ਸਾਲ 2022 ਦੌਰਾਨ 66 ਹਜ਼ਾਰ ਭਾਰਤੀਆਂ ਨੂੰ ਮਿਲੀ ਅਮਰੀਕੀ ਨਾਗਰਿਕਤਾ

ਸਾਲ 2022 ਦੌਰਾਨ 66  ਹਜ਼ਾਰ ਭਾਰਤੀਆਂ ਨੂੰ ਮਿਲੀ ਅਮਰੀਕੀ ਨਾਗਰਿਕਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਵਾਸ਼ਿੰਗਟਨ - ਸਾਲ 2022 ਵਿਚ ਘੱਟੋ-ਘੱਟ 65,960 ਭਾਰਤੀ ਅਧਿਕਾਰਤ ਤੌਰ 'ਤੇ ਅਮਰੀਕੀ ਨਾਗਰਿਕ ਬਣ ਗਏ ਅਤੇ ਇਸ ਨਾਲ ਜਿਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਅਮਰੀਕੀ ਨਾਗਰਿਕਤਾ ਮਿਲੀ ਹੈ, ਉਨ੍ਹਾਂ ਦੀ ਸੰਖਿਆ ਦੇ ਮਾਮਲੇ ਵਿਚ ਭਾਰਤ, ਮੈਕਸੀਕੋ ਤੋਂ ਬਾਅਦ ਦੂਜੇ ਸਥਾਨ 'ਤੇ ਪਹੁੰਚ ਗਿਆ। ਯੂ.ਐੱਸ. ਜਨਗਣਨਾ ਬਿਊਰੋ ਦੇ ਅਮਰੀਕਨ ਕਮਿਊਨਿਟੀ ਸਰਵੇਖਣ ਦੇ ਅੰਕੜਿਆਂ ਅਨੁਸਾਰ, 2022 ਵਿੱਚ ਵਿਦੇਸ਼ੀ ਮੂਲ ਦੇ ਅੰਦਾਜ਼ਨ 4 ਕਰੋੜ 60 ਲੱਖ ਲੋਕ ਅਮਰੀਕਾ ਵਿੱਚ ਰਹੇ, ਜੋ ਅਮਰੀਕਾ ਦੀ ਕੁੱਲ 33 ਕਰੋੜ 33 ਲੱਖ ਆਬਾਦੀ ਦਾ ਲਗਭਗ 14 ਫ਼ੀਸਦੀ ਹਿੱਸਾ ਹੈ।

ਸੁਤੰਤਰ ਕਾਂਗਰੇਸ਼ਨਲ ਰਿਸਰਚ ਸਰਵਿਸ (ਸੀ.ਆਰ.ਐੱਸ.) ਦੀ ਵਿੱਤੀ ਸਾਲ 2022 ਲਈ 'ਯੂ.ਐੱਸ. ਨੈਚੁਰਲਾਈਜ਼ੇਸ਼ਨ ਪਾਲਿਸੀ' (ਅਮਰੀਕੀ ਨਾਗਰਿਕਤਾ ਨੀਤੀ) 'ਤੇ 15 ਅਪ੍ਰੈਲ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਵਿੱਤੀ ਸਾਲ 2022 ਵਿੱਚ 9,69,380 ਵਿਅਕਤੀ ਅਮਰੀਕੀ ਨਾਗਰਿਕ ਬਣੇ। ਰਿਪੋਰਟ ਵਿੱਚ ਕਿਹਾ ਗਿਆ ਹੈ, "ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਲੋਕਾਂ ਵਿਚ ਮੈਕਸੀਕੋ ਵਿੱਚ ਪੈਦਾ ਹੋਏ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਰਹੀ। ਇਸ ਤੋਂ ਬਾਅਦ ਭਾਰਤ, ਫਿਲੀਪੀਨਜ, ਕਿਊਬਾ ਅਤੇ ਡੋਮਿਨਿਕਨ ਰੀਪਬਲਿਕ ਦੇ ਲੋਕਾਂ ਨੂੰ ਸਭ ਤੋਂ ਵੱਧ ਅਮਰੀਕੀ ਨਾਗਰਿਕਤਾ ਮਿਲੀ।" 

ਸੀ.ਆਰ.ਐੱਸ ਨੇ ਦੱਸਿਆ ਕਿ 2022 ਵਿੱਚ ਮੈਕਸੀਕੋ ਦੇ 1,28,878 ਨਾਗਰਿਕ ਅਮਰੀਕਾ ਦੇ ਨਾਗਰਿਕ ਬਣੇ। ਉਨ੍ਹਾਂ ਤੋਂ ਬਾਅਦ ਭਾਰਤ (65,960), ਫਿਲੀਪੀਨ (53,413), ਕਿਊਬਾ (46,913), ਡੋਮਿਨਿਕਨ ਰੀਪਬਲਿਕ (34,525), ਵੀਅਤਨਾਮ (33,246) ਅਤੇ ਚੀਨ (27,038) ਦੇ ਲੋਕਾਂ ਨੂੰ ਅਮਰੀਕੀ ਨਾਗਰਿਕਤਾ ਮਿਲੀ। ਉਨ੍ਹਾਂ ਕਿਹਾ ਕਿ 2023 ਤੱਕ ਵਿਦੇਸ਼ੀ ਮੂਲ ਦੇ ਅਮਰੀਕੀ ਨਾਗਰਿਕਾਂ ਵਿੱਚ ਭਾਰਤ ਦੇ ਲੋਕਾਂ ਦੀ ਗਿਣਤੀ 2,831,330 ਸੀ, ਜੋ ਕਿ ਮੈਕਸੀਕੋ (10,638,429) ਤੋਂ ਬਾਅਦ ਦੂਜੀ ਸਭ ਤੋਂ ਵੱਡੀ ਗਿਣਤੀ ਹੈ। ਇਸ ਤੋਂ ਬਾਅਦ ਇਸ ਸੂਚੀ ਵਿੱਚ ਚੀਨ (2,225,447) ਦਾ ਨੰਬਰ ਆਉਂਦਾ ਹੈ।