ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂਆਪਣੇ ਸਥਾਪਨਾ ਦਿਵਸ ਮੌਕੇ "ਭਾਈ ਵੀਰ ਸਿੰਘ ਜੀ :ਅਪ੍ਰਕਾਸ਼ਿਤ ਪੱਤਰ ਲੋਕ ਅਰਪਣ"

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂਆਪਣੇ ਸਥਾਪਨਾ ਦਿਵਸ ਮੌਕੇ

ਅੰਮ੍ਰਿਤਸਰ ਟਾਈਮਜ਼ ਬਿਊਰੋ
ਪਟਿਆਲਾ 30 ਅਪ੍ਰੈਲ:
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਆਪਣੇ ਸਥਾਪਨਾ ਦਿਵਸ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਸ੍ਰੀ ਕਮਲ ਕਿਸ਼ੋਰ ਯਾਦਵ IAS (ਮੁੱਖ ਸਕੱਤਰ, ਉਚੇਰੀ ਸਿੱਖਿਆ ਵਿਭਾਗ, ਪੰਜਾਬ ਸਰਕਾਰ) ਨੇ ਕੀਤੀ। ਇਸ ਮੌਕੇ ਉਹਨਾਂ ਵੱਲੋਂ ਡਾ. ਪਰਮਵੀਰ ਸਿੰਘ ਅਤੇ  ਡਾ. ਕੁਲਵਿੰਦਰ ਸਿੰਘ ਵਲੋਂ ਸਾਂਝੇ ਤੌਰ ’ਤੇ ਭਾਈ ਵੀਰ ਸਿੰਘ ਦੀਆਂ ਚਿੱਠੀਆਂ ਨਾਲ ਸੰਬੰਧਿਤ ਤਿਆਰ ਕੀਤੀ ਗਈ ਪੁਸਤਕ 'ਭਾਈ ਵੀਰ ਸਿੰਘ ਜੀ: ਅਪ੍ਰਕਾਸ਼ਿਤ ਪੱਤਰ' ਲੋਕ ਅਰਪਣ ਕੀਤੀ। ਇਹ ਪੁਸਤਕ ਭਾਈ ਵੀਰ ਸਿੰਘ ਦੀ 150 ਸਾਲਾ ਸ਼ਤਾਬਦੀ ਨੂੰ ਸਮਰਪਿਤ ਹੈ ਜਿਸ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਬਲੀਕੇਸ਼ਨਜ਼ ਵਿਭਾਗ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਪੁਸਤਕ ਵਿੱਚ ਭਾਈ ਵੀਰ ਸਿੰਘ ਜੀ ਦੇ ਉਹਨਾਂ ਪੱਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਹੜੇ ਕਿ ਪਹਿਲਾਂ ਸਾਹਮਣੇ ਨਹੀਂ ਆਏ ਸਨ। ਇਸ ਪੁਸਤਕ ਵਿੱਚ ਭਾਈ ਵੀਰ ਸਿੰਘ ਜੀ ਦੇ ਪੱਤਰਾਂ ਨੂੰ ਪੰਜ ਭਾਗਾਂ ਵਿੱਚ ਵੰਡਿਆ ਗਿਆ ਹੈ ਜੋ ਕਿ ਗੁਰਮਤਿ ਸਿਧਾਂਤਾਂ ਤੋਂ ਇਲਾਵਾ ਕਈ ਮਹੱਤਵਪੂਰਨ ਇਤਿਹਾਸਿਕ ਪਹਿਲੂਆਂ ਉੱਪਰ ਵੀ ਰੋਸ਼ਨੀ ਪਾਉਂਦੇ ਹਨ। ਇਸ ਪੁਸਤਕ ਦੇ ਸਾਹਮਣੇ ਆਉਣ ਨਾਲ ਜਿੱਥੇ ਭਾਈ ਵੀਰ ਸਿੰਘ ਦੇ ਸਿੱਖ ਸਾਹਿਤ ਵਿਚ ਪਾਏ ਯੋਗਦਾਨ ਦਾ ਪੱਖ ਮਜਬੂਤ ਹੋਇਆ ਹੈ ਉੱਥੇ ਭਾਈ ਵੀਰ ਸਿੰਘ ਦੇ ਸਾਹਿਤ ਨੂੰ ਪਿਆਰ ਕਰਨ ਵਾਲੇ ਖੋਜਾਰਥੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਮੁਲਵਾਨ ਤੋਹਫ਼ਾ ਮਿਲਿਆ ਹੈ। ਇਸ ਪੁਸਤਕ ਦੇ ਅਰੰਭ ਵਿੱਚ ਲਿਖੀ ਭੂਮਿਕਾ ਵੀ ਪੜਨ ਯੋਗ ਹੈ ਜਿਸ ਵਿੱਚ ਭਾਈ ਵੀਰ ਸਿੰਘ ਜੀ ਦੇ ਪੱਤਰਾਂ ਸਬੰਧੀ ਖੋਜ ਭਰਪੂਰ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਇਸ ਸਮਾਗਮ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਵਾਈਸ ਚਾਂਸਲਰ ਪ੍ਰੋਫੈਸਰ ਅਰੁਣ ਕੁਮਾਰ ਗਰੋਵਰ, ਪ੍ਰਸਿੱਧ ਵਿਗਿਆਨੀ ਡਾ. ਏ. ਐੱਲ. ਕੇ. ਰਾਓ, ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਏ ਕੇ ਤਿਵਾੜੀ, ਰਜਿਸਟਰਾਰ ਪ੍ਰੋਫੈਸਰ ਨਵਜੋਤ ਕੌਰ, ਡਾ. ਗੁਰਮੁਖ ਸਿੰਘ, ਸ੍ਰੀਮਤੀ ਪਰਮਜੀਤ ਕੌਰ ਅਤੇ ਹੋਰ ਬਹੁਤ ਸਾਰੀਆਂ ਸਖਸ਼ੀਅਤਾਂ ਹਾਜ਼ਰ ਸਨ।