ਅਮਰੀਕਾ ਵਿਚ ਨਿਹੱਥੇ ਕਾਲੇ ਟਰੱਕ ਡਰਾਈਵਰ 'ਤੇ ਕੁੱਤਾ ਛੱਡਣ ਵਾਲਾ ਪੁਲਿਸ ਅਫਸਰ ਬਰਖਾਸਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਸਰਕਲਵਿਲੇ,ਓਹੀਓ ਪੁਲਿਸ ਅਫਸਰ ਜਿਸ ਵੱਲੋਂ ਇਕ ਨਿਹੱਥੇ ਕਾਲੇ ਵਿਅਕਤੀ 'ਤੇ ਪੁਲਿਸ ਵਿਭਾਗ ਦਾ ਕੁੱਤਾ ਛੱਡਣ ਦੀ ਵੀਡੀਓ ਸਾਹਮਣੇ ਆਈ ਸੀ, ਨੂੰ ਬਰਖਾਸਤ ਕਰ ਦੇਣ ਦੀ ਖਬਰ ਹੈ। ਪੁਲਿਸ ਵਿਭਾਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਸਰਕਲਵਿਲੇ ਪੁਲਿਸ ਅਫਸਰ ਰੀਆਨ ਸਪੀਕਮੈਨ ਦੀ ਕਾਰਵਾਈ ਪੁਲਿਸ ਦੇ ਮਾਪਦੰਡਾਂ ਤੇ ਆਸਾਂ ਉਪਰ ਖਰੀ ਨਹੀਂ ਉਤਰਦੀ। ਇਸ ਲਈ ਉਸ ਨੂੰ ਤੁਰੰਤ ਵਿਭਾਗ ਤੋਂ ਬਰਖਾਸਤ ਕੀਤਾ ਜਾਂਦਾ ਹੈ। ਵੀਡੀਓ ਵਿਚ ਪਿਛਲੇ ਦਿਨੀਂ ਵਾਪਰੀ ਇਸ ਘਟਨਾ ਵਿਚ ਪੁਲਿਸ ਤੇ ਲਾਅ ਇਨਫੋਰਸਮੈਂਟ ਨਾਲ ਸਬੰਧਿਤ ਹੋਰ ਏਜੰਸੀਆਂ ਦੀਆਂ ਕਾਰਾਂ ਇਕ ਕਮਰਸ਼ੀਅਲ ਸੈਮੀ ਟਰੱਕ ਨੂੰ ਰੋਕਣ ਲਈ ਉਸ ਦਾ ਪਿੱਛਾ ਕਰਦੀਆਂ ਨਜਰ ਆ ਰਹੀਆਂ ਹਨ। ਇਕ ਜਗਾ 'ਤੇ ਟਰੱਕ ਰੁਕ ਜਾਂਦਾ ਹੈ ਤੇ ਉਸ ਵਿਚੋਂ ਜਾਡਾਰੀਅਸ ਰੋਸ ਨਾਮੀ ਕਾਲਾ ਡਰਾਈਵਰ ਨਿਕਲਦਾ ਹੈ ਜਿਸ ਨੇ ਹੱਥ ਖੜੇ ਕੀਤੇ ਹੋਏ ਹਨ ਤੇ ਉਹ ਆਤਮ ਸਮਰਪਣ ਲਈ ਤਿਆਰ ਵਿਖਾਈ ਦਿੰਦਾ ਹੈ ਪਰੰਤੂ ਇਸ ਦਰਮਿਆਨ ਉਸ ਉਪਰ ਕੁੱਤਾ ਛੱਡ ਦਿੱਤਾ ਜਾਂਦਾ ਹੈ। ਕੁੱਤਾ ਉਸ ਨੂੰ ਬੁਰੀ ਤਰਾਂ ਜਖਮੀ ਕਰ ਦਿੰਦਾ ਹੈ। ਪੁਲਿਸ ਅਨੁਸਾਰ ਜਾਂਚ ਲਈ ਨਾ ਰੁਕਣ ਕਾਰਨ ਸੈਮੀ ਟਰੱਕ ਦਾ ਪਿੱਛਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਮੇਅਰ ਡਾਨ ਮੈਕਲਰਾਏ ਨੇ ਕਿਹਾ ਸੀ ਕਿ ਸਪੀਕਮੈਨ ਨੂੰ ਤਨਖਾਹ ਸਮੇਤ ਪ੍ਰਸਾਸ਼ਨਿਕ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ।
Comments (0)