ਪੁਲਿਸ ਦਾ ਦਾਅਵਾ-ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਦੇ 2 ਖਾੜਕੂ ਗ੍ਰਿਫ਼ਤਾਰ

ਪੁਲਿਸ ਦਾ ਦਾਅਵਾ-ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਦੇ 2 ਖਾੜਕੂ ਗ੍ਰਿਫ਼ਤਾਰ

ਨਵਾਂਸ਼ਹਿਰ/ਬਿਊਰੋ ਨਿਊਜ਼ :
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਵਲੋਂ ਪਾਕਿ ਨਾਲ ਸਬੰਧਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਥੇਬੰਦੀ ਨਾਲ ਸਬੰਧਤ 2 ਖਾੜਕੂਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਬਾਰੇ ਜਦੋਂ ਮੀਡੀਆ ਕਰਮੀਆਂ ਨੂੰ ਭਿਣਕ ਪਈ ਤਾਂ ਜ਼ਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਵਲੋਂ ਡੀ. ਐੱਸ. ਪੀ. ਜਾਂਚ ਹਰਵਿੰਦਰ ਸਿੰਘ ਡੱਲੀ ਨੂੰ ਇਸ ਮਾਮਲੇ ‘ਚ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ। ਸ. ਡੱਲੀ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਵੱਖਵਾਦੀ ਵਿਚਾਰਾਂ ਨਾਲ ਸਬੰਧਤ ਗੁਰਜੀਤ ਸਿੰਘ ਉਰਫ਼ ਗੱਗੂ ਉਰਫ਼ ਘੈਂਟ ਪੁੱਤਰ ਸਲਵਿੰਦਰ ਸਿੰਘ ਵਾਸੀ ਵਡਾਲਾ ਗ੍ਰੰਥੀਆਂ ਥਾਣਾ ਸੇਖਵਾਂ ਜ਼ਿਲ੍ਹਾ ਗੁਰਦਾਸਪੁਰ ਤੇ ਗੁਰਮੁੱਖ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਤਲਵੰਡੀ ਨਾਹਰ ਥਾਣਾ ਰਮਦਾਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਉਨ੍ਹਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਰਜੀਤ ਸਿੰਘ ਘੈਂਟ ਦਾ ਪਿਛੋਕੜ ਅਪਰਾਧੀ ਹੈ। ਇਸ ਤੋਂ ਪਹਿਲਾਂ ਇਸ ਨੇ ਸਾਥੀਆਂ ਸਮੇਤ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਨੂੰ 12 ਅਪ੍ਰੈਲ, 2015 ਨੂੰ ਗੋਲੀ ਮਾਰੀ ਸੀ ਜਿਸ ‘ਚ ਇਸ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਗ੍ਰਿਫ਼ਤਾਰੀ ‘ਚ ਉਕਤ ਕਥਿਤ ਦੋਸ਼ੀਆਂ ਪਾਸੋਂ 2 ਹੋਰ ਮਾਮਲੇ ਸੁਲਝੇ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਤਫ਼ਤੀਸ਼ ਤੋਂ ਇਹ ਸਾਹਮਣੇ ਆਇਆ ਹੈ ਕਿ ਸਾਲ 2015 ‘ਚ ਗੁਰਜੀਤ ਸਿੰਘ ਤੇ ਇਸ ਦੇ ਸਾਥੀਆਂ ਨੇ ਬਾਬਾ ਮਾਨ ਸਿੰਘ ਵਾਸੀ ਰੋਡੇਆਣਾ ਥਾਣਾ ਸਿਟੀ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ‘ਤੇ ਗੋਲੀ ਚਲਾ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਇਸ ਸਬੰਧੀ ਇਨ੍ਹਾਂ ਦੇ ਖ਼ਿਲਾਫ਼ ਮੁਕੱਦਮਾ ਥਾਣਾ ਕਲਾਨੌਰ ਵਿਖੇ ਦਰਜ ਕੀਤਾ ਗਿਆ ਸੀ। ਇਸੇ ਤਰ੍ਹਾਂ ਸਾਲ 2013 ‘ਚ ਗੁਰਜੀਤ ਸਿੰਘ ਸਮੇਤ ਗੁਰਮੁਖ ਸਿੰਘ ਅਤੇ ਇਨ੍ਹਾਂ ਦੇ ਹੋਰ ਸਾਥੀਆਂ ਨੇ ਪਿੰਡ ਭੱਟੀਆਂ ਥਾਣਾ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਏ.ਟੀ.ਐਮ. ਮਸ਼ੀਨ ਤੋੜਨ ਦੀ ਕੋਸ਼ਿਸ਼ ਵੀ ਕੀਤੀ ਸੀ। ਸ. ਡੱਲੀ ਨੇ ਦੱਸਿਆ ਕਿ ਉਕਤ ਦੋਨੋਂ ਕਥਿਤ ਦੋਸ਼ੀਆਂ ਨੂੰ ਜ਼ਿਲਾ ਪੁਲਿਸ ਵਲੋਂ ਥਾਣਾ ਬਹਿਰਾਮ ਦੀ ਹੱਦ ‘ਚ ਪੈਂਦੇ ਕੁਲਥਮ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰਕੇ ਇਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਰਜੀਤ ਸਿੰਘ ਉਰਫ਼ ਗੱਗੂ ਪਾਸੋਂ ਇਕ 9 ਐਮ. ਐਮ. ਬੋਰ ਪਿਸਟਲ ਕੰਟਰੀ ਮੇਡ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਤਫ਼ਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਗੁਰਜੀਤ ਸਿੰਘ ਨੂੰ ਮਲਕੀਤ ਸਿੰਘ ਉਰਫ਼ ਫ਼ੌਜੀ ਵਾਸੀ ਤਲਵੰਡੀ ਨਾਹਰ ਥਾਣਾ ਰਮਦਾਸ ਜ਼ਿਲ੍ਹਾ ਅੰਮ੍ਰਿਤਸਰ ਜੋ ਕਿ ਇਸ ਵੇਲੇ ਕੈਨੇਡਾ ‘ਚ ਹੈ, ਵਲੋਂ ਆਰਥਿਕ ਮਦਦ ਦਿੱਤੀ ਜਾਂਦੀ ਸੀ ਅਤੇ ਗੁਰਜੀਤ ਸਿੰਘ ਇਸ ਪੈਸੇ ਨਾਲ ।ੈਰ-ਕਾਨੂੰਨੀ ਗਤੀਵਿਧੀਆਂ ਕਰਦਾ ਸੀ। ਇਸ ਮਾਮਲੇ ‘ਚ ਪੁਲਿਸ ਨੂੰ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਉਨ੍ਹਾਂ ਨਾਲ ਡੀ. ਐੱਸ. ਪੀ. ਸਥਾਨਕ ਗੁਰਪ੍ਰੀਤ ਸਿੰਘ ਗਿੱਲ ਤੇ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਚਾਂਦ ਵੀ ਹਾਜ਼ਰ ਸਨ।