ਸਿੱਖ ਪ੍ਰਚਾਰਕ ਭਾਈ ਜਗਰਾਜ ਸਿੰਘ ਨੂੰ ‘ਪੁਆਇੰਟਸ ਆਫ ਲਾਈਟ’ ਐਵਾਰਡ

ਸਿੱਖ ਪ੍ਰਚਾਰਕ ਭਾਈ ਜਗਰਾਜ ਸਿੰਘ ਨੂੰ ‘ਪੁਆਇੰਟਸ ਆਫ ਲਾਈਟ’ ਐਵਾਰਡ

ਲੰਡਨ/ਬਿਊਰੋ ਨਿਊਜ਼ :
ਯੂ.ਕੇ. ਵਿਚ ਸਿੱਖ ਨੌਜਵਾਨ ਪ੍ਰਚਾਰਕ ਭਾਈ ਜਗਰਾਜ ਸਿੰਘ ਨੂੰ ਬਰਤਾਨੀਆ ਦੀ ਪ੍ਰਧਾਨ ਮੰਤਰੀ ਵੱਲੋਂ ‘ਪੁਆਇੰਟਸ ਆਫ ਲਾਈਟ’ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਐਵਾਰਡ ਭਾਈ ਜਗਰਾਜ ਸਿੰਘ ਦੀਆਂ ਸਿੱਖ ਭਾਈਚਾਰੇ ਪ੍ਰਤੀ ਕੀਤੀਆਂ ਸੇਵਾਵਾਂ ਬਦਲੇ ਦਿੱਤਾ ਗਿਆ ਹੈ। ਜਗਰਾਜ ਸਿੰਘ ਵੱਲੋਂ ਯੂ.ਕੇ. ਦੇ ਸਕੂਲਾਂ, ਯੂਨੀਵਰਸਿਟੀਆਂ ਵਿੱਚ ਸਿੱਖ ਧਰਮ ਤੋਂ ਜਾਣੂ ਕਰਵਾਉਣ ਲਈ ਸਿੱਖੀ ਨਾਮ ਦੀ ਸੰਸਥਾ ਦਾ ਗਠਨ ਕੀਤਾ ਗਿਆ, ਜਿਸ ਤਹਿਤ ਉਹ ਵੱਖ-ਵੱਖ ਸ਼ਹਿਰਾਂ ਦੇ ਗੁਰੂ ਘਰਾਂ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਭਾਸ਼ਾ ਵਿੱਚ ਕਥਾ ਵਿਚਾਰਾਂ ਕਰਦੇ ਹਨ। ਉਹ ਅਕਸਰ ਹੀ ਗ਼ੈਰ-ਸਿੱਖ ਲੋਕਾਂ ਨੂੰ ਸਿੱਖੀ ਸਿਧਾਂਤਾਂ ਤੋਂ ਜਾਣੂ ਕਰਵਾਉਂਦੇ ਅਤੇ ‘ਮਾਨਸ ਕੀ ਜਾਤ ਸਭੈ ਏਕੇ ਪਹਿਚਾਣਬੋ’ ਦੇ ਗੁਰੂ ਉਪਦੇਸ਼ ਨੂੰ ਵੰਡਦੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿੱਖ ਕੌਂਸਲ ਯੂ.ਕੇ. ਦੇ ਜਗਤਾਰ ਸਿੰਘ ਗਿੱਲ ਨੇ ਕਿਹਾ ਕਿ ਭਾਈ ਜਗਰਾਜ ਸਿੰਘ ਇਸ ਸਨਮਾਨ ਦੇ ਹੱਕਦਾਰ ਹਨ। ਸੰਗਤਾਂ ਵੱਲੋਂ ਹਮੇਸ਼ਾਂ ਉਨ੍ਹਾਂ ਨੂੰ ਸਨਮਾਨ ਮਿਲਦਾ ਰਿਹਾ ਹੈ, ਇਸੇ ਕਰਕੇ ਉਨ੍ਹਾਂ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਤਰਰਾਸ਼ਟਰੀ ਇਨਫਰਮੇਸ਼ਨ ਕੇਂਦਰ ਸਥਾਪਤ ਕਰਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਥਾਨਕ ਸਿੱਖ ਟੈਲੀਵਿਜ਼ਨ ‘ਤੇ ਕੁਝ ਘੰਟਿਆਂ ਵਿੱਚ ਹੀ ਇੱਕ ਲੱਖ ਪੌਂਡ ਇਕੱਤਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਭਾਈ ਜਗਰਾਜ ਸਿੰਘ ਕੁਝ ਮਹੀਨਿਆਂ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਹਨ।