ਕਾਂਗਰਸੀ ਚੋਲਾ ਪਾਉਣ ਵਾਲੇ ਅਕਾਲੀਆਂ ਨੇ ਕਾਂਗਰਸ ਆਗੂਆਂ ਦਾ ਫ਼ਿਕਰ ਵਧਾਇਆ ਪਸੰਦੀਦਾ ਹਲਕੇ ਹੱਥੋਂ ਖਿਸਕਣ ਦਾ ਸਤਾ ਰਿਹੈ ਡਰ
ਜਲੰਧਰ/ਬਿਊਰੋ ਨਿਊਜ਼ :
ਅਕਾਲੀ ਵਿਧਾਇਕਾਂ ਨੂੰ ਆਪਣੇ ਨਾਲ ਰਲਾਉਣ ਦੀਆਂ ਤਿਆਰੀਆਂ ਨਾਲ ਦੋਆਬੇ ਵਿੱਚ ਕਾਂਗਰਸ ਦਾ ਹਿਸਾਬ ਕਿਤਾਬ ਵਿਗੜ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਜਾ ਰਹੇ ਆਗੂਆਂ ਨੂੰ ਉਨ੍ਹਾਂ ਦੇ ਮਨਪਸੰਦ ਹਲਕੇ ਦੇਣੇ ਪਾਰਟੀ ਲਈ ਸਿਰਦਰਦੀ ਬਣ ਗਈ ਹੈ। ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਕਾਂਗਰਸ ਵਿਚ ਸ਼ਾਮਲ ਹੋਣ ਮੌਕੇ ਆਪਣੇ ਨਾਲ ਵੱਡੀ ਗਿਣਤੀ ਵਿਚ ਸਮਰਥਕਾਂ ਨੂੰ ਲੈਕੇ ਗਏ ਸਨ। ਉਨ੍ਹਾਂ ਦੀ ਪਹਿਲੀ ਪਸੰਦ ਫਿਲੌਰ ਤੇ ਦੂਜੀ ਕਰਤਾਰਪੁਰ ਹੈ। ਇਸੇ ਤਰ੍ਹਾਂ 28 ਨਵੰਬਰ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਪਰਗਟ ਸਿੰਘ ਨੇ ਜਲੰਧਰ ਛਾਉਣੀ ਤੋਂ ਹੀ ਟਿਕਟ ਦੀ ਦਾਅਵੇਦਾਰੀ ਪੇਸ਼ ਕੀਤੀ ਹੈ। ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਹੋਈ ਗੱਲਬਾਤ ਦੌਰਾਨ ਵੀ ਉਨ੍ਹਾਂ ਨੇ ਇਸੇ ਹਲਕੇ ਤੋਂ ਚੋਣ ਲੜਨ ਦੀ ਇੱਛਾ ਪ੍ਰਗਟਾਈ ਸੀ। ਸ੍ਰੀ ਗਾਂਧੀ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਨੂੰ
ਮਨਪਸੰਦ ਸੀਟ ਹੀ ਦਿੱਤੀ ਜਾਵੇਗੀ। 29 ਨਵੰਬਰ ਨੂੰ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਵਿਨਾਸ਼ ਚੰਦਰ, ਜਿਹੜੇ ਫਿਲੌਰ ਵਿਧਾਨ ਸਭਾ ਹਲਕੇ ਤੋਂ ਸਿਰਫ਼ 31 ਵੋਟਾਂ ਨਾਲ ਜਿੱਤੇ ਸਨ, ਆਦਮਪੁਰ ਤੋਂ ਚੋਣ ਲੜਨ ਦੇ ਇਛੁੱਕ ਹਨ। ਉਨ੍ਹਾਂ ਦੀ ਦੂਜੀ ਪਸੰਦ ਹਲਕਾ ਕਰਤਾਰਪੁਰ ਹੈ। ਅਕਾਲੀਆਂ ਵਿਚੋਂ ਆਏ ਇਨ੍ਹਾਂ ਵਿਧਾਇਕਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਅਤੇ ਇਨ੍ਹਾਂ ਦੀਆਂ ਦਾਅਵੇਦਾਰੀਆਂ ਨੇ ਪਾਰਟੀ ਨੂੰ ਸੰਕਟ ਵਿੱਚ ਪਾ ਦਿੱਤਾ ਹੈ। ਪਾਰਟੀ ਦੇ ਜਿਹੜੇ ਆਗੂਆਂ ਨੇ ਪੰਜਾਂ ਸਾਲਾਂ ਤੋਂ ਟਿਕਟਾਂ ਲਈ ਉਮੀਦਾਂ ਰੱਖੀਆਂ ਹਨ, ਉਨ੍ਹਾਂ ਦੀ ਨੀਂਦ ਉੱਡ ਗਈ ਹੈ। ਜਲੰਧਰ ਛਾਉਣੀ ਤੋਂ ਕਾਂਗਰਸ ਦੇ ਪ੍ਰਮੁੱਖ ਦਾਅਵੇਦਾਰ ਜਗਬੀਰ ਸਿੰਘ ਬਰਾੜ ਹਨ, ਉਹ ਪਾਰਟੀ ਦੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਵੀ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਜੇਕਰ ਜਲੰਧਰ ਛਾਉਣੀ ਤੋਂ ਦੂਜੀ ਪਾਰਟੀ ਪਰਗਟ ਸਿੰਘ ਨੂੰ ਉਤਾਰਦੀ ਹੈ ਤਾਂ ਉਹ ਭਲਾ ਜਗਬੀਰ ਬਰਾੜ ਨੂੰ ਕਿਵੇਂ ਹਰਾ ਸਕਦਾ ਹੈ? ਆਦਮਪੁਰ ਹਲਕੇ ਤੋਂ ਪਿਛਲੀ ਵਾਰ ਚੋਣ ਲੜਨ ਵਾਲੇ ਸਤਨਾਮ ਸਿੰਘ ਕੈਂਥ ਪੰਜ ਸਾਲ ਤੋਂ ਹਲਕੇ ਵਿੱਚ ਸਰਗਰਮ ਹਨ। ਸਰਵਣ ਸਿੰਘ ਫਿਲੌਰ ਨੂੰ ਜੇਕਰ ਵਿਧਾਨ ਸਭਾ ਹਲਕਾ ਫਿਲੌਰ ਤੋਂ ਟਿਕਟ ਦਿੱਤੀ ਜਾਂਦੀ ਹੈ ਤਾਂ ਉਥੇ ਟਿਕਟ ਦੇ ਮੁੱਖ ਦਾਅਵੇਦਾਰ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਿਕਰਮਜੀਤ ਸਿੰਘ ਚੌਧਰੀ ਲਈ ਕੋਈ ਹੋਰ ਹਲਕਾ ਲੱਭਣਾ ਔਖਾ ਹੋ ਜਾਵੇਗਾ। ਉਹ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਪੁੱਤਰ ਹਨ। ਉਨ੍ਹਾਂ ਲਈ ਹਲਕਾ ਕਰਤਾਰਪੁਰ ਬਾਰੇ ਚਰਚੇ ਚੱਲ ਰਹੇ ਹਨ ਪਰ ਉਥੋਂ ਮਰਹੂਮ ਚੌਧਰੀ ਜਗਜੀਤ ਸਿੰਘ ਦੇ ਪੁੱਤਰ ਚੌਧਰੀ ਸੁਰਿੰਦਰ ਸਿੰਘ ਦਾਅਵੇਦਾਰ ਹਨ।
ਉਨ੍ਹਾਂ ਨੂੰ ਵੀ ਕੈਪਟਨ ਨੇ ਚੌਧਰੀ ਜਗਜੀਤ ਸਿੰਘ ਦੀ ਅੰਤਿਮ ਅਰਦਾਸ ਮੌਕੇ ਥਾਪੜਾ ਦਿੰਦਿਆਂ ਕਿਹਾ ਸੀ ਕਿ ਉਹ ਆਪਣੇ ਪਿਤਾ ਦੀ ਸਿਆਸੀ ਵਿਰਾਸਤ ਨੂੰ ਸੰਭਾਲਣ ਲਈ ਸਰਗਰਮ ਰਹਿਣ। ਹੁਣ ਜਦੋਂ ਪੰਜਾਬ ਦੇ ਰਾਜਨੀਤਕ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ ਤਾਂ ਰਾਜਨੀਤਕ ਪਾਰਟੀਆਂ ਦੇ ਆਗੂ ਇਧਰ-ਉਧਰ ਜਾ ਰਹੇ ਹਨ ਤਾਂ ਪਹਿਲਾਂ ਨਿਰਧਾਰਤ ਕੀਤੇ ਹਲਕਿਆਂ ਦੇ ਉਮੀਦਵਾਰਾਂ ਦੀ ਹੋ ਰਹੀ ਅਦਲਾ-ਬਦਲੀ ਨੇ ਕਾਂਗਰਸ ਲਈ ਧਰਮ ਸੰਕਟ ਖੜ੍ਹਾ ਕਰ ਦਿੱਤਾ ਹੈ।
Comments (0)