ਪੰਜਾਬ ਰਾਜਨੀਤੀ ਵਿਚ ਹੋਈ ਕਈ ਵੱਡੇ ਸਾਬਕਾ ਗੈਂਗਸਟਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਐਂਟਰੀ

ਪੰਜਾਬ ਰਾਜਨੀਤੀ ਵਿਚ ਹੋਈ ਕਈ ਵੱਡੇ ਸਾਬਕਾ ਗੈਂਗਸਟਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਐਂਟਰੀ

ਲੱਖਾ ਸਿਧਾਣਾ ਤੇ ਜੈਪਾਲ ਦੇ ਪਿਤਾ ਅਕਾਲੀ ਦਲ ਅੰਮ੍ਰਿਤਸਰ ਵਲੋਂ ਲੋਕ ਸਭਾ ਚੋਣ ਲੜਨਗੇ

*ਪੰਜਾਬ ਵਿਚ ਹਾਲੇ ਤਕ ‘ਗੈਂਗਸਟਰ’ ਸਿਆਸਤ ਵਿਚ ਸਫ਼ਲ ਨਹੀਂ ਹੋਏ

ਹਾਕਮ ਜਮਾਤੀ ਸਿਆਸਤਦਾਨਾਂ ਤੇ ਗੈਂਗਸਟਰਾਂ ਦੀ ਸਾਂਝ ਜੱਗ-ਜ਼ਾਹਿਰ ਹੈ। ਜੇ ਇਸ ਬਾਰੇ ਡੂੰਘੀ ਜਾਂਚ ਕਰਵਾਈ ਜਾਵੇ ਤਾਂ ਇਸ ਸਾਂਝ ਦਾ ਵਿਆਪਕ ਪਸਾਰਾ ਸਾਹਮਣੇ ਆ ਸਕਦਾ ਹੈ, ਪਰ ਸਿਤਮਜ਼ਰੀਫੀ ਇਹ ਕਿ ਇਨ੍ਹਾਂ ਗੈਂਗਸਟਰਾਂ ਨੂੰ ਤਾਂ ਝੂਠੇ ਪੁਲੀਸ ਮੁਕਾਬਲਿਆਂ ਵਿਚ ਮਾਰਿਆ ਜਾ ਰਿਹਾ ਹੈ, ਪਰ ਸਬੰਧਤ ਸਿਆਸਤਦਾਨਾਂ ਨੂੰ ਭੋਰਾ ਸੇਕ ਨਹੀਂ ਲੱਗਿਆ ।ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਰੁਜ਼ਗਾਰ ਸਨਅਤੀਕਰਨ ਨਾਲ ਜੁੜਿਆ ਹੈ; ਪਰ ਪੰਜਾਬ ਸਨਅਤ ਪੱਖੋਂ ਪਛੜਿਆ ਹੋਇਆ ਹੈ। ਬੇਰੁਜ਼ਗਾਰੀ ਕਾਰਣ ਜਵਾਨੀ ਨੂੰ ਭਵਿੱਖ ਵਿਚ ਘੁੱਪ ਹਨੇਰੇ ਤੋਂ ਬਿਨਾਂ ਕੁਝ ਨਹੀਂ ਦਿਸਦਾ। ਉਹ ਜਾਂ ਤਾਂ ਜਾਇਜ਼/ਨਜਾਇਜ਼ ਤਰੀਕਿਆਂ ਨਾਲ ਵਿਦੇਸ਼ਾਂ ਨੂੰ ਭੱਜ ਰਹੇ ਹਨ ਤੇ ਜਾਂ ਗੁੰਮਰਾਹ ਹੋ ਕੇ ਗੈਂਗਸਟਰ ਬਣ ਰਹੇ ਹਨ।

ਇਸ ਵਰਤਾਰੇ ਨੂੰ ਉਤਸ਼ਾਹਿਤ ਕਰਨ ਵਿਚ ਫੈਲੇ ਗਾਇਕੀ ਪ੍ਰਦੂਸ਼ਣ ਤੇ ਫਿਲਮਾਂ ਦਾ ਵੀ ਵੱਡਾ ਰੋਲ ਹੈ। ਇਸ ਵਿਚ ਇਨ੍ਹਾਂ ਗਰੋਹ ਲੀਡਰਾਂ ਨੂੰ ਨਾਇਕ ਅਤੇ ਰੌਬਿਨਹੁੱਡ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ‘ਰੁਪਿੰਦਰ ਗਾਂਧੀ: ਦਿ ਗੈਂਗਸਟਰ’ ਵਰਗੀਆਂ ਫ਼ਿਲਮਾਂ ਬਣੀਆਂ ਹਨ। ਗੀਤਾਂ ਵਿਚ ਹਥਿਆਰਾਂ, ਗੈਂਗਵਾਦ, ਧੌਂਸ, ਜੱਟਵਾਦ ਅਤੇ ਆਪਸੀ ਲੜਾਈਆਂ ਦੀ ਬੇਸਿਰ-ਪੈਰ ਦੀ ਹਿੰਸਾ ਨੂੰ ਵਡਿਆਇਆ ਜਾਂਦਾ ਹੈ। ਇਹ ਜਵਾਨੀ ਦੇ ਅੱਲੜ ਮਨਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਗੈਂਗਵਾਦ, ਨਸ਼ੇ ਇਹ ਵਰਤਾਰੇ ਇਸ ਸਮਾਜਿਕ-ਆਰਥਿਕ-ਰਾਜਨੀਤਿਕ ਪ੍ਰਬੰਧ ਦੀ ਦੇਣ ਹਨ। 

 ਪੰਜਾਬ ਦੀ ਰਾਜਨੀਤੀ ਵਿਚ ਕਈ ਵੱਡੇ ਸਾਬਕਾ ਗੈਂਗਸਟਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਿਆਸਤ ਵਿਚ ਐਂਟਰੀ ਚਰਚਾ ਵਿੱਚ ਰਹੀ ਹੈ।ਹੁਣ ਅਕਾਲੀ ਦਲ ਅੰਮ੍ਰਿਤਸਰ ਵਲੋਂ ਸਾਬਕਾ ਗੈਂਗਸਟਰ ਲਖਬੀਰ ਸਿੰਘ ਸਰਾਂ ਉਰਫ਼ ਲੱਖਾ ਸਿਧਾਣਾ ਬਠਿੰਡਾ ਲੋਕ ਸਭਾ ਹਲਕੇ ਤੋਂ ਅਤੇ ਕਥਿਤ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਫਿਰੋਜ਼ਪੁਰ ਤੋਂ ਚੋਣ ਲੜਨਗੇ।ਜੈਪਾਲ ਸਿੰਘ ਭੁੱਲਰ ਦਾ ਨਾਮ ਕਤਲ, ਨਸ਼ਾ ਤਸਕਰੀ, ਚੋਰੀ ਅਤੇ ਲੁੱਟ ਦੀਆਂ ਕਈ ਵੱਡੀਆਂ ਵਾਰਦਾਤਾਂ ਵਿੱਚ ਰਿਹਾ ਹੈ।

ਲੱਖਾ ਸਿਧਾਣਾ ਦਾ ਕਿਸੇ ਸਮੇਂ ਅਪਰਾਧ ਦੀ ਦੁਨੀਆਂ ਨਾਲ ਡੂੰਘਾ ਵਾਹ-ਵਾਸਤਾ ਰਿਹਾ ਹੈ।ਇਸ ਤੋਂ ਬਾਅਦ ਉਹ ਇੱਕ ਕਾਰਕੁਨ ਵਜੋਂ ਉੱਭਰੇ, ਕਿਸਾਨ ਅੰਦੋਲਨ ਦੌਰਾਨ ਫ਼ਰਾਰ ਰਹੇ ਅਤੇ ਕਈ ਸਾਲਾਂ ਤੋਂ ਇੱਕ ਸਿਆਸਤਦਾਨ ਵਜੋਂ ਆਪਣਾ ਮੁਕਾਮ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਲੱਖਾ ਸਿਧਾਣਾ ਦੀ ਸੋਸ਼ਲ ਮੀਡੀਆ ਉੱਤੇ ਸਮਾਜਿਕ ਕਾਰਕੁਨ, ਨੌਜਵਾਨ ਆਗੂ ਵਜੋਂ ਵੀ ਪਛਾਣ ਹੈ।

ਲੱਖਾ ਸਿਧਾਣਾ ਮੁਤਾਬਕ ਉਹ ਵਿਦਿਆਰਥੀ ਆਗੂ ਵਜੋਂ ਛੋਟੇ ਝਗੜਿਆਂ ਵਿੱਚ ਸ਼ਾਮਲ ਸਨ, ਪਰ ਬਾਅਦ ਵਿੱਚ ਵੱਡੇ ਮਾਮਲਿਆਂ ਵਿੱਚ ਉਲਝ ਗਏ ਅਤੇ ਫਿਰ ਗੈਂਗਸਟਰ ਬਣ ਗਏ ਸਨ।ਲੱਖਾ ਸਿਧਾਣਾ ਉੱਤੇ ਕਿਸਾਨ ਅੰਦੋਲਨ ਦੌਰਾਨ ਜਨਵਰੀ 2021 ਵਿੱਚ ਕਿਸਾਨਾਂ ਨੂੰ ਭੜਕਾ ਕੇ ਲਾਲ ਕਿਲ੍ਹੇ ਉੱਤੇ ਲੈ ਕੇ ਜਾਣ ਦਾ ਇਲਜ਼ਾਮ ਲੱਗਾ ਸੀ। ਉਨ੍ਹਾਂ ‘ਤੇ ਕੇਸ ਵੀ ਦਰਜ ਹੋਇਆ ਸੀ।ਇਸ ਤੋਂ ਪਹਿਲਾਂ ਲੱਖਾਂ ਸਿਧਾਣਾ ਪੀਪਲਜ਼ ਪਾਰਟੀ ਆਫ ਪੰਜਾਬ ਵੱਲੋਂ ਵੀ ਸਾਲ 2012 ਵਿੱਚ ਚੋਣਾਂ ਲੜ ਚੁੱਕੇ ਹਨ ਪਰ ਕੋਈ ਖ਼ਾਸ ਮਾਅਰਕਾ ਨਹੀਂ ਮਾਰ ਸਕੇ ਸਨ।ਲੱਖਾ ਸਿਧਾਣਾ ਕਿਸਾਨ ਜਥੇਬੰਦੀਆਂ ਦੇ ਸਮਰਥਨ ਨਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੌੜ ਹਲਕੇ ਤੋਂ ਚੋਣ ਵੀ ਲੜ ਚੁੱਕੇ ਹਨ, ਪਰ ਉਹ ਹਾਰ ਗਏ ਸਨ।

ਦੂਜੇ ਪਾਸੇ ਅਕਾਲੀ ਦਲ ਅੰਮ੍ਰਿਤਸਰ ਵਲੋਂ ਉਮੀਦਵਾਰ ਸਾਬਕਾ ਪੁਲਿਸ ਇੰਸਪੈਕਟਰ ਭੁਪਿੰਦਰ ਸਿੰਘ ਭੁੱਲਰ ਦਾ ਪੁੱਤਰ ਜੈਪਾਲ ਭੁੱਲਰ ਪੰਜਾਬ ਪੁਲਿਸ ਲਈ ਕਿਸੇ ਸਮੇਂ ‘ਮੋਸਟ ਵਾਂਟੇਡ’ ਗੈਂਗਸਟਰ ਸੀ।ਜੈਪਾਲ ਭੁੱਲਰ ਦੇ ਖ਼ਿਲਾਫ਼ ਪੰਜਾਬ ਹਰਿਆਣਾ ਅਤੇ ਰਾਜਸਥਾਨ ਵਿੱਚ 40 ਤੋਂ ਵੱਧ ਅਪਰਾਧਕ ਮਾਮਲੇ ਦਰਜ ਸਨ।ਜੈਪਾਲ ਭੁੱਲਰ ਦੀ ਮੌਤ ਜੂਨ 2021 ਦੌਰਾਨ ਕਲਕੱਤਾ ਵਿੱਚ ਇੱਕ ਕਥਿਤ ਪੁਲਿਸ ਮੁਕਾਬਲੇ ਵਿੱਚ ਹੋਈ ਸੀ।ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਦੇ ਮਾਮਲੇ ਵਿੱਚ ਜੈਪਾਲ ਭੁੱਲਰ ਅਤੇ ਉਸ ਦੇ ਸਾਥੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ।

ਸਾਬਕਾ ਗੈਂਗਸਟਰ ਹੁਣ ਤਕ ਰਾਜਨੀਤੀ ਵਿਚ ਸਫਲ ਨਾ ਹੋਏ

ਪੰਜਾਬ ਵਿੱਚ ਸੰਗਠਿਤ ਅਪਰਾਧ ਨਾਲ ਜੁੜੇ ਰਹੇ ਲੋਕਾਂ ਦੇ ਚੋਣ ਲੜਨ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਚੋਣਾਂ ਵਿੱਚ ਹੱਥ ਅਜ਼ਮਾਉਣ ਦਾ ਵਰਤਾਰਾ ਨਵਾਂ ਨਹੀਂ ਹੈ।ਲੱਖਾ ਸਿਧਾਣਾ ਅਤੇ ਜੈਪਾਲ ਭੁੱਲਰ ਦੇ ਪਿਤਾ ਤੋਂ ਪਹਿਲਾਂ ਜਸਵਿੰਦਰ ਸਿੰਘ ਉਰਫ਼ ਰੌਕੀ ਫ਼ਾਜ਼ਿਲਕਾ ਨਾਮ ਦਾ ਕਥਿਤ ਗੈਂਗਸਟਰ ਵੀ ਦੋ ਵਾਰੀ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਚੋਣਾਂ ਵਿਚ ਉਮੀਦਵਾਰ ਸਨ।ਰੌਕੀ ਫ਼ਾਜ਼ਿਲਕਾ ਨੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ ਪੈਂਦੇ ਫ਼ਾਜ਼ਿਲਕਾ ਤੋਂ ਸਾਲ 2012 ਵਿਚ ਚੋਣ ਲੜੀ ਸੀ।ਇਨ੍ਹਾਂ ਚੋਣਾਂ ਵਿੱਚ ਰੌਕੀ ਨੂੰ 39,209 ਵੋਟਾਂ ਪਈਆਂ ਸਨ, ਉਹ 1600 ਵੋਟਾਂ ਦੇ ਫ਼ਰਕ ਨਾਲ ਭਾਜਪਾ ਦੇ ਉਮੀਦਵਾਰ ਸੁਰਜੀਤ ਜਿਆਣੀ ਤੋਂ ਹਾਰ ਗਏ ਸਨ।ਰੌਕੀ ਦੀਆਂ ਸਾਬਕਾ ਕੇਂਦਰੀ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਅਤੇ ਸੁਖਬੀਰ ਸਿੰਘ ਬਾਦਲ ਨਾਲ ਵੀ ਤਸਵੀਰਾਂ ਨਸ਼ਰ ਹੋਈਆਂ ਸਨ।ਰੌਕੀ ਫ਼ਾਜ਼ਿਕਲਾ ਦਾ ਹਿਮਾਚਲ ਦੇ ਪ੍ਰਵਾਣੂ ਵਿੱਚ ਸਾਲ 2016 ਵਿੱਚ ਕਤਲ ਹੋ ਗਿਆ ਸੀ, ਇਸ ਕਤਲ ਦਾ ਇਲਜ਼ਾਮ ਜੈਪਾਲ ਭੁੱਲਰ ਉੱਤੇ ਲੱਗਾ ਸੀ।ਰੌਕੀ ਫਾਜਿਲਕਾ ਦੇ ਕਤਲ ਮਗਰੋਂ 2017 ਦੀਆਂ ਅਸੈਂਬਲੀ ਚੋਣਾਂ ਵਿੱਚ ਜਸਵਿੰਦਰ ਸਿੰਘ ਰੌਕੀ ਦੀ ਭੈਣ ਰਾਜਦੀਪ ਕੌਰ ਨੇ ਵੀ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ।ਜੇਤੂ ਕਾਂਗਰਸੀ ਉਮੀਦਵਾਰ ਦਵਿੰਦਰ ਸਿੰਘ ਘੁਬਾਇਆ ਨੂੰ 39,276 ਵੋਟਾਂ ਪਈਆਂ ਸਨ, ਸਾਬਕਾ ਕੈਬਨਿਟ ਮੰਤਰੀ ਸੁਰਜੀਤ ਜਿਆਣੀ ਨੂੰ 39,011 ਵੋਟਾਂ ਅਤੇ ਜਸਵਿੰਦਰ ਸਿੰਘ ਰੌਕੀ ਦੀ ਭੈਣ ਨੂੰ 38,135 ਵੋਟਾਂ ਪਈਆਂ ਸਨ ।2018 ਵਿੱਚ ਰਾਜਦੀਪ ਕੌਰ ਸ਼੍ਰੋਮਣੀ ਅਕਾਲੀ ਵਿੱਚ ਸ਼ਾਮਲ ਹੋਏ ਅਤੇ 2019 ਵਿੱਚ ਦੇ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ।

ਚੋਣਾਂ ਨੂੰ ਲੈ ਕੇ ਪਰਭਜਿੰਦਰ ਸਿੰਘ ਬਰਾੜ ਉਰਫ ਡਿੰਪੀ ਚੰਦਭਾਨ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਦਾ ਨਾਮ ਚਰਚਾ ਵਿੱਚ ਰਿਹਾ ਹੈ।

ਡਿੰਪੀ ਚੰਦਭਾਨ ਨੂੰ 1991 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਮਾਨ ਦਲ ਦੇ ਉਮੀਦਵਾਰ ਵਜੋਂ ਟਿਕਟ ਮਿਲ ਗਈ ਸੀ, ਜਦੋਂ ਅਕਾਲੀ ਦਲ ਦੇ ਸਾਰੇ ਧੜ੍ਹਿਆਂ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ। ਉਹ ਚੋਣਾਂ ਮੁਲਤਵੀ ਹੋ ਗਈਆਂ ਸਨ।

2007 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਸ ਦਾ ਕਤਲ ਹੋ ਗਿਆ ਸੀ।ਇਸ ਕੇਸ ਵਿੱਚ ਪਹਿਲਾਂ ਰੌਕੀ ਨੂੰ ਮੁਲਜ਼ਮ ਵਜੋਂ ਸ਼ਾਮਲ ਕੀਤਾ ਗਿਆ ਸੀ ਪਰ ਉਹ ਬਰੀ ਹੋ ਗਿਆ ਸੀ।

ਡਿੰਪੀ ਚੰਦਭਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਹਿੱਸਾ ਰਿਹਾ ਸੀ, ਉਸ ਦੀਆਂ ਯੂਪੀ ਦੇ ਗੈਂਗਸਟਰ ਮੁਖ਼ਤਾਰ ਅੰਸਾਰੀ ਨਾਲ ਵੀ ਤਸਵੀਰਾਂ ਹਨ।

ਸਿਆਸਤ ਵਿੱਚ ਐਕਟਿਵ ਰਹੇ ਹੋਰ ਕਥਿਤ ਗੈਂਗਸਟਰਾਂ ਵਿੱਚ ਕੁਲਬੀਰ ਨਰੂਆਣਾ, ਬਲਜੀਤ ਰੰਗੀ ਰਾਇਕੋਟ ਅਤੇ ਕਾਲਾ ਧਨੌਲਾ ਦਾ ਵੀ ਨਾਮ ਆਉਂਦਾ ਹੈ।

ਬਠਿੰਡਾ ਦੇ ਨਰੂਆਣਾ ਪਿੰਡ ਦਾ ਕੁਲਬੀਰ ਨਰੂਆਣਾ ਇੱਕ ਕਬੱਡੀ ਖਿਡਾਰੀ ਸੀ, ਕਈ ਅਪਰਾਧਕ ਕੇਸਾਂ ਵਿੱਚ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਕੁਲਬੀਰ ਜੇਲ੍ਹ ਤੋਂ ਬਾਹਰ ਆ ਗਿਆ ਸੀ ਅਤੇ ਉਸ ਦੀ ਇਮੇਜ ਇੱਕ ਸਮਾਜਿਕ ਕਾਰਕੁਨ ਵਜੋਂ ਬਣਨੀ ਸ਼ੁਰੂ ਹੋ ਗਈ।ਕੁਲਬੀਰ ਨਰੂਆਣਾ ਦੀਆਂ ਕਈ ਸਿਆਸੀ ਸ਼ਖ਼ਸੀਅਤਾਂ ਨਾਲ ਤਸਵੀਰਾਂ ਵੀ ਵਾਇਰਲ ਹੋਈਆਂ ਸਨ, ਉਹ ਇੱਕ ਰੈਲੀ ਵਿੱਚ ਲੱਖਾ ਸਿਧਾਣਾ ਨਾਲ ਵੀ ਦੇਖੇ ਗਏ ਸਨ।ਕੁਲਬੀਰ ਨਰੂਆਣਾ ਰੌਕੀ ਫ਼ਾਜ਼ਿਲਕਾ ਦਾ ਵੀ ਹਮਾਇਤੀ ਸੀ।ਕੁਲਬੀਰ ਨਰੂਆਣਾ ਦਾ ਜੁਲਾਈ 2021 ਵਿੱਚ ਕਤਲ ਹੋ ਗਿਆ ਸੀ।

ਇਸੇ ਤਰ੍ਹਾਂ ਰਾਏਕੋਟ ਦਾ ਬਲਜੀਤ ਰੰਗੀ ਵੀ ਆਪਣੇ ਇਲਾਕੇ ਵਿੱਚ ਸਿਆਸਤ ਵਿੱਚ ਐਕਟਿਵ ਰਿਹਾ ਹੈ ਅਤੇ ਹੁਣ ਸਮਾਜਿਕ ਗਤੀਵਿਧੀਆਂ ਵਿੱਚ ਵੀ ਉਨ੍ਹਾਂ ਵੱਲੋਂ ਹਿੱਸਾ ਲਿਆ ਜਾਂਦਾ ਹੈ।

‘ਵੀਰ ਚੱਕਰ’ ਜੇਤੂ ਰਹੇ ਸੱਜਣ ਸਿੰਘ ਮਾਨ ਦਾ ਪੋਤਾ ਗੁਰਮੀਤ ਸਿੰਘ ਮਾਨ ਉਰਫ਼ ਕਾਲਾ ਧਨੌਲਾ ਵੀ ਆਪਣੇ ਇਲਾਕੇ ਧਨੌਲਾ, ਬਰਨਾਲਾ ਅਤੇ ਸੰਗਰੂਰ ਵਿੱਚ ਸਿਆਸਤ ਵਿੱਚ ਸਰਗਰਮ ਰਿਹਾ ਸੀ।ਕਾਲਾ ਧਨੌਲਾ ਦੀ ਬੀਤੀ ਫਰਵਰੀ 2024 ਦੀ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਨਾਲ ਕਥਿਤ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ ਸੀ।ਮੀਡੀਆ ਦੀ ਰਿਪੋਰਟ ਮੁਤਾਬਕ ਕਾਲਾ ਧਨੌਲਾ ਨੇ 2012 ਵਿੱਚ ਜਨਤਾ ਦੇ ਮਸਲੇ ਸੁਲਝਾਉਣ ਲਈ ਦਰਬਾਰ ਲਗਾਉਣੇ ਸ਼ੁਰੂ ਕਰ ਦਿੱਤੇ ਸਨ। ਉਸ ਉੱਤੇ ਕਈ ਅਪਰਾਧਕ ਮਾਮਲੇ ਦਰਜ ਹੋਏ ਸਨ।2015 ਵਿੱਚ ਕਾਲਾ ਧਨੌਲਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਧਨੌਲਾ ਨਗਰ ਕੌਂਸਲ ਦੀਆਂ ਚੋਣਾਂ ਜਿੱਤੀਆਂ ਸਨ, ਉਸ ਵੇਲੇ ਕਾਲਾ ਧਨੌਲਾ ਜੇਲ੍ਹ ਵਿੱਚ ਸੀ।

ਪੰਜਾਬ ਵਿੱਚ ਕਥਿਤ ਗੈਂਗਸਟਰ ਦੱਸੇ ਜਾਂਦੇ ਲੋਕਾਂ ਦੇ ਚੋਣਾਂ ਲੜਨ ਬਾਰੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਕਹਿੰਦੇ ਹਨ ਕਿ ਪੰਜਾਬ ਵਿੱਚ ਇਸ ਦੀ ਲੋਕਾਂ ਵਿੱਚ ਜ਼ਿਆਦਾ ਪ੍ਰਵਾਨਗੀ ਨਹੀਂ ਹੈ।ਉਹ ਕਹਿੰਦੇ ਹਨ, "ਯੂਪੀ ਅਤੇ ਬਿਹਾਰ ਵਿੱਚ ਕਥਿਤ ਗੈਂਗਸਟਰ ਜਿੱਤ ਵੀ ਜਾਂਦੇ ਹਨ ਪਰ ਪੰਜਾਬ ਵਿੱਚ ਨਹੀਂ ਇੱਥੇ ਇਹ ਆਪਣੇ ਬਚਾਅ ਲਈ ਚੋਣਾਂ ਵੱਲ ਰੁਖ਼ ਕਰਦੇ ਰਹੇ ਹਨ। ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਉਸ ਕਿਸਮ ਦੇ ਹੀਰੋਇਜ਼ਮ ਨੂੰ ਲੋਕਾਂ ਵੱਲੋਂ ਪਸੰਦ ਨਹੀਂ ਕੀਤਾ ਜਾਂਦਾ ਰਿਹਾ ਹੈ, ਉਹ ਕਹਿੰਦੇ ਹਨ ਕਿ ਪੰਜਾਬ ਵਿੱਚ ਇਹ ਵਰਤਾਰਾ ਥੋੜ੍ਹ ਚਿਰਾ ਰਿਹਾ ਹੈ ਅਤੇ ਇਸ ਦਾ ਕੋਈ ਠੋਸ ਅਧਾਰ ਨਹੀਂ ਹੈ।"