ਗੁਰਦੁਆਰਾ ਸਾਹਿਬ ਸਿੰਘ ਸਭਾ ਬੇ-ਏਰੀਆ ਮਿਲਪੀਟਸ ਵਿਖੇ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ

ਗੁਰਦੁਆਰਾ ਸਾਹਿਬ ਸਿੰਘ ਸਭਾ ਬੇ-ਏਰੀਆ ਮਿਲਪੀਟਸ ਵਿਖੇ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ

ਸਹਿਜਦੀਪ ਸਿੰਘ, ਅੰਮ੍ਰਿਤ ਕੌਰ ਗਿੱਲ ਤੇ ਆਲਮਬੀਰ ਸਿੰਘ ਅਵੱਲ ਰਹੇ
ਮਿਲਪੀਟਸ/ਬਿਊਰੋ ਨਿਊਜ਼ :
ਗੁਰਦੁਆਰਾ ਸਾਹਿਬ ਸਿੰਘ ਸਭਾ ਬੇ-ਏਰੀਆ ਆਈ.ਜੀ.ਓ.ਐਸ. (ਇੰਸਟੀਚਿਊਟ ਆੱਫ਼ ਗੁਰਮਤਿ ਗਿਆਨ ਆਨਲਾਈਨ ਸਟੱਡੀਜ਼) ਮਿਲਪੀਟਸ ਵਿਖੇ ਭਾਸ਼ਣ ਮੁਕਾਬਲੇ ਕਰਵਾਏ ਗਏ ਜਿਸ ਵਿਚ ਸਮੂਹ ਬੇ-ਏਰੀਆ ਦੇ ਵਿਦਿਆਰਥੀਆਂ ਨੇ ਭਾਗ ਲਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਸੰਬੰਧੀ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਇਸ ਪ੍ਰਤੀਯੋਗਤਾ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਗਿਆ ਸੀ। ਪਹਿਲੀ ਸ਼੍ਰੇਣੀ ਵਿਚ ਚੌਥੀ ਤੋਂ ਛੇਵੀਂ ਜਮਾਤ, ਦੂਜੀ ਸ਼੍ਰੇਣੀ ਵਿਚ ਸੱਤਵੀਂ ਤੋਂ ਅੱਠਵੀਂ ਜਮਾਤ ਅਤੇ ਤੀਜੀ ਸ਼੍ਰੇਣੀ ਵਿਚ ਨੌਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਮੁਕਾਬਲੇ ਹੋਏ। ਪ੍ਰਤੀਯੋਗੀਆਂ ਨੂੰ ਭਾਸ਼ਣ ਲਈ ਵਿਸ਼ੇ ਪਹਿਲਾਂ ਹੀ ਦਿੱਤੇ ਗਏ ਸਨ। ਪਹਿਲੀ ਸ਼੍ਰੇਣੀ ਦੇ ਵਿਸ਼ੇ ਖਾਲਸਾ ਸਕੂਲ ਦੀ ਮਹੱਤਤਾ, ਡਾਇਨਾਸੋਰ ਦੀ ਹੋਂਦ ਅਤੇ ਤੁਹਾਡਾ ਰੋਲ ਮਾਡਲ, ਦੂਜੀ ਸ਼੍ਰੇਣੀ ਦੇ ਵਿਸ਼ੇ ਹੋਲਾ ਮੁਹੱਲਾ, ਐਂਟਾਰਟਿਕਾ ਸਬੰਧੀ ਜਾਣਕਾਰੀ, ਮਨਭਾਉਂਦੀ ਖੋਜ ਅਤੇ ਤੀਜੀ ਸ਼੍ਰੇਣੀ ਦੇ ਵਿਸ਼ੇ ਮਾਹਾਰਾਜਾ ਰਣਜੀਤ ਸਿੰਘ, ਰਹਿਣ ਲਈ ਤੁਹਾਡੇ ਮਨਭਾਉਂਦਾ ਦੇਸ਼ ਅਤੇ ਥਾਮਸ ਐਡੀਸਨ ਅਤੇ ਉਸ ਦੀਆਂ ਖੋਜਾਂ ਸਨ। ਸਮੂਹ ਬੱਚਿਆਂ ਨੇ ਬੜੀ ਮਿਹਨਤ ਅਤੇ ਲਗਨ ਨਾਲ ਭਾਸ਼ਣ ਤਿਆਰ ਕੀਤੇ ਸਨ। ਤਿੰਨਾਂ ਸ਼੍ਰੇਣੀਆਂ ਦੇ ਪਹਿਲੇ ਇਨਾਮ ਕ੍ਰਮਵਾਰ ਸਹਿਜਦੀਪ ਸਿੰਘ (ਪਹਿਲੀ ਸ਼੍ਰੇਣੀ), ਅੰਮ੍ਰਿਤ ਕੌਰ ਗਿੱਲ (ਦੂਜੀ ਸ਼੍ਰਣੀ), ਆਲਮਬੀਰ ਸਿੰਘ (ਤੀਜੀ ਸ਼੍ਰੇਣੀ), ਦੂਜੇ ਇਨਾਮ ਦੇ ਜੇਤੂ ਸੁਖਲੀਨ ਹੁੰਦਲ ਅਤੇ ਸਰਗੁਨ ਢਿਲੋਂ (ਦੂਜੀ ਸ਼੍ਰੇਣੀ), ਸਨਿਮਰ ਕੌਰ (ਪਹਿਲੀ ਸ਼੍ਰੇਣੀ) ਰਹੇ। ਤੀਜੇ ਇਨਾਮ ਦੇ ਜੇਤੂ ਹਰਲੀਨ ਕੌਰ ਮੰਡ (ਪਹਿਲੀ ਸ਼੍ਰੇਣੀ), ਬਲਜਿੰਦਰ ਕੌਰ (ਦੂਜੀ ਸ਼੍ਰੇਣੀ) ਰਹੇ। ਇਸ ਮੌਕੇ ਡਾ. ਪ੍ਰਿਤਪਾਲ ਸਿੰਘ ਦੁਆਰਾ ਸਮੂਹ ਪ੍ਰਤੀਯੋਗੀਆਂ ਨੂੰ ਤਗਮੇ ਅਤੇ ਜੇਤੂਆਂ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ।
ਗੁਰਦੁਆਰਾ ਸਿੰਘ ਸਭਾ ਬੇ ਏਰੀਆ ਦੇ ਪ੍ਰਧਾਨ ਸ. ਜਸਵੰਤ ਸਿੰਘ ਹੋਠੀ ਦੁਆਰਾ ਸਮੂਹ ਸੰਗਤ ਨੂੰ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਹੋ ਰਹੇ ਅਜਿਹੇ ਕਾਰਜਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਅਪੀਲ ਕੀਤੀ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਸਿੱਖ ਧਰਮ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ। ਸਮੂਹ ਸੰਗਤ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕੀਤੇ ਜਾ ਰਹੇ ਅਜਿਹੇ ਉਪਰਾਲਿਆਂ ਦੀ ਬਹੁਤ ਸ਼ਲਾਘਾ ਕੀਤੀ।