ਗੁਰਦੁਆਰਾ ਸਾਹਿਬ ਫਰੀਮੌਂਟ ਦੀ ਜਨਰਲ ਬਾਡੀ ਮੀਟਿੰਗ 17 ਮਾਰਚ ਨੂੰ

ਗੁਰਦੁਆਰਾ ਸਾਹਿਬ ਫਰੀਮੌਂਟ ਦੀ ਜਨਰਲ ਬਾਡੀ ਮੀਟਿੰਗ 17 ਮਾਰਚ ਨੂੰ

ਫਰੀਮੌਂਟ/ਬਿਊਰੋ ਨਿਊਜ਼ :
ਗੁਰਦੁਆਰਾ ਸਾਹਿਬ ਫਰੀਮੌਂਟ ਦੇ ਪ੍ਰਧਾਨ ਅਤੇ ਸੁਪਰੀਮ ਕੌਂਸਲ ਮੈਂਬਰ ਜਸਵਿੰਦਰ ਸਿੰਘ ਜੰਡੀ ਨੇ ਕਿਹਾ ਹੈ ਕਿ ਗੁਰਦੁਆਰਾ ਸਾਹਿਬ ਫਰੀਮੌਂਟ ਦੀ ਸੁਪਰੀਮ ਕੌਸਲ ਵਿੱਚ ਦੁਫਾੜ ਹੋਣ ਕਰਕੇ ਅਤੇ ਤਿੰਨ ਮੈਂਬਰਾਂ ਹਰਮਿੰਦਰ ਸਿੰਘ, ਕੁਲਜੀਤ ਸਿੰਘ ਤੇ ਬੀਬੀ ਅਰਵਿੰਦਰ ਕੌਰ ਵੱਲੋਂ ਮਨਮਰਜ਼ੀ ਦੇ ਗ਼ੈਰ ਕਨੂੰਨੀ ਫ਼ੈਸਲੇ ਲੈਣ ਦੇ ਰਵੱਈਏ ਅਤੇ ਤਿੰਨਾਂ ਵੱਲੋਂ ਪਰਬੰਧਕੀ ਕਮੇਟੀ ਨੂੰ ਕੰਮ ਨਾ ਕਰਨ ਦੇ ਮੁੱਦਿਆਂ ਨੂੰ ਲੈ ਕੇ ਗੁਰਦੁਆਰਾ ਸਾਹਿਬ ਦਾ ਮਾਹੌਲ ਵਿਗੜਦਾ ਜਾ ਰਿਹਾ ਹੈ। ਸੰਨ 2018 ਦੀਆਂ ਚੋਣਾਂ ਵੇਲੇ ਸਾਰਿਆਂ ਨੇ ਮਿਲ ਬੈਠ ਕੇ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੁਕਮਨਾਮਾ ਲੈਕੇ ਸਰਬ-ਸੰਮਤੀ ਨਾਲ ਪੰਜ ਸੁਪਰੀਮ ਕੌਸਲ ਮੈਂਬਰ ਚੁਣ ਲਏ ਸਨ। ਹੁਣ ਇਹ ਪੰਜ ਮੈਂਬਰ ਇਤਫ਼ਾਕ ਨਹੀਂ ਚੱਲ ਰਹੇ, ਇਸ ਲਈ ਪ੍ਰੰਬਧਕੀ ਕਮੇਟੀ ਨੇ ਗੁਰਦੁਆਰਾ ਸਾਹਿਬ ਦੇ ਬਾਈਲਾਅਜ ਆਰਟੀਕਲ X9 ਮੁਤਾਬਕ 17 ਮਾਰਚ ਨੂੰ ਜਨਰਲ ਬਾਡੀ ਮੀਟਿੰਗ ਕਰਕੇ ਸੰਗਤ ਨੂੰ ਫੈਸਲਾ ਕਰਨ ਦਾ ਹੱਕ ਦੇ ਦਿੱਤਾ ਹੈ। ਉਸ ਵਿੱਚ ਸੰਗਤ ਨੂੰ ਪੁੱਛਿਆ ਜਾਵੇਗਾ ਕਿ 'ਅਪ੍ਰੈਲ 2019 ਵਿੱਚ ਚੋਣਾਂ ਕਰਾਉਣ ਲਈ ਸਹਿਮਤ ਹੋ?' ਉਸ ਦਾ ਜੁਆਬ ਹਾਂ ਜਾਂ ਨਾਂਹ ਵਿੱਚ ਦਿੱਤਾ ਜਾਵੇਗਾ। ਇਸ ਤੋਂ ਬਿਨਾ ਸੰਗਤ ਦਾ ਕੋਈ ਵੀ ਮੈਂਬਰ ਕੋਈ ਵੀ ਏਜੰਡਾ ਆਈਟਮ ਨੂੰ ਲਿਆਉਣ ਬਾਰੇ ਕਮੇਟੀ ਨੂੰ 10 ਮਾਰਚ ਤੱਕ ਕਹਿ ਸਕਦਾ ਹੈ। 
ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿੱਚ ਸ਼ਾਂਤੀ ਦਾ ਮਾਹੌਲ ਬਣਾਏ ਰੱਖਣ ਲਈ ਵੋਟਾਂ ਪਾ ਕੇ ਹੀ ਇਹ ਫੈਸਲਾ ਲਿਆ ਜਾਵੇਗਾ। ਸੰਗਤ ਸੁਪਰੀਮ ਹੈ ਤੇ ਉਸ ਦਾ ਫੈਸਲਾ ਸਾਡੇ ਸਿਰ ਮੱਥੇ। ਵੋਟਾਂ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਗੁਰਦੁਆਰਾ ਸਾਹਿਬ ਫਰੀਮੌਂਟ ਹੀ ਪੈਣਗੀਆਂ। ਤੁਸੀਂ ਆਪਣਾ ਸ਼ਨਾਖਤੀ ਕਾਰਡ (94) ਨਾਲ ਲੈਕੇ ਆਉਣਾ ਹੈ ਤਾਂ ਜੋ ਤੁਹਾਡੀ ਮੈਂਬਰਸ਼ਿਪ ਚੈੱਕ ਕੀਤੀ ਜਾ ਸਕੇ।