“20ਵਾਂ ਮੇਲਾ ਗ਼ਦਰੀ ਬਾਬਿਆਂ ਦਾ” ਤਿਆਰੀਆਂ ਮੁਕੰਮਲ

“20ਵਾਂ ਮੇਲਾ ਗ਼ਦਰੀ ਬਾਬਿਆਂ ਦਾ”  ਤਿਆਰੀਆਂ ਮੁਕੰਮਲ

ਹਿੰਦ-ਪਾਕਿ ਭਾਈਚਾਰੇ ਨੂੰ ਹੁਮ-ਹੁਮਾ ਕੇ ਪਹੁੰਚਣ ਦਾ ਸੱਦਾ

ਅੰਮ੍ਰਿਤਸਰ ਟਾਈਮਜ਼

ਫਰਿਜ਼ਨੋ ( ਇੰਦਰਜੀਤ ਚੁਗਾਵਾਂ) “20ਵਾਂ ਮੇਲਾ ਗ਼ਦਰੀ ਬਾਬਿਆਂ ਦਾਦੀਆਂ ਤਿਆਰੀਆਂ ਤੇ ਨਜ਼ਰਸਾਨੀ ਲਈ ਇੰਡੋ ਅਮੈਰਿਕਨ ਹੈਰੀਟੇਜ ਫੋਰਮ ਫਰਿਜ਼ਨੋ ਦੀ ਮੀਟਿੰਗ ਫੋਰਮ ਦੇ ਮੀਤ ਪ੍ਰਧਾਨ ਸ. ਨਵਦੀਪ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਫੋਰਮ ਦੇ ਸਕੱਤਰ ਸ. ਸੁਰਿੰਦਰ ਸਿੰਘ ਮੰਢਾਲੀ ਨੇ ਦੱਸਿਆ ਕਿ ਮੀਟਿੰਗ ਚ ਮੇਲੇ ਦੀਆਂ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ। ਮੀਟਿੰਗ ਚ ਲੋਕਾਂ ਵੱਲੋਂ ਮਿਲ ਰਹੇ ਹੁੰਗਾਰੇ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਤੇ ਮੇਲੇ ਦੇ ਪ੍ਰਬੰਧਾਂ ਲਈ ਵੱਖੋ-ਵੱਖ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ।
ਸ. ਮੰਢਾਲੀ ਨੇ ਦੱਸਿਆ ਕਿ 15 ਮਈ ਨੂੰ ਹੋਣ ਜਾ ਰਿਹਾ ਇਸ ਵਾਰ ਦਾ ਮੇਲਾ ਕਾਲੇ ਪਾਣੀਆਂ ਦੇ ਮਹਾਨ ਸ਼ਹੀਦਾਂਨੂੰ ਸਮਰਪਿਤ ਹੋਵੇਗਾ। ਉਨ੍ਹਾ ਦੱਸਿਆ ਕਿ ਭਾਰਤ ਦੀ ਆਜ਼ਾਦੀ ਲਈ ਅਕਹਿ ਤੇ ਅਸਹਿ ਤਸੀਹੇ ਝੱਲਣ ਵਾਲੇ ਇਨ੍ਹਾਂ ਸ਼ਹੀਦਾਂ ਬਾਰੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂੰ ਕਰਵਾਉਣਾ ਇਸ ਮੇਲੇ ਦਾ ਮਕਸਦ ਹੈ ਤਾਂ ਕਿ ਇਹ ਪੀੜ੍ਹੀਆਂ ਆਪਣੇ ਵਿਰਸੇ ਤੇ ਮਾਣ ਕਰ ਸਕਣ ਤੇ ਇਸ ਤੋਂ ਮਨੁੱਖੀ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਲਈ ਸੇਧ ਲੈ ਸਕਣ।
ਉਨ੍ਹਾ ਦੱਸਿਆ ਕਿ ਇਸ ਮੇਲੇ ਦੇ ਮੁੱਖ ਮਹਿਮਾਨ ਕਿਸਾਨ ਅੰਦੋਲਨ ਦੌਰਾਨ ਭਾਈ ਕਨ੍ਹੱਈਏ ਦਾ ਰੋਲ ਨਿਭਾਉਣ ਵਾਲੇ ਡਾਕਟਰ ਸਵੈਮਾਨ ਸਿੰਘ ਹੋਣਗੇ ਜੋ ਕਿਸਾਨ ਮੋਰਚੇ ਦੌਰਾਨ ਆਪਣੇ ਤਜਰਬੇ ਤੇ ਅਹਿਸਾਸ ਸਾਂਝੇ ਕਰਨਗੇ। ਉਨ੍ਹਾ ਤੋਂ ਇਲਾਵਾ ਪੰਜਾਬੀ ਭਾਈਚਾਰੇ ਨਾਲ ਲੰਮੇ ਸਮੇਂ ਤੋਂ ਜੁੜੇ ਕਾਂਗਰਸਮੈਨ ਜਿਮ ਕਾਸਟਾ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ।
ਬਾਪੂ ਗੁਰਦੀਪ ਸਿੰਘ ਅਣਖੀ ਦੀ ਸਰਪ੍ਰਸਤੀ ਹੇਠ ਹੋ ਰਹੇ ਇਸ ਮੇਲੇ ਦੌਰਾਨ 4.0 ਜੀਪੀਏ ਗ੍ਰੇਡ ਵਾਲੇ ਹਾਈ ਸਕੂਲ ਦੇ ਹੁਸ਼ਿਆਰ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਤਾਂ ਕਿ ਦੂਸਰੇ ਬੱਚੇ ਵੀ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਲਈ ਉਨ੍ਹਾਂ ਤੋਂ ਪ੍ਰੇਰਿਤ ਹੋ ਸਕਣ।
ਫਰਿਜ਼ਨੋ ਦੇ ਸੈਂਟਰਲ ਹਾਈ ਸਕੂਲ (ਈਸਟ), (3535 ਨਾਰਥ ਕੋਰਨੇਲੀਆ ਐਵਨਿਊ ) ਦੇ ਜਿਮਨੇਜ਼ੀਅਮ ਹਾਲ ਚ ਹੋ ਰਹੇ ਇਸ ਮੇਲੇ ਦੌਰਾਨ ਜੀਤਾ ਗਿੱਲ, ਸੱਤੀ ਪਾਬਲਾ, ਹਰਜੀਤ ਮਰਸਿੱਡ, ਰਾਜ ਬਰਾੜ ਵਰਗੇ ਕਲਾਕਾਰ ਆਪਣੇ ਸਿਹਤਮੰਦ ਗੀਤ ਪੇਸ਼ ਕਰਨਗੇ ਤੇ ਗਿੱਧੇ-ਭੰਗੜੇ ਦੀਆਂ ਟੀਮਾਂ ਵੀ ਆਪਣੀ ਪੇਸ਼ਕਾਰੀ ਨਾਲ ਹਾਜ਼ਰੀਨ ਦਾ ਮਨੋਰੰਜਨ ਕਰਨਗੀਆਂ।
ਸ. ਸੁਰਿੰਦਰ ਸਿੰਘ ਮੰਢਾਲੀ, ਨਵਦੀਪ ਸਿੰਘ ਧਾਲੀਵਾਲ, ਮਹਿੰਦਰ ਸਿੰਘ ਢਾਹ ਨੇ ਚੜ੍ਹਦੇ ਤੇ ਲਹਿੰਦੇ ਪੰਜਾਬੀ ਭਾਈਚਾਰੇ ਦੇ ਨਾਲ ਨਾਲ ਸਮੁੱਚੇ ਹਿੰਦ-ਪਾਕਿ ਭਾਈਚਾਰੇ ਨੂੰ ਇਸ ਮੇਲੇ ਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।