ਦਿੱਲੀ ਕਮੇਟੀ ਦੇ ਮੈਂਬਰਾਂ ਦੇ ਸਮਰਥਕਾਂ ਸਮੇਤ ਭਾਜਪਾ ਵਿਚ ਸ਼ਾਮਲ ਹੋਣ ਕਾਰਣ ਮਚੀ ਹਲਚਲ

ਦਿੱਲੀ ਕਮੇਟੀ ਦੇ ਮੈਂਬਰਾਂ ਦੇ ਸਮਰਥਕਾਂ ਸਮੇਤ  ਭਾਜਪਾ ਵਿਚ ਸ਼ਾਮਲ ਹੋਣ ਕਾਰਣ ਮਚੀ ਹਲਚਲ

ਸਰਨਾ,ਸ੍ਰੋਮਣੀ ਕਮੇਟੀ, ਹਵਾਰਾ ਕਮੇਟੀ ਨੇ ਕੀਤਾ ਤਿਖਾ ਵਿਰੋਧ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ-ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸਮੇਤ ਹੋਰ ਵੱਖ ਵੱਖ ਖੇਤਰਾਂ ਨਾਲ ਸਬੰਧਤ ਵੱਡੀ ਗਿਣਤੀ ਸਿੱਖ ਭਾਜਪਾ ਵਿੱਚ ਸ਼ਾਮਲ ਹੋਣ ਕਾਰਣ ਪੰਥਕ ਹਲਕਿਆਂ ਵਿਚ ਹਲਚਲ ਮਚੀ ਹੋਈ ਹੈ,ਕਿਉਂਕਿ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਭਾਜਪਾ ਦਾ ਪ੍ਰਭਾਵ ਸਮਝਿਆ ਜਾ ਰਿਹਾ ਹੈ। ਇਨ੍ਹਾਂ ਮੈਂਬਰਾਂ ਵਿੱਚ ਜ਼ਿਆਦਾਤਰ ਉਹ ਆਗੂ ਸ਼ਾਮਲ ਹਨ ਜੋ ਭਾਜਪਾ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਖੇਮੇ ਦੇ ਹਨ। ਇਨ੍ਹਾਂ ਮੈਂਬਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜੀ ਸੀ ਪਰ ਬਾਅਦ ਵਿੱਚ ਦਿੱਲੀ ਦੀ ਸਿੱਖ ਰਾਜਨੀਤੀ ਵਿੱਚ ਆਈਆਂ ਤਬਦੀਲੀਆਂ ਕਰਕੇ ਵੱਖਰੇ ਬਣੇ ਅਕਾਲੀ ਦਲ (ਦਿੱਲੀ ਸਟੇਟ) ਵਿੱਚ ਸ਼ਮੂਲੀਅਤ ਕਰ ਲਈ ਸੀ। ਇਸ ਮੌਕੇ ਘੱਟ ਗਿਣਤੀ ਭਾਈਚਾਰੇ ਦੀ ਮਦਦ ਲਈ ਸਰਕਾਰ ਵੱਲੋਂ ਚੁੱਕੇ ਗਏ ਕਈ ਕਦਮਾਂ ਦਾ ਹਵਾਲਾ ਦਿੰਦਿਆਂ ਭਾਜਪਾ ਪ੍ਰਧਾਨ ਜੇ ਪੀ ਨੱਢਾ ਨੇ ਕਿਹਾ ਕਿ ਜੇ ਕਿਸੇ ਨੇ ਸੱਚਮੁੱਚ ਭਾਈਚਾਰੇ ਲਈ ਕੰਮ ਕੀਤਾ ਹੈ ਤਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ।

ਉਨ੍ਹਾਂ ਕਿਹਾ ਕਿ ਸਿੱਖਾਂ ਵੱਲੋਂ ਦੇਸ਼ ਲਈ ਪਾਏ ਯੋਗਦਾਨ ਅਤੇ ਕੁਰਬਾਨੀਆਂ ਨੂੰ ਭਾਜਪਾ ਬਹੁਤ ਮੰਨਦੀ ਹੈ ਅਤੇ ਪਾਰਟੀ ਉਨ੍ਹਾਂ ਦੀ ਭਲਾਈ ਲਈ ਕੰਮ ਕਰਦੀ ਰਹੇਗੀ। ਨੱਢਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਭਾਜਪਾ ਹੀ ਇਕ ਅਜਿਹੀ ਪਾਰਟੀ ਹੈ ਜਿਸ ਰਾਹੀਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਉਨ੍ਹਾਂ ਮੋਦੀ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ, ਹਰਿਮੰਦਰ ਸਾਹਿਬ ਨੂੰ ਦਾਨ ਲਈ ਐੱਫਸੀਆਰਏ ਰਜਿਸਟ੍ਰੇਸ਼ਨ ਅਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਆਦਿ ਪ੍ਰਾਪਤੀਆਂ ਗਿਣਾਈਆਂ। ਭਾਜਪਾ ਵਿਚ ਸ਼ਾਮਲ ਹੋਣ ਵਾਲੇ ਦਿੱਲੀ ਕਮੇਟੀ ਦੇ ਮੈਂਬਰਾਂ ਵਿੱਚ ਪਰਵਿੰਦਰ ਸਿੰਘ, ਰਮਨਦੀਪ ਸਿੰਘ ਸੋਨੂੰ, ਭੁਪਿੰਦਰ ਸਿੰਘ ਗਿੰਨੀ, ਜਸਮੈਨ ਸਿੰਘ ਨੋਨੀ, ਰਮਨਦੀਪ ਸਿੰਘ ਮੀਤਾ, ਹਰਜੀਤ ਸਿੰਘ ਪੱਪਾ ਅਤੇ ਸਿੱਖ ਆਗੂ ਮਨਜੀਤ ਸਿੰਘ ਔਲਖ ਸ਼ਾਮਲ ਹਨ। ਇਸ ਮੌਕੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਮਨਜਿੰਦਰ ਸਿੰਘ ਸਿਰਸਾ ਅਤੇ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਵੀ ਹਾਜ਼ਰ ਸਨ। ਇਸ ਦੌਰਾਨ ਸਿਰਸਾ ਨੇ ਨੱਢਾ ਦਾ ਸਨਮਾਨ ਵੀ ਕੀਤਾ। ਤਰੁਣ ਚੁੱਘ ਨੇ ਕਿਹਾ ਕਿ ਭਾਜਪਾ ਦੀ ਸਿੱਖ ਭਾਈਚਾਰੇ ਨਾਲ ਸਾਂਝ ਪੁਰਾਣੀ ਹੈ ਜਿਸ ਕਰਕੇ ਵੱਡੀ ਗਿਣਤੀ ਵਿੱਚ ਸਿੱਖਾਂ ਨੇ ਸ਼ਮੂਲੀਅਤ ਕੀਤੀ ਹੈ।

ਪੰਥਕ ਆਗੂਆਂ ਦਾ ਸਖਤ ਪ੍ਰਤੀਕਰਮ

ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਸਭ ਤੋਂ ਭ੍ਰਿਸ਼ਟ ਮੈਂਬਰਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਅਤੇ ਰਸਮੀ ਤੌਰ ’ਤੇ ਇਹ ਲੋਕ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਚੁਣੇ ਗਏ ਇਨ੍ਹਾਂ ਮੈਂਬਰਾਂ ਨੇ ਪਹਿਲਾਂ ਪਾਰਟੀ ਨਾਲ ਧੋਖਾ ਕੀਤਾ ਅਤੇ ਹੁਣ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਇਨ੍ਹਾਂ ਮੌਕਾਪ੍ਰਸਤਾਂ ਦੀ ਦੁਰਦਸ਼ਾ ਇਸ ਗੱਲ ਤੋਂ ਜ਼ਾਹਰ ਹੁੰਦੀ ਹੈ ਕਿ ਦਿੱਲੀ ਦੀ ਸਿੱਖ ਸੰਗਤ ਇਨ੍ਹਾਂ ਦੇ ਨਾਲ ਬਿਲਕੁਲ ਨਹੀਂ ਹੈ, ਇਸ ਲਈ ਮੀਟਿੰਗ ਵਿੱਚ ਭੀੜ ਇਕੱਠੀ ਕਰਨ ਲਈ ਦਿੱਲੀ ਗੁਰਦੁਆਰਾ ਕਮੇਟੀ ਅਧੀਨ ਚੱਲ ਰਹੇ ਕਾਲਜਾਂ ਅਤੇ ਹੋਰ ਅਦਾਰਿਆਂ ਦੇ ਮੁਲਾਜ਼ਮਾਂ ਅਤੇ ਕਰਮਚਾਰੀਆਂ ਨੂੰ ਜਬਰੀ ਲਿਆਂਦਾ ਗਿਆ।

ਉਨ੍ਹਾਂ ਕਿਹਾ ਕਿ ਅੱਜਕਲ ਇਹ ਪਰੰਪਰਾ ਚੱਲ ਰਹੀ ਹੈ ਕਿ ਭਾਜਪਾ ਦੀ ਵਾਸ਼ਿੰਗ ਮਸ਼ੀਨ ਵਿੱਚ ਕਈ ਭ੍ਰਿਸ਼ਟ ਲੋਕ ਆਪਣੇ ਦਾਗ ਧੋ ਰਹੇ ਹਨ। ਇਸੇ ਤਰ੍ਹਾਂ ਹੁਣ ਦਿੱਲੀ ਕਮੇਟੀ ਦੇ ਭ੍ਰਿਸ਼ਟ ਮੈਂਬਰ ਵੀ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਭਾਜਪਾ ਜਿਸ ਤਰ੍ਹਾਂ ਗੁਰੂ ਘਰਾਂ ’ਤੇ ਕਬਜ਼ਾ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਉਹ ਠੀਕ ਨਹੀਂ, ਪਹਿਲਾਂ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਕਮੇਟੀ ਵਿਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਗਈ ਅਤੇ ਹੁਣ ਦਿੱਲੀ ਕਮੇਟੀ ਵੀ ਭਾਜਪਾ ਦੇ ਅਸਿੱਧੇ ਪ੍ਰਭਾਵ ਹੇਠ ਹੈ। 

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਛੇ ਮੈਂਬਰਾਂ ਵੱਲੋਂ ਭਾਜਪਾ ਦਾ ਪੱਲਾ ਫੜੇ ਜਾਣ ’ਤੇ ਹਵਾਰਾ ਕਮੇਟੀ ਨੇ ਕਿਹਾ ਕਿ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਦਿੱਲੀ ਕਮੇਟੀ ਦੀ ਮੈਂਬਰ ਕਮੇਟੀ ਤੋਂ ਅਸਤੀਫ਼ਾ ਦੇ ਕੇ ਰਾਜਨੀਤੀ ਕਰਨ।ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋ. ਬਲਜਿੰਦਰ ਸਿੰਘ ਨੇ ਕਿਹਾ ਕਿ ਗੁਰਦੁਆਰਿਆਂ ਦੇ ਪ੍ਰਬੰਧਕਾਂ ਵੱਲੋਂ ਆਪਣੀ ਮੈਂਬਰੀ ਨੂੰ ਪੌੜੀ ਵਜੋਂ ਵਰਤ ਕੇ ਸਿਆਸੀ ਕਰੀਅਰ ਦੀ ਤਲਾਸ਼ ਵਿੱਚ ਭਾਜਪਾ ਜਾਂ ਹੋਰ ਸਿਆਸੀ ਪਾਰਟੀ ਵਿੱਚ ਦਾਖ਼ਲ ਹੋਣਾ ਧਰਮ ਦੀ ਆਜ਼ਾਦੀ ਨੂੰ ਵੱਡੀ ਚੁਣੌਤੀ ਹੈ। 

ਉਨ੍ਹਾਂ ਕਿਹਾ ਕਿ ਭਾਜਪਾ ਦਾ ਘੱਟ ਗਿਣਤੀਆਂ ਖ਼ਿਲਾਫ਼ ਨਫ਼ਰਤ ਦਾ ਰਵੱਈਆ ਖੁੱਲ੍ਹੀ ਕਿਤਾਬ ਵਾਂਗ ਹੈ ਜਿਸ ਤੋਂ ਸਿੱਖਾਂ ਨੂੰ ਜਾਣੂ ਹੋਣਾ ਚਾਹੀਦਾ ਹੈ। ਭਾਜਪਾ ਦੀਆਂ ਨੀਤੀਆਂ ਆਰਐੱਸਐੱਸ ਤੋਂ ਤਿਆਰ ਹੁੰਦੀਆਂ ਹਨ ਜੋ ਕਿ ਹਿੰਦੂ ਰਾਸ਼ਟਰ ਦੀ ਸਥਾਪਨਾ ਲਈ ਤਿਆਰੀਆਂ ਕਰ ਰਹੇ ਹਨ।

ਭਾਜਪਾ ਨੂੰ ਸਿੱਖ ਹਿਤੈਸ਼ੀ ਹੋਣ ਦੀ ਵਕਾਲਤ ਕਰਨ ਵਾਲੇ ਭਾਜਪਾਈ ਸਿੱਖਾਂ ਨੂੰ ਹਵਾਰਾ ਕਮੇਟੀ ਦੇ ਬੁਲਾਰੇ ਨੇ ਸਵਾਲ ਕੀਤੇ ਕਿ ਗੁਰੂ ਨਾਨਕ ਸਾਹਿਬ ਦੇ ਨਾਂ ’ਤੇ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ, ਗੁਰਦੁਆਰਾ ਡਾਂਗਮਾਰ ਆਦਿ ਜੋ ਭਾਜਪਾ ਸਰਕਾਰਾਂ ਨੇ ਖੋਹੇ ਸਨ ਕੀ ਸਿੱਖ ਕੌਮ ਨੂੰ ਵਾਪਸ ਮਿਲ ਗਏ ਹਨ। ਸਿੱਖ ਇਤਿਹਾਸ ਨੂੰ ਦੇਸ਼ ਦੇ ਵੱਖ-ਵੱਖ ਬੋਰਡਾਂ ਦੇ ਸਿਲੇਬਸਾਂ ਵਿੱਚੋਂ ਕੱਢ ਦਿੱਤਾ ਗਿਆ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਭਾਜਪਾ ਵਿੱਚ ਸ਼ਾਮਲ ਹੋਣ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਸਿੱਖ ਸੰਸਥਾ ਦੇ ਮੈਂਬਰਾਂ ਨੂੰ ਭਾਜਪਾ ਵਿੱਚ ਜਾ ਕੇ ਸਿਆਸਤ ਕਰਨ ਦਾ ਇੰਨਾ ਹੀ ਸ਼ੌਕ ਹੈ ਤਾਂ ਉਹ ਪਹਿਲਾਂ ਤੁਰੰਤ ਆਪਣੀ ਦਿੱਲੀ ਗੁਰਦੁਆਰਾ ਕਮੇਟੀ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ।ਐਡਵੋਕੇਟ ਧਾਮੀ ਨੇ ਕਿਹਾ ਕਿ ਭਾਜਪਾ ਦੀ ਦੂਜੇ ਧਰਮਾਂ ਦੇ ਧਾਰਮਿਕ ਮਾਮਲਿਆਂ ਵਿੱਚ ਸਿੱਧਾ ਦਖ਼ਲ ਦੇਣ ਦੀ ਇਹ ਨੀਤੀ ਬਹੁਤ ਹੀ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਦੇ ਮੈਂਬਰਾਂ ਨੂੰ ਸੰਗਤ ਵੱਲੋਂ ਇਸ ਭਰੋਸੇ ਨਾਲ ਚੁਣਿਆ ਜਾਂਦਾ ਹੈ ਕਿ ਉਹ ਧਾਰਮਿਕ ਭਾਵਨਾਵਾਂ ਅਤੇ ਰਵਾਇਤਾਂ ਅਨੁਸਾਰ ਕਾਰਜ ਕਰਨਗੇ, ਪਰੰਤੂ ਜਦੋਂ ਗੁਰਦੁਆਰਾ ਪ੍ਰਬੰਧਾਂ ਲਈ ਚੁਣੇ ਮੈਂਬਰਾਂ ਵੱਲੋਂ ਸਿੱਖ ਵਿਰੋਧੀ ਸੋਚ ਰੱਖਣ ਵਾਲੀ ਪਾਰਟੀ ਵਿੱਚ ਜਾਣ ਦੀ ਹਰਕਤ ਕੀਤੀ ਜਾਂਦੀ ਹੈ ਤਾਂ ਸੰਗਤ ਦੀਆਂ ਭਾਵਨਾਵਾਂ ਨੂੰ ਭਾਰੀ ਸੱਟ ਵੱਜਣੀਕੁਦਰਤੀ ਹੈ।