ਹੁਣ ਕੇਜਰੀਵਾਲ ਤਿਆਰ ਕਰੇਗਾ 'ਕੱਟੜ ਦੇਸ਼ਭਗਤ'!

ਹੁਣ ਕੇਜਰੀਵਾਲ ਤਿਆਰ ਕਰੇਗਾ 'ਕੱਟੜ ਦੇਸ਼ਭਗਤ'!

ਅੰਮ੍ਰਿਤਸਰ ਟਾਈਮਜ਼ ਬਿਊਰੋ

ਦਿੱਲੀ, ਜੰਤਰ-ਮੰਤਰ ਵਿੱਚ ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਲੋਕਪਾਲ ਬਿੱਲ ਲਿਆਉਣ ਵਾਸਤੇ ਅੰਦੋਲਨ ਚੱਲਦਾ ਹੈ। ਅੰਨਾ ਹਜ਼ਾਰੇ ਦੀ ਅਗਵਾਈ ਵਿੱਚ ਚੱਲੇ ਇਸ ਅੰਦੋਲਨ ਵਿੱਚੋਂ ਭ੍ਰਿਸ਼ਟਾਚਾਰ ਨਾਲ ਲੜਨ ਦਾ ਦਾਅਵਾ ਲੈ ਕੇ 'ਆਮ ਆਦਮੀ ਪਾਰਟੀ' ਹੋਂਦ ਵਿੱਚ ਆਉਂਦੀ ਹੈ ਅਤੇ ਬੜੇ ਨਾਟਕੀ ਦੌਰ ਵਿੱਚੋਂ ਗੁਜ਼ਰ ਕੇ ਦਿੱਲੀ ਵਿੱਚ ਸਰਕਾਰ ਵੀ ਬਣਾਉਂਦੀ ਹੈ। ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕਾਫੀ ਕੰਮ ਵੀ ਕੀਤਾ ਜਾਂਦਾ ਹੈ, ਜਿਸਦੇ ਦਮ 'ਤੇ ਆਮ ਆਦਮੀ ਪਾਰਟੀ ਦੇ ਸੰਸਥਾਪਕ 'ਅਰਵਿੰਦ ਕੇਜਰੀਵਾਲ' ਨੇ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਵੀ ਦੇਖਿਆ। ਪਰ ਨਰਿੰਦਰ ਮੋਦੀ ਦੇ ਹਿੰਦੂਤਵੀ ਏਜੰਡੇ ਅੱਗੇ ਕੇਜਰੀਵਾਲ ਦਾ ਵਿਕਾਸ ਮਾਡਲ ਪੂਰ ਨਾ ਚੜ ਸਕਿਆ, ਤੇ ਲੋਕ ਸਭਾ ਚੋਣਾਂ ਵਿੱਚ ਮੂੰਹ ਦੀ ਖਾਣੀ ਪਈ।

ਸਾਰੇ ਭਾਰਤ ਵਿੱਚੋਂ ਸਿਰਫ ਪੰਜਾਬ ਵਿੱਚ ਮਿਲੀਆਂ ਚਾਰ ਐਮ.ਪੀ. ਸੀਟਾਂ ਨੇ, ਪਾਰਟੀ ਅਤੇ ਪੰਜਾਬ ਦੇ ਭੋਲੇ ਲੋਕਾਂ, ਦੋਹਾਂ ਦੇ ਦਿਲ 'ਚ ਉਮੀਦ ਜਗਾਈ ਕਿ ਸ਼ਾਇਦ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਕੇਜਰੀਵਾਲ ਘੱਟੋ ਘੱਟ ਪੰਜਾਬ ਦੇ ਦੁੱਖ ਹੀ ਕੱਟ ਦੇਵੇਗਾ। ਇੱਥੋਂ ਤੱਕ ਕਿ ਪੰਜਾਬ ਦੀ ਸਿੱਖ ਸੰਗਤ ਨੇ ਵੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਉਸਦੇ ਗਿਰ ਚੁੱਕੇ ਚਰਿੱਤਰ ਕਰਕੇ ਨਕਾਰਿਆ ਅਤੇ ਆਮ ਆਦਮੀ ਪਾਰਟੀ ਦੇ ਗੈਰ-ਸਿੱਖ ਚਿਹਰਿਆਂ ਦੀ ਵੀ ਖੁੱਲ੍ਹ ਕੇ ਹਮਾਇਤ ਕੀਤੀ। ਇਸ ਦੇ ਬਾਵਜੂਦ ਆਪਸੀ ਪਾਟੋ-ਧਾੜ, ਕੇਂਦਰ ਵਿਚ ਪੈਠ ਬਣਾਉਣ ਦੀ ਝਾਕ ਅਤੇ ਖੇਤਰੀ ਮੁੱਦਿਆਂ ਨੂੰ ਨਕਾਰਨ ਕਰਕੇ ਆਮ ਆਦਮੀ ਪਾਰਟੀ ਪੰਜਾਬ ਦੀਆਂ ਉਮੀਦਾਂ 'ਤੇ ਖਰੀ ਨਾ ਉੱਤਰੀ। ਹਾਲਾਂਕਿ ਪੰਜਾਬੀਆਂ ਨੇ ਨਵੀਂ ਪਾਰਟੀ ਨੂੰ ਮੁੱਖ ਵਿਰੋਧੀ ਧਿਰ ਵਿੱਚ ਜ਼ਰੂਰ ਬਿਠਾ ਦਿੱਤਾ।

ਪੰਜਾਬੀ ਮਾਨਸਿਕਤਾ ਕਦੇ ਵੀ, ਭਾਰਤੀ ਕਹਿ ਲਈਏ, ਜਾਂ ਹਿੰਦੂਤਵੀ ਰਾਸ਼ਟਰਵਾਦੀ ਢਾਂਚਾ ਕਹਿ ਲਈਏ, ਇਸ ਵਿੱਚ ਕਦੇ ਫਿੱਟ ਨਹੀਂ ਬੈਠੀ। ਪੰਜਾਬ ਸਟੇਟ ਦੀ ਪ੍ਰਭੂਸੱਤਾ, ਇਤਿਹਾਸ, ਪਾਣੀ, ਬੋਲੀ, ਤਾਸੀਰ ਅਤੇ ਸੱਭਿਆਚਾਰ ਦੇ ਮਸਲਿਆਂ 'ਤੇ ਹਮੇਸ਼ਾ ਕੇਂਦਰ ਨਾਲ ਟਕਰਾ ਰਿਹਾ ਹੈ, ਇਸ ਲਈ ਕੇਂਦਰ ਵਿੱਚ ਸਥਾਪਿਤ ਹੋਣ ਦੀ ਚਾਹਵਾਨ ਕੋਈ ਵੀ ਪਾਰਟੀ ਇੱਥੇ ਰਾਜ ਤਾਂ ਕਰ ਸਕਦੀ ਹੈ, ਪਰ ਖੇਤਰੀ ਮੁੱਦਿਆਂ ਨੂੰ ਨਕਾਰ ਕੇ ਟਿਕ ਨਹੀਂ ਸਕਦੀ। ਅੱਜ ਜਿਹਨਾਂ ਮਸਲਿਆਂ 'ਤੇ, ਪੰਜਾਬੀਆਂ ਨੇ ਕਦੇ ਕੇਜਰੀਵਾਲ ਦੀ ਨੀਤ ਉੱਪਰ ਸ਼ੱਕ ਜ਼ਾਹਿਰ ਕਰਕੇ ਉਸਨੂੰ ਨਕਾਰਿਆ ਸੀ, ਉਹ ਖਦਸ਼ੇ ਸੱਚ ਹੁੰਦੇ ਜਾਪ ਰਹੇ ਹਨ। ਕੇਜਰੀਵਾਲ ਨੇ ਦਿੱਲੀ ਦਾ ਬਜਟ ਪੇਸ਼ ਕੀਤਾ ਹੈ।

ਦਿੱਲੀ ਸਰਕਾਰ ਅਨੁਸਾਰ, ਇਸ ਵਾਰ ਬਜਟ ਦਾ ਵਿਸ਼ਾ 'ਦੇਸ਼ ਭਗਤੀ' 'ਤੇ ਕੇਂਦਰਿਤ ਹੈ। ਜਿਸ ਵਿੱਚ 45 ਕਰੋੜ ਰੁਪਏ ਦੇ ਖਰਚ ਨਾਲ ਪੰਜ ਸੌ ਥਾਵਾਂ 'ਤੇ ਤਿਰੰਗੇ ਝੰਡੇ ਝੁਲਾਉਣ ਦੇ ਫੈਂਸਲੇ ਨੂੰ ਪਾਰਟੀ ਵੱਲੋਂ ਬਹੁਤ ਉਭਾਰਿਆ ਜਾ ਰਿਹਾ ਹੈ। ਕੇਜਰੀਵਾਲ ਨੇ ਆਪਣੇ ਭਾਸ਼ਣ ਵਿੱਚ ਕਿਹਾ, "ਸਾਡੇ ਸਕੂਲਾਂ ਵਿੱਚ ਦੇਸ਼ ਭਗਤੀ ਦੀ ਸਿੱਖਿਆ ਨਹੀਂ ਦਿੱਤੀ ਜਾਂਦੀ। ਅਸੀਂ ਚਾਹੁੰਦੇ ਹਾਂ ਕਿ ਬੱਚਿਆਂ ਨੂੰ 'ਕੱਟੜ ਦੇਸ਼ ਭਗਤ' ਬਣਾਇਆ ਜਾਵੇ। ਇਸ ਲਈ ਹਰ ਰੋਜ਼ ਇੱਕ ਘੰਟਾ ਸਕੂਲਾਂ ਵਿੱਚ ਦੇਸ਼ ਭਗਤੀ ਦਾ ਪਾਠ ਪੜਾਉਣ ਲਈ ਨਿਰਧਾਰਿਤ ਕੀਤਾ ਜਾਵੇਗਾ।" ਉਹਨਾਂ ਅੱਗੇ ਆਖਿਆ ਕਿ ਅਸੀਂ ਭਗਤ ਸਿੰਘ ਅਤੇ ਬੀ.ਆਰ ਅੰਬੇਡਕਰ ਬਾਰੇ ਪੜਾਉਣ ਦਾ ਕਹਿ ਰਹੇ ਹਾਂ। ਇਹਨਾਂ ਨੁਕਤਿਆਂ ਨੂੰ ਦੇਖਦੇ ਹੋਏ ਕਈ ਰਾਜਨੀਤਕ ਮਾਹਿਰਾਂ ਨੇ ਪ੍ਰਤੀਕਿਰਿਆ ਦਿੱਤੀ ਹੈ ਕਿ ਇਹ ਆਮ ਆਦਮੀ ਪਾਰਟੀ ਦੇ ਕੇਂਦਰ ਵਿੱਚ ਕਾਬਜ ਹੋਣ ਦੀ ਨੀਤੀ ਵੱਲ ਸ਼ੁਰੂਆਤੀ ਕਦਮ ਹਨ। ਉਹਨਾਂ ਦਾ ਮੰਨਣਾ ਹੈ ਕਿ ਰਾਸ਼ਟਰਵਾਦ ਦੀ ਦੌੜ ਵਿੱਚ ਸ਼ਾਮਿਲ ਹੋ ਕੇ ਨਰਿੰਦਰ ਮੋਦੀ ਨਾਲ ਮੁਕਾਬਲੇ ਵਿੱਚ ਆਉਣ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਪਰ ਨਾਲ ਹੀ ਤਾਕੀਦ ਵੀ ਕੀਤੀ ਜਾ ਰਹੀ ਹੈ ਕਿ ਕੇਜਰੀਵਾਲ ਦੀ ਪਹਿਚਾਣ ਇੱਕ ਆਮ ਆਦਮੀ ਦੀ ਹੈ, ਜੋ ਆਮ ਆਦਮੀ ਦੀਆਂ ਲੋੜਾਂ ਸਿੱਖਿਆ, ਸਿਹਤ, ਸਫਾਈ, ਰੁਜ਼ਗਾਰ ਲਈ ਰਾਜਨੀਤੀ ਕਰਦਾ ਹੈ।

ਇਹਨਾਂ ਬੁਨਿਆਦਾਂ ਤੋਂ ਭਗੌੜਾ ਹੋਣਾ ਸਮੁੱਚੀ ਪਾਰਟੀ ਲਈ ਹਾਨੀਕਾਰਕ ਸਿੱਧ ਹੋਵੇਗਾ। ਜਿਸ ਨਾਲ ਆਮ ਆਦਮੀ ਪਾਰਟੀ ਦੀ ਹਾਲਤ ਧੋਬੀ ਦੇ ਕੁੱਤੇ ਵਾਲੀ ਹੋ ਡਿੱਗੇਗੀ, ਕਿਉਂਕਿ ਰਾਸ਼ਟਰਵਾਦ ਦੀ ਰਾਜਨੀਤੀ ਵਿੱਚ ਬੀ.ਜੇ.ਪੀ. ਦਾ ਆਧਾਰ ਬਹੁਤ ਮਜ਼ਬੂਤ ਹੈ। ਇਸ ਪਾਸੇ ਜਾ ਕੇ ਰਵਾਇਤੀ ਢਾਂਚੇ ਤੋਂ ਦੁਖੀ ਆਮ ਲੋਕਾਂ ਵਿੱਚ ਵੀ ਪਾਰਟੀ ਦੀ ਸਥਿਤੀ ਡਗਮਗਾ ਜਾਵੇਗੀ।

ਵਿਵਾਦਤ ਰਾਮ ਮੰਦਿਰ, ਜਿਸ ਦੀ ਅਜੇ ਉਸਾਰੀ ਵੀ ਪੂਰੀ ਨਹੀਂ ਹੋਈ। ਦਿੱਲੀ ਸਰਕਾਰ ਨੇ ਬਜ਼ੁਰਗਾਂ ਨੂੰ ਉੱਥੋਂ ਦੀ ਮੁਫਤ ਯਾਤਰਾ ਕਰਾਉਣ ਦਾ ਐਲਾਨ ਵੀ ਕਰ ਦਿੱਤਾ ਹੈ। ਪਾਰਟੀ ਜਿਸ ਤਰ੍ਹਾਂ ਇਸ ਮਸਲੇ ਦਾ ਵੀ ਪ੍ਰਚਾਰ ਕਰ ਰਹੀ ਹੈ, ਇੱਥੋਂ ਇਹ ਸਮਝਿਆ ਜਾ ਸਕਦਾ ਹੈ ਕਿ ਫਿਲਹਾਲ ਆਮ ਆਦਮੀ ਪਾਰਟੀ ਕੇਂਦਰ ਵਿੱਚ ਆਪਣਾ ਪ੍ਰਭਾਵ ਕਾਇਮ ਕਰਨ ਲਈ ਬੀ.ਜੇ.ਪੀ. ਦੇ ਰੰਗਾਂ ਵਾਲੀ ਰਾਜਨੀਤੀ ਕਰਨ ਤੋਂ ਪਿੱਛੇ ਨਹੀਂ ਹੱਟੇਗੀ।

ਇਸ ਸਭ ਨੂੰ ਦੇਖਦੇ ਹੋਏ, ਜਿੱਥੇ ਇੱਕ ਪਾਸੇ ਜਦੋਂ ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਸਿਰ 'ਤੇ ਹਨ। ਆਮ ਆਦਮੀ ਪਾਰਟੀ ਵੀ ਪਿਛਲੀ ਵਾਰ ਦੀ ਤਰ੍ਹਾਂ ਸੱਤਾ ਦਾ ਦਾਅਵਾ ਕਰ ਰਹੀ ਹੈ। ਤਿੰਨੇ ਪਾਰਟੀਆਂ ਨੇ ਸਿਆਸੀ ਅਖਾੜਾ ਗਰਮ ਕੀਤਾ ਹੋਇਆ ਅਤੇ ਕਿਸਾਨ ਅੰਦੋਲਨ ਦਾ ਪ੍ਰਭਾਵ ਵੀ ਰਾਜਨੀਤਿਕ ਸਰਗਰਮੀਆਂ ਨੂੰ ਕਲਾਵੇ ਵਿੱਚ ਲੈ ਰਿਹਾ ਹੈ। 'ਪੰਜਾਬ ਸਿੰਘ' ਕਿਸ ਪਾਸੇ ਕਰਵਟ ਲੈਂਦਾ ਹੈ ਅਤੇ ਆਮ ਆਦਮੀ ਪਾਰਟੀ ਦੇ ਇਸ ਰਾਸ਼ਟਰਵਾਦੀ ਪੈਂਤੜੇ 'ਤੇ ਲੀ ਪ੍ਰਤੀਕਰਮ ਦਿੰਦਾ ਹੈ, ਇਹ ਵਰਤਾਰਾ ਬੜਾ ਮਹੱਤਵਪੂਰਨ ਹੋਵੇਗਾ।