ਮਾਣ ਦੀ ਗੱਲ: ਕੈਨੇਡਾ ਦੇ ਜਿਸ ਸ਼ਹਿਰ 'ਚ ਲੱਗੀ ਫਾਂਸੀ ਉਸੇ ਨੇ ਸਿੱਖ ਯੋਧੇ ਨੂੰ ਸਮਰਪਿਤ ਕੀਤਾ ਫਾਂਸੀ ਦਾ ਦਿਨ

ਮਾਣ ਦੀ ਗੱਲ: ਕੈਨੇਡਾ ਦੇ ਜਿਸ ਸ਼ਹਿਰ 'ਚ ਲੱਗੀ ਫਾਂਸੀ ਉਸੇ ਨੇ ਸਿੱਖ ਯੋਧੇ ਨੂੰ ਸਮਰਪਿਤ ਕੀਤਾ ਫਾਂਸੀ ਦਾ ਦਿਨ

ਟੋਰਾਂਟੋ, (ਅੰਮ੍ਰਿਤਸਰ ਟਾਈਮਜ਼ ਬਿਊਰੋ): ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੈਲੀਫੋਰਨੀਆ ਦੇ ਸ਼ਹਿਰ ਨਿਊ ਵੈਸਟਮਿਨਸਟਰ ਨੇ ਸ਼ਹੀਦ ਗਦਰੀ ਸਿੱਖ ਭਾਈ ਮੇਵਾ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਉਹਨਾਂ ਦੀ ਸ਼ਹਾਦਤ ਨੂੰ ਸਨਮਾਨ ਦਿੰਦਿਆਂ 11 ਜਨਵਰੀ, 2020 ਦੇ ਦਿਨ ਨੂੰ ਮੇਵਾ ਸਿੰਘ ਡੇਅ (ਭਾਈ ਮੇਵਾ ਸਿੰਘ ਦਿਹਾੜਾ) ਐਲਾਨਿਆ ਹੈ। ਦੱਸ ਦਈਏ ਕਿ 11 ਜਨਵਰੀ 1915 ਈ. ਨੂੰ ਨਿਊਵੈਸਟ ਮਿਨਿਸਟ ਦੀ ਪ੍ਰੋਵਿੰਸ਼ਿਅਲ ਜੇਲ੍ਹ ਵਿੱਚ ਹੀ ਭਾਈ ਮੇਵਾ ਸਿੰਘ ਲੋਪੋਕੇ ਨੂੰ ਫਾਂਸੀ ਦਿੱਤੀ ਗਈ ਸੀ। 

ਕੀ ਲਿਖਿਆ ਹੈ ਐਲਾਨਨਾਮੇ 'ਤੇ?
ਸ਼ਹਿਰ ਦੀ ਕਾਉਂਸਲ ਵੱਲੋਂ ਜਾਰੀ ਐਲਾਨਨਾਮੇ 'ਤੇ ਲਿਖਿਆ ਗਿਆ ਹੈ ਕਿ, "ਸਿੱਖਾਂ ਨੇ ਕੈਨੇਡਾ ਦੀ ਤਰੱਕੀ ਅਤੇ ਵਿਕਾਸ ਵਾਸਤੇ ਵਡਮੁੱਲਾ ਯੋਗਦਾਨ ਪਾਇਆ ਹੈ ਤੇ ਭਾਈ ਮੇਵਾ ਸਿੰਘ ਲੋਪੋਕੇ ਸਿੱਖਾਂ ਦੇ ਬਹੁਤ ਸਤਿਕਾਰਯੋਗ ਆਗੂ ਸਨ ਜੋ ਨਸਲਵਾਦ ਖਿਲਾਫ ਅਤੇ ਸਿੱਖਾਂ ਤੇ ਦੱਖਣੀ ਏਸ਼ੀਆਈ ਖਿੱਤੇ ਦੇ ਸਾਰੇ ਭਾਈਚਾਰਿਆਂ ਦੀ ਅਣਖ ਲਈ ਜੂਝਦਿਆਂ ਕਤਲ (ਸ਼ਹੀਦ) ਹੋ ਗਏ। ਭਾਈ ਮੇਵਾ ਸਿੰਘ ਮਨੁਖਤਾਵਾਦੀ ਅਤੇ ਸਿੱਖ ਹੱਕਾਂ ਤੇ ਦੱਖਣੀ ਏਸ਼ੀਆ ਖਿੱਤੇ ਤੋਂ ਆਏ ਪ੍ਰਵਾਸੀਆਂ ਦੇ ਹੱਕਾਂ ਦੇ ਅਲੰਬਰਦਾਰ ਸਨ। 11 ਜਨਵਰੀ ਦੇ ਦਿਨ ਨੂੰ ਕੈਨੇਡਾ ਵਿਚ ਵਸਦੇ ਸਿੱਖ ਅਤੇ ਦੱਖਣੀ ਏਸ਼ੀਆ ਖਿੱਤੇ ਦੇ ਲੋਕ ਭਾਈ ਮੇਵਾ ਸਿੰਘ ਦੀ 1915 'ਚ ਇਸ ਦਿਨ ਹੋਈ ਮੌਤ ਲਈ ਯਾਦ ਕਰਦੇ ਹਨ ਜਿਹਨਾਂ ਨੂੰ ਇਸ ਦਿਨ ਨਿਊ ਵੈਸਟਮਿਨਸਟਰ ਵਿਚ ਕਤਲ ਕੀਤਾ ਗਿਆ ਸੀ। ਨਿਊ ਵੈਸਟਮਿਨਸਟਰ ਸ਼ਹਿਰ ਸਿੱਖ ਇਤਿਹਾਸ ਅਤੇ ਸੱਭਿਆਚਾਰ, ਦੱਖਣੀ ਏਸ਼ੀਆ ਦੇ ਇਤਿਹਾਸ ਵਿੱਚ ਭਾਈ ਮੇਵਾ ਸਿੰਘ ਦੀ ਥਾਂ ਅਤੇ ਸਿੱਖ ਭਾਈਚਾਰੇ ਨਾਲ ਸਾਡੇ ਨਿੱਘੇ ਰਿਸ਼ਤੇ ਦੇ ਸਤਿਕਾਰ ਵਜੋਂ ਮੈਂ ਨਿਊ ਵੈਸਟਮਿਨਸਟਰ ਸ਼ੀਹਰ ਦਾ ਮੇਅਰ ਜੋਨਾਥਨ ਕੋਟ 11 ਜਨਵਰੀ, 2020 ਨੂੰ 'ਭਾਈ ਮੇਵਾ ਸਿੰਘ ਦਿਹਾੜਾ' ਐਲਾਨਦਾ ਹਾਂ।"


ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ

ਆਓ ਜਾਣਦੇ ਹਾਂ ਕਿ, ਕੌਣ ਸੀ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ?
ਸ਼੍ਰੋਮਣੀ ਸਾਹਿਤਕਾਰ ਗਿਆਨੀ ਕੇਸਰ ਸਿੰਘ ਕੈਨੇਡੀਅਨ ਵੱਲੋਂ ਦੱਸੀ ਹੱਡਬੀਤੀ ਮੁਤਾਬਕ ਕੈਨੇਡਾ ਦਾ ਇੱਕ ਪ੍ਰਮੁੱਖ ਗੁਰਦੁਆਰਾ ਸੀ ਅਤੇ ਸਵੇਰ ਦੇ ਦੀਵਾਨਾਂ ਦਾ ਸਮਾਂ ਸੀ। ਗਿਆਨੀ ਜੀ ਨੇ ਮੱਥਾ ਟੇਕ ਕੇ, ਕੁਝ ਸਮਾਂ ਦੀਵਾਨ 'ਚ ਵਿਚਾਰਾਂ ਸੁਣੀਆਂ। ਜਦੋਂ ਬਾਹਰ ਆਏ, ਤਾਂ ਮੁਖ ਪ੍ਰਬੰਧਕ ਨੂੰ ਕਹਿਣ ਲੱਗੇ, ''ਕਿਉਂ ਬਈ, ਅੱਜ ਮੇਵਾ ਸਿੰਘ ਦਾ ਸ਼ਹੀਦੀ ਦਿਨ ਸੀ। ਉਨ੍ਹਾਂ ਬਾਰੇ ਵੀ ਪ੍ਰੋਗਰਾਮ ਰੱਖ ਲੈਣਾ ਸੀ।'' ਨਾਵਲਕਾਰ ਕੇਸਰ ਸਿੰਘ ਦੀ ਹੈਰਾਨੀ ਤੇ ਗੁੱਸੇ ਦੀ ਉਸ ਵੇਲੇ ਕੋਈ ਹੱਦ ਨਾ ਰਹੀ, ਜਦੋਂ ਅੱਗਿਓਂ ਪ੍ਰਬੰਧਕ ਨੇ ਪੁੱਛ ਲਿਆ, ''ਮੇਵਾ ਸਿੰਘ ਕੌਣ ਸੀ?'' ਬੱਸ ਫੇਰ ਕੀ ਸੀ, ਤੱਤੇ ਸੁਭਾਅ ਦੇ ਮਾਲਕ ਗਿਆਨੀ ਜੀ ਨੇ ਉਸ ਨੰ ਸਖ਼ਤ ਝਾੜ ਪਾਉਂਦਿਆਂ ਇਥੋਂ ਤੱਕ ਕਹਿ ਦਿੱਤਾ, ''ਉਹ ਤੇਰਾ ਪਿਓ ਸੀ। ਓਏ, ਤੁਸੀਂ ਸ਼ਹੀਦ ਮੇਵਾ ਸਿੰਘ ਬਾਰੇ ਪੁੱਛਦੇ ਹੋ, ਉਹ ਕੌਣ ਸੀ? ਥੋਨੂੰ ਸ਼ਰਮ ਨਹੀਂ ਆਉਂਦੀ, ਜਿਨ੍ਹਾਂ ਦੀ ਕੁਰਬਾਨੀ ਸਦਕੇ ਇਥੇ ਬੈਠੇ ਹੋ, ਅਕ੍ਰਿਤਘਣੋ, ਉਨ੍ਹਾਂ ਨੂੰ ਹੀ ਭੁਲਾਈ ਬੈਠੇ ਹੋ? ਸ਼ੇਰਾਂ ਦੀਆਂ ਮਾਰਾਂ 'ਤੇ ਗਿੱਦੜ ਕਲੋਲਾਂ ਕਰ ਰਹੇ ਨੇ।'' ਦਰਅਸਲ ਇਹ ਤਲਖ ਹਕੀਕਤ ਕਿਸੇ ਇੱਕ ਪ੍ਰਬੰਧਕ ਜਾਂ ਅਸਥਾਨ 'ਤੇ ਹੀ ਨਹੀਂ ਢੁਕਦੀ, ਬਲਕਿ ਦੇਸ਼-ਵਿਦੇਸ਼ਾਂ ਅੰਦਰ ਅਜਿਹੀਆਂ ਅਨੇਕਾਂ ਮਿਸਾਲਾਂ ਮਿਲ ਜਾਂਦੀਆਂ ਹਨ, ਜਦੋਂ ਮੋਢੀ ਯੋਧਿਆਂ ਨੂੰ ਭੁਲਾ ਕੇ ਮੌਕਾਪ੍ਰਸਤ ਲੀਡਰਾਂ ਦੇ ਸੋਹਲੇ ਗਾਏ ਜਾਂਦੇ ਹਨ।

ਸ਼ਹੀਦ ਭਾਈ ਮੇਵਾ ਸਿੰਘ ਕੈਨੇਡਾ 'ਚ ਫਾਂਸੀ ਦਾ ਰੱਸਾ ਚੁੰਮਣ ਵਾਲੇ ਪਹਿਲੇ ਸ਼ਹੀਦ ਸਨ। ਭਾਈ ਮੇਵਾ ਸਿੰਘ ਨੂੰ ਫਾਂਸੀ ਕਿਉਂ ਦਿੱਤੀ ਗਈ, ਇਹ ਇਤਿਹਾਸ ਜਾਨਣਾ ਇਸ ਕਰਕੇ ਵੀ ਜ਼ਰੂਰੀ ਹੈ, ਕਿਉਂਕਿ ਇਹ ਕੁਰਬਾਨੀ ਹੀ ਅੱਗਿਓ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਸਣੇ, ਅਨੇਕਾਂ ਗਦਰੀ ਯੋਧਿਆਂ ਤੇ ਆਜ਼ਾਦੀ ਘੁਲਾਟੀਆਂ ਲਈ ਪ੍ਰੇਰਨਾ ਦਾ ਕਾਰਨ ਬਣੀ। 

21 ਅਕਤੂਬਰ 1914 ਈ. ਨੂੰ ਵੈਨਕੂਵਰ ਸ਼ਹਿਰ ਦੀ ਬ੍ਰਿਟਿਸ਼ ਕੋਲੰਬਿਆਂ ਪ੍ਰੋਵਿੰਸ਼ਿਅਲ ਕੋਰਟ ਵਿੱਚ, ਇੱਕ ਮੁਕੱਦਮੇ ਦੌਰਾਨ ਭਾਈ ਮੇਵਾ ਸਿੰਘ ਨੇ ਬਦਨਾਮ ਤੇ ਗ਼ੱਦਾਰ, ਐਂਗਲੋ-ਇੰਡੀਅਨ ਅਫਸਰ ਹਾਪਕਿਨਸਨ ਨੂੰ ਸੋਧਿਆ (ਕਤਲ ਕੀਤਾ) ਸੀ ਤੇ ਮਗਰੋਂ ਖ਼ੁਦ ਨੂੰ ਪੁਲਿਸ ਹਵਾਲੇ ਕਰ ਦਿੱਤਾ ਸੀ। ਇਹ ਕਹਾਣੀ ਊਧਮ ਸਿੰਘ ਵਲੋਂ ਲੰਡਨ 'ਚ ਪੰਜਾਬ ਦੇ ਸਾਬਕਾ ਗਵਰਨਰ, ਮਾਈਕਲ ਉਡਵਾਇਰ ਨੂੰ ਸੰਨ 1940 ਵਿੱਚ ਮਾਰਨ ਨਾਲ ਕਾਫੀ ਮਿਲਦੀ ਹੈ, ਫਰਕ ਸਿਰਫ਼ ਏਨਾ ਹੈ ਕਿ ਸ਼ਹੀਦ ਭਾਈ ਮੇਵਾ ਸਿੰਘ ਨੇ ਇਹ ਕਾਰਨਾਮਾ 26 ਸਾਲ ਪਹਿਲਾਂ ਕੀਤਾ ਸੀ, ਜਿਹੜਾ ਇਤਿਹਾਸ ਦੀਆਂ ਕਿਤਾਬਾਂ ਦੇ ਅਣਗੌਲੇ ਪੰਨਿਆਂ ਦੀ ਧੂੜ 'ਚ ਹੀ ਗੁਆਚ ਗਿਆ। ਕਿੰਨਾ ਚੰਗਾ ਹੋਵੇ ਘੱਟੋ-ਘੱਟ ਪੰਜਾਬ ਦੇ ਸਕੂਲਾਂ ਦੀਆਂ ਕਿਤਾਬਾਂ ਵਿੱਚ ਸ਼ਹੀਦ ਭਾਈ ਮੇਵਾ ਸਿੰਘ ਦੀ ਕੁਰਬਾਨੀ ਬਾਰੇ ਪੜ੍ਹਾਇਆ ਜਾਵੇ ਤੇ ਉਨ੍ਹਾਂ ਦੀ ਯਾਦਗਾਰ ਸਥਾਪਤ ਕਰਕੇ, ਆਉਣ ਵਾਲੀਆਂ ਪੀੜ੍ਹੀਆਂ ਨੂੰ ਸੇਧ ਦਿੱਤੀ ਜਾਵੇ। 


ਐਲਾਨਨਾਮਾ

ਸ਼ਹੀਦ ਭਾਈ ਮੇਵਾ ਸਿੰਘ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ 'ਚ ਪੈਂਦੇ ਪਿੰਡ ਲੋਪੋਕੇ, ਤਹਿਸੀਲ ਅਜਨਾਲਾ ਵਿਖੇ ਸੰਨ 1880 ਨੂੰ ਸ. ਨੰਦ ਸਿੰਘ ਔਲਖ ਦੇ ਘਰ ਹੋਇਆ। 20ਵੀਂ ਸਦੀ ਦੇ ਸ਼ੁਰੂ 'ਚ ਹੋਰਨਾਂ ਪੰਜਾਬੀਆਂ ਵਾਂਗ ਮੇਵਾ ਸਿੰਘ ਵੀ ਸੁਨਹਿਰੀ ਭਵਿੱਖ ਸਿਰਜਨ ਲਈ 1906 ਈਂ ਵਿੱਚ ਵੈਨਕੂਵਰ ਆ ਵਸੇ। ਉਨ੍ਹਾਂ ਦਿਨੀਂ ਕੈਨੇਡਾ ਦੀ ਨਸਲਵਾਦੀ ਸਰਕਾਰ ਏਸ਼ੀਆਈ ਲੋਕਾਂ ਖਿਲਾਫ਼ ਕਾਲੇ ਕਾਨੂੰਨ ਬਣਾ ਰਹੀ ਸੀ, ਜਿਸ ਦੀ ਸਭ ਤੋਂ ਘਿਨਾਉਣੀ ਮਿਸਾਲ, 1907 ਵਿੱਚ ਭਾਰਤੀਆਂ ਤੋਂ ਵੋਟ ਦਾ ਹੱਕ ਵਾਪਸ ਲੈਣਾ ਵੀ ਸ਼ਾਮਿਲ ਸੀ। ਭਾਈ ਮੇਵਾ ਭਾਵੇਂ ਕਿਰਤੀ ਵਜੋਂ ਨਿਊ ਵੈਸਟਮਿਨਿਸਟਰ ਦੀ ਫਰੇਜ਼ਰ ਮਿੱਲ 'ਚ ਕੰਮ ਕਰਦੇ ਸਨ, ਪਰ ਉਨ੍ਹਾਂ ਦਾ ਸੰਪਰਕ ਆਜ਼ਾਦੀ ਲਈ ਜੂਝਣ ਵਾਲੇ ਸਿੱਖ ਆਗੂਆਂ ਨਾਲ ਲਗਾਤਾਰ ਬਣਿਆ ਰਹਿੰਦਾ ਸੀ। ਇੱਥੇ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਅਜਿਹੇ ਸੱਚੇ-ਸੁੱਚੇ ਮਨੁੱਖਾਂ ਅੰਦਰ ਆਜ਼ਾਦੀ ਦੀ ਚਿਣਗ ਕਿਤੇ ਨਾ ਕਿਤੇ ਅਵਚੇਤਨ ਮਨ ਅਤੇ ਪਰੋਖ ਰੂਪ ਵਿੱਚ ਪਹਿਲਾਂ ਹੀ ਮੌਜੂਦ ਸੀ। ਕੈਨੇਡਾ ਆ ਕੇ ਉਸ ਨੂੰ ਨਸਲਵਾਦ ਅਤੇ ਵਿਤਕਰਿਆਂ ਦੇ ਮਾਹੌਲ ਨੇ ਹੋਰ ਹਵਾ ਦਿੱਤੀ। ਜੋ ਲੇਖਕ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਗਦਰੀ ਯੋਧਿਆਂ ਅੰਦਰ ਜਾਗ੍ਰਿਤੀ ਕੇਵਲ ਬਾਹਰਲੇ ਮੁਲਕਾਂ ਜਾਂ ਬਾਹਰੀ ਫਲਸਫਿਆਂ ਕਰਕੇ ਆਈ ਸੀ, ਉਹ ਭੁਲੇਖੇ ਪੈਦਾ ਕਰਦੇ ਹਨ। ਕੈਨੇਡਾ ਦੀ ਪਹਿਲੀ ਸੰਸਥਾ ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ ਦੇ ਪਹਿਲੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਵਿੱਚ ਭਾਈ ਮੇਵਾ ਸਿੰਘ ਦੀ ਵਿਸ਼ੇਸ਼ ਭੂਮਿਕਾ ਸੀ। ਇਥੇ ਹੀ 21 ਜੂਨ 1908 ਨੂੰ ਭਾਈ ਮੇਵਾ ਸਿੰਘ ਨੇ ਅੰਮ੍ਰਿਤ ਛਕਿਆ ਅਤੇ ਆਪਣਾ ਜੀਵਨ ਜ਼ੁਲਮ ਖਿਲਾਫ਼ ਲੜਨ ਅਤੇ ਸੱਚ 'ਤੇ ਪਹਿਰਾ ਦੇਣ ਨੂੰ ਸਮਰਪਿਤ ਕੀਤਾ। ਹੱਕ ਸੱਚ ਅਤੇ ਇਨਸਾਫ਼ ਲਈ ਮਰ-ਮਿੱਟਣ ਦੀ ਭਾਈ ਸਾਹਿਬ ਦੀ ਭਾਵਨਾ ਇਸ ਗੱਲ ਤੋਂ ਹੋਰ ਵੀ ਸਪੱਸ਼ਟ ਹੁੰਦੀ ਹੈ ਕਿ ਅਜੇ ਉਨ੍ਹਾਂ ਵਿਆਹ ਨਹੀਂ ਸੀ ਕਰਾਇਆ, ਜਦੋਂ ਉਹ ਭਰ ਜੁਆਨੀ 'ਚ ਸ਼ਹੀਦੀ ਪਾ ਗਏ। 

ਸ਼ਹੀਦ ਭਾਈ ਮੇਵਾ ਸਿੰਘ ਦੇ ਜੀਵਨ 'ਤੇ ਗੁਰੂ ਨਾਨਕ ਜਹਾਜ਼ (ਕਾਮਾਗਾਟਾਮਾਰੂ ਜਹਾਜ਼) ਨੂੰ ਕੈਨੇਡਾ ਤੋਂ ਵਾਪਿਸ ਮੋੜਨ ਦੀ ਘਟਨਾ ਦਾ ਡੂੰਘਾ ਅਸਰ ਪਿਆ ਸੀ। 23 ਮਈ 1914 ਨੂੰ ਬਾਬਾ ਗੁਰਦਿੱਤ ਸਿੰਘ ਸਰਹਾਲੀ ਦੀ ਅਗਵਾਈ 'ਚ 'ਗੁਰੂ ਨਾਨਕ ਜਹਾਜ਼' ਜਿਸਨੂੰ ਸਮੁੰਦਰੀ ਬੇੜੇ ਕਾਮਾਗਾਟਾਮਾਰੂ ਵਜੋਂ ਜਾਣਿਆ ਜਾਂਦਾ ਹੈ, ਦੇ ਵੈਨਕੂਵਰ ਪੁੱਜਣ 'ਤੇ ਕੈਨੇਡਾ ਸਰਕਾਰ ਨੇ ਉਸ ਦੇ ਮੁਸਾਫਿਰਾਂ ਨੂੰ ਕੈਨੇਡਾ ਦਾਖਿਲ ਹੋਣ ਤੋਂ ਰੋਕ ਦਿੱਤਾ ਸੀ। ਭਾਈ ਮੇਵਾ ਸਿੰਘ ਸਮੇਤ ਉੱਤਰੀ ਅਮਰੀਕਾ 'ਚ ਵਸਦੇ ਸਾਰੇ ਗਦਰੀ ਯੋਧਿਆਂ ਅੰਦਰ, ਇਸ ਘਟਨਾ ਨੇ ਰੋਸ ਦੀ ਲਹਿਰ ਪੈਦਾ ਕਰ ਦਿੱਤੀ। 6 ਜੁਲਾਈ ਨੂੰ ਬੀ.ਸੀ. ਅਪੀਲ ਕੋਰਟ ਨੇ ਜਹਾਜ਼ ਦੇ ਸਵਾਰਾਂ ਖਿਲਾਫ਼ ਫੈਸਲਾ ਸੁਣਾ ਕੇ, ਉਨ੍ਹਾਂ ਨੂੰ ਵਾਪਿਸ ਮੋੜਨ ਦਾ ਰਾਹ ਪੱਧਰਾ ਕਰ ਦਿੱਤਾ। ਅਜਿਹੀ ਸਥਿਤੀ ਵਿੱਚ ਗਦਰੀ ਬਾਬਿਆਂ ਨੇ ਫੈਸਲਾ ਕੀਤਾ ਕਿ ਕਾਮਾਗਾਟਾਮਾਰੂ ਦੇ ਵਾਪਿਸ ਜਾਣ ਤੋਂ ਪਹਿਲਾਂ ਇਸ ਦੇ ਸਵਾਰਾਂ ਰਾਹੀਂ, ਭਾਰਤ ਅੰਦਰ ਗਦਰ ਲਹਿਰ ਦੇ ਸਾਹਿਤ ਤੋਂ ਇਲਾਵਾ ਹਥਿਆਰ ਵੀ ਭੇਜੇ ਜਾਣ ਦਾ ਯਤਨ ਕੀਤਾ ਜਾਵੇ। ਇਸ ਮਕਸਦ ਲਈ ਵੈਨਕੂਵਰ ਦੇ ਆਗੂ ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ, ਭਾਈ ਹਰਨਾਮ ਸਿੰਘ ਕਾਹਰੀ ਸਾਹਰੀ ਸਮੇਤ ਭਾਈ ਮੇਵਾ ਸਿੰਘ ਕੈਨੇਡਾ ਦੀ ਸਰਹੱਦ ਪਾਰ ਕਰਕੇ ਅਮਰੀਕਾ 'ਚ ਦਾਖਿਲ ਹੋਏ, ਜਿਥੋਂ ਹਥਿਆਰ ਖਰੀਦ ਕੇ ਅਗਲੇ ਦਿਨ ਵਾਪਿਸ ਪਰਤੇ। ਕੈਨੇਡਾ ਦੇ ਸ਼ਹਿਰ ਐਬਟਸਫੋਰਡ 'ਚ ਬਾਰਡਰ ਨੇੜਲੀਆਂ ਝਾੜੀਆਂ ਰਾਹੀਂ ਦਾਖਿਲ ਹੁੰਦਿਆਂ, ਭਾਈ ਮੇਵਾ ਸਿੰਘ ਵੀ ਬਾਕੀ ਗਦਰੀ ਆਗੂਆਂ ਸਮੇਤ ਹਥਿਆਰਾਂ ਸਣੇ ਗ੍ਰਿਫ਼ਤਾਰ ਕਰ ਲਏ ਗਏ। ਉਨ੍ਹਾਂ ਨੂੰ ਹਿੰਦ ਸਰਕਾਰ ਦੇ ਸੂਹੀਏ ਵਿਲੀਅਮ ਹਾਪਕਿਨਸਨ ਅਤੇ ਇੰਮੀਗ੍ਰੇਸ਼ਨ ਅਫਸਰ ਮੈਕਲਮ ਹੀਡ ਨੇ, ਕਈ ਤਰ੍ਹਾਂ ਦੀ ਸਜ਼ਾ ਦੇ ਡਰਾਵੇ ਤੇ ਰਿਹਾਈ ਦੇ ਲਾਲਚ ਦੇ ਕੇ ਹੋਰਨਾਂ ਗਦਰੀ ਯੋਧਿਆਂ ਖਿਲਾਫ਼ ਬਿਆਨ ਦੇਣ ਲਈ ਧਮਕਾਇਆ, ਪਰ ਭਾਈ ਮੇਵਾ ਸਿੰਘ ਨੇ ਝੂਠੀ ਗਵਾਹੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਮਗਰੋਂ 7 ਅਗਸਤ ਨੂੰ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। 

ਇਸ ਦੌਰਾਨ ਹੀ 23 ਜੁਲਾਈ ਨੂੰ ਕਾਮਾਗਾਟਾਮਾਰੂ ਜਹਾਜ਼ ਵੈਨਕੂਵਰ ਦੀ ਬੰਦਰਗਾਹ ਤੋਂ ਮੋੜ ਦਿੱਤਾ ਗਿਆ ਸੀ, ਜਿਸ ਕਰਕੇ ਗਦਰੀ ਯੋਧਿਆਂ ਅੰਦਰ ਬ੍ਰਿਟਿਸ਼ ਸਾਮਰਾਜ ਖਿਲਾਫ਼ ਵਿਰੋਧ ਸਿਖਰਾਂ 'ਤੇ ਸੀ। ਉਧਰ 4 ਅਗਸਤ ਨੂੰ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੁੰਦਿਆਂ ਸਾਰ ਕੈਨੇਡਾ ਤੇ ਅਮਰੀਕਾ ਦੇ ਬਹੁਤ ਸਾਰੇ ਗਦਰੀ ਬਾਬੇ, ਭਾਰਤ ਨੂੰ ਆਜ਼ਾਦ ਕਰਾਉਣ ਲਈ ਰਵਾਨਾ ਹੋਣ ਲੱਗੇ, ਤਾਂ ਇੱਕ ਸਰਕਾਰੀ ਪਿੱਠੂ ਤੇ ਕੌਮੀ ਗੱਦਾਰ ਬੇਲੇ ਜਿਆਣ ਨੇ ਹਾਪਕਿਨਸਨ ਦੀ ਸ਼ਹਿ 'ਤੇ ਵਹਿਸ਼ੀਆਨਾ ਕਾਰਵਾਈ ਕਰਦਿਆਂ, 5 ਸਤੰਬਰ ਨੂੰ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਵਿਖੇ ਗੋਲੀਆਂ ਚਲਾ ਦਿੱਤੀਆਂ। ਦੀਵਾਨ ਹਾਲ ਅੰਦਰ ਅਰਦਾਸ ਮੌਕੇ ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਅਤੇ ਉਨ੍ਹਾਂ ਨੂੰ ਬਚਾਉਂਦਿਆਂ ਭਾਈ ਬਤਨ ਸਿੰਘ ਸ਼ਹੀਦੀਆਂ ਪਾ ਗਏ। ਗੁਰਦੁਆਰੇ ਅੰਦਰ ਮੌਜੂਦ ਸੰਗਤ ਵਿਚੋਂ ਕਈ ਹੋਰ ਵਿਅਕਤੀ ਜ਼ਖਮੀ ਵੀ ਹੋਏ। ਇਹ ਘਟਨਾ ਕੈਨੇਡਾ ਦੇ ਸਿੱਖ ਇਤਿਹਾਸ ਦਾ ਸਭ ਤੋਂ ਦਰਦਨਾਕ ਪੰਨਾ ਸੀ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਆਗੂਆਂ ਨੂੰ ਸ਼ਹੀਦ ਕੀਤਾ ਗਿਆ ਹੋਵੇ। ਨੌਜਵਾਨ ਭਾਈ ਮੇਵਾ ਸਿੰਘ ਉਸ ਵੇਲੇ ਸੰਗਤਾਂ ਵਿੱਚ ਮੌਜੂਦ ਸਨ, ਜਿਨ੍ਹਾਂ ਦੇ ਹਿਰਦੇ ਨੂੰ ਇਸ ਘਟਨਾ ਨੇ ਵਲੂੰਧਰ ਦਿੱਤਾ। ਉਨ੍ਹਾਂ ਦੀ ਨਜ਼ਰ 'ਚ ਇਸ ਦੁਖਾਂਤ ਲਈ ਹਾਪਕਿਨਸਨ ਤੇ ਰੀਡ ਮੁੱਖ ਦੋਸ਼ੀ ਸਨ, ਜਿਨ੍ਹਾਂ ਵਲੋਂ ਇਹ ਸਾਰਾ ਕਾਰਾ ਕਰਵਾਇਆ ਗਿਆ, ਜਿਵੇਂ ਕੁਝ ਵਰ੍ਹਿਆਂ ਬਾਅਦ ਸੰਨ 1919 'ਚ ਅੰਮ੍ਰਿਤਸਰ ਦੇ ਜਲਿਆਂ ਵਾਲਾ ਬਾਗ਼ 'ਚ ਸ਼ਾਂਤਮਈ ਇਕੱਠ ਤੇ ਗੋਲ਼ੀਆਂ ਚਲਦਿਆਂ ਬੇਕਸੂਰ ਸੈਂਕੜੇ ਲੋਕਾਂ ਦਾ ਸ਼ਹੀਦੀ ਦ੍ਰਿਸ਼ ਵੇਖ ਕੇ ਊਧਮ ਸਿੰਘ ਦਾ ਖ਼ੂਨ ਖੌਲ ਉਠਿਆ ਸੀ ਤੇ ਉਸਨੇ ਖੂਨੀ ਸਾਕੇ ਲਈ ਜਨਰਲ ਡਾਇਰ ਤੇ ਮਾਈਕਲ ਉਡਵਾਇਰ ਨੂੰ ਦੋਸ਼ੀ ਮੰਨਦਿਆਂ ਸੋਧਣ ਦੀ ਸਹੁੰ ਚੁੱਕੀ ਸੀ। ਝੋਲੀ ਚੁੱਕ ਤੇ ਗ਼ੱਦਾਰ ਬੇਲਾ ਜਿਆਣ ਖਿਲਾਫ਼, ਵੈਨਕੂਵਰ ਦੀ ਸੂਬਾਈ ਅਦਾਲਤ ਵਿੱਚ, ਗੁਰਦੁਆਰੇ ਅੰਦਰ ਗੋਲੀ ਚਲਾ ਕੇ ਸਿੰਘਾਂ ਨੂੰ ਸ਼ਹੀਦ ਕਰਨ ਦਾ ਮੁਕੱਦਮਾ ਚੱਲ ਰਿਹਾ ਸੀ, ਜਿਸ ਵਿੱਚ ਵਿਲੀਅਮ ਹਾਪਕਿਨਸਨ ਗਵਾਹੀ ਦੇਣ ਲਈ ਅਦਾਲਤ ਵਿੱਚ ਪੁੱਜਿਆ। ਅਜੇ ਉਹ ਬਰਾਂਡੇ ਵਿੱਚ ਹੀ ਸੀ, ਜਦੋਂ ਭਾਈ ਮੇਵਾ ਸਿੰਘ ਨੇ ਉਸ ਨੂੰ ਦਬੋਚ ਲਿਆ ਤੇ ਆਪਣੇ ਪਿਸਤੌਲ ਅਤੇ ਰਿਵਾਲਵਰ ਦੋਹਾਂ ਹੱਥਾਂ 'ਚ ਵਾਰੀ -ਵਾਰੀ ਲੈ ਕੇ, ਗੋਲੀਆਂ ਦਾਗ਼ ਦਿੱਤੀਆਂ। ਹਾਪਕਿਨਸਨ ਮੌਕੇ 'ਤੇ ਹੀ ਮਾਰਿਆ ਗਿਆ ਤੇ ਭਾਈ ਸਾਹਿਬ ਨੇ ਖ਼ੁਦ ਨੂੰ ਹਥਿਆਰਾਂ ਸਮੇਤ ਪੁਲਿਸ ਹਵਾਲੇ ਕਰ ਦਿੱਤਾ। 30 ਅਕਤੂਬਰ ਨੂੰ ਭਾਈ ਮੇਵਾ ਸਿੰਘ ਤੇ ਮੁਕੱਦਮੇ ਦੀ ਸੁਣਵਾਈ ਲਈ, ਬੀ.ਸੀ. ਸੁਪਰੀਮ ਕੋਰਟ ਦੇ ਜੱਜ ਮਿਸਟਰ ਆਈਲੇ ਮੌਰੀਸਨ ਵਲੋਂ 12 ਮੈਂਬਰੀ ਜਿਊਰੀ ਚੁਣੀ ਗਈ। ਬਚਾਉ ਪੱਖ ਦੇ ਵਕੀਲ ਮਿਸਟਰ ਵੁੱਡ ਅਤੇ ਸਰਕਾਰੀ ਵਕੀਲ ਮਿਸਟਰ ਟੇਲਰ ਸਨ। ਅਦਾਲਤ 'ਚ ਇੱਕ ਹਜ਼ਾਰ ਦੇ ਕਰੀਬ ਲੋਕ ਹਾਜ਼ਰ ਸਨ। ਇਸ ਮੌਕੇ 'ਤੇ ਭਾਈ ਮੇਵਾ ਸਿੰਘ ਨੇ ਜੋ ਬਿਆਨ ਦਿੱਤੇ, ਉਹ ਬਹਾਦਰੀ ਤੇ ਨਿਡੱਰਤਾ ਪੱਖੋਂ ਖਾਸ ਅਹਿਮੀਅਤ ਰੱਖਦੇ ਸਨ। ਅਦਾਲਤ ਇੰਟਰਪਰੇਟਰ ਮਿਸਟਰ ਡਾਲਟਨ ਵਲੋਂ, ਭਾਈ ਸਾਹਿਬ ਦੇ ਬਿਆਨ ਜੱਜ ਅੱਗੇ ਰੱਖੇ ਗਏ, ਜਿੰਨ੍ਹਾਂ ਨੂੰ ਇਤਿਹਾਸਕਾਰ ਸੋਹਣ ਸਿੰਘ ਪੂਨੀ ਨੇ ਪੰਜਾਬੀ ਵਿੱਚ ਇਉਂ ਲਿਖਿਆ ਹੈ: 

''ਮੇਰਾ ਨਾਂ ਮੇਵਾ ਸਿੰਘ ਹੈ, ਮੈਂ ਰੱਬ ਤੋਂ ਡਰਨ ਵਾਲਾ ਬੰਦਾ ਹਾਂ, ਜੋ ਹਰ ਰੋਜ਼ ਅਰਦਾਸ ਕਰਦਾ ਹੈ। ਮੇਰੀ ਜ਼ਬਾਨ ਵਿੱਚ ਐਸੇ ਸ਼ਬਦ ਨਹੀਂ, ਜੋ ਬਿਆਨ ਕਰ ਸਕਣ ਕਿ ਵੈਨਕੂਵਰ ਵਿੱਚ ਮੈਨੂੰ ਕਿਹੜੇ-ਕਿਹੜੇ ਦੁੱਖ, ਮੁਸੀਬਤਾਂ ਅਤੇ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ ਹਨ... ਅਸੀਂ ਸਿੱਖ ਗੁਰਦੁਆਰੇ 'ਚ ਅਰਦਾਸ ਕਰਨ ਜਾਂਦੇ ਹਾਂ ਪਰ ਇਨ੍ਹਾਂ ਪਾਪੀਆਂ ਨੇ ਗੁਰੁਦਆਰੇ 'ਚ ਗੋਲੀ ਚਲਾਕੇ ਅਤੇ ਭਾਈ ਭਾਗ ਸਿੰਘ ਦਾ ਕਤਲ ਕਰਕੇ, ਗੁਰਦੁਆਰੇ ਦੀ ਪਵਿੱਤਰਤਾ ਭੰਗ ਕੀਤੀ ਹੈ। ਇਨ੍ਹਾਂ ਪਾਪੀਆਂ ਨੇ ਦੋ ਮਾਸੂਮ ਬੱਚਿਆਂ ਨੂੰ ਯਤੀਮ ਬਣਾਇਆ ਹੈ। ਦੁਸ਼ਟਾਂ ਵਲੋਂ ਗੁਰਦੁਆਰੇ 'ਚ ਕੀਤੇ ਇਨ੍ਹਾਂ ਕਾਰਿਆਂ ਨੇ ਮੇਰੇ ਸੀਨੇ 'ਚ ਅੱਗ ਲਾ ਦਿੱਤੀ ਹੈ। ਇਹ ਸਭ ਕਾਸੇ ਲਈ ਮਿਸਟਰ ਰੀਡ ਅਤੇ ਮਿਸਟਰ ਹਾਪਕਿਨਸਨ ਜ਼ਿੰਮੇਵਾਰ ਹਨ। ਮੈਂ ਆਪਣੇ ਭਾਈਚਾਰੇ ਅਤੇ ਆਪਣੇ ਧਰਮ ਦੀ ਅਣਖ ਅਤੇ ਇੱਜ਼ਤ ਲਈ, ਹਾਪਕਿਨਸਨ ਦਾ ਕਤਲ ਕੀਤਾ ਹੈ। ਮੈਂ ਇਹ ਸਭ ਕੁਝ ਬਰਦਾਸ਼ਤ ਨਹੀਂ ਸੀ ਕਰ ਸਕਦਾ। ਜੱਜ ਸਾਹਿਬ, ਜੇ ਇਹ ਸਭ ਕੁਝ ਤੁਹਾਡੇ ਚਰਚ ਵਿੱਚ ਹੋਇਆ ਹੁੰਦਾ, ਤਾਂ ਤੁਸੀਂ ਈਸਾਈਆਂ ਨੇ ਵੀ ਬਰਦਾਸ਼ਤ ਨਹੀਂ ਸੀ ਕਰਨਾ, ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਮੁਰਦਾ ਕੌਮ ਸਮਝਣਾ ਸੀ। ਕਿਸੇ ਸਿੱਖ ਲਈ ਵੀ ਗੁਰਦੁਆਰੇ 'ਚ ਇਹ ਸਭ ਕੁਝ ਹੁੰਦਾ ਵੇਖਣ ਨਾਲੋਂ, ਮਰ ਜਾਣਾ ਚੰਗਾ ਹੈ। ਮੈਨੂੰ ਕਿਸੇ ਇਨਸਾਫ਼ ਦੀ ਆਸ ਨਹੀਂ। ਮੈਨੂੰ ਪਤਾ ਹੈ ਕਿ ਮੈ ਹਾਪਕਿਨਸਨ ਨੂੰ ਗੋਲ਼ੀ ਮਾਰੀ ਹੈ ਅਤੇ ਇਸ ਵਾਸਤੇ ਮੈਨੂੰ ਮਰਨਾ ਪਵੇਗਾ। ਮੈ ਇਹ ਬਿਆਨ ਇਸ ਕਰਕੇ ਦੇ ਰਿਹਾ ਹਾਂ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਨਾਲ ਕੀ ਵਰਤਾਉ ਹੁੰਦਾ ਰਿਹਾ ਹੈ। ਸਾਨੂੰ ਜੱਜਾਂ ਕੋਲੋਂ, ਪੁਲਿਸ ਕੋਲੋਂ ਜਾਂ ਕਿਸੇ ਹੋਰ ਕੋਲੋਂ ਕਦੀ ਇਨਸਾਫ਼ ਨਹੀਂ ਮਿਲਿਆ ਅਤੇ ਮੈਂ ਆਪਣੀ ਜਾਨ ਇਸੇ ਕਰਕੇ ਦੇ ਰਿਹਾ ਹਾਂ, ਤਾਂ ਜੋ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਸਕੇ...।'' 

ਭਾਈ ਮੇਵਾ ਸਿੰਘ ਦਾ ਵੈਨਕੂਵਰ ਦੀ ਅਦਾਲਤ ਵਿੱਚ ਦਿੱਤਾ ਬਿਆਨ ਇਤਿਹਾਸਕ ਦਸਤਾਵੇਜ਼ ਹੈ, ਜਿਸ 'ਚ ਉਨ੍ਹਾਂ ਪ੍ਰਵਾਸੀਆਂ ਅਤੇ ਘੱਟ ਗਿਣਤੀ ਭਾਈਚਾਰਿਆਂ ਨਾਲ ਹੁੰਦੇ ਵਰਤਾਉ ਦੀ ਦਿਲਕੰਬਾਊ ਤਸਵੀਰ ਪੇਸ਼ ਕੀਤੀ ਹੈ। ਆਪਣੇ ਸ਼ਬਦਾਂ 'ਚ ਕਤਲ ਦੀ ਜ਼ਿੰਮੇਵਾਰੀ ਕਬੂਲਣ ਮਗਰੋਂ ਅਦਾਲਤ ਨੇ ਸਿਰਫ਼ ਇੱਕ ਘੰਟਾ ਚਾਲੀ ਮਿੰਟ 'ਚ ਫੈਸਲਾ ਕਰਦਿਆਂ ਭਾਈ ਸਾਹਿਬ ਲਈ ਸਜ਼ਾ-ਏ-ਮੌਤ ਸੁਣਾ ਦਿੱਤੀ। 11 ਜਨਵਰੀ 1915 ਈ. ਨੂੰ ਨਿਊਵੈਸਟ ਮਿਨਿਸਟਰ ਦੀ ਪ੍ਰੋਵਿੰਸ਼ਿਅਲ ਜੇਲ੍ਹ ਵਿੱਚ ਸਵੇਰੇ ਪੌਣੇ ਅੱਠ ਵਜੇ ਭਾਈ ਮੇਵਾ ਸਿੰਘ ਗੁਰਬਾਣੀ ਦਾ ਸ਼ਬਦ ''ਹਰਿ ਜਗੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੋਰੋ'' ਗਾਇਨ ਕਰਦਿਆਂ, ਹੱਸਦੇ-ਹੱਸਦੇ ਫਾਂਸੀ ਚੜ੍ਹ ਗਏ। ਜੇਲ੍ਹ ਬਾਹਰ ਹਾਜ਼ਰ ਚਾਰ ਸੌ ਦੇ ਕਰੀਬ ਲੋਕ ਵੈਰਾਗ 'ਚ 'ਸ਼ਹੀਦ ਮੇਵਾ ਸਿੰਘ ਅਮਰ ਰਹੇ' ਦੇ ਨਾਅਰੇ ਲਾ ਕੇ ਧਰਮੀ ਯੋਧੇ ਦੀ ਜੈ ਜੈ ਕਾਰ ਕਰ ਰਹੇ ਸਨ।

ਭਾਈ ਮੇਵਾ ਸਿੰਘ ਲੋਪੋਕੇ ਦੇ ਸ਼ਹੀਦੀ ਦਿਨ 'ਤੇ 11 ਜਨਵਰੀ ਨੂੰ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਵਿਖੇ ਮਹਾਨ ਗ਼ਦਰੀ ਯੋਧਿਆਂ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ ਹਨ। ਇਹਨਾਂ ਤਸਵੀਰਾਂ ਵਿੱਚ ਹੇਠ ਲਿਖੇ ਗਦਰੀ ਸ਼ਹੀਦਾਂ ਦੀਆਂ ਤਸਵੀਰਾਂ ਸ਼ਾਮਲ ਹਨ:

੧ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਕੈਨੇਡਾ
੨ ਸ਼ਹੀਦ ਭਾਈ ਕਰਮ ਸਿੰਘ ਝਿੰਗੜ
੩ ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਕੈਨੇਡਾ
੪ ਭਾਈ ਬਤਨ ਸਿੰਘ ਕਾਹਰੀ ਕੈਨੇਡਾ
੫ ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ ਕੈਨੇਡਾ
੬ ਸ਼ਹੀਦ ਭਾਈ ਈਸ਼ਰ ਸਿੰਘ ਢੁੱਡੀਕੇ ਕੈਨੇਡਾ
੭ਸ਼ਹੀਦ ਭਾਈ ਜਗਤ ਸਿੰਘ ਸੁਰ ਸਿੰਘ ਵਾਲਾ ਕੈਨੇਡਾ
੮ ਸ਼ਹੀਦ ਭਾਈ ਜਵੰਦ ਸਿੰਘ ਨੰਗਲ ਕਲਾਂ ਕੈਨੇਡਾ
੯ ਭਾਈ ਕਰਤਾਰ ਸਿੰਘ ਚੰਦ ਨਵਾਂ ਕੈਨੇਡਾ
੧੦ ਸ਼ਹੀਦ ਭਾਈ ਰਾਮ ਸਿੰਘ ਧਲੇਤਾ ਕੈਨੇਡਾ
੧੧ ਸ਼ਹੀਦ ਭਾਈ ਉਤਮ ਸਿੰਘ ਹਾਂਸ ਕੈਨੇਡਾ
੧੨ ਸ਼ਹੀਦ ਭਾਈ ਬੀਰ ਸਿੰਘ ਬਾਹੋਵਾਲ ਕੈਨੇਡਾ
੧੩ ਸ਼ਹੀਦ ਭਾਈ ਕਰਮ ਸਿੰਘ ਬਬਰ ਦੌਲਤਪੁਰ ਕੈਨੇਡਾ
੧੪ਸ਼ਹੀਦ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਕੈਨੇਡਾ
੧੫ ਭਾਈ ਸਫਾ ਸਿੰਘ ਬਿਲਗਾ ਕੈਨੇਡੀਅਨ
੧੬ ਬੀਬੀ ਹਰਨਾਮ ਕੌਰ ਕੈਨੇਡਾ
੧੭ ਪ੍ਰਿੰਸੀਪਲ ਸੰਤ ਤੇਜਾ ਸਿੰਘ ਮਸਤੂਆਣਾ ਕੈਨੇਡਾ
੧੮ ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।