ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਗੇਟ 'ਤੇ  ਖ਼ਾਲਿਸਤਾਨੀ ਝੰਡੇ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਗੇਟ 'ਤੇ  ਖ਼ਾਲਿਸਤਾਨੀ ਝੰਡੇ

ਧਰਮਸ਼ਾਲਾ ਵਿਖੇ ਵਿਧਾਨ ਸਭਾ ਦੇ ਮੁੱਖ ਗੇਟ 'ਤੇ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੁੱਖ ਗੇਟ 'ਤੇ ਖ਼ਾਲਿਸਤਾਨ ਦੇ ਝੰਡੇ ਲਗਾਉਣ ਤੇ ਕੰਧਾਂ 'ਤੇ ਖ਼ਾਲਿਸਤਾਨ ਲਿਖਣ ਸੰਬੰਧੀ ਖ਼ਬਰ ਹੈ । ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਵਿਧਾਨ ਸਭਾ ਭਵਨ ਦੇ ਇਕ ਨੰਬਰ ਗੇਟ ਦੇ ਬਾਹਰਲੇ ਪਾਸੇ ਖ਼ਾਲਿਸਤਾਨੀ ਝੰਡੇ ਲਗਾਏ ਗਏ ਹਨ ਤੇ ਕੰਧਾਂ 'ਤੇ ਖਾਲਿਸਤਾਨ ਲਿਖਿਆ ਹੋਇਆ ਹੈ । ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੇ ਝੰਡੇ ਉਤਾਰ ਦਿੱਤੇ ਹਨ ।ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਆਮ ਤੌਰ 'ਤੇ ਧਰਮਸ਼ਾਲਾ ਵਿਚ ਹੁੰਦਾ ਹੈ ।  ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ।ਉਨ੍ਹਾਂ ਕਿਹਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ । ਇਸੇ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ ਤੇ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ ।  ਦਿੱਲੀ ਦੇ ਉੱਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ ਕਿ ਹਿਮਾਚਲ ਪ੍ਰਦੇਸ਼ ਵਿਧਾਨ ਸਭਾ 'ਤੇ ਝੰਡਾ ਲਗਾਉਣਾ ਭਾਜਪਾ ਸਰਕਾਰ ਦੀ ਨਾਕਾਮੀ ਦਾ ਨਤੀਜਾ ਹੈ ।

ਧਰਮਸ਼ਾਲਾ ਵਿਖੇ ਵਿਧਾਨ ਸਭਾ ਦੇ ਮੁੱਖ ਗੇਟ 'ਤੇ ਖਾਲਿਸਤਾਨੀ ਝੰਡੇ ਲਗਾਉਣ ਦੇ ਮਾਮਲੇ ਵਿਚ ਹਿਮਾਚਲ ਪ੍ਰਦੇਸ਼ ਪੁਲਿਸ ਨੇ ਸਿੱਖ ਫਾਰ ਜਸਟਿਸ ਦੇ ਮੁਖੀ ਤੇ ਅਮਰੀਕਾ ਵਾਸੀ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।ਇਸ ਮਾਮਲੇ ਵਿਚ ਪੰਨੂ ਨੂੰ ਮੁੱਖ ਦੋਸ਼ੀ ਬਣਾਇਆ ਹੈ । ਪੁਲਿਸ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਗੁਆਂਢੀ ਸੂਬਿਆਂ ਵਿਚ ਖਾਲਿਸਤਾਨੀ ਤੱਤਾਂ ਦੀਆਂ ਵਧ ਰਹੀਆਂ ਕਾਰਵਾਈਆਂ, 11 ਮਾਰਚ 2022 ਨੂੰ ਊਨਾ ਵਿਖੇ ਖਾਲਿਸਤਾਨੀ ਝੰਡਾ ਲਗਾਉਣ ਤੇ ਸਿੱਖ ਫਾਰ ਜਸਟਿਸ ਵਲੋਂ ਹਿਮਾਚਲ ਪ੍ਰਦੇਸ਼ ਵਿਚ ਖਾਲਿਸਤਾਨ ਰਾਏਸ਼ੁਮਾਰੀ ਲਈ 6 ਜੂਨ 2022 ਨੂੰ ਰੱਖੀ ਵੋਟਿੰਗ ਦੀ ਤਰੀਕ ਦੇ ਐਲਾਨ ਦੇ ਮੱਦੇਨਜ਼ਰ ਡੀਜੀਪੀ. ਨੇ ਸੂਬੇ ਵਿਚ ਹਾਈ ਅਲਰਟ ਦੇ ਨਿਰਦੇਸ਼ ਦਿੱਤੇ ਹਨ । ਸ਼ੋਸ਼ਲ ਮੀਡੀਆ ਵਿਚ ਲੋਕ ਇਸ ਬਿਰਤਾਂਤ ਨੂੰ ਭਾਜਪਾ ਤੇ ਹਿਮਾਚਲ ਦੀਆਂ ਚੋਣਾਂ ਨਾਲ ਜੋੜ   ਕੇ ਦੇਖ ਰਹੇ ਹਨ।