ਕੀ ਧੰਨਾ ਭਗਤ ਪੱਥਰ ਜਾਂ ਮੂਰਤੀ ਪੂਜਕ ਸਨ?
ਭਾਈ ਕਾਨ੍ਹ ਸਿੰਘ ਅਨੁਸਾਰ ਭਗਤ ਧੰਨਾ ਦਾ ਜਨਮ ਟਾਂਕ ਦੇ ਇਲਾਕੇ ਯੂਆਨ ਪਿੰਡ ਵਿਚ ਸੰਮਤ 1473 ਵਿਚ ਹੋਇਆ। ਆਪ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਆਸਾ ਅਤੇ ਧਨਾਸਰੀ ਵਿਚ ਦਰਜ ਹੈ। ਬੜੇ ਅਫਸੋਸ ਦੀ ਗੱਲ ਹੈ ਕਿ ਕੁੱਝ ਪ੍ਰਚਾਰਕ ਅਤੇ ਕਥਾਵਾਚਕ ਭਗਤ ਧੰਨਾ ਬਾਰੇ ਕਹਿੰਦੇ ਹਨ ਕਿ ਆਪ ਨੇ ਸਾਲ ਗ੍ਰਾਮ ਪੱਥਰ) ਦੀ ਪੂਜਾ ਕਰਕੇ ਪ੍ਰਭੂ ਦੀ ਪ੍ਰਾਪਤੀ ਕੀਤੀ।
1) ਭਗਤ ਬਾਣੀ ਅਨੁਸਾਰ, `ਭਗਤ ਧੰਨਾ ਦੇ ਪਿਤਾ ਦਾ ਨਾਮ ਮਾਹੀ ਸੀ। ਇਨ੍ਹਾਂ ਦਾ ਇਲਾਕਾ ਮਾਰਵਾੜ ਸੀ। ਆਪ ਮਾਮੂਲੀ ਜਿਮੀਦਾਰ ਸਨ। ਕਿਸੇ ਬ੍ਰਾਹਮਣ ਕੋਲੋਂ ਸਾਲਗਰਾਮ ਲੈ ਕੇ ਪੂਜਾ ਕਰਨ ਲੱਗੇ। ਜਦੋਂ ਕੋਈ ਫਲ ਪ੍ਰਪਤ ਨਾ ਹੋਇਆ ਤਾਂ ਸਾਲਗਰਾਮ ਉਸ ਨੇ ਬ੍ਰਾਹਮਣ ਨੂੰ ਮੋੜ ਦਿੱਤਾ। ਕਹਿਣ ਲੱਗੇ ਕਿ ਸਾਲਗ੍ਰਾਮ ਮੇਰੇ ਨਾਲ ਗੁੱਸੇ ਹੈ, ਮੇਰੀ ਰੋਟੀ ਨਹੀਂ ਖਾਂਦਾ। ਬ੍ਰਾਹਮਣ ਨੇ ਅਸਲ ਗੱਲ ਦੱਸੀ ਕਿ ਭਾਈ ਇਹ ਤਾਂ ਪੱਥਰ ਹੈ, ਇਹ ਖਾਂਦਾ ਪੀਂਦਾ ਕੁਝ ਨਹੀਂ, ਰੱਬ ਤਾਂ ਹੋਰ ਹੈ।
2) ਭਾਈ ਕਾਨ੍ਹ ਸਿੰਘ ਜੀ ਅਨੁਸਾਰ, ਸਵਾਮੀ ਰਾਮਾਨੰਦ ਤੋਂ ਕਾਂਸ਼ੀ ਜਾ ਕੇ ਗੁਰ ਦੀਖਿਆ ਲਈ, ਪਹਿਲੀ ਉਮਰ ਵਿਚ ਇਹ ਮੂਰਤੀ ਪੂਜਕ ਰਹੇ ਪਰ ਅੰਤ ਨੂੰ ਅਕਾਲ ਪੁਰਖ ਦਾ ਉਪਾਸ਼ਕ ਹੋ ਕੇ ਪਰਮਪਦ ਦਾ ਅਧਿਕਾਰੀ ਬਣੇ।` (ਪੰਨਾ 673 ਮਹਾਨ ਕੋਸ਼)
3) ਇੱਕ ਪ੍ਰਚਲਤ ਕਹਾਣੀ ਦਾ ਜਿਕਰ ਭਾਈ ਗੁਰਦਾਸ ਵੀ ਦਸਵੀਂ ਵਾਰ ਦੀ 13ਵੀਂ ਪਉੜੀ ਵਿਚ ਜਿਕਰ ਕਰਦੇ ਹੋਏ ਲਿਖਦੇ ਹਨ -
ਬ੍ਰਾਹਮਣੁ ਪੂਜੇ ਦੇਵਤੇ, ਧੰਨਾ ਗਊ ਚਰਾਵਣ ਆਵੈਂ॥ ਧੰਨੇ ਡਿਠਾ ਚਲਿਤ ਏਹੁ, ਪੂਛੈ ਬ੍ਰਾਹਮਣ ਆਖਿ ਸੁਣਾਵੈ॥ ਠਾਕੁਰ ਦੀ ਸੇਵਾ ਕਰੈ, ਜੋ ਇਛੈ ਸੋਈ ਫਲ ਪਾਵੈ। ਧੰਨਾ ਕਰਦਾ ਜੋਦੜੀ, ਮੈਂ ਭਿ ਦੇਹ ਇੱਕ, ਜੇ ਤੁਧ ਭਾਵੈ॥ ਪਥਰੁ ਇੱਕ ਲਪੇਟਿ ਕਰਿ, ਦੇ ਧੰਨੈ ਨੋ ਗੈਲ1 ਛੁਡਾਵੈ॥ ਠਾਕੁਰ ਨੋ ਨ੍ਹਾਵਾਲਿਕੈ, ਛਾਹਿ, ਰੋਟੀ ਲੈ ਭੌਗੁ ਚੜ੍ਹਾਵੈ॥ ਹਥਿ ਜੋੜਿ ਮਿਨਤਾਂ ਕਰੈ ਪੈਰੀ ਪੈ ਪੈ ਬਹੁਤ ਮਨਾਵੈ॥ ਹਉਂ ਭੀ ਮੁਹੁ ਨਾ ਜੁਠਾਲਸਾਂ, ਤੂੰ ਰੂਠਾ ਮੈਂ ਕਿਹੁ ਨਾ ਸੁਖਾਵੈ॥ ਗੋਸਾਈ ਪਰਤਖਿ ਹੋਇ, ਰੋਟੀ ਖਾਇ, ਛਾਹਿ ਮੁਹਿ ਲਾਵੈ॥ ਭੋਲਾ ਭਾਉ ਗੋਬਿੰਦੁ ਮਿਲਾਵੈ॥13॥
ਇਕ ਬ੍ਰਾਹਮਣ ਕਈ ਦੇਵਤਿਆਂ ਅਤੇ ਪੱਥਰ ਦੀਆਂ ਮੂਰਤ ਦੀ ਪੂਜਾ ਕਰਦਾ ਸੀ। ਧੰਨਾ ਉੱਥੇ ਗਊਆਂ ਚਾਰਨ ਆਉਂਦਾ ਸੀ। ਧੰਨਾ ਉਸ ਨੂੰ ਦੇਖਕੇ ਪੁੱਛਣ ਲੱਗਾ, `ਇਹ ਕੀ ਕਰਦੇ ਹੋ` ਬ੍ਰਾਹਮਣ ਨੇ ਉੱਤਰ ਦਿੱਤਾ, `ਠਾਕੁਰ ਦੀ ਪੂਜਾ ਕਰਦਾ ਹਾਂ ਇਸ ਨਾਲ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ।`
ਧੰਨਾ ਮਿੰਨਤ ਕਰਨ ਲੱਗਾ ਕਿ ਇੱਕ ਠਾਕੁਰ (ਸਾਲਗ੍ਰਾਮ ਦਾ ਪੱਥਰ) ਉਸ ਨੂੰ ਵੀ ਦੇ ਦਿਓ। ਤਾਂ ਇੱਕ ਸਾਲ ਗ੍ਰਾਮ ਦੇ ਕੇ ਬ੍ਰਾਹਮਣ ਨੇ ਧੰਨੇ ਤੋਂ ਖਹਿੜਾ ਛੁਡਾਇਆ। ਧੰਨੇ ਨੇ ਠਾਕੁਰ ਨੂੰ ਇਸ਼ਨਾਨ ਕਰਵਾ ਕੇ ਉਸ ਅੱਗੇ ਰੋਟੀ ਅਤੇ ਲੱਸੀ ਭੋਗ ਲਈ ਰੱਖੀ। ਜਦ ਠਾਕੁਰ ਨੇ ਰੋਟੀ ਨਾ ਖਾਧੀ ਤਾਂ ਧੰਨਾ ਹੱਥ ਜੋੜ ਕੇ ਮਿੰਨਤਾਂ ਅਤੇ ਡੰਡੌਤ ਕਰਕੇ ਠਾਕੁਰ ਨੂੰ ਮਨਾਉਣ ਲੱਗਾ ਅਤੇ ਕਹਿਣ ਲੱਗਾ, `ਜਦੋਂ ਤੱਕ ਤੂੰ ਭੋਜਨ ਨਹੀਂ ਛਕਦਾ ਤਾਂ ਮੈਂ ਭੀ ਮੂੰਹ ਜੂਠਾ ਨਹੀਂ ਕਰਾਂਗਾ। ਜਦੋਂ ਤੂੰ ਰੁੱਸਿਆ ਹੋਵੇ ਤਾਂ ਮੈਨੂੰ ਕੁਝ ਵੀ ਚੰਗਾ ਨਹੀਂ ਲਗਦਾ।` ਇਸ ਤਰ੍ਹਾਂ ਠਾਕੁਰ ਨੇ ਪਰਤੱਖ ਹੋ ਕੇ ਰੋਟੀ ਖਾਧੀ ਅਤੇ ਲੱਸੀ ਪੀਣ ਲੱਗਾ। ਭੋਲਾ ਭਾ ਗੋਬਿੰਦ ਮਿਲਾ ਦੇਂਦਾ ਹੈ।
ਨੋਟ: ਭਾਈ ਗੁਰਦਾਸ ਇਸ ਵਾਰ ਰਾਹੀਂ ਪੱਥਰ ਵਿੱਚੋਂ ਰੱਬ ਦੇ ਪ੍ਰਗਟ ਹੋਣ ਦੀ ਪੁਸ਼ਟੀ ਨਹੀਂ ਕਰ ਰਹੇ। ਉਹ ਲੋਕ ਕਥਾ ਦਾ ਇਸ ਵਾਰ ਵਿਚ ਬਿਆਨ ਕਰ ਰਹੇ ਹਨ। ਵਾਰ ਵਿਚ ਕਿਸੇ ਇਕ ਉੱਘੇ ਕਾਰਨਾਮੇ ਦਾ ਵਰਨਣ ਹੁੰਦਾ ਹੈ। ਸਾਰੀ ਕਹਾਣੀ ਨਹੀਂ ਹੁੰਦੀ।
ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਗੁਰੂ ਹੈ। ਇਸ ਵਿਚ ਕੋਈ ਆਪਾ ਵਿਰੋਧੀ ਭਾਵ ਦਰਜ ਨਹੀਂ ਹੈ। ਜਿਵੇਂ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਭਗਤ ਧੰਨਾ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਭੀ ਮੂਰਤੀ ਪੂਜਾ ਦੀ ਪੁਸ਼ਟੀ ਨਹੀਂ ਕੀਤੀ ਗਈ ਬਲਕਿ ਇਸ ਦਾ ਵਿਰੋਧ ਕੀਤਾ ਗਿਆ ਹੈ। ਇਸ ਸੰਬੰਧੀ ਭਗਤ ਧੰਨਾ ਜੀ ਦੀ ਬਾਣੀ ਰਾਂਹੀ ਆਓ ਦੇਖੀਏ ਉਨ੍ਹਾਂ ਦੇ ਵਿਚਾਰ -
ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ ॥ ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ ॥1॥ ਰਹਾਉ ॥ ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ ਜਾਨਿਆ ॥ ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ ॥1॥ ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ ॥ ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ॥2॥ ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ ॥ ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤ੍ਰਿਪਤਿ ਅਘਾਨੇ ਮੁਕਤਿ ਭਏ ॥3॥ ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ ॥ ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ ॥4॥1॥
(ਗੁਰੂ ਗ੍ਰੰਥ ਸਾਹਿਬ, ਪੰਨਾ 487)
ਪ੍ਰੋਫੈਸਰ ਸਾਹਿਬ ਸਿੰਘ ਇਸ ਸ਼ਬਦ ਦੇ ਅਰਥ ਇਸ ਤਰ੍ਹਾਂ ਕਰਦੇ ਹਨ, ਮਾਇਆ ਦੇ ਮੋਹ ਵਿਚ ਭਟਕਦਿਆਂ ਕਈ ਜਨਮ ਲੰਘ ਜਾਂਦੇ ਹਨ, ਇਹ ਸਰੀਰ ਨਾਸ਼ ਹੋ ਜਾਂਦਾ ਹੈ, ਮਨ ਭਟਕਦਾ ਰਹਿੰਦਾ ਹੈ ਤੇ ਧਨ ਵੀ ਟਿਕਿਆ ਨਹੀਂ ਰਹਿੰਦਾ। ਲੋਭੀ ਜੀਵ ਜ਼ਹਿਰ ਰੂਪੀ ਪਦਾਰਥਾਂ ਦੇ ਲਾਲਚ ਵਿਚ, ਕਾਮ ਵਾਸ਼ਨਾ ਵਿਚ, ਰੰਗਿਆ ਰਹਿੰਦਾ ਹੈ, ਅਤੇ ਰਸ ਦੇ ਮਨ ਵਿਚੋਂ ਅਮੋਲਕ ਪ੍ਰਭੂ ਵਿਸਰ ਜਾਂਦਾ ਹੈ॥2॥ ਰਹਾਉ॥
ਹੇ ਕਮਲੇ ਮਨ! ਇਹ ਜ਼ਹਿਰ ਰੂਪੀ ਫਲ ਤੈਨੂੰ ਮਿੱਠੇ ਲਗਦੇ ਹਨ, ਤੈਨੂੰ ਸੋਹਣੀ ਵਿਚਾਰ ਨਹੀਂ ਫੁਰਦੀ, ਗੁਣਾਂ ਵਿਚੋਂ ਹਟ ਕੇ ਹੋਰ ਹੋਰ ਕਿਸਮ ਦੀ ਪ੍ਰੀਤ ਤੇਰੇ ਅੰਦਰ ਵਧ ਰਹੀ ਹੈ, ਅਤੇ ਤੇਰਾ ਜਨਮ ਮਰਨ ਦਾ ਤਾਣਾ ਤਣਿਆ ਜਾ ਰਿਹਾ ਹੈ ॥2॥
ਹੇ ਮਨ! ਤੂੰ ਜੀਵਨ ਦੀ ਜੁਗਤਿ ਸਮਝ ਕੇ ਇਹ ਜੁਗਤ ਆਪਣੇ ਅੰਦਰ ਪੱਕੀ ਨਾ ਕੀਤੀ, ਤ੍ਰਿਸ਼ਨਾ ਵਿਚ ਸੜਦੇ ਤੈਨੂੰ ਜਮਾਂ ਦਾ ਜਾਲ, ਜਮਾਂ ਦੇ ਫਾਹੇ ਪੈ ਗਏ ਹਨ। ਹੇ ਮਨ! ਤੂੰ ਵਿਸ਼ੇ ਰੂਪ ਜ਼ਹਿਰ ਦੇ ਫਲ ਹੀ ਇੱਕਠੇ ਕਰਕੇ ਸਾਂਭਦਾ ਰਹਿ, ਤੇ ਅਜਿਹਾ ਸਾਂਭਦਾ ਰਿਹਾ ਕਿ ਤੈਨੂੰ ਪਰਮ ਪੁਰਖ ਪ੍ਰਭੂ ਭੁੱਲ ਗਿਆ ॥2॥
ਜਿਸ ਮਨੁੱਖ ਨੂੰ ਗੁਰੂ ਨੇ ਗਿਆਨ ਦਾ ਪ੍ਰਵੇਸ਼ ਰੂਪ ਧਨ ਦਿੱਤਾ ਉਸ ਦੀ ਸੂਰਤ ਪ੍ਰਭੂ ਵਿਚ ਜੁੜ ਗਈ। ਉਸ ਦੇ ਅੰਦਰ ਸ਼ਰਧਾ ਬਣ ਗਈ, ਉਸਦਾ ਮਨ ਪ੍ਰਭੂ ਨਾਲ ਇੱਕ ਮਿੱਕ ਹੋ ਗਿਆ, ਉਸਨੂੰ ਪ੍ਰਭੂ ਦਾ ਪਿਆਰ, ਪ੍ਰਭੂ ਦੀ ਭਗਤੀ ਚੰਗੀ ਲੱਗੀ, ਉਸ ਦੀ ਸੁੱਖ ਨਾਲ ਸਾਂਝ ਬਣ ਗਈ, ਉਹ ਮਾਇਆ ਵੱਲੋਂ ਚੰਗੀ ਤਰ੍ਹਾਂ ਰੱਜ ਗਿਆ। ਤੇ ਬੰਧਨਾ ਤੋਂ ਮੁਕਤ ਹੋ ਗਿਆ॥3॥
ਜਿਸ ਮਨੁੱਖ ਦੇ ਅੰਦਰ ਪ੍ਰਭੂ ਦੀ ਸਰਬ ਵਿਆਪਕ ਜੋਤਿ ਟਿਕ ਗਈ, ਉਸਨੇ ਮਾਇਆ ਵਿਚ ਨਾ ਛਲੇ ਜਾਣ ਵਾਲੇ ਪ੍ਰਭੂ ਨੂੰ ਪਛਾਣ ਲਿਆ। ਮੈਂ ਧੰਨੇ ਨੇ, ਭੀ ਉਸ ਪ੍ਰਭੂ ਦਾ ਨਾਮ ਧਨ ਲੱਭ ਲਿਆ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ, ਮੈਂ ਧੰਨਾ ਭੀ ਸੰਤ ਜਨਾ ਨੂੰ ਮਿਲਕੇ ਪ੍ਰਭੂ ਵਿਚ ਲੀਨ ਹੋ ਗਿਆ ਹਾਂ॥
ਭਗਤ ਧੰਨਾ ਜੀ ਆਪਣੀ ਜ਼ਬਾਨੀ ਇਹ ਕਹਿ ਰਹੇ ਹਨ ਕਿ ਮੈਨੂੰ ਗੁਰੂ ਨੇ ਨਾਮ ਧਨ ਦਿੱਤਾ ਅਤੇ ਸੰਤਾਂ ਦੀ ਸੰਗਤ ਵਿਚ ਮੈਨੂੰ ਪ੍ਰਭੂ ਲੱਭਾ। ਕੱਚੀਆਂ ਪਿੱਲੀਆਂ ਕਹਾਣੀਆਂ ਦਾ ਆਸਰਾ ਲੈ ਕੇ ਸਾਡੇ ਪ੍ਰਚਾਰਕ ਕਹਿ ਰਹੇ ਹਨ ਕਿ ਧੰਨੇ ਨੇ ਇੱਕ ਬ੍ਰਾਹਮਣ ਤੋਂ ਸਾਲਗ੍ਰਾਮ ਲੈਕੇ ਉਸ ਦੀ ਪੂਜਾ ਕੀਤੀ, ਉਸ ਠਾਕੁਰ ਪੂਜਾ ਤੋਂ ਧੰਨੇ ਨੂੰ ਪ੍ਰਮਾਤਮਾ ਮਿਲਿਆ। ਇਹ ਸੱਚ ਨਹੀਂ ਹੈ।
ਅਸੀਂ ਦੇਖਣਾ ਹੈ ਕਿ ਅਸੀਂ ਆਪਣੇ ਗੁਰੂ ਤੇ ਭਰੋਸਾ ਰੱਖਣਾ ਹੈ ਜਾਂ ਇਨ੍ਹਾਂ ਮਨ ਘੜਤ ਕਹਾਣੀਆਂ ਤੇ, ਸਾਡਾ ਵਿਸ਼ਵਾਸ਼ ਪੂਰਨ ਗੁਰੂ, ਗੁਰੂ ਗ੍ਰੰਥ ਸਾਹਿਬ ਤੇ ਹੋਣਾ ਚਾਹੀਦਾ ਹੈ।
ਇਸ ਗੱਲ ਨੂੰ ਹੋਰ ਵਧੇਰੇ ਸਪਸ਼ਟ ਕਰਨ ਵਾਸਤੇ, ਗੁਰੂ ਗ੍ਰੰਥ ਦੇ ਰਚਾਇਤਾ, ਗੁਰੂ ਅਰਜਨ ਪਾਤਸ਼ਾਹ ਨੇ ਭੀ ਇਸੇ ਰਾਗ ਵਿਚ, ਇਸੇ ਹੀ ਪੰਨੇ ਤੇ ਇਸੇ ਸ਼ਬਦ ਦੇ ਨਾਲ ਆਪ ਇਕ ਸ਼ਬਦ ਉਚਾਰਿਆ ਅਤੇ ਦੱਸਿਆ ਕਿ ਭਗਤ ਨਾਮ ਦੇਵ, ਕਬੀਰ, ਰਵਿਦਾਸ ਅਤੇ ਸੈਣ ਦੀ ਸੁਣੀ ਹੋਈ ਸ਼ੋਭਾ ਸੁ ਕੇ ਭਗਤ ਧੰਨਾ ਭੀ ਪ੍ਰਭੂ ਭਗਤੀ ਵਿਚ ਜੁੜ ਗਿਆ ਅਤੇ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦਾ ਮਿਲਾਪ ਪੂਭੂ ਨਾਲ ਹੋ ਗਿਆ। ਪੂਰਾ ਸ਼ਬਦ ਇਸ ਤਰ੍ਹਾਂ ਹੈ -
ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥ ਆਢ1 ਦਾਮ ਕੋ ਛੀਪਰੋ ਹੋਇਓ ਲਾਖੀਣਾ3॥1॥ ਰਹਾਉ ॥ ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥1॥ ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥2॥ ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥3॥ ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥4॥2॥
(ਗੁਰੂ ਗ੍ਰੰਥ ਸਾਹਿਬ, ਪੰਨਾ 487)
ਭਗਤ ਨਾਮ ਦੇਵ ਜੀ ਦਾ ਮਨ ਸਦਾ ਰੱਬ ਨਾਲ ਜੁੜਿਆ ਰਹਿੰਦਾ ਸੀ। ਉਸ ਹਰ ਵੇਲੇ ਦੀ ਯਾਦ ਦੀ ਬਰਕਤ ਨਾਲ ਅੱਧੀ ਕੌਡੀ ਦਾ ਗਰੀਬ ਛੀਂਬਾ ਮਾਨੋ ਲੱਖ ਪਤੀ ਬਣ ਗਿਆ ਹੋਵੇ। ਉਸ ਨੂੰ ਕਿਸੇ ਦੀ ਮੁਥਾਜੀ ਨਾ ਰਹੀ ॥ਰਹਾਉ॥
ਕੇਵਲ ਕਪੜਾ ਉਣਨ, ਤਾਣਾ, ਤਣਨ, ਦੀ ਲਗਨ ਛੱਡਕੇ ਕਬੀਰ ਨੇ ਪ੍ਰਭੂ ਚਰਨਾਂ ਨਾਲ ਲਗਨ ਲਾ ਲਈ, ਨੀਵੀ ਜਾਤ ਦਾ ਗਰੀਬ ਜੁਲਾਹਾ ਸੀ, ਹੁਣ ਗੁਣਾਂ ਦਾ ਸਮੁੰਦਰ ਬਣ ਗਿਆ ॥2॥
ਰਵਿਦਾਸ ਪਹਿਲਾਂ ਨਿਤ ਮਰੇ ਹੋਏ ਪਸ਼ੁ ਢੋਣ ਵਿੱਚ ਸ਼ਾਮਿਲ ਸੀ ਪਰ ਹੁਣ ਉਸ ਨੇ ਮਾਇਆ ਦਾ ਮੋਹ ਛੱਡ ਦਿੱਤਾ, ਸਾਧ ਸੰਗਤਿ ਕਰਕੇ ਉਘਾ ਹੋ ਗਿਆ, ਉਸ ਨੂੰ (ਭੀ) ਰੱਬ ਦੇ ਦਰਸ਼ਨ ਹੋ ਗਏ ॥2॥ ਪਹਿਲਾਂ ਸੈਣ ਜਾਤ ਦਾ ਨਾਈ ਲੋਕਾਂ ਦੀਆਂ ਬੁੱਤੀਆਂ (ਭਾਵ ਛੋਟੇ ਛੋਟੇ ਕੰਮ ਕਰਨ) ਵਿੱਚ ਮਸਤ ਸੀ, ਉਹ ਰੱਬ ਦੀ ਭਗਤੀ ਕਰਨ ਲੱਗ ਪਿਆ ਉਸ ਦੀ ਘਰ ਘਰ ਸ਼ੋਭਾ ਹੋ ਤੁਰੀ, ਉਸ ਦੇ ਹਿਰਦੇ ਵਿਚ ਰੱਬ ਵਸ ਗਿਆ। ਇਸ ਤਰ੍ਹਾਂ ਉਹ ਹੁਣ ਭਗਤਾਂ ਵਿਚ ਗਿਣੇ ਜਾਣ ਲੱਗੇ ॥3॥
ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣ ਕੇ ਜਦੋਂ ਗਰੀਬ ਧੰਨਾ ਭੀ ਸੱਚੇ ਦਿਲੋਂ ਰੱਬ ਦੀ ਭਗਤੀ ਕਰਨ ਲੱਗ ਪਿਆ ਤਾਂ ਉਸ ਨੂੰ ਪ੍ਰਮਾਤਮਾ ਦੇ ਸ਼ਾਖਿਆਤ ਦੀਦਾਰ ਹੋਏ ਅਤੇ ਉਹ ਵੱਡੇ ਭਾਗਾਂ ਵਾਲੇ ਬਣ ਗਏ ॥4॥2॥
ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਾਂ, ਜੇ ਸਾਨੂੰ ਆਪਣੇ ਗੁਰੂ ਤੇ ਭਰੋਸਾ ਹੈ ਤਾਂ ਗੁਰੂ ਗ੍ਰੰਥ ਦੀ ਬਾਣੀ ਤੇ ਹੀ ਭਰੋਸਾ ਕਰਨਾ ਪਵੇਗਾ। ਜਿੱਥੋਂ ਸਾਨੂੰ ਅਸਲੀਅਤਾਂ ਦਾ ਪਤਾ ਲੱਗ ਜਾਵੇਗਾ। ਲੋਕਾਂ ਦੀਆਂ ਬਣਾਈਆਂ ਸਾਖੀਆਂ ਦਾ ਆਸਰਾ ਛੱਡਣਾ ਪਏਗਾ। ਸਾਨੂੰ ਯਕੀਨ ਹੈ ਕਿ ਭਗਤ ਧੰਨਾ ਜੀ ਨੇ ਕੇਵਲ ਬ੍ਰਹਮ ਦੀ ਭਗਤੀ ਕਰਕੇ ਪ੍ਰਭੂ ਨਾਲ ਇਕ ਮਿਕ ਹੋਏ। ਗੁਰੂ ਕ੍ਰਿਪਾ ਕਰਨ ਸਾਨੂੰ ਧੰਨੇ ਭਗਤ ਦੇ ਕਹੇ ਸ਼ਬਦਾਂ ਤੇ ਹੀ ਭਰੋਸਾ ਰਹੇ।
ਬਲਬਿੰਦਰ ਸਿੰਘ ਸਿਡਨੀ (ਅਸਟ੍ਰੇਲੀਆ)
Comments (0)