ਕੀ ਸੁਖਦੇਵ ਸਿੰਘ ਢੀਂਡਸੇ ਦੇ ਅਕਾਲੀ ਦਲ ਦਾ ਭਵਿਖ ਮੋਦੀ ਸੱਤਾ ਆਧਾਰਿਤ ਏ?

ਕੀ ਸੁਖਦੇਵ ਸਿੰਘ ਢੀਂਡਸੇ ਦੇ ਅਕਾਲੀ ਦਲ ਦਾ ਭਵਿਖ ਮੋਦੀ ਸੱਤਾ ਆਧਾਰਿਤ ਏ?

ਸੁਖਦੇਵ ਸਿੰਘ ਢੀਂਡਸੇ ਨੂੰ ਸੌਂਪ ਦੇਣ ਦੀ ਮੋਦੀ ਸਤਾ ਦੀ ਸ਼ਰਤ   ਸੁਖਬੀਰ ਸਿੰਘ ਬਾਦਲ ਨੇ ਠੁਕਰਾਈ

ਮੋਦੀ-ਸ਼ਾਹ ਜੋੜੀ ਅਤੇ ਕੇਂਦਰੀ ਏਜੰਸੀਆਂ ਨੇ ਸੁਖਦੇਵ ਸਿੰਘ ਢੀਂਡਸੇ ਨੂੰ ਸਿਖਾਂ ਦਾ ਆਗੂ ਬਣਾਉਣ ਦਾ ਦ੍ਰਿੜ ਇਰਾਦਾ ਕਰ ਲਿਆ ਹੈ। ਇਹ ਮਿਥ ਕੇ ਉਹਨਾਂ ਨੇ ਆਪਣੀ ਨਵੀਂ ਖੇਡ ਖੇਡਣੀ ਸ਼ੁਰੂ ਕੀਤੀ ਹੈ। ਚੰਡੀਗੜ੍ਹ ਵਿਚ ਸੁਖਬੀਰ ਸਿੰਘ ਬਾਦਲ ਨੂੰ ਛਡ ਕੇ ਬਾਕੀ ਅਕਾਲੀ ਦਲਾਂ ਤੇ ਹੋਰਨਾਂ ‘ਪੰਥਕ’ ਆਗੂਆਂ ਨੂੰ ਇਕੱਠਾ ਕਰਨ ਦੇ ਯਤਨ ਇਸੇ ਖੇਡ ਦਾ ਇਕ ਹਿੱਸਾ ਹਨ। ਦਿਲੀ ਵਿਚ ਹੋਈ ਐਨ ਡੀ ਏ ਦੀ ਮੀਟਿੰਗ ਵਿਚ ਸੁਖਬੀਰ ਸਿੰਘ ਬਾਦਲ ਨੂੰ ਅਣਗੌਲਿਆ ਕਰ ਕੇ ਸੁਖਦੇਵ ਸਿੰਘ ਢੀਂਡਸੇ ਨੂੰ ਦਿੱਤੇ ਸਦੇ ਨੇ ਹੀ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਹੁਣ ਢੀਂਡਸੇ ਦੇ ਦਲ ਨੂੰ ਹੀ ਪੰਜਾਬ ਅੰਦਰ ਅਸਲੀ ਅਕਾਲੀ ਦਲ ਵਜੋਂ ਪੇਸ਼ ਕੀਤਾ ਜਾਏਗਾ।

ਖਬਰਾਂ ਅਨੁਸਾਰ ਅਮਿਤ ਸ਼ਾਹ ਨੇ ਸੁਖਬੀਰ ਸਿੰਘ ਬਾਦਲ ਤੇ ਬੀਬੀ ਹਰਸਿਮਰਨ ਕੌਰ ਨੂੰ ਇਕੱਠਿਆਂ ਬੁਲਾ ਕੇ ਇਹ ਕਹਿ ਦਿਤਾ ਹੈ ਕਿ ਹੁਣ ਉਹਨਾਂ ਦਾ ਦਲ ਪੰਜਾਬ ਅੰਦਰ ਭਾਜਪਾ ਦੇ ਉਮੀਦਵਾਰਾਂ ਨੂੰ ਲੋੜੀਦੀਂਆ ਜੇਤੂ ਵੋਟਾਂ ਲੈ ਕੇ ਨਹੀਂ ਦੇ ਸਕਦਾ, ਇਸ ਲਈ ਉਹ ਕੇਂਦਰ ਸਰਕਾਰ ਵਿਚ ਇਕ ਵਜ਼ੀਰੀ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਸੁਖਦੇਵ ਸਿੰਘ ਢੀਂਡਸੇ ਨੂੰ ਸੌਂਪ ਦੇਣ। ਕਿਹਾ ਜਾਂਦਾ ਹੈ ਕਿ  ਸੁਖਬੀਰ ਸਿੰਘ ਬਾਦਲ ਨੇ ਅਮਿਤ ਸ਼ਾਹ ਦੀ ਇਹ ਪੇਸ਼ਕਸ਼ ਠੁਕਰਾ ਦਿੱਤੀ ਹੈ। 

ਪੰਜਾਬ ਅੰਦਰ ਸਿਖ ਮਨਾਂ ਵਿਚ ਇਹ ਇਕ ਧਾਰਨਾ ਬਣੀ ਹੋਈ ਹੈ ਕਿ ਜਿਸ ਦਲ ਕੋਲ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਹੁੰਦੀ ਹੈ, ਸਿਰਫ ਉਹ ਹੀ ਅਸਲੀ ਅਕਾਲੀ ਦਲ ਹੁੰਦਾ ਹੈ। ਇਸ ਲਈ ਹੁਣ ਨਵੰਬਰ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀਆਂ ਹੋਣ ਵਾਲੀਆ ਚੋਣਾਂ ਵਿਚ ਇਸ ਦੀ ਪ੍ਰਧਾਨਗੀ ਬਾਦਲਕਿਆਂ ਕੋਲੋ ਖੋਹ ਕੇ ਸੁਖਦੇਵ ਸਿੰਘ ਢੀਂਡਸੇ ਦੇ ਦਲ ਨੂੰ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਗੱਲ ਦਾ ਇਜਹਾਰ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਕੀਤਾ ਹੈ। 

ਹੁਣ ਤੋਂ ਹੀ ਬੜੇ ਜੋਰ ਸ਼ੋਰ ਨਾਲ ਇਸ ਦੀਆਂ ਤਿਆਰੀਆਂ ਆਰੰਭ ਕਰ ਦਿਤੀਆਂ ਗਈਆਂ ਹਨ। ਸਰਕਾਰ ਪਖੀ ਟੀ ਵੀ ਚੈਨਲਾਂ ਉਤੇ ਸ਼੍ਰੋਮਣੀ ਕਮੇਟੀ ਵਿਚ ਫੈਲੇ ਭ੍ਰਿਸ਼ਟਾਚਾਰ ਦੇ ਮੁਦੇ ਨੂੰ ਬੜੇ ਜੋਰ ਸ਼ੋਰ ਨਾਲ ਉਭਾਰਿਆ ਜਾ ਰਿਹਾ ਹੈ। ਏਜੰਸੀਆਂ ਵਲੋਂ ਦਿੱਤੇ ਅੰਕੜਿਆਂ ਨਾਲ ਇਸ ਭ੍ਰਿਸ਼ਟਾਚਾਰ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਮਸਲਾ ਇਹ ਨਹੀਂ ਕਿ ਸ਼੍ਰੋਮਣੀ ਕਮੇਟੀ ਵਿਚ ਭ੍ਰਿਸ਼ਟਾਚਾਰ ਨਹੀਂ  ਹੈ, ਮਸਲਾ ਇਹ ਹੈ ਕਿ ਇਸ ਨੂੰ ਹੁਣ ਹੀ ਕਿਉਂ ਉਭਾਰਿਆ ਜਾ ਰਿਹਾ ਹੈ। ਇਸ ਦਾ ਕਾਰਨ ਇਕੋ ਹੀ ਹੈ ਕਿ ਕਮੇਟੀ ਉੱਤੇ ਜਬਰੀ ਕਬਜ਼ਾ ਕਰਨ ਤੋਂ ਪਹਿਲਾਂ ਇਸ ਵਾਸਤੇ ਸਿਖ ਰਾਏ ਤਿਆਰ ਕੀਤੀ ਜਾ ਸਕੇ।

ਪਿਛਲੇ ਨਵੰਬਰ ਵਿਚ ਵੀ ਇਹ ਯਤਨ ਆਰੰਭ ਕੀਤੇ ਗਏ ਸਨ ਪਰ  ਸ. ਸਿਮਰਨਜੀਤ ਸਿੰਘ ਮਾਨ ਦੇ ਸੰਗਰੂਰ ਹਲਕੇ ਤੋਂ ਪਾਰਲੀਮਾਨੀ ਚੋਣ ਜਿੱਤ ਜਾਣ ਕਾਰਨ ਇਹ ਯਤਨ ਵਿਚੇ ਛਡ ਦਿੱਤੇ ਗਏ ਸਨ। ਸੁਹਿਰਦ ਸਿਖ ਮਨਾਂ ਵਿਚ ਸੁਆਲ ਪੈਦਾ ਹੋ ਸਕਦਾ ਹੈ ਕਿ ਇਸ ਹਾਲਤ ਵਿਚ ਸ਼੍ਰੋਮਣੀ ਕਮੇਟੀ ਦੀਆਂ ਨਵੀਂਆ ਚੋਣਾਂ ਹੀ ਕਿਉਂ ਨਹੀਂ ਕਰਵਾ ਦਿੱਤੀਆਂ ਜਾਂਦੀਆਂ। ਇਸ ਦਾ ਕਾਰਨ ਕੇਂਦਰੀ ਏਜੰਸੀਆਂ ਦੇ ਮਨ ਦੀ ਇਹ ਸ਼ੰਕਾ ਹੈ ਕਿ ਇਉਂ ਕਰਨ ਨਾਲ ਕਿਤੇ ਗਲਤੀ ਨਾਲ ਵੀ ਸਿਖਾਂ ਦੀ ਕੋਈ ਪੰਥਕ ਧਿਰ  ਅਗੇ ਨਾ ਆ ਜਾਵੇ। ਇਸ ਲਈ ਜਿੰਨਾ ਚਿਰ ਕੇਂਦਰ ਵਿਚ ਮੋਦੀ ਸਰਕਾਰ ਹੈ, ਓਨਾ ਚਿਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣ ਦੀ ਕੋਈ ਸੰਭਾਵਨਾ ਨਹੀਂ।   

ਭਾਜਪਾ ਦੇ ਸੀਨੀਅਰ ਨੇਤਾ ਸਿਖਾਂ ਤੋਂ ਪੁਛਦੇ ਹਨ ਕਿ ਕੀ ਕਾਰਨ ਹੈ ਕਿ ਜਿੰਨਾ ਮੋਦੀਕੇ ਸਿਖਾਂ ਨੂੰ ਆਪਣੇ ਨੇੜੇ ਲਾਉਣ ਦਾ ਯਤਨ ਕਰਦੇ ਹਨ, ਸਿਖ ਓਨਾ ਹੀ ਉਹਨਾਂ ਤੋਂ ਦੂਰ ਹੁੰਦੇ ਜਾਂਦੇ ਹਨ, ਤਾਂ ਸਿਖਾਂ ਦਾ ਜੁਆਬ ਬੜਾ ਸਪਸ਼ਟ ਸੀ ਕਿ ਸਿਖਾਂ ਨੂੰ ਇਹ ਗੁੜ੍ਹਤੀ ਗੁਰੂ ਸਾਹਿਬ ਨੇ ਦਿੱਤੀ ਹੈ ਕਿ ਉਹ ਮਜਲੂਮ ਤੇ ਜਾਬਰ ਦਾ ਨਿਖੇੜਾ ਕਰ ਸਕਦੇ ਹਨ। ਮਜਲੂਮ ਦੀ ਰਖਿਆ ਤੇ ਜਰਵਾਣੇ ਦੀ ਭਖਿਆ, ਇਹ ਗੁਰੂ ਗ੍ਰੰਥ ਸਾਹਿਬ ਦਾ ਤਤਸਾਰ ਹੈ। ਸਿਖਾਂ ਨੇ ਕਦੀ ਵੀ ਮੋਦੀਕਿਆਂ ਨੂੰ ਗੁਜਰਾਤ ਵਿਚ ਕਰਵਾਏ ਗਏ ਮੁਸਲਿਮ ਕਤਲੇਆਮ ਲਈ ਬਰੀ ਨਹੀਂ ਕੀਤਾ।

 ਸਿਖਾਂ ਨੇ ਦਿਲੀ ਵਿਚ ਹੋਏ ਮੁਸਲਿਮ ਸੰਘਰਸ਼ ਵੇਲੇ ਵੀ ਉਹਨਾਂ ਦੀ ਪੂਰੀ ਹਮਾਇਤ ਕੀਤੀ। ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਸਰਕਾਰੀੇ ਦਲਾਲਾਂ ਦੇ ਜਬਰੀ ਕਬਜਾ ਕਰਨ ਤੋਂ ਪਹਿਲਾਂ ਤਕ ਮੁਸਲਿਮ ਇਕਠਾਂ ਲਈ ਲੰਗਰ ਗੁਰਦੁਆਰਿਆਂ ਵਿਚੋਂ ਆਉਂਦਾ ਰਿਹਾ ਹੈ। ਮੋਦੀ ਭਗਤ ਸ਼ੇਖਰ ਗੁਪਤਾ ਦੀ ਇੰਟਰਨੈਟ ਅਖਬਾਰ ‘ਦ ਪਰਿੰਟ’ ਉਤੇ ਜੇ ਯਕੀਨ ਕੀਤਾ ਜਾਏ ਤਾਂ ਚਰਚਿਤ ਕਾਲਮਨਵੀਸ ਦਲੀਪ ਮੰਡਲ ਦੀ ਉਸ ਵਿਚ ਛਪੀ ਇਕ ਲਿਖਤ ਅਨੁਸਾਰ ‘ਕਿਸਾਨ ਅੰਦੋਲਨ’ ਦਾ ਫੈਸਲਾ ਮੋਦੀ ਨੇ ਉਦੋਂ ਮਜਬੂਰੀ ਵਸ ਕੀਤਾ ਜਦੋਂ ਦਿਲੀ ਦੇ ਸਿਖਾਂ ਨੇ ਮੁਸਲਮਾਨਾਂ ਨੂੰ ਗੁਰਦੁਆਰਿਆਂ ਵਿਚ ਨਮਾਜ ਪੜ੍ਹਨ ਦਾ ਸਦਾ ਦਿੱਤਾ।

ਇਸ ਲਈ ਸਿਖਾਂ ਨੇ ਕਦੀ ਵੀ ਸੁਖਦੇਵ ਸਿੰਘ ਢੀਂਡਸੇ ਨੂੰ ਆਪਣਾ ਆਗੂ ਨਹੀਂ ਮੰਨਣਾ ਜਿੰਨਾ ਚਿਰ ਉਹ ਭਾਜਪਾ ਨਾਲੋਂ ਆਪਣਾ ਮੁਕੰਮਲ ਤੋੜ ਵਿਛੋੜਾ ਨਹੀਂ ਕਰਦਾ ਅਤੇ ਪੰਥਕ ਆਗੂ ਹੋਣ ਦਾ ਸਬੂਤ ਨਹੀਂ ਦੇਂਦਾ।