ਨਾਰਾਜ਼ ਮੋਦੀ ਸਰਕਾਰ ਨੇ ਆਸਟਰੇਲਿਆਈ ਪੱਤਰਕਾਰ ਅਵਨੀ ਡਾਇਸ ਦਾ ਵੀਜ਼ਾ ਨਹੀਂ ਵਧਾਇਆ
ਮਾਮਲਾ ਨਿੱਝਰ ਬਾਰੇ ਰਿਪੋਰਟਿੰਗ ਕਰਨ ਦਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ-ਆਸਟਰੇਲੀਆ ਦੀ ਇਕ ਪੱਤਰਕਾਰ ਨੇ ਬੀਤੇ ਦਿਨੀਂ ਦਾਅਵਾ ਕੀਤਾ ਕਿ ਭਾਰਤ ਸਰਕਾਰ ਵਲੋਂ ਵਰਕ ਵੀਜ਼ਾ ਵਧਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਉਸ ਨੂੰ ਭਾਰਤ ਛੱਡਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਉਸ ਦੇ ਵਰਕ ਵੀਜ਼ਾ ਦੀ ਮਿਆਦ ਵਧਾਉਣ ਤੋਂ ਇਸ ਕਾਰਨ ਇਨਕਾਰ ਕਰ ਦਿਤਾ ਸੀ ਕਿ ਉਨ੍ਹਾਂ ਦੀਆਂ ਰੀਪੋਰਟਾਂ ‘ਹੱਦਾਂ ਟੱਪ ਗਈਆਂ’ ਹਨ। ਡਾਇਸ ਨੇ ਕਿਹਾ, ‘‘ਸਾਨੂੰ ਇਹ ਵੀ ਦਸਿਆ ਗਿਆ ਸੀ ਕਿ ਭਾਰਤੀ ਮੰਤਰਾਲੇ ਦੇ ਹੁਕਮਾਂ ਕਾਰਨ ਮੈਨੂੰ ਚੋਣਾਂ ’ਤੇ ਰੀਪੋਰਟ ਕਰਨ ਲਈ ਵੀ ਮਾਨਤਾ ਨਹੀਂ ਮਿਲੇਗੀ। ਅਸੀਂ ਉਸ ਦੇਸ਼ ’ ਵਿਚੋਂ ਵੋਟਿੰਗ ਦੇ ਪਹਿਲੇ ਦਿਨ ਨਿਕਲੇ ਜਿਸ ਨੂੰ ਮੋਦੀ ‘ਲੋਕਤੰਤਰ ਦੀ ਮਾਂ’ ਕਹਿੰਦੇ ਹਨ।’’ ਡਾਇਸ ਪਿਛਲੇ ਢਾਈ ਸਾਲ ਤੋਂ ਭਾਰਤ ਵਿਚ ਕੰਮ ਕਰ ਰਹੇ ਸਨ।
ਆਸਟਰੇਲੀਆਈ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਏ.ਬੀ.ਸੀ.) ਦੀ ਦਖਣੀ ਏਸ਼ੀਆ ਬਿਊਰੋ ਦੀ ਮੁਖੀ ਅਵਨੀ ਡਾਇਸ ਨੇ ਕਿਹਾ ਕਿ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਰੀਪੋਰਟਿੰਗ ’ਤੇ ਭਾਰਤ ਸਰਕਾਰ ਵਲੋਂ ਇਤਰਾਜ਼ ਜਤਾਉਣ ਤੋਂ ਬਾਅਦ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਾਲੇ ਦਿਨ ਯਾਨੀ ਕਿ 19 ਅਪ੍ਰੈਲ ਨੂੰ ਭਾਰਤ ਛੱਡਣਾ ਪਿਆ ਸੀ। ਆਸਟਰੇਲੀਆਈ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਕਿਹਾ ਕਿ ਯੂਟਿਊਬ ਨੇ ਨਿੱਜਰ ਕਤਲ ਕੇਸ ’ਤੇ ਡਾਇਸ ਦੀ ਨਿਊਜ਼ ਸੀਰੀਜ਼ ‘ਵਿਦੇਸ਼ੀ ਪੱਤਰਕਾਰ’ ਦੇ ਇਕ ਐਪੀਸੋਡ ’ਤੇ ਵੀ ਭਾਰਤ ਵਿਚ ਪਾਬੰਦੀ ਲਗਾ ਦਿਤੀ ਗਈ ਸੀ।
ਉਨ੍ਹਾਂ ਕਿਹਾ ਕਿ ਆਸਟ੍ਰੇਲੀਆਈ ਸਰਕਾਰ ਦੇ ਦਖਲ ਤੋਂ ਬਾਅਦ ਉਨ੍ਹਾਂ ਦਾ ਵੀਜ਼ਾ ਦੋ ਮਹੀਨਿਆਂ ਲਈ ਵਧਾ ਦਿਤਾ ਗਿਆ। ਪਰ ਡਾਇਸ ਨੇ ਕਿਹਾ ਕਿ ਉਸ ਨੂੰ ਉਡਾਣ ਤੋਂ 24 ਘੰਟੇ ਪਹਿਲਾਂ ਸੂਚਿਤ ਕੀਤਾ ਗਿਆ ਸੀ ਅਤੇ ਉਹ ਭਾਰਤ ਛੱਡਣ ਲਈ ਅਪਣਾ ਮਨ ਬਣਾ ਚੁਕੀ ਸੀ। ਉਨ੍ਹਾਂ ਕਿਹਾ, ‘‘ਮੈਨੂੰ ਭਾਰਤ ਵਿਚ ਅਪਣਾ ਕੰਮ ਕਰਨਾ ਬਹੁਤ ਮੁਸ਼ਕਲ ਮਹਿਸੂਸ ਹੋਇਆ। ਸਰਕਾਰ ਮੈਨੂੰ ਚੋਣਾਂ ਨੂੰ ਕਵਰ ਕਰਨ ਲਈ ਲੋੜੀਂਦੇ ਪਾਸ ਵੀ ਨਹੀਂ ਦਿੰਦੀ ਸੀ। ਮੋਦੀ ਸਰਕਾਰ ਨੇ ਮੈਨੂੰ ਇੰਨਾ ਅਸਹਿਜ ਮਹਿਸੂਸ ਕੀਤਾ ਹੈ ਕਿ ਅਸੀਂ ਭਾਰਤ ਨੂੰ ਛੱਡਣ ਦਾ ਫੈਸਲਾ ਕੀਤਾ ਹੈ।’’ ਏ.ਬੀ.ਸੀ. ਨੇ ਕਿਹਾ ਕਿ ਡਾਇਸ ਆਸਟਰੇਲੀਆ ਤੋਂ ‘ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ’ ਵਿਚ ਚੋਣਾਂ ਨੂੰ ਕਵਰ ਕਰਨਾ ਜਾਰੀ ਰੱਖਣਗੇ।
Comments (0)