ਗੋਰੇ ਲੁਟੇਰੇ ਯਾਤਰੀ ਵੱਲੋਂ ਸਿੱਖ ਟੈਕਸੀ ਡਰਾਈਵਰ ’ਤੇ ਚਾਕੂ ਨਾਲ ਹਮਲਾ

ਗੋਰੇ ਲੁਟੇਰੇ ਯਾਤਰੀ ਵੱਲੋਂ ਸਿੱਖ ਟੈਕਸੀ ਡਰਾਈਵਰ ’ਤੇ ਚਾਕੂ ਨਾਲ ਹਮਲਾ

ਆਕਲੈਂਡ: ਬੀਤੇ ਦਿਨੀਂ ਵੇਲਿੰਗਟਨ ਸਥਿਤ ਟੈਕਸੀ ਕੰਪਨੀ ‘ਹੱਟ ਐਂਡ ਸਿਟੀ’ ਵਿਚ ਟੈਕਸੀ ਬਿਜ਼ਨਸ ਕਰ ਰਹੇ ਡਰਾਈਵਰ ਹਰਪ੍ਰੀਤ ਸਿੰਘ ਦੀ ਉਸ ਵੇਲੇ ਜਾਨ ਬੱਚ ਗਈ ਜਦੋਂ ਇਕ 30 ਸਾਲਾ ਗੋਰਾ ਵਿਅਕਤੀ ਜੋ ਕਿ ਸਵਾਰੀ ਦੇ ਰੂਪ ਵਿਚ ਆਇਆ ਸੀ ਅਤੇ ਕੁਝ ਕੁ ਮਿੰਟਾਂ ਬਾਅਦ ਰਸਤੇ ਵਿਚ ਟੈਕਸੀ ਰੁਕਵਾ ਕੇ ਗਰਦਨ ’ਤੇ ਚਾਕੂ ਨਾਲ ਹਮਲਾ ਕਰਨ ਅਤੇ ਪੈਸੇ ਦੀ ਮੰਗ ਕਰਨ ਲੱਗਾ ਸੀ। ਘਟਨਾ ਤੋਂ ਪਹਿਲਾਂ ਉਸ ਨੇ ਟੈਕਸੀ ਸਟੈਂਡ ’ਤੇ ਆ ਕੇ ਵਾਟਰਲੂ ਦੁਕਾਨਾਂ ’ਤੇ ਜਾਣ ਵਾਸਤੇ ਕਿਹਾ। ਉਹ ਮੂਹਰਲੀ ਸੀਟ ’ਤੇ ਬੈਠਾ ਸੀ ਅਤੇ ਉਸ ਕੋਲ ਇਕ ਬੈਗ ਵੀ ਸੀ। 

ਉਸ ਨੇ ਸੁੰਨਸਾਨ ਰਸਤੇ ’ਤੇ ਜਿੱਥੇ ਹਨੇਰਾ ਸੀ, ਟੈਕਸੀ ਰੁਕਵਾ ਲਈ। ਉਸ ਨੇ ਬੈਗ ਵਿਚੋਂ ਰਸੋਈ ਵਾਲਾ ਚਾਕੂ ਕੱਢ ਕੇ ਟੈਕਸੀ ਚਾਲਕ ਹਰਪ੍ਰੀਤ ਸਿੰਘ ਦੀ ਗਰਦਨ ’ਤੇ ਰੱਖ ਦਿੱਤਾ ਅਤੇ ਪੈਸੇ ਮੰਗਣ ਲੱਗਾ। ਹਰਪ੍ਰੀਤ ਸਿੰਘ ਨੇ ਹੁਸ਼ਿਆਰੀ ਨਾਲ ਉਸ ਦਾ ਗੁੱਟ ਇਕ ਹੱਥ ਨਾਲ ਫੜ ਲਿਆ ਅਤੇ ਦੂਜੇ ਹੱਥ ਨਾਲ ਚਾਕੂ ਫੜ ਕੇ ਉਸ ਦੀ ਬਾਂਹ ਹੇਠਾਂ ਜ਼ੋਰ ਨਾਲ ਧੱਕ ਦਿੱਤੀ। ਇਸ ਤਰ੍ਹਾਂ ਕਰਨ ਨਾਲ ਚਾਕੂ ਪਿੱਛੇ ਹੱਟ ਗਿਆ। ਵੱਸ ਨਾ ਚੱਲਦਾ ਵੇਖ ਕੇ ਉਸ ਨੇ ਹਰਪ੍ਰੀਤ ਦੇ ਨੱਕ ’ਤੇ ਜ਼ੋਰ ਨਾਲ ਮੁੱਕਾ ਮਾਰ ਦਿੱਤਾ। ਇਸ ਦੌਰਾਨ ਬੜੀ ਫੁਰਤੀ ਨਾਲ ਹਰਪ੍ਰੀਤ ਨੇ ਬਾਰੀ ਖੋਲ੍ਹੀ ਤੇ ਉਥੋਂ ਨੱਸ ਗਿਆ। ਗੋਰੇ ਲੁਟੇਰੇ ਨੇ ਟੈਕਸੀ ਅੰਦਰ ਪਏ ਪੈਸੇ ਚੁਰਾ ਲਏ ਜੋਕਿ 250 ਡਾਲਰ ਦੇ ਕਰੀਬ ਸਨ। ਐਨੇ ਨੂੰ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਪਰ ਲੁਟੇਰਾ ਉਸ ਵੇਲੇ ਤਕ ਭੱਜ ਗਿਆ ਸੀ। 

ਪੁਲਿਸ ਨੇ ਲੁੱਟੀ ਹੋਈ ਟੈਕਸੀ ਆਪਣੇ ਕਬਜ਼ੇ ਵਿਚ ਲੈ ਲਈ ਅਤੇ ਹਰਪ੍ਰੀਤ ਨੂੰ ਹਸਪਤਾਲ ਪਹੁੰਚਾਇਆ। 4-5 ਘੰਟੇ ਬਾਅਦ ਹਸਪਤਾਲ ਤੋਂ ਪੱਟੀ ਆਦਿ ਕਰਕੇ ਹਰਪ੍ਰੀਤ ਸਿੰਘ ਨੂੰ ਛੁੱਟੀ ਦੇ ਦਿੱਤੀ ਗਈ। ਨੱਕ ਦੇ ਅੰਦਰ ਹੱਡੀ ਆਦਿ ਟੁੱਟੀ ਹੋਣ ਬਾਰੇ ਅਜੇ ਦੁਬਾਰਾ ਚੈੱਕਅਪ ਹੋਣਾ ਹੈ। ਹਰਪ੍ਰੀਤ ਸਿੰਘ ਨੇ ਸਾਰੇ ਟੈਕਸੀ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਰਾਤ ਦੀ ਸ਼ਿਫਟ ਵੇਲੇ ਸਾਵਧਾਨੀ ਵਰਤਣ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ