਡ ਗੈਸ ਕਨਵੀਨੀਅਸ ਸਟੋਰ ‘ਚ ਕਲਰਕ ਵਜੋਂ ਨੌਕਰੀ ਕਰਦਾ ਸੀ । ਉਹ ਆਪਣੀ ਭੈਣ ਅਤੇ ਜੀਜੇ ਨਾਲ ਸ਼ਹਿਰ ‘ਚ ਰਹਿ ਰਿਹਾ ਸੀ। ਬੀਤੇ ਦਿਨੀਂ ਜਦੋਂ ਇਕ ਅਣਪਛਾਤਾ ਵਿਅਕਤੀ ਸਟੋਰ ‘ਤੇ ਸਿਗਰਟਾਂ ਖਰੀਦਣ ਆਇਆ ਤਾਂ ਉਸ ਨੇ ਸਨਾਖ਼ਤੀ ਆਈ ਡੀ ਮੰਗਣ ਉੱਤੇ ਪਹਿਲਾਂ ਜਗਜੀਤ ਸਿੰਘ ਨਾਲ ਦੁਰਵਿਵਹਾਰ ਕੀਤਾ ਅਤੇ ਮੌਕੇ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸ.ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਸ੍ਰੀ ਕੈਰੋਲ ਵੱਲੋਂ ਲੰਮੀ ਮੀਟਿੰਗ ਕੀਤੀ, ਜਿਸ ਦੌਰਾਨ ਸਿੱਖਾਂ ਦੇ ਜਾਨੀ ਅਤੇ ਮਾਲੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬੇਨਤੀ ਕੀਤੀ ਗਈੇ।
ਉਨ੍ਹਾਂ ਕਿਹਾ ਕਿ ਪੁਲਿਸ ਚੀਫ਼ ਨੇ ਉਨ੍ਹਾਂ ਨੂੰ ਇਸ ਕਤਲ ‘ਚ ਨਿਰਪੱਖ ਜਾਂਚ ਕਰਨ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਇਸ ਨੂੰ ‘ਨਸਲੀ ਹਿੰਸਾ’ ਦੀ ਘਟਨਾ ਵਜੋਂ ਲਿਆ ਜਾ ਰਿਹਾ ਹੈ ਅਤੇ ਇਸ ਸਬੰਧੀ ਕੌਮ ਨੂੰ ਦਰਪੇਸ਼ ਮੁਸ਼ਕਿਲਾਂ ਦਾ ਵੀ ਜ਼ਿਕਰ ਹੋਇਆ। ਪੁਲਿਸ ਚੀਫ਼ ਨੇ ਕਿਹਾ ਕਿ ਪੁਲਿਸ ਵਿਭਾਗ ਹਰੇਕ ਪ੍ਰਕਾਰ ਸਿੱਖਾਂ ਦੀ ਸੁਰੱਖਿਆ ਸਬੰਧੀ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ‘ਚ ਸਿੱਖਾਂ ਦੀ ਪਛਾਣ ਨੂੰ ਲੈ ਕੇ ਵੱਡੇ ਪੱਧਰ ‘ਤੇ ਜਾਗਰੂਕ ਲਹਿਰ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਹਮਲੇ ਰੋਕਣ ਲਈ ਪਹਿਲਾਂ ਹੀ ਜਰੂਰੀ ਸੁਰੱਖਿਆ ਪ੍ਰਬੰਧ ਕਰ ਲਏ ਗਏ ਹਨ ਅਤੇ ਉਹ ਸਟੋਰ ਜਾਂ ਜਗ੍ਹਾ ਜਿੱਥੇ ਸਿੱਖ ਕੰਮ ਕਰਦੇ ਹਨ ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਦੀ ਸੁਰੱਖਿਆ ਸਬੰਧੀ ਖ਼ਤਰੇ ਨੂੰ ਟਾਲਿਆ ਜਾ ਸਕੇ।
ਸ. ਗਰੇਵਾਲ ਨੇ ਦਸਿਆ ਕਿ ਕੈਰੋਲ ਤੋਂ ਇਲਾਵਾ ਮੀਟਿੰਗ ਦੌਰਾਨ ਵਿਭਾਗ ਦੇ ਸ਼ਰੀਫ਼ ਹਨੂਲੂ-ਲੀ, ਪੁਲਿਸ ਡੀਟੈਕਟਿਵ ਮਾਈਕਲ ਹੀਨਸ ਅਤੇ ਸਾਰਜਟ ਸਟੀਅਰ ਹੈਂਗਲੀ ਵੀ ਮੌਜ਼ੂਦ ਸਨ। ਉਨ੍ਹਾਂ ਕਿਹਾ ਕਿ ਅਟਾਰਨੀ ਆਫ਼ਿਸ ਤੋਂ ਬਲਵਿੰਦਰ ਕੌਰ ਅਤੇ ਨਰਿੰਦਰ ਵੀ ਇਸ ਮੀਟਿੰਗ ‘ਚ ਸ਼ਾਮਿਲ ਹੋਏ।
ਇਸੇ ਦੌਰਾਨ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਜਸਵੰਤ ਸਿੰਘ ਹੋਠੀ ਅਤੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਇਸ ਵਾਪਰੀ ਘਟਨਾ ‘ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਪ੍ਰਸ਼ਾਸ਼ਨ ਕੋਲੋਂ ਉਚਿੱਤ ਅਤੇ ਨਿਰਪੱਖ ਜਾਂਚ ਦੀ ਅਪੀਲ ਕੀਤੀ ਤਾਂ ਜੋ ਕਿ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।