ਬੁਰੀ ਤਰ੍ਹਾਂ ਵਿਵਾਦ ਵਿਚ ਫਸੀ ਕਾਂਗਰਸੀ ਆਗੂ ਅੰਮ੍ਰਿਤਾ ਵੜਿੰਗ

ਬੁਰੀ ਤਰ੍ਹਾਂ ਵਿਵਾਦ ਵਿਚ ਫਸੀ ਕਾਂਗਰਸੀ ਆਗੂ ਅੰਮ੍ਰਿਤਾ ਵੜਿੰਗ

ਜਥੇਦਾਰ ਅਕਾਲ ਤਖਤ ਸਾਹਿਬ ਵਲੋਂ ਤਾੜਨਾ ਕਰਨ ਬਾਅਦ ਮੰਗੀ ਮਾਫੀ

ਮਾਮਲਾ ਕਾਂਗਰਸ ਦੇ ਚੋਣ ਨਿਸ਼ਾਨ ਦੀ ਤੁਲਨਾ ਗੁਰੂ ਨਾਨਕ ਦੇ ਪੰਜੇ ਨਾਲ ਕਰਨ ਦਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਬਠਿੰਡਾ – ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਚੋਣ ਪ੍ਰਚਾਰ ਕਰਦਿਆਂ ਵਿਵਾਦਤ ਬਿਆਨ ਦਿੱਤਾ ਕਿ ਮੈਂ ਗੁਰੂਆਂ ਦੇ ਪੰਜੇ ਲਈ ਵੋਟ ਮੰਗਣ ਆਈ ਹਾਂ, ਗੁਰੂ ਨਾਨਕ ਦੇਵ ਜੀ ਦਾ ਵੀ ਪੰਜਾ ਸੀ। ਇਸ ਕਰਕੇ ਮੈਂ ਪੰਜੇ ਲਈ ਵੋਟ ਮੰਗਣ ਆਈ ਹਾਂ। ਗੁਰੂਆਂ ਦਾ ਪੰਜਾ ਹੋਣ ਕਰਕੇ ਕਾਂਗਰਸ ਨੇ ਪੰਜਾ ਨਿਸ਼ਾਨ ਚੁਣਿਆ ਹੈ। ਜਿਸ ਕਾਰਨ ਸਿੱਖ ਭਾਈਚਾਰੇ ਵਿੱਚ ਭਾਰੀ ਗੁੱਸਾ ਦੇਖਿਆ ਜਾ ਰਿਹਾ ਹੈ। ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਇੱਕ-ਇੱਕ ਵੋਟ ਗੁਰੂ ਨਾਨਕ ਦੇਵ ਜੀ ਦੇ ਪੰਜੇ ਨੂੰ ਜਾਣੀ ਚਾਹੀਦੀ ਹੈ। ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਾਂਗਰਸ ਆਗੂ ਅੰਮ੍ਰਿਤਾ ਵੜਿੰਗ ਵਲੋਂ ਚੋਣ ਪ੍ਰਚਾਰ ਦੌਰਾਨ ਕਾਂਗਰਸ ਦੇ ਚੋਣ ਨਿਸ਼ਾਨ ਪੰਜੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜਾ ਕਹਿਣ ਦਾ ਸਖਤ ਨੋਟਿਸ ਲੈਂਦਿਆਂ ਸਖ਼ਤ ਤਾੜਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਿਆਸੀ ਆਗੂਆਂ ਵਲੋਂ ਰਾਜਨੀਤਕ ਹਿਤਾਂ ਲਈ ਗੁਰੂ ਸਾਹਿਬਾਨ ਦੇ ਨਾਵਾਂ ਅਤੇ ਧਾਰਮਿਕ ਚਿੰਨ੍ਹਾਂ ਦੀ ਵਰਤੋਂ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।

ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਸਿੱਖ ਇਹ ਕਦੇ ਵੀ ਨਹੀਂ ਭੁੱਲ ਸਕਦੇ ਕਿ ਪੰਜਾ ਉਸ ਕਾਂਗਰਸ ਪਾਰਟੀ ਦਾ ਚੋਣ ਨਿਸ਼ਾਨ ਹੈ ਜਿਸ ਨੇ ਅਬਦਾਲੀਆਂ ਤੋਂ ਬਾਅਦ ਸਿੱਖਾਂ ਦੀ ਭਗਤੀ-ਸ਼ਕਤੀ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਤੋਪਾਂ ਤੇ ਟੈਂਕਾਂ ਦੇ ਨਾਲ ਹਮਲਾ ਕੀਤਾ ਸੀ ਅਤੇ 1978 ਤੋਂ 1995 ਤੱਕ ਸਿੱਖ ਨਸਲਕੁਸ਼ੀ ਕਰਕੇ ਲੱਖਾਂ ਬੇਦੋਸ਼ੇ ਤੇ ਨਿਹੱਥੇ ਸਿੱਖ ਨੌਜਵਾਨਾਂ ਦੇ ਖੂਨ ਵਿਚ ਕਾਂਗਰਸ ਦਾ ਪੰਜਾ ਰੰਗਿਆ ਹੋਇਆ ਹੈ।ਉਨ੍ਹਾਂ ਸਖ਼ਤ ਸ਼ਬਦਾਂ ਵਿਚ ਆਖਿਆ ਕਿ ਕਾਂਗਰਸ ਵਲੋਂ ਆਪਣੇ ਰਾਜਨੀਤਕ ਮਨੋਰਥ ਲਈ ਗੁਰੂ ਸਾਹਿਬਾਨ ਦੇ ਨਾਵਾਂ ਜਾਂ ਧਾਰਮਿਕ ਚਿੰਨ੍ਹਾਂ ਦੀ ਦੁਰਵਰਤੋਂ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਅੰਮ੍ਰਿਤਾ ਵੜਿੰਗ ਤੁਰੰਤ ਆਪਣੀ ਗਲਤੀ ਲਈ ਪਸ਼ਚਾਤਾਪ ਕਰੇ। ਇਸ ਦੇ ਨਾਲ ਚਿਤਾਵਨੀ ਹੈ ਕਿ ਉਹ ਸਿਆਸੀ ਪ੍ਰਚਾਰ ਅਤੇ ਸਿਆਸੀ ਹਿਤਾਂ ਖਾਤਰ ਕਿਸੇ ਵੀ ਰੂਪ ਵਿਚ ਧਾਰਮਿਕ ਜਜ਼ਬਾਤਾਂ ਨਾਲ ਖੇਡਣ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰਨ।

ਅੰਮ੍ਰਿਤਾ ਨੇ ਮੰਗੀ ਮਾਫੀ

ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵਲੋਂ ਚਿਤਾਵਨੀ ਤੋਂ ਬਾਅਦ ਲੁਧਿਆਣਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਇਕ ਵੀਡੀਓ ਸ਼ੇਅਰ ਕਰਕੇ ਗੁਰੂ ਜੀ ਤੋਂ ਗੁਰੂ ਰੂਪੀ ਸਾਧ ਸੰਗਤ ਤੋਂ ਹੱਥ ਜੋੜ ਕੇ ਮੁਆਫੀ ਮੰਗੀ ਹੈ।ਉਨ੍ਹਾਂ ਇਸ ਵੀਡੀਓ ਵਿਚ ਕਿਹਾ ਕਿ ਅਣਜਾਣੇ ਵਿਚ ਚੋਣ ਪ੍ਰਚਾਰ ਦੌਰਾਨ ਕਹੀ ਗੱਲ 'ਤੇ ਉਹ ਬਹੁਤ ਸ਼ਰਮਿੰਦਾ ਹੈ ਤੇ ਗੁਰੂ ਮਹਾਰਾਜ ਤੇ ਗੁਰੂ ਰੂਪੀ ਸਾਧ ਸੰਗਤ ਤੋਂ ਮਾਫੀ ਮੰਗਦੀ ਹੈ। ਸਭ ਤੋਂ ਪਹਿਲਾਂ ਮੈਂ ਦੋਵੇਂ ਹੱਥ ਜੋੜ ਕੇ ਉਹਨਾਂ ਸਭ ਤੋਂ ਮੁਆਫ਼ੀ ਮੰਗਣੀ ਚਾਹੁੰਦੀ ਹਾਂ ਜਿਹਨਾਂ ਦੀਆਂ ਭਾਵਨਾਵਾਂ ਨੂੰ ਮੇਰੇ ਅਣਜਾਣੇ ਵਿੱਚ ਬੋਲੇ ਗਏ ਬਿਆਨ ਤੋਂ ਠੇਸ ਪਹੁੰਚੀ ਹੈ। ਉਸ ਗੁਰੂ ਸਾਹਿਬ ਤੋੰ ਬਗੈਰ ਅਸੀਂ ਕੁੱਝ ਵੀ ਨਹੀਂ ਹਾਂ ਅਤੇ ਉਹਨਾਂ ਦੀ ਮਹਿਮਾ ਵਿਰੁੱਧ ਅਸੀਂ ਕਦੇ ਵੀ ਕੁੱਝ ਨਹੀਂ ਬੋਲ ਸਕਦੇ। ਮੈਂ ਤਾਂ ਉਸ ਅਕਾਲ ਪੁਰਖ ਦੀ ਇੱਕ ਨਿਮਾਣੀ ਜਿਹੀ ਸੇਵਾਦਾਰ ਹਾਂ, ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। 

ਦੂਸਰੇ ਪਾਸੇ ਅਕਾਲੀ ਦਲ ਨੇ ਵੀਡਿਓ ਦੇ ਆਧਾਰ ’ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ

ਕੀਤੀ ਹੈ।