ਸਿੱਖ ਰਾਜ ਦੇ ਭਰਮ ਭੁਲੇਖੇ ਤੇ ‘ਬਲੈਕ ਪ੍ਰਿੰਸ’ ਦਲੀਪ ਸਿੰਘ

ਸਿੱਖ ਰਾਜ ਦੇ ਭਰਮ ਭੁਲੇਖੇ ਤੇ ‘ਬਲੈਕ ਪ੍ਰਿੰਸ’ ਦਲੀਪ ਸਿੰਘ

ਗੁਲਜ਼ਾਰ ਸਿੰਘ ਸੰਧੂ

ਹੁਣੇ ਹੁਣੇ ਅੰਗਰੇਜੀ, ਹਿੰਦੀ ਤੇ ਪੰਜਾਬੀ ਤਿੰਨ ਭਾਸ਼ਾਵਾਂ ‘ਚ ਦੁਨੀਆ ਭਰ ਵਿੱਚ ਰਿਲੀਜ ਹੋਈ ਬਹੁ ਚਰਚਿਤ ਫਿਲਮ ‘ਦ ਬਲੈਕ ਪ੍ਰਿੰਸ’ ਵਿਚ ਮਹਾਰਾਜਾ ਦਲੀਪ ਸਿੰਘ ਦਾ ਰੋਲ ਨਿਭਾਉਣ ਵਾਲਾ ਸੂਫ਼ੀ ਗਾਇਕ ਸਤਿੰਦਰ ਸਰਤਾਜ ਮੇਰਾ ਗਰਾਈਂ ਹੈ। ਉਸ ਦਾ ਪਿੰਡ ਬਜਰੌੜ ਤੇ ਮੇਰਾ ਪਿੰਡ ਸੂਨੀ ਚੰਡੀਗੜ੍ਹ-ਹੁਸ਼ਿਆਰਪੁਰ ਸੜਕ ‘ਤੇ ਪੈਂਦੇ ਹਨ। ਬਜਰੌੜ ਮਾਹਿਲਪੁਰ ਤੋਂ 8 ਕਿਲੋਮੀਟਰ ਹੁਸ਼ਿਆਰਪੁਰ ਵੱਲ ਨੂੰ ਹੈ ਤੇ ਸੂਨੀ ਏਨੀ ਹੀ ਦੂਰੀ ਉੱਤੇ ਗੜ੍ਹਸ਼ੰਕਰ ਵੱਲ ਨੂੰ। ਸਰਤਾਜ ਚੜ੍ਹਦੀ ਉਮਰੇ ‘ਸਾਈਂ ਵੇ ਸਾਈਂ’ ਗਾ ਕੇ ਗੀਤ ਸੰਗੀਤ ਦੀ ਦੁਨੀਆਂ ਦਾ ਉਭਰਦਾ ਸਿਤਾਰਾ ਬਣ ਗਿਆ।
ਬਜਰੌੜ ਵਾਲਾ ਸਰਤਾਜ ਸੈਨਹੋਜ਼ੇ (ਅਮਰੀਕਾ) ਵਿਚ ਸ਼ੋਅ ਕਰਨ ਗਿਆ ਤਾਂ ਮਿੱਡੂ ਖੇੜਾ (ਡੱਬਵਾਲੀ ਨੇੜ੍ਹਲੇ ਪਿੰਡ) ਦੇ ਜੰਮਪਲ ਤੇ ਪ੍ਰਸਿੱਧ ਤੈਰਾਕ ਜਸਜੀਤ ਦੀ ਨਜ਼ਰੀ ਚੜ੍ਹ ਗਿਆ। ਜਸਜੀਤ ਵਾਟਰ ਪੋਲੋ ਖੇਡ ਵਿੱਚ ਸੋਵੀਅਤ ਰੂਸ ਵਿਖੇ ਭਾਰਤ ਦੀ ਪ੍ਰਤੀਨਿਧਤਾ ਕਰ ਚੁੱਕਿਆ ਹੈ। ਉਹ ਵਿਦੇਸ਼ ਜਾਣ ਤੋਂ ਪਹਿਲਾਂ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ, ਪਟਿਆਲਾ ਵਿਚ ਕੋਚ ਰਹਿ ਚੁੱਕਿਆ ਹੈ ਤੇ ਸਰਤਾਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਸੰਗੀਤ ਅਧਿਆਪਕ। ਤੈਰਾਕ ਤੇ ਗਾਇਕ ਦੀ ਲੰਮੇ ਪੈਂਡੇ ਮਾਰਨ ਵਾਲੀ ਜੋੜੀ ਦਾ ਕੋਈ ਜਵਾਬ ਨਹੀਂ। ਇਸ ਜੋੜੀ ਦੀ ਕਲਾ ਦੀ ਸਿਖਰ ‘ਦ ਬਲੈਕ ਪ੍ਰਿੰਸ’ ਨਾਂ ਦੀ ਫ਼ਿਲਮ ਹੈ। ਏਸ ਪੇਸ਼ਕਾਰੀ ਵਿਚ ਸ਼ਬਾਨਾ ਆਜ਼ਮੀ ਤੋਂ ਰਾਣੀ ਜਿੰਦਾ ਦਾ ਰੋਲ ਕਰਵਾਉਣਾ ਸਿਖਰਾਂ ਦੀ ਸਿਖਰ ਛੂਹਣ ਵਾਂਗ ਹੈ। ਸ਼ਬਾਨਾ ਪ੍ਰਸਿੱਧ ਉਰਦੂ ਸ਼ਾਇਰ ਕੈਫ਼ੀ ਆਜ਼ਮੀ ਦੀ ਬੇਟੀ ਹੈ। ਮੈਂ ਸ਼ਬਾਨਾ ਦੀ ਅਦਾਕਾਰੀ ਦਾ ਮੱਦਾਹ ਹਾਂ। ਪੰਜਾਬੀ ਉਸ ਦੀ ਮਾਂ ਬੋਲੀ ਨਹੀਂ। ਉਹ ਨਹੀਂ ਸੀ ਜਾਣਦੀ ਕਿ ਰਾਣੀ ਜਿੰਦਾਂ ਦਾ ਰੋਲ ਕਰਨ ਸਮੇਂ ਉਸ ਨੂੰ ਪੰਜਾਬੀ ਬੋਲਣੀ ਪਵੇਗੀ? ਪਰ ਉਸ ਨੇ ਆਪਣੀ ਅਦਾਕਾਰੀ ਨਾਲ ਰਾਣੀ ਜਿੰਦਾਂ ਨੂੰ ਮੁੜ ਜਿਉਂਦੀ ਕਰ ਦਿੱਤਾ ਹੈ। ਮੇਰੀ ਨਜ਼ਰ ਵਿਚ ‘ਦੀ ਬਲੈਕ ਪ੍ਰਿੰਸ’ ਫ਼ਿਲਮ ਦਾ ਨਾਇਕ ਦਲੀਪ ਸਿੰਘ ਉਹ ਸਿਖਰਾਂ ਨਹੀਂ ਛੂੰਹਦਾ ਜੋ ਉਸ ਦੀ ਮਾਂ ਜਿੰਦਾਂ ਛੂੰਹਦੀ ਹੈ। ਇਸ ਲਈ ਵੀ ਕਿ ਸ਼ਬਾਨਾ ਏਸ ਦਨੀਆਂ ਵਿਚ ਪਹਿਲਾਂ ਹੀ ਨਾਮਣਾ ਖੱਟ ਚੁੱਕੀ ਹੈ ਤੇ ਸਰਤਾਜ ਇਸ ਵਿਚ ਨਵਾਂ ਹੈ। ਉਂਝ ਨਵੇਂ ਖਿਲਾੜੀ ਵਜੋਂ ਉਸ ਦਾ ਰੋਲ ਸ਼ਲਾਘਾਯੋਗ ਹੈ, ਖਾਸ ਕਰਕੇ ਪਹਿਲੇ ਅੱਧ ਵਿੱਚ ਮਾਂ ਜਿੰਦਾਂ ਨੂੰ ਮਿਲਣ ਦੀ ਤਾਂਘ ਵਿਚ ਉਦਾਸੀ ਦੇ ਪਲਾਂ ਨੂੰ ਜਿਊਣ ਸਮੇਂ।

ਨਿਸਚੇ ਹੀ ਬਲੈਕ ਪ੍ਰਿੰਸ ਦੀ ਸਫ਼ਲਤਾ ਦਾ ਸਿਹਰਾ ਸ਼ਬਾਨਾ ਆਜ਼ਮੀ ਦੇ ਸਿਰ ਬਝਦਾ ਹੈ। ਜਸਜੀਤ ਟੀਮ ਦੀ ਮਾਇਕ ਅਤੇ ਹੋਰ ਸਹਾਇਤਾ ਤੇ ਸਰਤਾਜ ਦੀ ਕਲਾ ਦਾ ਕਮਾਲ ਇਸ ਵਿਚ ਹੈ ਕਿ ਉਹ ਸ਼ਬਾਨਾ ਨੂੰ ਆਪਣੇ ਨਾਲ ਗੰਢਣ ਵਿੱਚ ਸਫ਼ਲ ਹੋ ਗਏ।
ਦਲੀਪ ਸਿੰਘ ਪੰਜਾਬੀਆਂ ਦਾ ਅਜਿਹਾ ਨਾਇਕ ਸੀ ਜਿਹੜਾ ਮਹਾਰਾਣੀ ਵਿਕਟੋਰੀਆ ਦਾ ਪਿਆਰਾ ਪ੍ਰਿੰਸ ਹੋਣ ਦੇ ਬਾਵਜੂਦ ਜ਼ਿੰਦਗੀ ਭਰ ਮਾਨਸਿਕ ਤਣਾਓ ਦਾ ਸ਼ਿਕਾਰ ਰਿਹਾ। ਇਸ ਤਣਾਓ ਨੂੰ ਸਿਰੇ ਤੱਕ ਨਿਭਾਉਣਾ ਕਿਸੇ ਵੀ ਅਭਿਨੇਤਾ ਦੇ ਵੱਸ ਦਾ ਰੋਗ ਨਹੀਂ। ਸਤਿੰਦਰ ਸਰਤਾਜ ਦੋ ਪੁੜਾਂ ਵਿਚ ਠੀਕ ਹੀ ਪਿਸਿਆ। ਇੱਕ ਪਾਸੇ ਪਾਲਣ ਪੋਸਣ ਵਾਲਿਆਂ ਦਾ ਈਸਾਈ ਧਰਮ ਤੇ ਬਰਤਾਨਵੀ ਰਾਜ ਦੀ ਸ਼ਕਤੀ ਹੈ ਤੇ ਦੂਜੇ ਪਾਸੇ ਜੱਦੀ ਪੁਸ਼ਤੀ ਬਾਦਸ਼ਾਹੀ ਅਣਖੀਲਾ ਸਿੱਖ ਧਰਮ। ਉਸ ਦੀ ਪੇਸ਼ਕਾਰੀ ਦੋਨਾਂ ਪੁੜਾਂ ਵਿੱਚ ਪਿਸਣੀ ਹੀ ਸੀ।
ਫਿਲਮ ਗੁੰਝਲਦਾਰ ਜੀਵਨ ਦੀ ਤਸੱਲੀਬਖ਼ਸ਼ ਪੇਸ਼ਕਾਰੀ ਵਿਚ ਸਫ਼ਲ ਹੈ। ਇਸ ਦੀ ਸਫ਼ਲਤਾ ਦਾ ਇਕ ਪੈਮਾਨਾ ਇਹ ਵੀ ਹੈ ਕਿ ਇਸ ਨੇ ਕੁੱਲ ਦੁਨੀਆਂ ਵਿੱਚ ਮਹਾਰਾਜਾ ਦੇ ਜੀਵਨ ਨਾਲ ਸਬੰਧਤ ਵਾਦ ਵਿਵਾਦ ਨੂੰ ਜਨਮ ਦਿੱਤਾ ਹੈ ਜਿਨ੍ਹਾਂ ਵਿਚ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਨੂੰ ਪੰਜਾਬ ਲਿਆ ਕੇ ਉਸ ਦਾ ਸਸਕਾਰ ਸਿੱਖੀ ਮਰਿਆਦਾ ਨਾਲ ਕਰਨ ਦੀ ਮੰਗ ਪ੍ਰਮੁੱਖ ਹੈ।
ਜਿਥੋਂ ਤੱਕ ਮੇਰੇ ਨਿੱਜ ਦਾ ਸਬੰਧ ਹੈ ਮੈਨੂੰ ਇਸ ਦੇ ਪ੍ਰੀਮੀਅਰ ਸ਼ੋਅ ਉਤੇ ਚਿਰਾਂ ਦੇ ਮਿਲੇ ਸਾਥੀ ਮੁੜ ਮਿਲੇ। ਕੁਝ ਇਕ ਦੇ ਨਾਂ ਜਿਨ੍ਹਾਂ ਵਿਚ ਬਲਬੀਰ ਸਿੰਘ ਹਾਕ ਓਲੰਪੀਅਨ, ਸਿਆਸਤਦਾਨ ਬੀਰ ਦਵਿੰਦਰ ਸਿੰਘ, ਐਡਵੋਕੇਟ ਰਾਜਿੰਦਰ ਸਿੰਘ ਚੀਮਾ ਤੇ ਭਾਈ ਅਸ਼ੋਕ ਸਿੰਘ ਬਾਗੜੀਆ, ਸਾਹਿਤਕਾਰਾ ਦਲੀਪ ਕੌਰ ਟਿਵਾਣਾ, ਪੱਤਰਕਾਰਾਂ ਵਿਚੋਂ ਸੁਖਦੇਵ ਭਾਈ, ਜਗਤਾਰ ਸਿੰਘ ਤੇ ਕਰਮਜੀਤ ਸਿੰਘ ਅਤੇ ਅੱਧੀ ਦਰਜਨ ਮੇਰੇ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਹੁਣ ਕਦੀ ਕਦਾਈ ਹੀ ਮਿਲਦੇ ਹਾਂ। ਮਿਲਾਉਣ ਵਾਲਾ ਮੇਰਾ ਪੱਤਰਕਾਰ ਮਿੱਤਰ ਦਲਜੀਤ ਸਿੰਘ ਤੇ ਉਸ ਦੀ ਜੀਵਨ ਸਾਥਣ ਇੰਦਰਜੀਤ ਹਨ।
‘ਦੀ ਬਲੈਕ ਪ੍ਰਿੰਸ’ ਦੀ ਪੇਸ਼ਕਾਰੀ ਚੇਤੇ ਰਹੇਗੀ। ਮਿੱਤਰ ਮਿਲਣ ਕਰਕੇ ਹੋਰ ਵੀ। ਹੁਣ ਉਮਰਾਂ ਤੇ ਸਿਹਤ ਦੇ ਤਕਾਜ਼ੇ ਮਿੱਤਰ ਮਿਲਣੀਆਂ ਦੇ ਰਾਹ ਵਿਚ ਰੁਕਾਵਟਾਂ ਪਾਉਂਦੇ ਹਨ। ਫ਼ਿਲਮ ਰਾਜਸੀ ਦਾਇਰਿਆਂ ਤੋਂ ਪਾਰ ਜਾਂਦਿਆਂ ਸਿੱਖ ਰਾਜ ਦੇ ਆਖ਼ਰੀ ਵਾਰਸ ਬਾਰੇ ਭਰਮ-ਭੁਲੇਖੇ ਤੋੜਨ ਵਾਲੀ ਹੈ।‘ਦਾ ਬਲੈਕ ਪ੍ਰਿੰਸ’
ਪਾਲੀ ਭੁਪਿੰਦਰ ਸਿੰਘ
.
ਫਿਲਮ ਮੁੱਕੀ ਨੂੰ ਤਿੰਨ ਘੰਟੇ ਹੋ ਚੁੱਕੇ ਨੇ ਪਰ ਲੱਗਦਾ ਹੈ, ਮੈਂ ਹਾਲਾਂ ਵੀ ਦਲੀਪ ਸਿੰਘ ਕੋਲ ਬੈਠਾ ਹਾਂ. ਉਸਨੂੰ ਆਪਣੀ ਨਾਕਾਮੀ ਉੱਤੇ ਸ਼ੋਕ ਮਨਾਉਂਦਿਆਂ ਵੇਖਦਾਂ, ਆਪਣੇ ਖੋਹ ਲਏ ਗਏ ਬਚਪਨ ਅਤੇ ਰਾਜ ਲਈ ਉਦਾਸ ਹੁੰਦਿਆਂ… ਆਪਣੇ ਬਾਪ ਦੀ ਤਲਵਾਰ ਦਾ ਸੱਚਾ ਵਾਰਿਸ ਸਾਬਿਤ ਨਾ ਹੋ ਸਕਣ ਤੇ ਮਾਂ ਨਾਲ ਵਾਅਦਾ ਨਾ ਨਿਭਾ ਸਕਣ ਦਾ ਸੰਤਾਪ ਹੰਢਾਉਦਿਆਂ ਵੇਖਦਾਂ…
ਮੈਂ ਅਮਰੀਕਾ ਵਾਲੇ ਆਪਣੇ ਮਿੱਤਰਾਂ ਕੋਲੋਂ ਕਵੀ ਰਾਜ ਦਾ ਬਹੁਤ ਨਾਂ ਸੁਣਿਆ ਸੀ ਪਰ ਅੱਜ ਉਸਦਾ ਕੰਮ ਵੇਖ ਕੇ ਉਸਦੀ ਨਿਰਦੇਸ਼ਕੀ ਪ੍ਰਤਿਭਾ ਦਾ ਕਾਇਲ ਹੋ ਗਿਆ ਹਾਂ। ਸੀਨ-ਮੇਕਿੰਗ ਉੱਤੇ ਕਵੀਰਾਜ ਦੀ ਕਮਾਲ ਦੀ ਪਕੜ ਹ। ਹਾਲੀਵੁੱਡ ਫਿਲਮਾਂ ਵਰਗੇ ਨਿੱਕੇ-ਨਿੱਕੇ ਪਰ ਤਿੱਖੇ ਪ੍ਰਭਾਵਾਂ ਵਾਲੇ ਦ੍ਰਿਸ਼ ਹਨ। ਫਿਲਮ ਦੀ ਅਦਾਕਾਰੀ ਦਾ ਪੱਧਰ ਬਹੁਤ ਉੱਚਾ ਲੱਗਾ। ਸ਼ਬਾਨਾ ਤਾਂ ਸ਼ਬਾਨਾ ਹੈ। ਪਹਿਲੇ ਹੀ ਦ੍ਰਿਸ਼ ਵਿੱਚ ਜਦ ਦਲੀਪ ਨੂੰ ਆਖਦੀ ਹੈ, ”ਤੇਰੀ ਉਡੀਕ ਵਿੱਚ ਤਾਂ ਮੇਰੀਆਂ ਅੱਖਾਂ ਵੀ ਫਰੇਬ ਕਰ ਗਈਆਂ!” ਤਾਂ ਇੱਕ ਮਾਂ ਦੀ ਪੁੱਤ ਲਈ ਪੰਦਰਾਂ ਸਾਲ ਦੀ ਤੜਪ ਤੁਹਾਡੇ ਸਿਰ ਚੜ੍ਹ ਬੋਲਣ ਲੱਗਦੀ ਹੈ। ਹੈਰਾਨੀ ਤਾਂ ਸਤਿੰਦਰ ਸਰਤਾਜ ਦਾ ਕੰਮ ਵੇਖ ਕੇ ਹੋਈ। ਕਮਾਲ ਦੀ ਸੁਭਾਵਿਕ ਅਦਾਕਾਰੀ। ਪਹਿਲੀ ਹੀ ਫਿਲਮ ਨਾਲ ਉਸਨੇ ਆਪਣੀ ਗਾਇਕੀ ਵਾਂਗ ਆਪਣੀ ਅਦਾਕਾਰੀ ਦੀ ਵੀ ਵੱਖਰੀ ਕਲਾਸ ਸਥਾਪਿਤ ਕਰ ਲਈ ਹੈ। ਕਲਾਈਮੈਕਸ ਉੱਤੇ ਹਾਰ ਚੁੱਕੇ ਦਲੀਪ ਸਿੰਘ ਦੇ ਸੰਤਾਪ ਨੂੰ ਉਹਨੇ ਜਿਹੜੇ ਭਾਵਾਂ ਤੇ ਅਵਾਜ ਨਾਲ ਚਿਤਰਿਆ, ਉਹ ਬੇਮਿਸਾਲ ਹੈ। ਤੇ ਗੁਸਤਾਖੀ ਹੋਵੇਗੀ ਜੇ ਜੇਸਨ ਫਲੇਮਿੰਗ (ਡਾ. ਲੋਗਨ) ਦੀ ਤਰੀਫ ਨਾ ਕੀਤੀ ਜਾਵੇ ਤਾਂ। ਦੇਸ਼ ਨੂੰ ਮੁੜਦੇ ਦਲੀਪ ਉੱਤੇ ਹੱਕ ਜਾਂਦਾ ਵੇਖ ਉਸਦੇ ਅੰਦਰ ਦੀ ਨਿਰਾਸ਼ਾ ਉਸਦੇ ਸ਼ਬਦਾਂ ਵਿੱਚੋਂ ਨਹੀਂ, ਉਸਦੀਆਂ ਅੱਖਾਂ ਵਿੱਚੋਂ ਦਿਸਦੀ ਹੈ। ਫਿਲਮ ਦਾ ਬੈਕਗਰਾਉਂਡ ਸਕੋਰ ਖਾਸ ਕਰਕੇ ਇਸਦੇ ਭਾਵਪੂਰਤ ਦ੍ਰਿਸ਼ਾਂ ਦੀ ਬਹੁਤ ਵੱਡੀ ਵਿਸ਼ੇਸ਼ਤਾ ਹੈ।
ਭਾਵੇਂ ਫਿਲਮ ਖਾਲਸਾ ਰਾਜ ਦੇ ਪਤਨ ਲਈ ਸਾਰਾ ਦੋਸ਼ ਅੰਗਰੇਜੀ ਸਾਮਰਾਜ ਸਿਰ ਮੜ੍ਹਦੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਉਪਰੰਤ ਤਖਤ ਲਈ ਹੋਈ ਖਾਨਾਜੰਗੀ, ਸਾਜਿਸ਼ਾਂ ਤੇ ਗੱਦਾਰੀ ਬਾਰੇ ਚੁੱਪ ਰਹਿੰਦੀ ਹੈ, ਫਿਰ ਵੀ ਇਹ ਫਿਲਮ ਪੰਜਾਬ ਦੇ ਇਤਿਹਾਸ ਦੇ ਬਹੁਤ ਘੱਟ ਜਾਣੇ ਜਾਂਦੇ ਆਖਰੀ ਮਹਾਰਾਜੇ ਦਲੀਪ ਸਿੰਘ ਦੇ ਜੀਵਨ ਕਾਲ ਨੂੰ ਪੂਰੇ ਵਿਸਥਾਰ ਨਾਲ ਸਾਹਮਣੇ ਲੈ ਕੇ ਆਉਣ ਕਰਕੇ ਬਹੁਤ ਮਹੱਤਵਪੂਰਨ ਹੈ। ਫਿਲਮ ਮਹਿਜ਼ ਇਤਿਹਾਸਿਕ ਦਸਤਾਵੇਜ ਬਣਨ ਦੀ ਕੋਸ਼ਿਸ਼ ਨਹੀਂ ਕਰਦੀ ਦਿਸਦੀ। ਇਕ ਨਾਟਕੀ ਪੇਸ਼ਕਾਰੀ ਹੈ। ਜਿਸਦਾ ਬਹੁਤਾ ਫ਼ੋਕਸ ਮਹਾਰਾਣੀ ਜਿੰਦਾਂ ਅਤੇ ਦਲੀਪ ਸਿੰਘ ਦੀ ਆਪਣੇ ਖੋਹੇ ਜਾ ਚੁੱਕੇ ਰਾਜ ਅਤੇ ਵਿਰਸੇ ਲਈ ਤੜਪ ਵਿਖਾਉਣ ਉੱਤੇ ਹੈ ਤੇ ਇਹੀ ਇਸਦਾ ਮੁੱਖ ਆਕਰਸ਼ਨ ਹੈ।
ਕੁਝ ਕਮੀਆਂ ਵੀ ਨੇ। ਖਾਸ ਕਰਕੇ ਕਲਾਈਮੈਕਸ ਬਿਹਤਰ ਹੋ ਸਕਦਾ ਸੀ। (ਸਕ੍ਰੀਨਪਲੇ ਵੀ :)) ਪਰ ਪੰਜਾਬੀ ਇਤਿਹਾਸ ਹਾਲੀਵੁੱਡ ਦੇ ਰਾਹ ਪੈ ਗਿਆ ਹੈ, ਇਹੀ ਬਹੁਤ ਵੱਡੀ ਤਸੱਲੀ ਵਾਲੀ ਗੱਲ ਹੈ। ਅੱਜ ਤੱਕ ਤਾਂ ਇਸਨੂੰ ਪਾਲੀਵੁੱਡ ਵਾਲਿਆਂ ਵੀ ਆਪਣੇ ਥੜ੍ਹੇ ਤੇ ਨਹੀਂ ਸੀ ਚੜ੍ਹਨ ਦਿੱਤਾ। ਉਮੀਦ ਹੈ, ਸਾਡੇ ਹੋਰ ਨਾਇਕਾਂ ਬਾਰੇ ਵੀ ਫਿਲਮਾਂ ਬਣਨਗੀਆਂ ਤੇ ਇੱਕੋ ਸਮੇਂ ਕਈ-ਕਈ ਬੋਲੀਆਂ ਵਿੱਚ ਰਿਲੀਜ਼ ਹੋਇਆ ਕਰਨਗੀਆਂ, ਜਿਸ ਨਾਲ ਪੰਜਾਬੀ ਫਿਲਮਾਂ ਦੀ ਮਾਰਕਿਟ ਵੱਡੀ ਹੋਵੇਗੀ. ਕਾਮਨਾ ਹੈ…..

ਖਾਮੋਸ਼ੀ, ਖੌਲਦੇ ਖੂਤੇ ਸਿੱਖ ਰੂਹ ਦੀ ਤੜਪ ਹੈ ‘ਦ ਬਲੈਕ ਪ੍ਰਿੰਸ’
ਹਰਜੋਤ ਕੌਰ
ਧਰਮ ਦੀ ਆੜ ‘ਚ ਝੂਠ ਦਾ ਪਸਾਰਾ ਉਸ ਦੁਆਲੇ ਕਿਵੇਂ ਹੁੰਦੈ, ਇਹ ਸੱਚ ਦਰਸਾਉਂਦੀ ਹੈ ਫ਼ਿਲਮ ‘ਦ ਬਲੈਕ ਪ੍ਰਿੰਸ’। ਫ਼ਿਲਮ ਕੁਲ ਮਿਲਾ ਕੇ ਬਾ-ਕਮਾਲ ਹੈ ਪਰ ਕਿਤੇ-ਕਿਤੇ ਨੀਰਸ ਜਾਪਦੀ ਹੈ ਕਿਉਂਕਿ ਸਾਧਾਰਨ ਦਰਸ਼ਕਾਂ ਦੇ ਮਨਾਂ ‘ਚ ਆਉਂਦਾ ਹੈ ਕਿ ਕਿਉਂ ਨਹੀਂ ਇਨ੍ਹਾਂ ਨੇ ਕੁਝ (ਮਨੋਰੰਜਨ) ਕੀਤਾ? ਸੋ, ਜੇ ਤੁਸੀਂ ਮਨੋਰੰਜਨ ਤਲਾਸ਼ ਰਹੇ ਹੋ, ਮਸਾਲਾ ਤਲਾਸ਼ ਰਹੇ ਹੋ, ਤਾਂ ਇਹ ਫ਼ਿਲਮ ਤੁਹਾਡੇ ਲਈ ਨਹੀਂ ਹੈ। ਪਰ ਹਰ ਪੰਜਾਬੀ, ਖ਼ਾਸ ਤੌਰ ‘ਤੇ ਸਿੱਖ ਲਈ ਇਹ ਫ਼ਿਲਮ ਵੇਖਣੀ ਲਾਜ਼ਮੀ ਹੈ। ਖਾਮੋਸ਼ੀ, ਖੌਲਦੇ ਖੂਤੇ ਰੂਹ ਦੀ ਤੜਪ ਹੈ ‘ਮਹਾਰਾਜਾ ਦਲੀਪ ਸਿੰਘ’ (ਦਾ ਬਲੈਕ ਪ੍ਰਿੰਸ)। ਸਿੱਖ ਰਾਜ ਦੇ ਖੁੱਸਣ ਤੋਂ ਬਾਅਦ ਧੋਖਾ-ਫ਼ਰੇਬ ਅਤੇ ਧਰਮ ਦੀ ਆੜ ‘ਚ ਝੂਠ ਦਾ ਪਸਾਰਾ ਉਸ ਦੁਆਲੇ ਕਿਵੇਂ ਹੁੰਦੈ, ਇਹ ਸਭ ਦਰਸਾਉਂਦੀ ਹੈ ਇਹ ਫ਼ਿਲਮ। ਸਿੱਖ ਇਤਿਹਾਸ ਦੇ ਸੁਨਹਿਰੇ ਪੰਨੇ ਜੋ ਝੂਠੀਆਂ ਅਫ਼ਵਾਹਾਂ, ਬਦਨਾਮੀ ਤੇ ਗੱਦਾਰੀ ਦੇ ਮਲਬੇ ਹੇਠ ਕਿਤੇ ਲੁਕਿਆ ਹੋਇਆ ਸੀ, ਉਨ੍ਹਾਂ ਨੂੰ ਦਰਸਾਉਂਦੀ ਹੈ ‘ਮਹਾਰਾਜਾ ਦਲੀਪ ਸਿੰਘ’। ਬ੍ਰਿਲਸਟੇਨ ਐਂਟਰਟੇਨਮੈਂਟ ਪਾਰਟਨਰਸ ਦੀ ਨਿਰਮਾਤਾ ਜਸਜੀਤ ਸਿੰਘ ਅਤੇ ਨਿਰਦੇਸ਼ਕ ਕਵੀ ਰਾਜ ਦੀ ਇਹ ਫ਼ਿਲਮ ਆਪਣੇ-ਆਪ ‘ਚ ਇਕ ਇਤਿਹਾਸ ਸਿਰਜਣ ਦੀ ਸਮਰੱਥਾ ਰੱਖਦੀ ਹੈ।
ਫ਼ਿਲਮ ਦੀ ਕਹਾਣੀ ਸਭ ਪੰਜਾਬੀਆਂ ਨੂੰ ਪਤਾ ਹੈ ਕਿ ਸਿੱਖ ਰਾਜ ਕਿਵੇਂ ਗਿਆ ਅਤੇ ਉਸ ਤੋਂ ਬਾਅਦ ਉਸ ਦੇ ਆਖ਼ਰੀ ਰਾਜੇ ਨੂੰ ਕਿਸ ਤਰ੍ਹਾਂ ਗੁੰਮਰਾਹ ਕਰਕੇ ਉਸ ਦੁਆਲੇ ਝੂਠ ਤੇ ਫ਼ਰੇਬ ਦੀਆਂ ਕੰਧਾਂ ਬਣਾ ਕੇ ਉਸ ਦੀ ਪਰਵਰਸ਼ ਹੋਈ ਤੇ ਫਿਰ ਕਿਸ ਤਰ੍ਹਾਂ ਝੂਠ ਦੀ ਉਸ ਚਾਰ-ਦੀਵਾਰੀ ‘ਚੋਂ ਬਾਹਰ ਨਿਕਲ ਕੇ ਉਹ ਆਪਣੇ ਰਾਜ-ਭਾਗ ਨੂੰ ਹਾਸਲ ਕਰਨ ਲਈ ਤੜਫ ਕੇ ਉਠਦਾ ਹੈ। ਅਸਲ ‘ਚ ਕਹਾਣੀ ਹੈ ਆਪਣੇ ਵਜੂਦ ਦੀ, ਆਪਣੇ-ਆਪ ਨੂੰ ਪਛਾਨਣ ਦੀ। ਫ਼ਿਲਮ ‘ਚ ਸਤਿੰਦਰ ਸਰਤਾਜ ਨੇ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਨਿਭਾਉਣ ਦੀ ਵੱਡੀ ਜ਼ਿੰਮੇਵਾਰੀ ਨਿਭਾਈ ਹੈ। ਕਿਸੇ ਲਈ ਵੀ ਸ਼ੇਰ-ਏ-ਪੰਜਾਬ ਦੇ ਫ਼ਰਜ਼ੰਦ ਦਾ ਕਿਰਦਾਰ ਨਿਭਾਉਣਾ, ਉਹ ਵੀ ਆਪਣੀ ਪਹਿਲੀ ਫ਼ਿਲਮ ‘ਚ ਬਹੁਤ ਮੁਸ਼ਕਲ ਹੈ ਪਰ ਸਰਤਾਜ ਨੇ ਤਨਦੇਹੀ ਨਾਲ ਆਪਣੀ ਕੋਸ਼ਿਸ਼ ਕੀਤੀ ਹੈ। ਇਕ ਸਿੱਖ ਬੱਚਾ ਜਿਸ ਨੂੰ ਈਸਾਈ ਬਣਾ ਦਿੱਤਾ ਜਾਂਦਾ ਹੈ, ਕਿਸ ਤਰੀਕੇ ਨਾਲ ਉਸ ਨੂੰ ਅੰਗਰੇਜ਼ੀ ਰੰਗ-ਢੰਗ ‘ਚ ਢਾਲ ਦਿੱਤਾ ਜਾਂਦਾ ਹੈ, ਕਿਸ ਤਰ੍ਹਾਂ ਉਸ ਦੀ ਪਛਾਣ ਤੋਂ ਉਸ ਨੂੰ ਵਿਰਵਾ ਰਖਿਆ ਜਾਂਦਾ ਹੈ, ਇਹ ਸਭ ਸਰਤਾਜ ਨੇ ਆਪਣੇ ਕਿਰਦਾਰ ‘ਚ ਉਤਾਰਿਆ ਹੈ।
ਸ਼ਬਾਨਾ ਆਜ਼ਮੀ ਨੇ ਰਾਣੀ ਜਿੰਦ ਕੌਰ ਦਾ ਕਿਰਦਾਰ ਨਿਭਾਇਆ ਹੈ, ਜੋ ਕੋਈ ਹੋਰ ਨਹੀਂ ਨਿਭਾ ਸਕਦਾ ਸੀ। ਇਕ ਮਾਂ ਦਾ ਆਪਣੇ ਪੁੱਤਰ ਦੇ ਵਿਜੋਗ ‘ਚ ਵਿਰਲਾਪ ਅਤੇ ਇਕ ਮਹਾਰਾਣੀ ਦਾ ਮਾਣ-ਸਨਮਾਨ ਆਪਣੇ ਕਿਰਦਾਰ ‘ਚ ਖੁੱਭ ਕੇ ਵਿਖਾਇਆ ਹੈ ਸ਼ਬਾਨਾ ਆਜ਼ਮੀ ਨੇ। ਮਹਾਰਾਣੀ ਵਿਕਟੋਰੀਆ ਦਾ ਕਿਰਦਾਰ ਅਮਾਂਡਾ ਰੂਟ ਨੇ ਨਿਭਾਇਆ ਹੈ ਅਤੇ ਰਾਣੀ ਦਾ ਘਮੰਡ ਉਸ ਦੀ ਮੁਸਕੁਰਾਹਟ ਪਿਛਲੇ ਫ਼ਰੇਬ ਨੂੰ ਅਮਾਂਡਾ ਨੇ ਬਾਖੂਬੀ ਪੇਸ਼ ਕੀਤਾ ਹੈ। ਇਕ ਹੋਰ ਅਹਿਮ ਕਿਰਦਾਰ ਹੈ ਡਾ. ਲੋਗਨ ਦਾ, ਜੋ ਜੇਸਨ ਫ਼ਲੇਮਿੰਗ ਨੇ ਪਰਦੇ ‘ਤੇ ਉਤਾਰਿਆ ਹੈ ਤੇ ਜੇਸਨ ਨੇ ਇਸ ਕਿਰਦਾਰ ਨਾਲ ਇਨਸਾਫ਼ ਕੀਤਾ ਹੈ। ਇਸ ਤੋਂ ਇਲਾਵਾ ਹੋਰ ਕਈ ਅਦਾਕਾਰ ਨੇ ਜਿਨ੍ਹਾਂ ਨੇ ਆਪਣੇ-ਆਪਣੇ ਕਿਰਦਾਰ ਵਧੀਆ ਨਿਭਾਏ ਹਨ, ਜਿਵੇਂ ਰੂਪ ਮੇਗਨ, ਅਮੀਤ ਚੰਨਾ ਤੇ ਹੋਰ।
ਫ਼ਿਲਮ ਦਾ ਨਿਰਦੇਸ਼ਨ ਕਵੀ ਰਾਜ ਨੇ ਕੀਤਾ ਹੈ ਅਤੇ ਬਹੁਤ ਖੂਬਸੂਰਤੀ ਨਾਲ ਕੀਤਾ ਹੈ। ਇਸ ਦਾ ਸੰਗੀਤ ਜਾਰਜ ਕੈਲਿਸ ਨੂੰ ਦਿੱਤਾ ਹੈ, ਜੋ ਕਹਾਣੀ ਪਿੱਛੇ ਚੰਗਾ ਲੱਗਦੈ ਪਰ ਕੈਮਰਾ ਤੇ ਗੀਤਾਂ ਦੇ ਬੋਲ ਫ਼ਿਲਮ ‘ਚ ਜਾਨ ਪਾਉਂਦੇ ਨੇ। ਕਮਾਲ ਦੇ ਬੋਲ ਨੇ ਹਰ ਗੀਤ ਦੇ, ਜੋ ਮਹਾਰਾਜਾ ਦਲੀਪ ਸਿੰਘ ਦੇ ਮਨ ਦੇ ਭਾਵਾਂ ਨੂੰ ਪਰਦੇ ‘ਤੇ ਉਤਾਰਦੇ ਨੇ। ਸਤਿੰਦਰ ਸਰਤਾਜ ਅਤੇ ਸੀਤਾ ਮੰਗਨਾਨੀ ਹੰਸ ਨੇ ਫ਼ਿਲਮ ਦੇ ਗੀਤ ਲਿਖੇ ਨੇ, ਜੋ ਵਾਕਿਆ ਈ ਕਾਬਿਲੇ-ਤਾਰੀਫ਼ ਹਨ। ਫ਼ਿਲਮ ਕੁਲ ਮਿਲਾ ਕੇ ਬਾ-ਕਮਾਲ ਹੈ ਪਰ ਜਿਹੜੇ ਮਨੋਰੰਜਨ ਤਲਾਸ਼ਦੇ ਨੇ ਮਸਾਲਾ ਤਲਾਸ਼ ਰਹੇ ਨੇ, ਇਹ ਉਨ੍ਹਾਂ ਲਈ ਨਹੀਂ ਹੈ। ਪਰ ਹਰ ਪੰਜਾਬੀ, ਖ਼ਾਸ ਤੌਰ ‘ਤੇ ਸਿੱਖ ਲਈ ਇਹ ਫ਼ਿਲਮ ਵੇਖਣੀ ਲਾਜ਼ਮੀ ਹੈ।
(‘ਰੋਜ਼ਾਨਾ ਸਪੋਕਸਮੈਨ’ ‘ਚੋਂ ਧੰਨਵਾਦ ਸਹਿਤ)

ਇੱਕ ਫੇਸਬੁੱਕੀ ਪ੍ਰਸੰਸਕ ਦੀ ਟਿੱਪਣੀ 
ਪੰਜਾਬੀ ਗਾਇਕਾਂ ਦੀ ਸਾਜਿਸ਼ੀ ਚੁੱਪ !!!!
ਜਿਓਂ ਜਿਓਂ ਸਰਤਾਜ ਦੀ ‘ਦ ਬਲੈਕ ਪ੍ਰਿੰਸ’ ਬਿਜਨਸ ਕਰ ਰਹੀ ਆ, ਘਟੀਆ ਜਿਹੇ ਦਰਜੇ ਦੀ ਕਮੇਡੀ ਨਾਲ ਫ਼ਿਲਮਾਂ ਚਲਾ ਕੇ ਆਮਿਰ ਖਾਨ ਦੀ ਫੀਲਿੰਗ ਲੈਣ ਵਾਲੇ ਗਾਉਣ ਵਾਲਿਆਂ ਨੂੰ ਮਿਰਗੀ ਪੈਣ ਵਾਲਾ ਕੰਮ ਹੋਇਆ ਪਿਆ… ਗਿੱਪੀ ਛਿੱਪੀ ਵਰਗਿਆਂ ਦੀਆਂ ਜਾਅਲੀ ਫ਼ਿਲਮਾਂ ਤੇ ਗਾਣਿਆਂ ਨੂੰ ਪੇਜਾਂ ਤੇ ਪਾ ਕੇ ਕਹਿਣਗੇ ‘ਬਾਈ ਦਾ ਬਹੁਤ ਵਧੀਆ ਗਾਣਾ ਜਾਂ ਫਿਲਮ ਆਈ ਆ ਕਰੋ ਦੱਬ ਕੇ ਸ਼ੇਅਰ’, ਸਰਤਾਜ ਦੀ ਫਿਲਮ ਨੀਂ ਸ਼ੇਅਰ ਕੀਤੀ ਕਿਓਂ ਘਟੀਆ ਸੀ?
ਇਹਨਾਂ ਨੂੰ ਇਹ ਸ਼ੱਕ ਸੀ ਕਿ ਜੇ ਅਸੀਂ ਸ਼ੇਅਰ ਨਾ ਕੀਤੀ ਖਬਰੇ ਫਿਲਮ ਚੱਲਣੀ ਹੀ ਨੀ… ਨਾ ਉਹ ਕਾਲਜਾਂ ਚ ਪ੍ਰਮੋਸ਼ਨ ਕਰਨ ਗਿਆ, ਨਾ ਸਿਨਮਿਆਂ ਚ ਫਿਲਮ ਕਰੋੜਾਂ ਦੀ ਕਮਾਈ ਕਰਗੀ ਪਹਿਲੇ ਹਫਤੇ ਵਿਚ ਹੀ… ਅਗਲਾ ਹਾਲੀਵੁੱਡ ਚ ਝੰਡੇ ਗੱਡੀ ਬੈਠਾ, ਦੁੱਕੀ ਤਿੱਕੀ ਵਾਂਗੂੰ ਬਿੰਨੂ ਢਿੱਲੋਂ ਦਾ ਆਸਰਾ ਨੀਂ ਲੈਂਦਾ ਫਿਲਮ ਹਿੱਟ ਕਰਾਉਣ ਨੂੰ…
ਸਰਤਾਜ ਸਣੇ ਸਾਰੀ ਟੀਮ ਨੂੰ ਸਲਾਮ ਆ ਜਿਹਨੇ ਸਾਡਾ ਇਤਿਹਾਸ ਪਰਦੇ ਤੇ ਲਿਆਂਦਾ… ਕਮਾਈ ਤਾਂ ਜਿਹੜੀ ਕੀਤੀ ਉਹ ਅਲੱਗ ਪਰ ਅੱਗੋਂ ਵੱਡੇ ਫਿਲਮ ਨਿਰਮਾਤਮਾਵਾਂ ਨੂੰ ਵੀ ਹੌਂਸਲਾ ਮਿਲੇਗਾ ਕਿ ਸਿੱਖ ਇਤਿਹਾਸ ਤੇ ਫਿਲਮ ਬਣਾਉਣਾ ਕੋਈ ਘਾਟੇ ਦਾ ਸੌਦਾ ਨੀ..

ਸਿੱਖ ਇਤਿਹਾਸ ਨਾਲ ਗੂੜ੍ਹੀ ਤਰ੍ਹਾਂ ਜੋੜਦੀ ਹੈ ‘ਦ ਬਲੈਕ ਪ੍ਰਿੰਸ’
ਹਾਲੀਵੁੱਡ ਦੀ ਫਿਲਮ ‘ਚ ਆਖਰੀ ਸਿੱਖ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਦਾ ਮਾਰਮਿਕ ਚਿੱਤਰਣ
ਜਲੰਧਰ/ਬਿਊਰੋ ਨਿਊਜ਼:
ਦੁਨੀਆ ਭਰ ਵਿਚ ਸ਼ੁਕਰਵਾਰ 21 ਜੁਲਾਈ ਨੂੰ ਅਗਰੇਜ਼ੀ ਅਤੇ ਪੰਜਾਬੀ ‘ਚ ਰਿਲੀਜ਼ ਹੋਈ ਭਾਰਤੀ ਮੂਲ ਦੇ ਬ੍ਰਿਟਿਸ਼ ਲੇਖਕ ਅਤੇ ਨਿਰਦੇਸ਼ਕ ਕਵੀ ਰਾਜ ਵੱਲੋਂ ਨਿਰਦੇਸ਼ਤ ਫ਼ਿਲਮ ‘ਦ ਬਲੈਕ ਪ੍ਰਿੰਸ’ ਇਕ ਇਤਿਹਾਸਕ ਦਸਤਾਵੇਜ਼ ਬਣ ਗਈ ਹੈ। ਜੋ ਸਿੱਖ ਸਾਮਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ‘ਤੇ ਅਧਾਰਿਤ ਹੈ, ਜਿਸ ਵਿਚ ਮੁਖ ਭੂਮਿਕਾ ਗਾਇਕ ਤੋਂ ਅਦਾਕਾਰ ਬਣੇ ਸਤਿੰਦਰ ਸਰਤਾਜ ਮਹਾਰਾਜਾ ਦਲੀਪ ਸਿੰਘ, ਸ਼ਬਾਨਾ ਆਜ਼ਮੀ ਮਹਾਰਾਣੀ ਜਿੰਦਾਂ. ਅਮਾਂਡਾ ਰੂਟ ਮਹਾਰਾਣੀ ਵਿਕਟੋਰੀਆ ਤੇ ਰੱਪ ਮੈਗਾਨ ਨੇ ਅਰੂੜ ਸਿੰਘ ਦੀ ਭੂਮਿਕਾ ਨਿਭਾਈ ਹੈ। ਇਨ੍ਹਾਂ ਕਲਾਕਾਰਾਂ ਨੇ ਅਪਣੀ ਦਮਦਾਰ ਅਦਾਕਾਰੀ ਅਤੇ ਨਿਰਦੇਸ਼ਕ ਕਵੀ ਰਾਜ ਦੀ ਨਿਰਦੇਸ਼ਨਾ ਨਾਲ ਫ਼ਿਲਮ ਨੂੰ ਯਾਦਗਾਰੀ ਬਣਾ ਦਿੱਤਾ ਹੈ। ਫ਼ਿਲਮ ਦੋ ਸੱਭਿਆਤਾਵਾਂ ਨੂੰ ਆਪਸ ਭਿੜਾਉਣ ਅਤੇ ਗੋਰਿਆਂ ਦੀ ਦੋਗਲੀ ਨੀਤੀ ਦੀ ਗਵਾਹੀ ਭਰਦੀ ਹੈ। ਫ਼ਿਲਮ ‘ਚ ਦਿਖਾਇਆ ਗਿਆ ਹੈ ਕਿ ਕਿਵੇਂ ਗੋਰਿਆਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਪਿਛੋਂ ਪੰਜਾਬ ‘ਤੇ ਕਬਜ਼ਾ ਕੀਤਾ ਅਤੇ 5 ਸਾਲ ਦੇ ਦਲੀਪ ਸਿੰਘ ਨੂੰ ਆਪਣੀ ਮਾਂ ਤੋਂ ਜੁਦਾ ਕਰ ਦਿੱਤਾ ਅਤੇ ਆਪਣੇ ਨਾਲ ਇੰਗਲੈਂਡ ਲੈ ਗਏ। ਉਥੇ ਉਸ ਦਾ ਪਾਲਣ ਪੋਸ਼ਣ ਕ੍ਰਿਸਚੀਅਨ ਸੱਭਿਅਤਾ ਮੁਤਾਬਿਕ ਹੋਇਆ। ਪਰ ਜਦੋਂ ਉਸ ਨੂੰ ਆਪਣੇ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਫ਼ਿਲਮ ‘ਚ ਦਿਖਾਇਆ ਗਿਆ ਹੈ ਕਿ ਮਹਾਰਾਜਾ ਦਲੀਪ ਸਿੰਘ ਦੋ ਵਾਰ ਹਿੰਦੋਸਤਾਨ ਆਏ। ਇਕ ਵਾਰ ਆਪਣੀ ਮਾਂ ਮਹਾਰਾਣੀ ਜਿੰਦਾਂ ਨੂੰ ਮਿਲਣ ਲਈ ਕਲਕੱਤੇ ਆਏ ਤੇ ਉਸ ਨੂੰ ਨਾਲ ਹੀ ਇੰਗਲੈਂਡ ਲੈ ਗਏ ਅਤੇ ਇਕ ਵਾਰ ਆਪਣੀ ਮਾਂ ਦਾ ਸਸਕਾਰ ਕਰਨ ਲਈ ਬੰਬੇ ਆਏ, ਜਿਸ ਦੀ ਮੌਤ ਇੰਗਲੈਂਡ ਵਿਖੇ ਹੋਈ ਸੀ। ਪਰ ਦੋਨੋਂ ਵਾਰੀ ਉਹ ਪੰਜਾਬ ਨਹੀਂ ਆ ਸਕੇ। ਪਰ ਜਦੋਂ ਉਨ੍ਹਾਂ ਜ਼ਿੰਦਗੀ ‘ਚ ਆਪਣੀ ਪਹਿਚਾਣ ਮਹਾਰਾਜੇ ਦੇ ਰੂਪ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬ੍ਰਿਟਿਸ਼ ਹਕੂਮਤ ਨੂੰ ਪਸੰਦ ਨਹੀਂ ਆਈ ਅਤੇ ਮਹਾਰਾਜਾ ਦਲੀਪ ਸਿੰਘ ਨੇ ਬ੍ਰਿਟਿਸ਼ ਹਕੂਮਤ ਖਿਲਾਫ਼ ਬਗਾਵਤ ਕਰ ਦਿੱਤੀ। ਇਸ ਬਗਾਵਤ ਦੌਰਾਨ ਆਪਣਿਆਂ ਨੇ ਹੀ ਮਹਾਰਾਜਾ ਨਾਲ ਗ਼ਦਾਰੀ ਕਰਕੇ ਦੁਬਾਰਾ ਸਿੱਖ ਰਾਜ ਸਥਾਪਤ ਹੋਣ ਤੋਂ ਪਹਿਲਾਂ ਹੀ ਖ਼ਤਮ ਕਰ ਦਿੱਤਾ। ਫ਼ਿਲਮ ‘ਚ ਦਿਖਾਇਆ ਗਿਆ ਹੈ ਕਿ ਮਹਾਰਾਜਾ ਦਲੀਪ ਸਿੰਘ ਦੇ ਸਪੁੱਤਰ ਵਿਕਟਰ ਨੇ ਆਪਣੇ ਪਿਤਾ ਨੂੰ ਮਹਾਰਾਣੀ ਵਿਕਟੋਰੀਆ ਅੱਗੇ ਆਤਮ ਸਮਰਪਣ ਦੀ ਸਲਾਹ ਦਿੱਤੀ, ਜੋ ਉਸ ਨੇ ਨਾਮਨਜ਼ੂਰ ਕਰ ਦਿੱਤੀ। ਆਖਰ ਸੰਨ 1893 ‘ਚ ਪੈਰਿਸ ਵਿਖੇ ਮਹਾਰਾਜਾ ਦਲੀਪ ਸਿੰਘ ਨੇ ਦਮ ਤੋੜ ਦਿੱਤਾ। ਫ਼ਿਲਮ ‘ਚ ਕਲਾਕਾਰਾਂ ਦੀ ਚੋਣ ਇਸ ਨੂੰ ਹੋਰ ਵੀ ਪ੍ਰਭਾਵੀ ਬਣਾਉਂਦੀ ਹੈ। ਫ਼ਿਲਮ ਦੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਬਹੁਤ ਸਰਾਹਿਆ ਗਿਆ। ਫ਼ਿਲਮ ਇਤਿਹਾਸਕ ਹੋਣ ਕਰਕੇ ਇਸ ਵਿਚ ਫ਼ਿਲਮੀ ਮਸਾਲਾ ਨਹੀਂ ਹੈ।