ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਖਾਲਸਾ ਪੰਥ ਦੀ ਅਗਵਾਈ ਕਰਨ ਦੀ ਜਿ਼ੰਮੇਵਾਰੀ ਕਿਉਂ ਸੌਂਪੀ?

ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਖਾਲਸਾ ਪੰਥ ਦੀ ਅਗਵਾਈ ਕਰਨ ਦੀ ਜਿ਼ੰਮੇਵਾਰੀ ਕਿਉਂ ਸੌਂਪੀ?

ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਪ੍ਰਗਟ ਕੀਤਾ। ਵਿਦਵਾਨਾਂ, ਇਤਿਹਾਸਕਾਰਾਂ ਮੁਤਾਬਿਕ ਖਾਲਸੇ ਦੀ ਸਾਜਨਾ ਦੁਨੀਆਂ ਦੇ ਇਤਿਹਾਸ ਵਿਚ ਇਕ ਵਿਲੱਖਣ ਘਟਨਾ ਹੈ।

ਹੋਰ ਕਿਧਰੇ ਵੀ ਇਹ ਮਿਸਾਲ ਨਹੀਂ ਲੱਭਦੀ ਕਿ ਕਿਸੇ ਗੁਰੂ ਨੇ, ਕਿਸੇ ਪੀਰ ਨੇ, ਕਿਸੇ ਰਹਿਬਰ ਨੇ ਆਪਣੇ ਚੇਲਿਆਂ ਨੂੰ ਆਪਣੇ ਬਰਾਬਰ ਦਾ ਦਰਜਾ ਦਿੱਤਾ ਹੋਵੇ। ਇਹ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣੇ ਨੂੰ ਗੁਰੂ ਅੰਗਦ ਬਣਾ ਕੇ ਕੀਤੀ। ਭਾਈ ਗੁਰਦਾਸ ਜੀ ਦਾ ਫੁਰਮਾਨ ਹੈ, “ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ॥” ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਜੋ ਸਿੱਖੀ ਦਾ ਬੂਟਾ ਲਾਇਆ, ਉਸ ਨੂੰ ਹੀ ਪ੍ਰਫੁਲਿਤ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕੀਤੀ।

ਖਾਲਸਾ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ, ‘ਸ਼ੁੱਧ।’ 1699 ਦੀ ਵਿਸਾਖੀ ਵਾਲੇ ਦਿਨ, ਗੁਰੂ ਨਾਨਕ ਦੇਵ ਜੀ ਦੇ ਦਸਵੇਂ ਸਰੂਪ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਕੋਲੋਂ ਸੀਸ ਭੇਟ ਲੈ ਕੇ ਉਨ੍ਹਾਂ ਨੂੰ ਅੰਮ੍ਰਿਤ ਛਕਾਇਆ। ਇਨ੍ਹਾਂ ਵਿਚ ਲਾਹੌਰ ਤੋਂ ਦਯਾ ਰਾਮ, ਦਿੱਲੀ ਤੋਂ ਧਰਮ ਚੰਦ, ਦਵਾਰਕਾ ਤੋਂ ਮੁਹਕਮ ਚੰਦ, ਜਗਨਨਾਥਪੁਰੀ ਤੋਂ ਹਿੰਮਤ ਰਾਏ ਅਤੇ ਬਿਦਰ ਤੋਂ ਸਾਹਿਬ ਚੰਦ ਸ਼ਾਮਿਲ ਹਨ। ਇੱਕੋ ਬਾਟੇ ਵਿਚ ਅੰਮ੍ਰਿਤ ਛਕਾ ਕੇ ਗੁਰੂ ਸਾਹਿਬ ਨੇ ਇਨ੍ਹਾਂ ਪੰਜ ਪਿਆਰਿਆਂ ਨੂੰ ‘ਸਿੰਘ’ ਯਾਨਿ ਸ਼ੇਰ ਦੀ ਉਪਾਧੀ ਬਖਸ਼ੀ। ਇਸ ਤਰ੍ਹਾਂ ਗੁਰੂ ਸਾਹਿਬ ਨੇ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦੀ ਵਿਚਾਰਧਾਰਾ ਅਧੀਨ ਜਾਤ-ਪਾਤ ਅਤੇ ਊਚ-ਨੀਚ ਦਾ ਭੇਦ-ਭਾਵ ਖਤਮ ਕੀਤਾ। ਇਸ ਦੇ ਨਾਲ ਹੀ ਗੁਰੂ ਜੀ ਨੇ ਇਨ੍ਹਾਂ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਲੈ ਕੇ ਆਪ ਵੀ ‘ਸਿੰਘ’ ਦਾ ਖਿਤਾਬ ਪ੍ਰਾਪਤ ਕੀਤਾ। ‘ਆਪੇ ਗੁਰ ਚੇਲਾ’ ਦੀ ਇਹ ਮਿਸਾਲ ਦੁਨੀਆਂ ਵਿਚ ਹੋਰ ਕਿਧਰੇ ਨਹੀਂ ਲੱਭਦੀ।

ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਬਾਰੇ ਲਿਖਣ ਲਈ ਸਾਰੇ ਲਫਜ਼ ਛੋਟੇ ਪੈ ਜਾਂਦੇ ਹਨ ਅਤੇ ਨਾ ਹੀ ਇੰਨੀ ਸੋਝੀ ਹੈ ਕਿ ਕੁਝ ਲਿਖਿਆ ਜਾਵੇ। ਗੁਰੂ ਸਾਹਿਬ ਕਿਧਰੇ ਜੰਗ ਦੇ ਮੈਦਾਨ ਵਿਚ ਮਹਾਨ ਯੋਧੇ ਵਿਖਾਈ ਦਿੰਦੇ ਹਨ ਤੇ ਕਿਧਰੇ ਇੰਨੇ ਦਯਾਵਾਨ ਕਿ ਭਾਈ ਘਨ੍ਹਈਆ ਨੂੰ ਮੱਲ੍ਹਮ-ਪੱਟੀ ਦੇ ਰਹੇ ਹਨ। ਜਿਸ ਗੁਰੂ ਨੇ ਦਾਤਾ ਬਣ ਕੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਉਹੀ ਗੁਰੂ ਜਾਚਕ ਬਣ ਕੇ ਖਾਲਸੇ ਤੋਂ ਅੰਮ੍ਰਿਤ ਦੀ ਦਾਤ ਮੰਗ ਰਹੇ ਹਨ। ਇਹ ਵਿਲੱਖਣਤਾ ਸਿਰਫ ਖਾਲਸਾ ਪੰਥ ਦੇ ਹਿੱਸੇ ਆਈ ਹੈ। ਅਸੀਂ ਗੁਰੂ ਸਾਹਿਬ ਨੂੰ ਸਰਬੰਸਦਾਨੀ, ਸੰਤ-ਸਿਪਾਹੀ, ਦਰਵੇਸ਼, ਮਹਾਨ ਯੋਧੇ, ਮਹਾਨ ਗੁਰੂ, ਵਿਦਵਾਨ ਅਤੇ ਮਹਾਨ-ਕਵੀ ਕਹਿੰਦੇ ਹਾਂ।

ਪੰਜ ਪਿਆਰਿਆਂ ਦੀ ਮਹੱਤਤਾ: ਪੰਜਾਂ ਪਿਆਰਿਆਂ ਨੂੰ ਗੁਰੂ ਸਾਹਿਬ ਵਲੋਂ ਬਖਸਿ਼ਆ ਮਾਣ ਦਰਸਾਉਂਦਾ ਹੈ ਕਿ ਗੁਰੂ ਸਾਹਿਬ ਦਾ ਖਾਲਸੇ ਪ੍ਰਤੀ ਕਿੰਨਾ ਪਿਆਰ, ਕਿੰਨਾ ਸਨਮਾਨ ਅਤੇ ਕਿੰਨੀ ਨਿਮਰਤਾ ਹੈ।

ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ

ਨਹੀਂ ਮੋਸੇ ਗਰੀਬ ਕਰੋਰ ਪਰੇ॥

ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਖਾਲਸਾ ਪੰਥ ਦੀ ਅਗਵਾਈ ਕਰਨ ਦੀ ਜਿ਼ੰਮੇਵਾਰੀ ਸੌਂਪੀ। ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਗੁਰੂ ਸਾਹਿਬ ਨੇ ਇਹ ਸਮਝਾਇਆ ਕਿ ਪੰਜ ਪਿਆਰਿਆਂ ਦੀ ਅਗਵਾਈ ਗੁਰੂ `ਤੇ ਵੀ ਲਾਗੂ ਹੁੰਦੀ ਹੈ। ਜਦੋਂ ਚਮਕੌਰ ਸਾਹਿਬ ਦੀ ਜੰਗ ਵਿਚ ਵੱਡੇ ਸਾਹਿਬਜ਼ਾਦਿਆਂ ਸਮੇਤ ਕਈ ਸਿੰਘ ਸ਼ਹੀਦ ਹੋ ਗਏ ਤਾਂ ਸਿੱਖਾਂ ਨੇ ਗੁਰੂ ਸਾਹਿਬ ਨੂੰ ਗੜ੍ਹੀ ਛੱਡਣ ਵਾਸਤੇ ਕਿਹਾ। ਇਸ ‘ਤੇ ਗੁਰੂ ਸਾਹਿਬ ਨੇ ਜਦੋਂ ਇਨਕਾਰ ਕਰ ਦਿੱਤਾ ਤਾਂ ਪੰਜ ਸਿੱਖਾਂ ਨੇ ਪੰਜ ਪਿਆਰਿਆਂ ਦੇ ਰੂਪ ਵਿਚ ਗੁਰੂ ਸਾਹਿਬ ਨੂੰ ਗੜ੍ਹੀ ਛੱਡਣ ਦਾ ਹੁਕਮ ਦਿੱਤਾ। ਗੁਰੂ ਸਾਹਿਬ ਨੇ ਇਸ ਹੁਕਮ ਨੂੰ ਮੰਨਿਆ। ਜਦੋਂ ਗੁਰੂ ਸਾਹਿਬ ਨੇ ਬਾਬਾ ਬੰਦਾ ਬਹਾਦਰ ਨੂੰ ਜ਼ੁਲਮ ਦੇ ਖਿਲਾਫ ਲੜਨ ਲਈ ਪੰਜਾਬ ਭੇਜਿਆ ਤਾਂ ਵੀ ਪੰਜ ਸਿੰਘਾਂ ਦਾ ਜਥਾ ਨਾਲ ਭੇਜਿਆ ਅਤੇ ਇਹ ਵੀ ਕਿਹਾ ਕਿ ਇਨ੍ਹਾਂ ਪੰਜ ਸਿੱਖਾਂ ਦੀ ਸਲਾਹ ਨਾਲ ਹੀ ਸਾਰੇ ਫੈਸਲੇ ਲੈਣੇ ਹਨ।

ਭਾਈ ਕਾਹਨ ਸਿੰਘ ਮੁਤਾਬਿਕ ਸਿੱਖ ਇਤਿਹਾਸ ਵਿਚ ਪੰਜ ਸਿੱਖਾਂ ਤੋਂ ਸਲਾਹ ਲੈਣ ਦਾ ਜਿ਼ਕਰ ਇਸ ਤੋਂ ਪਹਿਲੇ ਵੀ ਆਉਂਦਾ ਹੈ, ਪਰ ਇਹ ਸਾਰੇ ਨਾਮ ਸਾਂਭੇ ਨਹੀਂ ਗਏ। ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਵੇਲੇ ਵੀ ਪੰਜ ਸਿੱਖ ਸਲਾਹਕਾਰਾਂ ਦਾ ਨਾਮ ਆਉਂਦਾ ਹੈ, ਜਿਸ ਵਿਚ ਭਾਈ ਬਿਧੀ ਚੰਦ, ਭਾਈ ਜੇਠਾ, ਭਾਈ ਪਿਰਾਣਾ, ਭਾਈ ਲੰਗਾਹ ਅਤੇ ਭਾਈ ਪੈੜਾ ਜੀ ਹਨ। ਇਸੇ ਤਰ੍ਹਾਂ ਨੌਂਵੀਂ ਪਾਤਸ਼ਾਹੀ ਵੇਲੇ ਵੀ ਪੰਜ ਸਿੱਖ-ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਭਾਈ ਊਦਾ ਅਤੇ ਭਾਈ ਗੁਰਦਿੱਤਾ ਜੀ ਦਾ ਨਾਮ ਆਉਂਦਾ ਹੈ।

ਸਿੱਖਾਂ ਨੇ ਪੰਜ ਪਿਆਰਿਆਂ ਦੇ ਫੈਸਲੇ ਨੂੰ ਹਮੇਸ਼ਾ ਅਹਿਮ ਮੰਨਿਆ ਅਤੇ ਸਤਿਕਾਰ ਦਿੱਤਾ। ਜਦੋਂ ਜ਼ਕਰੀਆ ਖਾਨ ਨੇ ਸਿੱਖਾਂ ਨੂੰ ਨਵਾਬੀ ਦੀ ਪੇਸ਼ਕਸ਼ ਕੀਤੀ ਤਾਂ ਵੀ ਫੈਸਲਾ ਪੰਜ ਪਿਆਰਿਆਂ ਵਲੋਂ ਹੀ ਲਿਆ ਗਿਆ ਸੀ। ਜਦੋਂ ਪੰਜ ਪਿਆਰਿਆਂ ਨੇ ਘੋੜਿਆਂ ਦੀ ਸੇਵਾ ਕਰ ਰਹੇ ਸਰਦਾਰ ਕਪੂਰ ਸਿੰਘ ਨੂੰ ਨਵਾਬੀ ਲਈ ਚੁਣਿਆ ਤਾਂ ਸਰਦਾਰ ਕਪੂਰ ਸਿੰਘ ਨੇ ਕਿਹਾ ਕਿ ਨਵਾਬੀ ਪੰਜ ਪਿਆਰਿਆਂ ਦੇ ਚਰਨਾਂ ਨੂੰ ਛੁਹਾ ਕੇ ਦਿੱਤੀ ਜਾਵੇ। ਇਸ ਤਰ੍ਹਾਂ ਪੰਜ ਪਿਆਰਿਆਂ ਦਾ ਰੁਤਬਾ ਬਹੁਤ ਉਚਾ ਹੈ।

ਖਾਲਸਾ ਪੰਥ: ਇਤਿਹਾਸ ਦੇ ਪੰਨੇ ਫਰੋਲਣ `ਤੇ ਪਤਾ ਲਗਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਆਗਮਨ ਉਸ ਦੌਰ ਵਿਚ ਹੋਇਆ, ਜਦੋਂ ਸਾਰਾ ਦੇਸ਼ ਬਹੁਤ ਤਪਸ਼ ਵਿਚੋਂ ਲੰਘ ਰਿਹਾ ਸੀ। ਦੇਸ਼ ਸਮਾਜਿਕ ਤਲ `ਤੇ ਕਲੇਸ਼ ਵਿਚ ਸੀ, ਧਾਰਮਿਕ ਤਲ `ਤੇ ਪਾਖੰਡ ਵਿਚ ਅਤੇ ਸਿਆਸੀ ਤਲ `ਤੇ ਗੁਲਾਮੀ ਦੀਆਂ ਜ਼ੰਜੀਰਾਂ ਦੀ ਜਕੜ ਵਿਚ ਸੀ। ਗੁਰੂ ਸਾਹਿਬ ਨੇ ਕਈ ਕਰਮ-ਕਾਂਡਾਂ, ਵਹਿਮਾਂ-ਭਰਮਾਂ, ਕੁਰੀਤੀਆਂ ਅਤੇ ਜ਼ੁਲਮਾਂ ਖਿਲਾਫ ਆਵਾਜ਼ ਚੁੱਕੀ। ਗੁਰੂ ਸਾਹਿਬ ਦੁਆਰਾ ਔਰਤਾਂ ਦੀ ਬਰਾਬਰੀ ਦੀ ਗੱਲ ਆਖਣਾ ਇੱਕ ਨਵਾਂ ਇਨਕਲਾਬ ਸ਼ੁਰੂ ਕਰਨਾ ਸੀ। ਇਸ ਦੌਰ ਤੋਂ ਖਾਲਸੇ ਦੀ ਸਾਜਨਾ ਤੱਕ ਕਰੀਬ 250 ਸਾਲ ਦਾ ਸਮਾਂ ਲੱਗਾ। ਸਿੰਘ ਦੀ ਉਪਾਧੀ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਨੂੰ ਅਣਖ ਨਾਲ ਜਿਊਣਾ ਸਿਖਾਇਆ। ਖਾਲਸੇ ਦੇ ਪ੍ਰਗਟ ਹੋਣ ਨੂੰ ਗੁਰੂ ਸਾਹਿਬ ਨੇ ਪਰਮਾਤਮਾ ਦਾ ਹੁਕਮ ਦੱਸਿਆ।

ਖਾਲਸਾ ਅਕਾਲ ਪੁਰਖ ਕੀ ਫੌਜ॥

ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ॥

ਗੁਰੂ ਸਾਹਿਬ ਨੇ ਫੁਰਮਾਇਆ ਹੈ ਕਿ ਖਾਲਸਾ ਗੁਰੂ ਹੈ ਅਤੇ ਗੁਰੂ ਖਾਲਸਾ ਹੈ, ਇਸ ਕਰਕੇ ਕੋਈ ਵੀ ਇਨ੍ਹਾਂ ਵਿਚ ਫਰਕ ਨਾ ਸਮਝੇ। ਗੁਰੂ ਸਾਹਿਬ ਨੇ ਖਾਲਸੇ ਨੂੰ ਆਪਣਾ ਪਰਿਵਾਰ, ਆਪਣੀ ਜਿੰਦ-ਜਾਨ ਅਤੇ ਰੂਹ ਵਿਚ ਸਮੋਂਦਿਆਂ ਸਨਮਾਨ ਬਖਸਿ਼ਆ। ਗੁਰੂ ਸਾਹਿਬ ਦਾ ਫੁਰਮਾਨ ਹੈ,

ਖਾਲਸਾ ਮੇਰੋ ਰੂਪ ਹੈ ਖਾਸ॥

ਖਾਲਸੇ ਮਿਹ ਹੌ ਕਰੌ ਨਿਵਾਸ॥

ਖਾਲਸਾ ਮੇਰੋ ਪਿੰਡ ਪਰਾਨ॥

ਖਾਲਸਾ ਮੇਰੀ ਜਾਨ ਕੀ ਜਾਨ॥

ਖਾਲਸਾ ਮੇਰੋ ਸਤਿਗੁਰ ਪੂਰਾ॥

ਖਾਲਸਾ ਮੇਰੋ ਸੱਜਨ ਸੂਰਾ॥

ਯਾ ਮੈ ਰੰਚ ਨ ਮਿਥਿਆ ਭਾਖੀ॥

ਪਾਰਬ੍ਰਹਮ ਗੁਰ ਨਾਨਕ ਸਾਖੀ॥

ਸਾਹਿਬਜ਼ਾਦਿਆਂ ਦੀ ਕੁਰਬਾਨੀ ਤੋਂ ਬਾਅਦ ਸਰਬੰਸਦਾਨੀ ਪਿਤਾ ਨੇ ਐਲਾਨਿਆ,

ਇਨ ਪੁਤਰਨ ਕੇ ਸੀਸ ਪਰ

ਵਾਰ ਦੀਏ ਸੁਤ ਚਾਰ॥

ਚਾਰ ਮੂਏ ਤੋ ਕਯਾ ਭਇਆ

ਜੀਵਤ ਕਈ ਹਜ਼ਾਰ॥

ਇਸ ਤੋਂ ਸਹਿਜੇ ਹੀ ਖਾਲਸੇ ਦੀ ਅਹਿਮੀਅਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।

ਜਬ ਲਗ ਖਾਲਸਾ ਰਹੇ ਨਿਆਰਾ॥

ਤਬ ਲਗ ਤੇਜ ਕੀਉ ਮੈਂ ਸਾਰਾ॥

ਜਬ ਇਹ ਗਹੈ ਬਿਪਰਨ ਕੀ ਰੀਤ॥

ਮੈਂ ਨ ਕਰੋਂ ਇਨ ਕੀ ਪ੍ਰਤੀਤ॥

ਜੇ ਗੁਰੂ ਸਾਹਿਬਾਨਾਂ ਦੇ ਜੀਵਨ ਵੱਲ ਝਾਤ ਮਾਰੀਏ ਅਤੇ ਖਾਲਸੇ ਨੂੰ ਸਮਝਣ ਦੀ ਕੋਸਿ਼ਸ਼ ਕਰੀਏ ਤਾਂ ‘ਖਾਲਸਾ’ ਉਹ ਹੈ, ਜੋ ਸਿਰਫ ਇੱਕ ਅਕਾਲ-ਪੁਰਖ ਨੂੰ ਹੀ ਮੰਨੇ, ਗੁਰੂ ਗ੍ਰੰਥ ਸਾਹਿਬ ਤੋਂ ਹੀ ਸੇਧ ਲਵੇ, ਜਿਸ ਦਾ ਆਚਰਣ ਉੱਚਾ ਤੇ ਸੁੱਚਾ ਹੋਵੇ, ਜੋ ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਚੁੱਕੇ ਤੇ ਲੋੜਵੰਦਾਂ ਦੀ ਮਦਦ ਕਰੇ, ਜੋ ਕਥਨੀ ਅਤੇ ਕਰਨੀ ਦਾ ਪੂਰਾ ਹੋਵੇ, ਜੋ ਹੱਕ ਸੱਚ ਦੀ ਕਮਾਈ ਕਰੇ ਅਤੇ ਦਸਵੰਧ ਕੱਢੇ, ਜਿਸ ਵਿਚ ਕਿਸੇ ਪ੍ਰਤੀ ਵੈਰ ਵਿਰੋਧ ਦੀ ਭਾਵਨਾ ਨਾ ਹੋਵੇ। ਜੋ ਪੰਜ ਵਿਕਾਰਾਂ-ਕਾਮ, ਕ੍ਰੋਧ, ਲੋਭ, ਮੋਹ, ਹੰਕਾਰ `ਤੇ ਕਾਬੂ ਪਾ ਸਕੇ।

ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਬੀਬੀਆਂ ਦੇ ਸਿਦਕ ਨੂੰ ਅਸੀਂ ਹਰ ਰੋਜ਼ ਅਰਦਾਸ ਵਿਚ ਯਾਦ ਕਰਦੇ ਹਾਂ ਕਿ ਛੋਟੇ-ਛੋਟੇ ਬੱਚਿਆਂ ਦੇ ਟੁਕੜੇ ਕਰਵਾ ਕੇ ਗਲਾਂ ਵਿਚ ਹਾਰ ਪਵਾਏ, ਪਰ ਸਿੱਖੀ ਸਿਦਕ ਨਹੀਂ ਡੋਲਿਆ। ਜ਼ਰਾ ਸੋਚੀਏ, ਉਹ ਸਿੱਖੀ ਸਿਦਕ ਅੱਜ ਸਾਡੇ ਵਿਚ ਹੈ? ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਖਾਲਸੇ ਲਈ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ, ਕੀ ਅਸੀਂ ਉਸ ਨੂੰ ਸੰਭਾਲਿਆ ਹੈ? ‘ਖਾਲਸਾ ਸਾਜਨਾ ਦਿਵਸ’ ਮੌਕੇ ਜਿੱਥੇ ਗੁਰਦੁਆਰਿਆਂ ਵਿਚ ਵੱਡੇ-ਵੱਡੇ ਸਮਾਗਮ ਹੁੰਦੇ ਨੇ, ਕਥਾ-ਕੀਰਤਨ ਚੱਲਦੇ ਨੇ, ਲੰਗਰਾਂ ਵਿਚ ਅਨੇਕਾਂ ਪਦਾਰਥ ਬਣਦੇ ਨੇ, ਅਨੇਕਾਂ ਦਾਨ-ਪੁੰਨ ਕੀਤੇ ਜਾਂਦੇ ਨੇ, ਉਥੇ ਇਹ ਵੀ ਵਿਸ਼ਲੇਸ਼ਣ ਕਰੀਏ ਕਿ ਕਥਾ-ਕੀਰਤਨ ਵਿਚ ਮਨ ਕਿੰਨੇ ਕੁ ਜੁੜੇ, ਕੀ ਅਸੀਂ ਸਿੱਖੀ ਦੇ ਅਸਲ ਮਾਰਗ `ਤੇ ਚੱਲ ਰਹੇ ਹਾਂ?

ਆਓ, ਇਸ ਖਾਲਸਾ ਸਾਜਨਾ ਦਿਵਸ ਮੌਕੇ ਆਪ ਵੀ ਇਤਿਹਾਸ ਪੜ੍ਹੀਏ, ਆਪਣੇ ਬੱਚਿਆਂ ਨੂੰ ਵੀ ਸੁਣਾਈਏ। ਆਪ ਵੀ ਸਿੱਖੀ ਦੇ ਮਾਰਗ `ਤੇ ਤੁਰੀਏ ਅਤੇ ਬੱਚਿਆਂ ਨੂੰ ਵੀ ਤੋਰੀਏ ਤੇ ਆਪਣੀ ਕੌਮ ਦਾ ਨਿਆਰਾਪਨ ਬਰਕਰਾਰ ਰੱਖੀਏ।

 

ਪ੍ਰਿੰਸੀਪਲ ਕੰਵਲਪ੍ਰੀਤ ਕੌਰ, ਨਿਊਜ਼ੀਲੈਂਡ