ਬਹੁਤੇ ਅਮਰੀਕੀਆਂ ਲਈ ਭਵਿੱਖ ਵਿਚ 9-11 ਵਰਗਾ ਅੱਤਵਾਦੀ ਹਮਲਾ ਰੋਕਣਾ ਉੱਚ ਤਰਜੀਹ

ਬਹੁਤੇ ਅਮਰੀਕੀਆਂ ਲਈ ਭਵਿੱਖ ਵਿਚ 9-11 ਵਰਗਾ ਅੱਤਵਾਦੀ ਹਮਲਾ ਰੋਕਣਾ ਉੱਚ ਤਰਜੀਹ

... ਤਾਜਾ ਸਰਵੇਖਣ ਵਿਚ ਹੋਇਆ ਖੁਲਾਸਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਇਕ ਤਾਜਾ ਸਰਵੇਖਣ ਵਿਚ ਬਹੁਤੇ ਅਮਰੀਕੀਆਂ ਨੇ ਕਿਹਾ ਹੈ ਕਿ ਵਿਦੇਸ਼ ਨੀਤੀ ਵਿਚ ਭਵਿੱਖ ਵਿਚ 9-11 ਵਰਗਾ ਅੱਤਵਾਦੀ ਹਮਲਾ ਰੋਕਣ ਦਾ ਮੁੱਦਾ ਚੋਟੀ ਦੀ ਤਰਜੀਹ ਵਜੋਂ ਸ਼ਾਮਿਲ ਹੋਣਾ ਚਾਹੀਦਾ ਹੈ ਨਾ ਕਿ ਵਿਸ਼ਵ ਭਰ ਵਿਚ ਲੋਕਤੰਤਰ ਨੂੰ ਉਤਸ਼ਾਹਿਤ ਕਰਨਾ ਤੇ ਮਨੁੱਖੀ ਹੱਕ ਉੱਚ ਤਰਜੀਹ ਵਿਚ ਸ਼ਾਮਿਲ ਹੋਣ ਜਿਵੇਂ ਕਿ ਸਮੇ ਸਮੇ 'ਤੇ ਬਣੇ ਰਾਸ਼ਟਰਪਤੀਆਂ ਜਾਂ ਅਮਰੀਕੀ ਪ੍ਰਸ਼ਾਸਨ ਦੀ ਤਰਜੀਹ ਰਹੇ ਹਨ। ਇਸ ਤੋਂ ਇਲਾਵਾ ਗੈਰ ਕਾਨੂੰਨੀ ਡਰੱਗ ਦੇ ਵਹਾਅ ਨੂੰ ਰੋਕਣਾ ਦੂਸਰੀ ਤੇ ਪ੍ਰਮਾਣੂ ਹਥਿਆਰਾਂ ਦੇ ਪਸਾਰ ਨੂੰ ਰੋਕਣਾ ਤੀਸਰੀ ਤਰਜੀਹ ਵਜੋਂ ਵਿਦੇਸ਼ ਨੀਤੀ ਦੀ ਸੂਚੀ ਵਿਚ ਸ਼ਾਮਿਲ ਹੋਣੇ ਚਾਹੀਦੇ ਹਨ। ਇਸ ਸਰਵੇਖਣ ਅਨੁਸਾਰ ਰੂਸ ਤੇ ਚੀਨ ਦੇ ਪ੍ਰਭਾਵ ਨੂੰ ਘਟਾਉਣਾ ਤੇ ਵਾਤਾਵਰਣ ਤਬਦੀਲੀ ਨਾਲ ਲੜਨਾ ਅਮਰੀਕੀਆਂ ਵੱਲੋਂ ਸੂਚੀ ਦੇ ਮੱਧ ਵਿਚ ਸ਼ਾਮਿਲ ਕੀਤੇ ਗਏ ਹਨ। ਜਦ ਕਿ ਸੰਯੁਕਤ ਰਾਸ਼ਟਰ ਨੂੰ ਮਜਬੂਤ ਕਰਨਾ ਤੇ ਮਨੁੱਖੀ ਹੱਕਾਂ ਨੂੰ ਉਤਸ਼ਾਹਿਤ ਕਰਨਾ ਸੂਚੀ ਦੀਆਂ ਹੇਠਲੀਆਂ ਤਰਜੀਹਾਂ ਵਿਚ ਦਰਜ ਹੋਏ ਹਨ। ਸਰਵੇ ਵਿਚ ਵਿਸ਼ਵ ਭਰ ਵਿਚ ਲੋਕਤੰਤਰ ਨੂੰ ਉਤਸ਼ਾਹਿਤ ਕਰਨ ਦੇ ਮੁੱਦੇ ਨੂੰ ਸੂਚੀ ਵਿਚ ਸਭ ਤੋਂ ਹੇਠਾਂ ਜਗਾ ਮਿਲੀ ਹੈ। ਪੀਊ ਰਿਸਰਚ ਸੈਂਟਰ ਨੇ ਅਪ੍ਰੈਲ ਦੇ ਪਹਿਲੇੇ ਹਫਤੇ ਵਿਚ ਅਮਰੀਕੀ ਵਿਦੇਸ਼ ਨੀਤੀ ਦੀਆਂ ਤਰਜੀਹਾਂ ਸਬੰਧੀ 3000 ਅਮਰੀਕੀਆਂ ਦੀ ਰਾਏ ਲਈ ਸੀ। 11 ਸਤੰਬਰ,2001 ਨੂੰ ਅਮਰੀਕੀ ਟਰੇਡ ਟਾਵਰਾਂ 'ਤੇ ਹੋਏ ਭਿਆਨਕ ਅੱਤਵਾਦੀ ਹਮਲੇ ਜਿਸ ਵਿਚ 35 ਭਾਰਤੀਆਂ ਸਮੇਤ 3000 ਦੇ ਕਰੀਬ ਲੋਕ ਮਾਰੇ ਗਏ ਸਨ, ਦੀਆਂ ਯਾਦਾਂ ਨੂੰ ਮੰਨਾਂ ਵਿਚ ਵਸਾਈ ਬੈਠੇ 73% ਅਮਰੀਕੀਆਂ ਨੇ ਕਿਹਾ ਹੈ ਕਿ ਵਿਦੇਸ਼ੀ ਨੀਤੀ ਦੀ ਸਿਰੇ ਦੀ ਤਰਜੀਹ ਭਵਿੱਖ ਵਿਚ ਅੱਤਵਾਦੀ ਹਮਲੇ ਰੋਕਣ ਦੀ ਹੋਣੀ ਚਾਹੀਦੀ ਹੈ। 64% ਅਮਰੀਕੀਆਂ ਨੇ ਕਿਹਾ ਹੈ ਕਿ ਦੇਸ਼ ਵਿਚ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਵਹਾਅ ਨੂੰ ਰੋਕਣਾ ਦੂਸਰੀ ਉੱਚ ਤਰਜੀਹ ਹੋਣੀ ਚਾਹੀਦੀ ਹੈ ਜਦ ਕਿ 63% ਨੇ ਕਿਹਾ ਹੈ ਕਿ ਵਿਆਪਕ ਤਬਾਹੀ ਵਾਲੇ ਪ੍ਰਮਾਣੂ ਹਥਿਆਰਾਂ ਦੇ ਪਸਾਰ ਨੂੰ ਰੋਕਣਾ ਵਿਦੇਸ਼ ਨੀਤੀ ਦੀ ਤੀਸਰੀ ਤਰਜੀਹ ਹੋਵੇ।