ਗੁਰਾਇਆ ਦੇ ਗੁਰਦੁਆਰੇ ਵਿੱਚ ਵਾਪਰੀ ਬੇਅਦਬੀ ਦੀ ਘਟਨਾ ਮੁਲਜ਼ਮ ਕਾਬੂ   

ਗੁਰਾਇਆ ਦੇ ਗੁਰਦੁਆਰੇ ਵਿੱਚ ਵਾਪਰੀ ਬੇਅਦਬੀ ਦੀ ਘਟਨਾ ਮੁਲਜ਼ਮ ਕਾਬੂ   

*ਦੋਸ਼ੀ ਭਈਆਂ ਨੇ ਗੁਰੂ ਦੀ ਹਜ਼ੂਰੀ ਵਿਚ ਸ਼ਰਾਬ ਪੀਤੀ ਤੇ ਤਮਾਕੂ ਥੁਕਿਆ ਤੇ ਪਾਵਨ ਗੁਟਕੇ ਸੁਟੇ                                                

 *ਬੇਅਦਬੀ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰੇ ਸਰਕਾਰ ਤੇ ਪ੍ਰਸ਼ਾਸਨ-ਗਿਆਨੀ ਹਰਪ੍ਰੀਤ ਸਿੰਘ

   *ਰਾਜਨੀਤਕ ਜਥੇਬੰਦੀਆਂ ਵਲੋਂ ਬੇਅਦਬੀ ਦੀ ਸਖਤ ਨਿਖੇਧੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਜਲੰਧਰ- ਬੀਤੇ ਦਿਨੀਂ ਇਥੋਂ ਦੇ ਗੁਰਾਇਆ ਖੇਤਰ ਵਿੱਚ ਪਿੰਡ ਮਨਸੂਰਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਦੀ ਘਟਨਾ ਵਾਪਰੀ ਸੀ।ਜਲੰਧਰ ਦੇਹਾਤੀ ਪੁਲਿਸ ਅਨੁਸਾਰ ਬੇਅਦਬੀ ਦੀ ਇਸ ਘਟਨਾ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਪਰਮਜੀਤ ਸਿੰਘ ਦਾ ਕਹਿਣਾ ਸੀ ਕਿ ਗੁਰਦੁਆਰਾ ਸਾਹਿਬ ਵਿੱਚ ਦੋ ਪਰਵਾਸੀ ਮਜ਼ਦੂਰਾਂ ਨੇ ਕਾਫੀ ਹੁੱਲੜਬਾਜ਼ੀ ਕੀਤੀ,ਗੁਰਦੁਆਰੇ ਦੇ ਜ਼ਿੰਦੇ ਤੋੜ ਦਿੱਤੇ। ਅੰਦਰ ਵੜ ਕੇ ਉਨ੍ਹਾਂ ਨੇ ਗੁਟਕੇ ਖਾਧੇ, ਤੰਬਾਕੂ ਖਾਧਾ, ਸ਼ਰਾਬ ਪੀਤੀ, ਮਹਾਰਾਜ ਦੇ ਰੁਮਾਲੇ ਉਥਲ-ਪੁਥਲ ਕੀਤੇ, ਪੋਥੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਗੁਟਕੇ ਵੀ ਇਧਰ-ਉਧਰ ਚੁੱਕ ਕੇ ਸੁੱਟੇ।"

ਉਨ੍ਹਾਂ ਨੇ ਦਸਿਆ "ਮੈਨੂੰ ਇਨ੍ਹਾਂ ਬਾਰੇ ਪਤਾ ਤੜਕੇ ਲੱਗਾ। ਜ਼ਿੰਦਾ ਰੋਜ਼ਾਨਾ ਵਾਂਗ ਮੈਂ ਹੀ ਖੋਲ੍ਹਦਾ, ਜਦੋਂ ਮੈਂ ਜ਼ਿੰਦੇ ਖੁੱਲ੍ਹੇ ਸੀ ਤਾਂ ਮੈਨੂੰ ਸ਼ੱਕ ਹੋ ਗਿਆ ਕਿਉਂਕਿ ਉਦਾਂ ਤਾਂ ਖੁੱਲ੍ਹ ਨਹੀਂ ਸਕਦੇ ਸੀ ਕਿਉਂਕਿ ਚਾਬੀ ਮੇਰੇ ਕੋਲ ਹੁੰਦੀ ਹੈ।ਇੱਕ ਮੁਲਜ਼ਮ ਅਸੀਂ ਨਗਰਵਾਸੀਆਂ ਨੇ ਸਹਿਯੋਗ ਨਾਲ ਕਾਬੂ ਕਰ ਲਿਆ ਅਤੇ ਦੂਜਾ ਜੋ ਫਰਾਰ ਸੀ ਜੋ ਪ੍ਰਸ਼ਾਸਨ ਨੇ ਕਾਬੂ ਕਰ ਲਿਆ ਹੈ।"

ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ, "ਸਰਕਾਰ ਇਨ੍ਹਾਂ ਨੂੰ ਨੱਥ ਪਾਵੇ ਨਹੀਂ ਤਾਂ ਜਥੇਬੰਦੀਆਂ ਬੈਠੀਆਂ... ਫਿਰ ਅਸੀਂ ਅੱਤਵਾਦੀ ਤੇ ਵੱਖਵਾਦੀ ਗਿਣੇ ਜਾਂਦੇ ਹਾਂ। ਅੱਗੇ ਵੀ ਇੰਨੀਆਂ ਬੇਅਦਬੀਆਂ ਹੋਈਆਂ ਕੋਈ ਇਨਸਾਫ਼ ਨਹੀਂ ਮਿਲਿਆ।"ਐੱਸਐੱਸਪੀ ਦਿਹਾਤੀ ਜਲੰਧਰ ਸਵਰਨਦੀਪ ਸਿੰਘ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ, "ਸਾਨੂੰ ਜਾਣਕਾਰੀ ਮਿਲੀ ਕਿ ਇੱਥੇ ਗੁਰਦੁਆਰਾ ਸਾਹਿਬ ਵਿੱਚ ਕੁਝ ਬੰਦੇ ਅੰਦਰ ਵੜ ਗਏ ਹਨ, ਜੋ ਸ਼ਰਾਬੀ ਹਾਲਤ ਵਿੱਚ ਸਨ। ਉਨ੍ਹਾਂ ਨੇ ਗੋਲਕ ਤੋੜਨ ਦੀ ਵੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋਏ।ਫਿਰ ਉਨ੍ਹਾਂ ਨੇ ਉੱਥੇ ਬੈਠ ਕੇ ਸ਼ਰਾਬ ਪੀਤੀ ਅਤੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਪਿੰਡ ਵਾਲਿਆਂ ਨੇ ਥਾਣੇ ਦੱਸਿਆ ਤੇ ਗੋਰਾਇਆ ਦੇ ਐੱਸਐੱਚਓ ਨੇ ਫੌਰਨ ਪਹੁੰਚ ਕੇ ਕਾਰਵਾਈ ਕੀਤੀ।"

ਇੱਕ ਬੰਦਾ ਸੰਗਤ ਨੇ ਕਾਬੂ ਕਰ ਲਿਆ ਸੀ ਅਤੇ ਇੱਕ ਫਰਾਰ ਸੀ ਜਿਸ ਨੂੰ ਅਸੀਂ ਬਾਅਦ ਵਿੱਚ ਕਾਬੂ ਕਰ ਲਿਆ।"ਉਨ੍ਹਾਂ ਨੇ ਅੱਗੇ ਕਿਹਾ, " ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਐੱਸਐੱਸਪੀ ਨੇ ਕਿਹਾ ਕਿ ਫਿਲਹਾਲ ਤਾਂ ਚੋਰੀ ਦੀ ਮਨਸ਼ਾ ਹੀ ਲੱਗ ਰਹੀ ਹੈ ਬਾਕੀ ਜਾਂਚ ਵਿੱਚ ਪਤਾ ਲੱਗੇਗਾ ਕਿ ਅਸਲ ਮਨਸ਼ਾ ਕੀ ਸੀ।

ਬੇਅਦਬੀ ਦੀ ਨਿਖੇਧੀ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ, “ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਨਸੂਰਪੁਰ ਵਿੱਚ ਹੋਈ ਬੇਅਦਬੀ ਦੀ ਸਖ਼ਤ ਨਿੰਦਾ ਕਰਦਾ ਹਾਂ।ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਾ ਹਾਂ ਕਿ ਡੀਜੀਪੀ ਪੰਜਾਬ ਨੂੰ ਦੋਸ਼ੀਆਂ ਖ਼ਿਲਾਫ਼ ਫ਼ੌਰੀ ਤੇ ਸਖ਼ਤ ਕਾਰਵਾਈ ਕਰਨ ਲਈ ਨਿਰਦੇਸ਼ ਦੇਣ।ਇਹ ਦੁੱਖ ਭਰਿਆ ਕੰਮ ਨਾ ਮਾਫ਼ੀ ਯੋਗ ਹੈ।” 

ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਗੁਰਾਇਆ ਨੇੜੇ ਪਿੰਡ ਮਨਸੂਰਪੁਰ ਵਿੱਚ ਹੋਈ ਬੇਅਦਬੀ ਦੀ ਘਟਨਾ ਦੀ ਨਿਖੇਧੀ ਕਰਦਾ ਹਾਂ।ਦੋਸ਼ੀਆਂ ਨੂੰ ਜ਼ਿਕਰਯੋਗ ਸਜ਼ਾ ਮਿਲਣੀ ਚਾਹੀਦੀ ਹੈ। ਇਹ ਜਾਣਬੁੱਝ ਕੇ ਕੀਤਾ ਗਿਆ ਭੜਕਾਉਣ ਵਾਲਾ ਕੰਮ ਹੈ ਜੋ ਮਾਫ਼ੀ ਯੋਗ ਨਹੀਂ ਹੈ।”

ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਬੇਅਦਬੀ ਦੀ ਸਖ਼ਤ ਨਿੰਦਾ ਕੀਤੀ ਹੈ।ਉਨ੍ਹਾਂ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਸਜ਼ਾ ਦੀ ਮੰਗ ਕੀਤੀ।ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਨੇ ਇਹ ਵੀ ਸਵਾਲ ਚੁੱਕਿਆ ਹੈ ਕਿ ਆਖਿਰ ਵਾਰ-ਵਾਰ ਬੇਅਦਬੀ ਗੁਰਦੁਆਰਾ ਸਾਹਿਬ ਹੀ ਕਿਉਂ ਹੁੰਦੀ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਫਿਲੌਰ ਨੇੜੇ ਪਿੰਡ ਮਨਸੂਰਪੁਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਪਾਵਨ ਸਰੂਪ ਦੀ ਬੇਅਦਬੀ ਦੀ ਵਾਪਰੀ ਮੰਦਭਾਗੀ ਘਟਨਾ 'ਤੇ ਦੁੱਖ ਜ਼ਾਹਿਰ ਕਰਦਿਆਂ ਅਤੇ ਸਰਕਾਰ ਤੇ ਪ੍ਰਸ਼ਾਸਨ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਹੈ ਕਿ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ । ਸਿੰਘ ਸਾਹਿਬ ਨੇ ਕਿਹਾ ਕਿ ਕਈ ਵਾਰ ਪ੍ਰਸ਼ਾਸਨ ਵਲੋਂ ਅਜਿਹੇ ਦੋਸ਼ੀਆਂ ਨੂੰ ਪਾਗਲ ਕਰਾਰ ਦੇ ਕੇ ਰਾਹਤ ਦਿੱਤੀ ਜਾਂਦੀ ਹੈ ਪਰ ਜੇਕਰ ਇਸ ਵਾਰ ਵੀ ਇਸ ਤਰ੍ਹਾਂ ਹੋਇਆ ਤਾਂ ਸਿੱਖ ਪੰਥ ਇਸ ਨੂੰ ਕਦੇ ਬਰਦਾਸ਼ਤ ਨਹੀਂ ਕਰੇਗਾ ।