ਕੇਜਰੀਵਾਲ ਸਰਕਾਰ ਵਾਅਦੇ ਮੁਤਾਬਕ ’84 ਦੇ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਰਾਰ ਦੇਵੇ : ਸਿੱਖ ਜਥੇਬੰਦੀ

ਕੇਜਰੀਵਾਲ ਸਰਕਾਰ ਵਾਅਦੇ ਮੁਤਾਬਕ ’84 ਦੇ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਰਾਰ ਦੇਵੇ : ਸਿੱਖ ਜਥੇਬੰਦੀ

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਆਨ ਲਾਈਨ ਪਟੀਸ਼ਨ ਪਾਈ
ਅੰਮ੍ਰਿਤਸਰ/ਬਿਊਰੋ ਨਿਊਜ਼ :
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਦਸਤਖ਼ਤੀ ਪਟੀਸ਼ਨ ਰਾਹੀਂ ਮੰਗ ਕੀਤੀ ਹੈ ਕਿ ਨਵੰਬਰ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਦਿੱਲੀ ਵਿਧਾਨ ਸਭਾ ਵੱਲੋਂ ਸਿੱਖ ਨਸਲਕੁਸ਼ੀ ਕਰਾਰ ਦਿੱਤਾ ਜਾਵੇ ਅਤੇ ਇਕ ਨਵੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਜਾਵੇ। ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸਿੱਖ ਨਸਲਕੁਸ਼ੀ ਦੀ ਸ਼ਿਕਾਰ ਬਣੀ ਬੀਬੀ ਜਗਦੀਸ਼ ਕੌਰ ਨੇ ਦੱਸਿਆ ਕਿ ਇਸ ਸਬੰਧ ਵਿੱਚ ਆਨਲਾਈਨ ਪਟੀਸ਼ਨ (change.org)  ‘ਤੇ ਲੋਕਾਂ ਦੇ ਦਸਤਖ਼ਤ ਲਏ ਜਾ ਰਹੇ ਹਨ। 32 ਹਜ਼ਾਰ ਦਸਤਖ਼ਤਾਂ ਵਾਲੀ ਇਹ ਪਟੀਸ਼ਨ ਜਲਦੀ ਹੀ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਸੌਂਪੀ ਜਾਵੇਗੀ। ਉਨ੍ਹਾਂ ਆਖਿਆ ਕਿ ਦਿੱਲੀ ਸਰਕਾਰ ਇਸ ਸਬੰਧ ਵਿੱਚ ਵਿਧਾਨ ਸਭਾ ਵਿੱਚ ਮਤਾ ਲਿਆਵੇ ਅਤੇ ਸਿੱਖ ਵਿਰੋਧੀ ਦੰਗਿਆਂ ਨੂੰ ਸਿੱਖ ਨਸਲਕੁਸ਼ੀ ਕਰਾਰ ਦੇਵੇ।
ਆਨ ਲਾਈਨ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਅਤੇ ਇਸ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਜੇਕਰ ਉਹ ਦਿੱਲੀ ਦੀ ਸੱਤਾ ਵਿਚ ਕਾਬਜ਼ ਹੋਏ ਤਾਂ ਨਵੰਬਰ ’84 ਦੇ ਪੀੜਤਾਂ ਨੂੰ ਉਹ ਨਿਆਂ ਦਿਵਾਉਣਗੇ। ‘ਆਪ’ ਨੇ ਵਾਅਦਾ ਕੀਤਾ ਸੀ ਕਿ ਸਿੱਖ ਵਿਰੋਧੀ ਹਿੰਸਾ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਈਆਂ ਜਾਣਗੀਆਂ ਜਿਸ ਦਾ ਸਿੱਖ ਭਾਈਚਾਰੇ ਨੇ ਜ਼ੋਰ ਨਾਲ ਸਵਾਗਤ ਕੀਤਾ ਤੇ ਵਿਧਾਨ ਸਭਾ ਚੋਣਾਂ ਦੌਰਾਨ ਕੇਜਰੀਵਾਲ ਦਾ ਸਾਥ ਦੇ ਕੇ ਉਨ੍ਹਾਂ ਨੂੰ ਸੱਤਾ ਵਿਚ ਲਿਆਂਦਾ। ਸਿੱਖ ਭਾਈਚਾਰੇ ਦੇ ਸਹਿਯੋਗ ਨਾਲ ਕੇਜਰੀਵਾਲ ਸਰਕਾਰ ਨੂੰ ਭਾਰੀ ਬਹੁਮਤ ਹਾਸਲ ਹੋਇਆ। ਪਟੀਸ਼ਨ ਵਿਚ ਕਿਹਾ ਗਿਆ ਹੈ, ”ਅਸੀਂ ‘ਆਪ’ ਕਨਵੀਨਰ ਕੇਜਰੀਵਾਲ ਨੂੰ ਅਪੀਲ ਕਰਦੇ ਹਾਂ ਕਿ ਉਹ ਚੋਣਾਂ ਦੌਰਾਨ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰਨ ਤਾਂ ਜੋ 32 ਸਾਲਾਂ ਤੋਂ ਜੱਦੋ-ਜਹਿਦ ਕਰਦੇ ਆ ਰਹੇ ’84 ਦੇ ਪੀੜਤਾਂ ਨੂੰ ਨਿਆਂ ਮਿਲ ਸਕੇ। ਦਿੱਲੀ ਵਿਧਾਨ ਸਭਾ ਵਿਚ ਇਕ ਮਤਾ ਲਿਆਂਦਾ ਜਾਵੇ ਜਿਸ ਵਿਚ ’84 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਸਿੱਖ ਨਸਲਕੁਸ਼ੀ ਐਲਾਨਿਆ ਜਾਵੇ।” ਪੀਰ ਮੁਹੰਮਦ ਨੇ ਕਿਹਾ, ”ਆਪ’ ਨੇ ਅਕਾਲੀ-ਭਾਜਪਾ ਗਠਜੋੜ ਵਾਂਗ ਚੋਣਾਂ ਦੌਰਾਨ ਸਿੱਖ ਵਿਰੋਧੀ ਹਿੰਸਾ ਦਾ ਲਾਹਾ ਲੈਂਦਿਆਂ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਮਜ਼ਾਕ ਉਡਾਇਆ ਹੈ ਅਤੇ ਕੇਜਰੀਵਾਲ ਸਰਕਾਰ ਨੇ ਸੱਤਾ ਵਿਚ ਆਉਣ ਮਗਰੋਂ ਹਾਲੇ ਤਕ ਇਸ ਦਿਸ਼ਾ ਵਿਚ ਕੁਝ ਨਹੀਂ ਕੀਤਾ। ਹਜ਼ਾਰਾਂ ਸਿੱਖਾਂ ਦੇ ਕਤਲਾਂ ਲਈ ਜ਼ਿੰਮੇਵਾਰ ਕਿਸੇ ਵੀ ਕਾਂਗਰਸੀ ਆਗੂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ।” ਉਨ੍ਹਾਂ ਕਿਹਾ, ”ਅਸੀਂ 31 ਅਕਤੂਬਰ ਤਕ ਪਟੀਸ਼ਨ ‘ਤੇ ਹਜ਼ਾਰਾਂ ਦਸਤਖ਼ਤ ਲਵਾਂਗਾ ਜਿਸ ਨਾਲ ਕੇਜਰੀਵਾਲ ਸਰਕਾਰ ਨੂੰ ਸਿੱਖ ਨਸਲਕੁਸ਼ੀ ਵਾਲਾ ਮਤਾ ਪਾਸ ਕਰਨ ਲਈ ਮਜਬੂਰ ਕੀਤਾ ਜਾ ਸਕੇ।”
ਪੀਰ ਮੁਹੰਮਦ ਨੇ ਕਿਹਾ ਕਿ ‘ਆਪ’ ਦੇ ਸੀਨੀਅਰ ਲੀਡਰ ਐਚ.ਐਸ. ਫੂਲਕਾ ਨੂੰ ਦਿੱਲੀ ਵਿਧਾਨ ਸਭਾ ਵਿਚ ਇਸ ਮਤੇ ਦਾ ਸਮਰਥਨ ਕਰਨਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਇਸ ਮਸਲੇ ‘ਤੇ ਆਪਣੀ ਜ਼ਿੰਦਗੀ ਦੇ 30 ਵਰ੍ਹੇ ਲਾਏ ਹਨ ਅਤੇ ਹੁਣ ਦਿੱਲੀ ਦੀ ਸੱਤਾ ‘ਤੇ ‘ਆਪ’ ਦੀ ਹਕੂਮਤ ਹੈ ਜੋ ਇਹ ਮਤਾ ਪਾਸ ਕਰਵਾ ਸਕਦੀ ਹੈ। ਨਵੰਬਰ 1984 ਦੌਰਾਨ ਭਾਰਤ ਵਿਚ ਸਿੱਖਾਂ ‘ਤੇ ਬਾਕਾਇਦਾ ਸੋਚੀ-ਸਮਝੀ ਚਾਲ ਤਹਿਤ ਸਿੱਖ ਭਾਈਚਾਰੇ ਨੂੰ ਖ਼ਤਮ ਕਰਨ ਲਈ ਹਮਲੇ ਕੀਤੇ ਗਏ। ਇਸ ਕਾਰਨ 30000 ਤੋਂ ਵੱਧ ਲੋਕ ਮਾਰੇ ਗਏ, ਹਜ਼ਾਰਾਂ ਔਰਤਾਂ ਨਾਲ ਬਲਾਤਕਾਰ ਹੋਇਆ, ਗੁਰਦੁਆਰਿਆਂ ਨੂੰ ਅੱਗਾਂ ਲਾਈਆਂ ਗਈਆਂ ਤੇ 300000 ਤੋਂ ਵੱਧ ਲੋਕ ਉਜੜ ਗਏ। ਸਿੱਖ ਭਾਈਚਾਰੇ ‘ਤੇ ਜਾਣ-ਬੁਝ ਕੇ ਕੀਤੇ ਗਏ ਹਮਲੇ ਯੂ.ਐਨ. ਕਨਵੈਨਸ਼ਨ ਦੀ ਧਾਰਾ 2 ਤਹਿਤ ਸਿੱਖ ਨਸਲਕੁਸ਼ੀ ਤਹਿਤ ਆਉਂਦੇ ਹਨ।