ਗੁਰਮੀਤ ਸਿੰਘ ਧੜੇ ਵੱਲੋਂ ਸ਼ਰੇਆਮ ਧੱਕੇਸ਼ਾਹੀ : ਸੁਪਰੀਮ ਕੌਸਲ ਮੈਂਬਰ ਨੂੰ ਵੀ ਸਟੇਜ ਉਤੇ ਬੋਲਣ ਤੋਂ ਨਾਂਹ 

ਗੁਰਮੀਤ ਸਿੰਘ ਧੜੇ ਵੱਲੋਂ ਸ਼ਰੇਆਮ ਧੱਕੇਸ਼ਾਹੀ : ਸੁਪਰੀਮ ਕੌਸਲ ਮੈਂਬਰ ਨੂੰ ਵੀ ਸਟੇਜ ਉਤੇ ਬੋਲਣ ਤੋਂ ਨਾਂਹ 

ਫਰੀਮੌਂਟ/ਏਟੀ ਨਿਊਜ਼ : 
ਗੁਰਦੁਆਰਾ ਸਾਹਿਬ ਫਰੀਮੌਂਟ ਦਾ ਮਾਹੌਲ ਗੁਰਮੀਤ ਸਿੰਘ ਧੜੇ ਵੱਲੋਂ ਦਿਨੋਂ-ਦਿਨ ਵਿਗਾੜਿਆ ਜਾ ਰਿਹਾ ਹੈ, ਤਾਂ ਜੋ ਇਹ ਧੜਾ ਪੱਕੇ ਰੂਪ ਵਿਚ ਗੁਰਦੁਆਰਾ ਸਾਹਿਬ 'ਤੇ ਕਾਬਜ਼ ਹੋ ਜਾਵੇ। ਭਾਈ ਐਸਪੀ ਸਿੰਘ ਸੁਪਰੀਮ ਕੌਸਲ ਦੇ ਮੈਂਬਰ ਹਨ ਅਤੇ ਸੰਗਤ ਵਿਚ ਆਪਣੀ ਸੂਝ-ਬੂਝ ਅਤੇ ਕੰਮਾਂ ਕਰਕੇ ਜਾਣੇ ਜਾਂਦੇ ਹਨ। ਹੋਰ ਸਿੰਘਾਂ ਸਮੇਤ ਉਹਨਾਂ ਦੀ ਅਣਥੱਕ ਮਿਹਨਤ ਸਦਕਾ ਸੰਗਤ ਨੇ 4 ਮਿਲੀਅਨ ਦੀ ਨਵੀਂ ਇਮਾਰਤ ਬਿਨਾ ਕਰਜ਼ਾ ਲਏ ਬਣਾਈ ਹੈ। ਹੁਣੇ ਪਿਛਲੇ ਹਫ਼ਤੇ ਦੂਜੇ ਫੇਜ਼ ਦਾ ਕੰਮ ਸ਼ੁਰੂ ਹੋਇਆ ਹੈ ਅਤੇ ਇਹ ਖ਼ੁਸ਼ੀ ਦੀ ਖ਼ਬਰ ਅਤੇ ਉਸਾਰੀ ਦੀ ਜਾਣਕਾਰੀ ਲਈ ਉਹਨਾਂ ਨੇ ਸਟੇਜ ਸੈਕਟਰੀ ਤੋਂ ਟਾਈਮ ਮੰਗਿਆ ਪਰ ਸਟੇਜ ਸੈਕਟਰੀ ਨੇ ਸੰਗਤ ਨੂੰ ਜਾਣਕਾਰੀ ਦੇਣ ਲਈ ਉਨ੍ਹਾਂ ਨੂੰ 2 ਮਿੰਟ ਦਾ ਟਾਈਮ ਦੇਣੋਂ ਵੀ ਨਾਂਹ ਕਰ ਦਿੱਤੀ ਜਿਸ ਦਾ ਸੰਗਤ ਨੇ ਬਹੁਤ ਬੁਰਾ ਮਨਾਇਆ ਹੈ। 
ਗੌਰਤਲਬ ਹੈ ਕਿ ਗੁਰਮੀਤ ਸਿੰਘ ਧੜਾ ਪਿਛਲੇ ਸਾਲ ਤੋਂ ਲਗਾਤਾਰ ਆਪਹੁਦਰੀਆਂ ਤੇ ਧੱਕੇਸ਼ਾਹੀ 'ਤੇ ਉਤਰਿਆ ਹੋਇਆ ਹੈ ਜਿਸ ਵਿਚ ਲੰਘੀ 23 ਨਵੰਬਰ ਨੂੰ ਇਹਨਾਂ ਦੇ ਧੜੇ ਦੇ ਹੀ ਦਰਸ਼ਨ ਸੰਧੂ ਵੱਲੋਂ ਦੀਵਾਨ ਹਾਲ ਵਿਚ ਸਿਰੀ ਸਾਹਿਬ ਦੀ ਦੁਰਵਰਤੋਂ ਕਰਦੇ ਹੋਏ ਕੰਵਲਜੀਤ ਸਿੰਘ ਦੇ ਸਿਰ ਉਤੇ ਵਾਰ ਕੀਤੇ ਗਏ ਸਨ, ਜਿਸ ਕਾਰਨ ਉਹਨਾਂ ਦੇ ਸਿਰ 'ਚ ਟਾਂਕੇ ਲੱਗੇ ਸਨ। ਇਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਬਦਲ ਕੇ ਬਿਕਰਮੀ ਕੈਲੰਡਰ ਲਾਗੂ ਕਰ ਦਿੱਤਾ ਹੈ। ਹਰ ਰੋਜ਼ ਕਮੇਟੀ ਮੈਂਬਰਾਂ ਨੂੰ ਚਿੱਠੀਆਂ ਪਾ ਦਿੰਦੇ ਹਨ ਕਿ ਤੁਸੀਂ ਕਮੇਟੀ ਵਿੱਚੋਂ ਖ਼ਾਰਜ ਕੀਤੇ ਜਾ ਰਹੇ ਹੋ। ਅੱਤ ਉਸ ਵੇਲੇ ਹੋਈ ਕਿ ਨਵੀਂ ਕਮੇਟੀ ਬਣਾ ਕੇ ਫੁਰਮਾਨ ਸੁਣਾ ਦਿੱਤਾ। ਇਹ ਕਿਸੇ ਕਾਇਦੇ ਕਾਨੂੰਨ ਦੀ ਪਰਵਾਹ ਕੀਤੇ ਬਿਨਾ ਧੱਕੇ ਨਾਲ ਹੀ ਪ੍ਰਬੰਧ ਚਲਾ ਰਹੇ ਸਨ ਜਿਸ ਕਾਰਨ ਇਹ ਸਾਰਾ ਵਿਵਾਦ ਸ਼ੁਰੂ ਹੋਇਆ ਤੇ ਜਿਹੜਾ ਹੁਣ ਠੱਲ੍ਹਣ ਦਾ ਨਾਮ ਹੀ ਨਹੀਂ ਲੈ ਰਿਹਾ।