ਦੇਸ਼ ਪੱਧਰੀ ਪ੍ਰੀਖਿਆਵਾਂ ਪਾੜਿਆਂ ਨਾਲ ਸਰਾਸਰ ਧੱਕਾ

ਦੇਸ਼ ਪੱਧਰੀ ਪ੍ਰੀਖਿਆਵਾਂ ਪਾੜਿਆਂ ਨਾਲ ਸਰਾਸਰ ਧੱਕਾ

ਭਾਰਤ ਵਿੱਚ ਪੜ੍ਹ ਲੈਣਾ ਕੋਈ ਬਹੁਤੀ ਸੌਖੀ ਗੱਲ ਨਹੀਂ ਹੈ। ਸਾਨੂੰ ਸਾਡੇ ਦਰਮਿਆਨ ਪੜੇ ਲਿਖਿਆਂ ਦੀ ਭਰਮਾਰ ਜਾਪਦੀ ਹੈ ਕਿਉਂਕਿ ਅਸੀਂ ਆਪਣੇ ਦਾਇਰੇ ਤੋਂ ਬਾਹਰ ਝਾਤ ਮਾਰਨ ਲਈ ਅੱਡੀਆਂ ਨਹੀਂ ਚੁੱਕਦੇ। ਜੇਕਰ ਪੰਜਾਬ ਦੇ ਜਾਂ ਪੂਰੇ ਭਾਰਤ ਦੇ ਪਿੰਡਾਂ ਵੱਲ ਵੇਖੀਏ ਅੱਧੀਓਂ ਵੱਧ ਆਬਾਦੀ 10ਵੀਂ ਤੋਂ ਬਾਅਦ ਜਾਂ ਰੁਲ ਖੁਲ ਕੇ ਹੱਦ ਬਾਰ੍ਹਵੀਂ ਪੜ੍ਹਦੀ ਹੈ। ਕਿਉਂ? ਕਿਉਂਕਿ ਸਰਕਾਰੀ ਕਾਲਜ ਥੋੜੇ ਬਹੁਤ ਨੇ ਤੇ ਨਿੱਜੀ ਕਾਲਜਾਂ ਦੀਆਂ ਫ਼ੀਸਾਂ ਭਰਨੀਆਂ ਹਰੇਕ ਦੇ ਵੱਸ ਦੀ ਗੱਲ ਨਹੀਂ ਰਹੀ, ਅਤੇ ਇੱਕ ਕਾਰਕ ਪੰਜਾਬ ਵਿੱਚ ਹੁਣ ਇਹ ਵੀ ਹੈ ਕਿ ਇਹ ਸੱਚ ਲੁਕਿਆ ਨਹੀਂ ਰਿਹਾ ਕਿ ਪੜ੍ਹ ਲਿਖ ਕੇ ਧੱਕੇ ਹੀ ਹਨ। ਇਸ ਲਈ ਸਰਦਾ ਪੁਰਦਾ ਪਰਿਵਾਰ ਵੀ ਆਪਣੇ ਨਿਆਣੇ ਪੜਾਉਣ ਦੀ ਬਜਾਏ ਕਿਸੇ ਬਾਹਰਲੇ ਮੁਲਕ ਭੇਜਣ ਨੂੰ ਤਰਜੀਹ ਦੇਣ ਲੱਗਿਆ ਹੈ। ਪਰ ਜੋ ਇੱਥੇ ਰਹਿ ਜਾਂਦੇ ਹਨ, ਜਾਂ ਇਉਂ ਆਖੋ ਜੋ ਵਿਚਾਰੇ ਕੁੱਝ ਕੁ ਪੜ੍ਹ ਜਾਂਦੇ ਹਨ, ਉਨ੍ਹਾਂ ਨੂੰ 12-15 ਸਾਲ ਪੜ੍ਹਨ ਪਿੱਛੋਂ ਵੀ, ਇਹ ਸਾਬਿਤ ਕਰਨ ਲਈ ਕਿ ਉਹ ਪੜਿਆਂ ਲਿਖਿਆ ਹੈ, ਦੇਸ਼ ਪੱਧਰੀ ਜਾਂ ਰਾਜ ਪੱਧਰੀ ਪ੍ਰੀਖਿਆਵਾਂ ਵਿੱਚ ਹਿੱਸਾ ਲੈਣਾ ਪੈਂਦਾ ਹੈ।ਜਦਕਿ ਇੱਕ ਸਵਾਲ ਜੋ ਦੇਸ਼ ਪੱਧਰੀ ਪ੍ਰੀਖਿਆ ਲੈਣ ਤੋਂ ਪਹਿਲਾਂ ਸੋਚਣ ਵਾਲਾ ਹੈ, ਕੀ ਸਾਡੇ ਦੇਸ਼ ਦਾ ਸਿੱਖਿਆ ਪੱਧਰ ਕਸ਼ਮੀਰ ਤੋਂ ਕੰਨਿਆ ਕੁਮਾਰੀ ਇੱਕ ਹੈ? ਦੇਸ਼ ਦੇ ਸਿੱਖਿਆ ਪੱਧਰ ਦਾ ਮਾਡਲ ਤਾਂ ਤੁਸੀਂ ਭੰਮੀਪੁਰੇ ਤੋਂ ਲੁਧਿਆਣੇ ਜਾਉ ਤਾਂ ਬਦਲ ਜਾਂਦਾ ਹੈ ਤੇ ਉਸ ਤੋਂ ਅੱਗੇ ਚੰਡੀਗੜ੍ਹ ਜਾਉਂਗੇ ਤਾਂ ਬਿਲਕੁਲ ਵੱਖਰੇ ਤਰ੍ਹਾਂ ਦੇ ਬੱਚੇ। ਜਿਨ੍ਹਾਂ ਨੂੰ ਹਰ ਤਰ੍ਹਾਂ ਦੀ ਮਿਆਰੀ ਪੜਾਈ ਹੈ। ਜੇ ਪਿੰਡਾਂ ਦੇ ਸਕੂਲਾਂ ਦੀ ਹਾਲਤ ਵੇਖੀਏ ਤਾਂ ਬਹੁਤੇ ਤਾਂ ਹਜੇ ਵੀ ਇਹੋ ਸਮਝਦੇ ਹਨ ਕਿ ਅੰਗਰੇਜ਼ੀ ਆਲਾ ਅਧਿਆਪਕ ਸਮਾਜਿਕ ਸਿੱਖਿਆ ਪੜਾ ਹੀ ਸਕਦਾ ਹੈ ਅਤੇ ਚੰਡੀਗੜ੍ਹ ਦੇ ਸੈਕਟਰ ਦੇ ਸਕੂਲ ਦੀ ਉਦਾਹਰਨ ਲਈਏ ਤਾਂ ਉੱਥੇ ਬੱਚੇ ਨੂੰ ਛੇਵੀਂ ਤੋਂ ਬਾਅਦ ਇੱਕ ਵਿਸ਼ਾ ਆਮ ਕੁਸ਼ਲਤਾ(General aptitude) ਲੱਗਦਾ ਹੈ, ਜੋ ਕਿ ਹਰ ਤਰ੍ਹਾਂ ਦੀਆਂ ਮੁਕਾਬਲੇ ਪ੍ਰੀਖਿਆਵਾਂ ਲਈ ਜ਼ਰੂਰੀ ਹੈ। ਇਹ ਤਾਂ ਫ਼ਰਕ ਪਿੰਡਾਂ ਅਤੇ ਸ਼ਹਿਰਾਂ ਦੇ ਵੱਡੇ ਸਕੂਲਾਂ ਦਾ ਹੈ। ਇਸ ਤੋਂ ਬਿਨਾਂ ਜੋ ਪਿੰਡਾਂ ਵਿੱਚ ਸਰਕਾਰੀ ਅਤੇ ਨਿੱਜੀ ਸਕੂਲ ਦੀ ਪੜਾਈ ਦਾ ਫ਼ਰਕ ਹੈ, ਆਰਥਿਕ ਪੱਖੋਂ ਕਮਜ਼ੋਰ ਘਰਾਂ ਤੇ ਤਕੜੇ ਘਰਾਂ ਦੇ ਨਿਆਣਿਆਂ ਦਾ ਫ਼ਰਕ ਹੈ। ਮਤਲਬ ਕੁੱਲ ਮਿਲਾ ਕੇ ਇੰਨੀ ਅਸਾਵੀਂ ਵਿੱਦਿਆ ਪ੍ਰਣਾਲੀ ਹੈ ਸਾਡੀ ਅਤੇ ਅਸੀਂ ਦੇਸ਼ ਪੱਧਰੀ ਪ੍ਰੀਖਿਆ ਲੈ ਕੇ ਕਿਵੇਂ ਇਹ ਸਾਬਿਤ ਕਰ ਦੇਵਾਂਗੇ ਕਿ ਕੌਣ ਹੁਸ਼ਿਆਰ ਹੈ ਅਤੇ ਕੌਣ ਨਾਲਾਇਕ। 

    ਹੁਣ ਦੇਸ਼ ਪੱਧਰੀ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਵੱਲ ਜ਼ਰਾ ਕੁ ਝਾਤੀ ਮਾਰੀਏ ਤਾਂ ਪਹਿਲਾਂ ਗੱਲ ਬਾਰ੍ਹਵੀਂ ਤੋਂ ਬਾਅਦ ਹੋਣ ਵਾਲੀ ਪ੍ਰੀਖਿਆ (NEET) ਦੀ ਕਰਦੇ ਹਾਂ।ਇਸ ਸਾਲ ਮਈ ਵਿੱਚ 13 ਲੱਖ ਦੇ ਕਰੀਬ ਵਿਦਿਆਰਥੀਆਂ ਨੇ ਸਿਰਫ਼ NEET ਵਿੱਚ ਹਿੱਸਾ ਲਿਆ। ਸਿਰਫ਼ NEET  ਇਸ ਲਈ ਲਿਖਿਆ ਕਿਉਂਕਿ ਇਸ ਤੋਂ ਬਿਨਾਂ ਵੀ ਬਾਰ੍ਹਵੀਂ ਤੋਂ ਬਾਅਦ ਹੋਰ ਕਈ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਹੁੰਦੀਆਂ ਹਨ ਅਤੇ ਜਿਹੜੇ ਇਹਨਾਂ ਪ੍ਰੀਖਿਆਵਾਂ ਵਿੱਚ ਹਿੱਸਾ ਲੈਂਦੇ ਹਨ ਉਨ੍ਹਾਂ ਵਿੱਚ ਬਹੁ ਗਿਣਤੀ ਕਰੀਮ ਹੀ ਹੁੰਦੀ ਹੈ, ਜੋ ਕਿ ਵੱਡੇ ਸ਼ਹਿਰਾਂ ਵੱਡੇ ਸਕੂਲਾਂ ਵਿੱਚ ਪੜ੍ਹਦੇ ਹਨ। ਤੇ ਆਲਮ ਇਹ ਹੈ ਕਿ ਕਰੀਮ ਦਾ ਵੀ ਕੁੱਝ ਨਹੀਂ ਬਣ ਰਿਹਾ। ਇਹਨਾਂ ਵਿੱਚੋਂ ਜੇ ਤੁਸੀਂ ਘੋਖ ਕੇ ਨਤੀਜੇ ਵੇਖੋ ਤਾਂ ਪਤਾ ਲੱਗੇ ਕਿ ਪਾਸ ਹੋਣ ਵਾਲਿਆਂ ਵਿੱਚੋਂ ਵੱਡੀ ਗਿਣਤੀ ਉਨ੍ਹਾਂ ਦੀ ਹੈ ਜੋ ਇੱਕ-ਦੋ ਸਾਲਾਂ ਤੋਂ ਇਸੇ ਦੀ ਤਿਆਰੀ ਵਿੱਚ ਰੁੱਝੇ ਹਨ। ਸਥਿਤੀ ਤਦ ਹੀ ਸਾਫ਼ ਹੋ ਜਾਂਦੀ ਹੈ ਜੇ ਤੁਸੀਂ ਰਾਜ ਪੱਧਰੀ ਨਤੀਜੇ ਵੇਖੋ NEET ਵਿੱਚੋਂ ਪਾਸ ਹੋਣ ਵਾਲਿਆਂ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਰਾਜਸਥਾਨ ਦੇ ਵਿਦਿਆਰਥੀ ਹਨ। ਅਤੇ ਇਹ ਗੱਲ ਕੋਈ ਜੱਗੋਂ ਤੇਰ੍ਹਵੀਂ ਨਹੀਂ ਕਿਉਂਕਿ ਇਹ ਰਾਜਸਥਾਨੀ ਨਿਆਣੇ ਨਹੀਂ ਹਨ ਜੋ ਮੱਲ੍ਹਾਂ ਮਾਰ ਰਹੇ ਹਨ। ਇਹ ਨਤੀਜੇ ਤਾਂ ਕੋਟਾ ਦੇ ਕੋਚਿੰਗ ਸੈਂਟਰਾਂ ਦੀ ਦੇਣ ਹਨ, ਜਿੱਥੇ ਦੇਸ਼ ਭਰ ਤੋਂ ਵਿਦਿਆਰਥੀ ਕੋਚਿੰਗਾਂ ਲੈਣ ਆਉਂਦੇ ਹਨ। ਇਹ ਮੁਕਾਬਲਾ ਪ੍ਰੀਖਿਆਵਾਂ ਦੇ ਸਵਾਲ ਜਵਾਬ ਏਸ ਤਰ੍ਹਾਂ ਦੇ ਹੁੰਦੇ ਹਨ ਕਿ ਤੁਸੀਂ ਸਿਰਫ਼ ਆਪਣੀ ਪੁਰਾਣੀ ਪੜਾਈ ਤੇ ਨਿਰਭਰ ਰਹਿ ਕੇ ਨਹੀਂ ਹੱਲ ਕਰ ਸਕਦੇ, ਤੁਹਾਨੂੰ ਕੁੱਝ ਖ਼ਾਸ ਕਿਤਾਬਾਂ ਜੋ ਕਿ ਪ੍ਰੀਖਿਆ ਦੇ ਮੱਦੇਨਜ਼ਰ ਹੁੰਦੀਆਂ ਹਨ ਉਨ੍ਹਾਂ ਦਾ ਵੀ ਘੋਟਾ ਲਾਉਣਾ ਪੈਂਦਾ ਹੈ। ਅਤੇ ਇਹ ਵੀ ਜੇ ਤੁਸੀਂ ਆਪਣੇ ਦਮ ਤੇ ਲਾਉਣਾ ਚਾਹੋ ਤਾਂ ਮੁਸ਼ਕਿਲ ਹੈ ਇਹ ਘੋਟਾ ਲਵਾਉਣ ਲਈ ਇੱਕ ਪੂਰਾ ਬਾਜ਼ਾਰ ਸਰਗਰਮ ਹੈ। ਵੱਡੇ ਵੱਡੇ ਇੰਸਟੀਚਿਊਟ ਬਾਜ਼ਾਰ ਵਿੱਚ ਹਨ ਜੋ ਤੁਹਾਡੀ ਸਫਲਤਾ ਦਾ ਦਾਅਵਾ ਮੋਟੀਆਂ ਫ਼ੀਸਾਂ ਉਗਰਾਹ ਕੇ ਕਰਦੇ ਹਨ।

  ਇਹੋ ਹਾਲ Post  Graduation  ਪਾਸ ਕਰ ਚੁੱਕੇ ਪਾੜ੍ਹਿਆਂ ਦਾ ਹੈ। ਇਹਨਾਂ ਪਾੜ੍ਹਿਆਂ ਵਿੱਚ ਵੀ ਅੱਧਾ ਹਿੱਸਾ ਜੋ ਪਿੰਡਾਂ ਜਾਂ ਛੋਟੇ ਸ਼ਹਿਰਾਂ ਦੇ ਕਾਲਜਾਂ ਵਿੱਚ ਪੜਦਾ ਹੈ, ਉਹ ਸਿੱਧਾ ਹੀ ਮੁਕਾਬਲੇ ਤੋਂ ਬਾਹਰ ਰਹਿੰਦਾ ਹੈ। ਅਤੇ ਮੁਕਾਬਲੇ ਵਿੱਚ ਕੌਣ ਬਚਦਾ ਹੈ? ਯੂਨੀਵਰਸਿਟੀਆਂ ਜਾਂ ਵੱਡੇ ਸ਼ਹਿਰਾਂ ਦੇ ਕਾਲਜਾਂ ਦੇ ਵਿਦਿਆਰਥੀ। ਅਤੇ ਉਨ੍ਹਾਂ ਦੇ NET TET SET ਪਤਾ ਨਹੀਂ ਕੀ ਕੀ?? ਹੁਣ ਤਾਂ NET  ਦਾ ਵੀ ਦਿਵਾਲਾ ਨਿਕਲ ਚੁੱਕਾ ਹੈ, ਵਿਦਿਆਰਥੀ ਜਾਣਦੇ ਹਨ ਕਿ ਪ੍ਰੀਖਿਆ ਪਾਸ ਕਰ ਕੇ ਵੀ ਪੱਕੀ ਨੌਕਰੀ ਤਾਂ ਮਿਲਣੀ ਨਹੀਂ ਇਸ ਲਈ ਆਸ JRF ਹੀ ਹੈ। ਕਿਉਂਕਿ ਇਹੋ ਇੱਕ ਇੱਕ ਜਰੀਆ ਬਚਿਆ ਹੈ ਪੰਜ ਸਾਲ ਸਕਾਲਰਸ਼ਿਪ ਲੈ ਕੇ ਕੱਟਣ ਦਾ। ਅਤੇ ਇਹਨਾਂ ਪ੍ਰੀਖਿਆਵਾਂ ਵਿਚਲੇ ਸਵਾਲਾਂ ਨੂੰ ਵੇਂਹਦਿਆਂ ਹੀ ਪਤਾ ਲੱਗਦਾ ਹੈ ਕਿ ਇਹ ਕੋਈ ਸੱਚੀਮੁਚੀਂ ਯੋਗਤਾ ਪਰਖਣ ਲਈ ਨਹੀਂ ਹਨ, ਬਲਕਿ ਇਹ ਪ੍ਰੀਖਿਆਵਾਂ ਤਾਂ ਜਾਲੀਆਂ ਹਨ, ਜੋ ਹਰ ਪੱਧਰ ਤੇ ਬਹੁਤਿਆਂ ਨੂੰ ਬਾਹਰ ਧੱਕਦੀਆਂ ਜਾਂਦੀਆਂ ਹਨ, ਤੇ ਇਹਨਾਂ ਜਾਲੀਆਂ ਵਿੱਚੋਂ ਸਫਲਤਾ ਪੂਰਵਕ ਲੰਘਣ ਵਾਲੇ ਬਾਰੀਕ ਟੁਕੜਿਆਂ  ਨੂੰ ਕਈ ਵਾਰ ਤੰਤਰ ਤੇ ਯਕੀਨ ਵੀ ਹੋਣ ਲੱਗ ਜਾਂਦਾ ਹੈ ਕਿ 'ਕਰੋ ਮਿਹਨਤ ਤੇ ਆਓ ਬਰੋਬਰ'। NET TET  ਤੋਂ ਬਿਨਾਂ ਅੱਜ ਕਲ ਬਹੁਤੇ ਨੌਜਵਾਨ SSC ਜਾਂ ਹੋਰ ਸਿਵਲ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਮਿਲਣਗੇ। ਅਤੇ ਇਹ ਅਜਿਹੀ ਪ੍ਰੀਖਿਆ ਹੈ ਜਿਸ ਦੀ ਹਰ ਵਿਸ਼ੇ ਦੇ ਨੌਜਵਾਨ ਤਿਆਰੀ ਕਰ ਰਹੇ ਹਨ। ਕਿਉਂ? ਕਿਉਂਕਿ ਇਹੋ ਇੱਕ ਦੋ ਜਗ੍ਹਾ ਬਚੀਆਂ ਹਨ ਸਰਕਾਰੀ ਨੌਕਰੀਆਂ ਵਾਸਤੇ। ਯੂਨੀਵਰਸਿਟੀਆਂ ਦੇ ਆਸ ਪਾਸ ਵੇਖੋ ਤਰ੍ਹਾਂ ਤਰ੍ਹਾਂ ਦੀਆਂ ਅਕੈਡਮੀਆਂ ਖੁੱਲ ਰਹੀਆਂ ਹਨ, ਜਿੱਥੇ ਬੀ.ਏ ਤੋਂ ਬੀ.ਟੈੱਕ ਵਾਲੇ ਸਾਰੇ ਪਾੜ੍ਹੇ ਜਾਂਦੇ ਹਨ। ਕੁੱਲ ਮਿਲਾ ਕੇ ਅੱਜ ਇਹ ਹਾਲ ਹੈ ਸਾਰੇ ਵਿਸ਼ਿਆਂ ਦੀਆਂ ਪੜਾਈਆਂ ਦਾ ਗ਼ੁਬਾਰ ਫੁੱਟ ਗਿਆ ਹੈ, ਪੜ੍ਹਨ ਵਾਲਾ ਹਰੇਕ ਦਾਖਲਾ ਲੈਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਕੁੱਝ ਨਹੀਂ ਬਣਨ ਵਾਲਾ। ਪਰ ਤਾਂ ਵੀ ਅਸੀਂ ਚੁੱਪ ਹਾਂ, ਜਾਂ ਕਦੇ ਕਦੇ ਸਿਸਕੀਆਂ ਲੈ ਛੱਡਦੇ ਹਾਂ। 

ਇੱਥੇ ਬਹੁਤ ਗੱਲ੍ਹਾਂ ਨੇ ਜੋ ਆਪਾਂ ਨਵੀਆਂ ਨਹੀਂ ਕਰਦੇ, ਸਭ ਜਾਣਦੇ ਹੀ ਨੇ। ਪਰ ਇੱਥੇ ਹਰ ਕੋਈ ਆਪਣੀ ਚਮੜੀ ਬਚਾਉਣ ਤੇ ਲੱਗਿਆ ਹੈ। ਹਰ ਕਿਸੇ ਨੂੰ ਲੱਗਦਾ ਹੈ ਸ਼ਾਇਦ ਏਸ ਵਾਰ ਤੁੱਕਾ ਲੱਗ ਜਾਵੇ, ਹਰ ਕੋਈ ਦੂਜੇ ਦੀ ਸਿਰੀ ਨੂੰ ਮਿੱਧਣ ਲਈ ਤਿਆਰ ਬੈਠਾ ਹੈ। ਅਤੇ ਇਹ ਸਭ ਦੇਖਦਿਆਂ ਸੁਣਦਿਆਂ ਦੂਰ ਪਾਰਲੀਮੈਂਟ ਵਿੱਚ ਸੂਰ ਹੱਸ ਰਹੇ ਹਨ। ਜਦ ਅਸੀਂ ਪਲ ਕੁ ਲਈ ਅੱਖ ਉਠਾ ਕੇ ਵੇਖਦੇ ਹਾਂ ਉਹ ਜੁਗਾਲੀ ਕਰਨ ਲੱਗਦੇ ਹਨ। ਅਸੀਂ ਫਿਰ ਲਾਇਬ੍ਰੇਰੀਆਂ ਵਿੱਚ ਦੜ ਜਾਂਦੇ ਹਾਂ। ਸਭ ਕੁੱਝ ਜਾਣਦਿਆਂ ਅਸੀਂ ਕਦੇ ਨਹੀਂ ਪੁੱਛਦੇ ਕਿ ਕਿਉਂ ਜ਼ਿੰਦਗੀ ਦੇ 25-30 ਸਾਲ ਪੜਾਈ ਕਰਨ ਤੋਂ ਬਾਅਦ ਵੀ ਸਾਨੂੰ ਸਾਬਿਤ ਕਰਨਾ ਪੈ ਰਿਹੈ ਕਿ ਅਸੀਂ ਲਾਇਕ ਹਾਂ? ਸਾਡੇ ਸਾਹਮਣੇ  ਕਈਆਂ ਨੂੰ ਨਿਗਲ ਹੀ ਚੁੱਕੀਆਂ ਨੇ ਲਾਇਬ੍ਰੇਰੀਆਂ ਤੇ ਉਹ ਸਿਰ ਉਠਾ ਕੇ ਅਸਮਾਨ ਦੀ ਅੱਖ ਨਾਲ ਅੱਖ ਮਿਲਾਉਣ ਵਾਲੇ ਪੱਖਿਆਂ ਨਾਲ ਲਟਕੇ, ਛੱਤਾਂ ਵੱਲ ਝਾਕਦੇ ਲੱਭਦੇ ਹਨ। ਹਰ ਨਵੀਂ ਸਰਕਾਰ ਆਉਂਦੀ ਹੈ ਤੇ ਪੜਾਈ, ਰੁਜ਼ਗਾਰ ਦੇ ਲਤੀਫ਼ੇ ਸੁਣਾ ਲੰਘ ਜਾਂਦੀ ਹੈ, ਤੇ ਜਦ ਵੋਟਾਂ ਪੈਣ ਵਾਲੀਆਂ ਹੁੰਦੀਆਂ ਹਨ ਤਾਂ ਪਿਛਲੇ ਦੋ ਸਾਲ ਤੋਂ ਕਤਾਰ 'ਚ ਲੱਗਿਆ ਪਾੜ੍ਹਾ ਸੋਚ ਰਿਹਾ ਹੁੰਦਾ ਹੈ ਕਿ ਖ਼ਬਰੇ ਜਾਂਦੀ ਜਾਂਦੀ ਸਰਕਾਰ ਰੁੱਗ ਵਰ੍ਹਾ ਹੀ ਜਾਵੇ......।