ਭਾਰਤ ਵਿਚ ਤੇਜੀ ਨਾਲ ਵੱਧ ਰਹੀ ਹੈ ਬੇਰੁਜ਼ਗਾਰੀ; ਫਰਵਰੀ ਵਿਚ ਬੇਰੁਜ਼ਗਾਰੀ ਦਰ 7.2% 'ਤੇ ਪਹੁੰਚੀ
ਨਵੀਂ ਦਿੱਲੀ: ਭਾਰਤ ਵਿਚ ਬੇਰੁਜ਼ਗਾਰੀ ਦੀ ਦਰ ਫਰਵਰੀ 2019 ਵਿਚ 7.2% ਦੇ ਅੰਕੜੇ 'ਤੇ ਪਹੁੰਚ ਗਈ ਹੈ। ਇਹ ਅੰਕੜਾ ਸਤੰਬਰ 2016 ਤੋਂ ਬਾਅਦ ਸਭ ਤੋਂ ਵੱਧ ਹੈ। ਫਰਵਰੀ 2018 ਵਿਚ ਬੇਰੁਜ਼ਗਾਰੀ ਦੀ ਦਰ 5.9% ਦਰਜ ਕੀਤੀ ਗਈ ਸੀ। ਇਹ ਅੰਕੜੇ ਸੈਂਟਰ ਫਾਰ ਮੋਨੀਟਰਿੰਗ ਇੰਡੀਅਨ ਇਕੋਨਮੀ (ਸੀਐਮਆਈਈ) ਵਲੋਂ ਜਾਰੀ ਕੀਤੇ ਗਏ ਹਨ।
ਰਿਊਟਰਜ਼ ਨਾਲ ਗੱਲ ਕਰਦਿਆਂ ਮੁੰਬਈ ਸਥਿਤ ਥਿੰਕ ਟੈਂਕ ਦੇ ਮੁਖੀ ਮਹੇਸ਼ ਵਿਆਸ ਨੇ ਦੱਸਿਆ ਕਿ ਫਰਵਰੀ 2019 ਵਿਚ ਭਾਰਤ ਅੰਦਰ ਰੁਜ਼ਗਾਰ ਕਰਦੇ ਲੋਕਾਂ ਦੀ ਗਿਣਤੀ 400 ਮਿਲੀਅਨ ਅੰਦਾਜ਼ੀ ਗਈ ਹੈ ਜਦਕਿ ਸਾਲ ਪਹਿਲਾਂ ਫਰਵਰੀ 2018 ਵਿਚ ਇਹ ਗਿਣਤੀ 406 ਮਿਲੀਅਨ ਅੰਦਾਜ਼ੀ ਗਈ ਸੀ।
ਸੀਐਮਆਈਈ ਦੇ ਇਹ ਅੰਕੜੇ ਹਜ਼ਾਰਾਂ ਘਰਾਂ ਵਿਚ ਕੀਤੇ ਗਏ ਸਰਵੇਖਣ ਤੋਂ ਬਾਅਦ ਜਾਰੀ ਕੀਤੇ ਗਏ ਹਨ, ਜਿਹਨਾਂ ਨੂੰ ਨਾਮੀਂ ਅਰਥਸ਼ਾਸਤਰੀਆਂ ਨੇ ਸਰਕਾਰੀ ਅੰਕੜਿਆਂ ਤੋਂ ਵੱਧ ਸਾਰਥਿਕ ਮੰਨਿਆ ਹੈ।
ਸੀਐਮਆਈਈ ਨੇ ਜਨਵਰੀ ਵਿਚ ਇਕ ਰਿਪੋਰਟ ਜਾਰੀ ਕੀਤੀ ਸੀ ਜਿਸ ਮੁਤਾਬਿਕ ਸਾਲ 2018 ਵਿਚ ਭਾਰਤ ਅੰਦਰ 11 ਮਿਲੀਅਨ ਦੇ ਕਰੀਬ ਲੋਕ ਬੇਰੁਜ਼ਗਾਰ ਹੋਏ ਜਿਸਦੀ ਵਜ੍ਹਾ ਨੋਟਬੰਦੀ ਅਤੇ ਜੀਐਸਟੀ ਬਣੇ।
Comments (0)