ਪੰਜਾਬ ਕਾਂਗਰਸ ਬਗਾਵਤ ਨੂੰ ਠਲਣ ਵਿਚ ਹੋਈ ਬੇਵੱਸ

ਪੰਜਾਬ ਕਾਂਗਰਸ ਬਗਾਵਤ ਨੂੰ ਠਲਣ ਵਿਚ  ਹੋਈ ਬੇਵੱਸ

ਚੌਧਰੀ ਤੇ ਬੇਅੰਤ ਸਿੰਘ ਪਰਿਵਾਰਾਂ ਸਮੇਤ ਕਾਂਗਰਸ ਦੇ ਮਹਾਂਰਥੀਆਂ ਨੇ ਪਾਰਟੀ ਛਡੀ

*ਪੰਜਾਬ ਕਾਂਗਰਸ ਕੋਲ ਕੈਪਟਨ ਤੇ ਜਾਖੜ ਵਰਗੇ ਲੀਡਰ ਦੀ ਘਾਟ

*ਰਾਜਸੀ ਮਾਹਿਰਾਂ ਅਨੁਸਾਰ ਬਗਾਵਤ ਨਾ ਠਲੀ ਤਾਂ ਕਾਂਗਰਸ ਨੂੰ ਹੋ ਸਕਦਾ ਏ ਵੱਡਾ ਸਿਆਸੀ ਖਤਰਾ

ਕੁਛ ਸਮਾਂ ਪਹਿਲਾਂ ਏਬੀਪੀ ਦਾ ਜੋ ਚੋਣ ਵਿਸ਼ਲੇਸ਼ਣ ਪੰਜਾਬ ਬਾਰੇ ਆਇਆ ਸੀ ਉਸ ਵਿਚ ਕਾਂਗਰਸ ਦਾ ਮੁਕਾਬਲਾ ਆਪ ਪਾਰਟੀ ਨਾਲ ਦਸਿਆ ਜਾ ਰਿਹਾ ਸੀ।ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿਚ ਵਧ ਸੀਟਾਂ ਜਿਤਣ ਦੀ ਸੰਭਾਵਨਾ ਦਸੀ ਜਾ ਰਹੀ ਸੀ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਦਾਅਵਾ ਸੀ ਕਿ ਪਾਰਟੀ ਦਾ ਪਹਿਲੀ ਵਾਰ ਬੂਥ ਪੱਧਰ ’ਤੇ ਸੰਗਠਨ ਤਿਆਰ ਕੀਤਾ ਗਿਆ ਹੈ। ਪਰ ਟਿਕਟਾਂ ਦੀ ਵੰਡ ਦੀ ਸ਼ੁਰੂਆਤ ਹੋਣ ਤੱਕ ਕਾਂਗਰਸ ਦੇ ਸੰਗਠਨ ਤੋਂ ਲੈ ਕੇ ਨੇਤਾਵਾਂ ਵਿਚ ਬਗਾਵਤ ਤੇ ਭਾਰੀ ਫੁਟ ਦੇਖਣ ਨੂੰ ਮਿਲ ਰਹੀ ਹੈ। ਕਾਂਗਰਸ ਦੇ ਇਕ-ਇਕ ਕਰ ਕੇ ਨੇਤਾ ਪਾਰਟੀ ਛੱਡ ਕੇ ਦੂਸਰੀਆਂ ਪਾਰਟੀਆਂ ਵਿਚ ਜਾ ਰਹੇ ਹਨ। ਜੇਕਰ ਸਥਿਤੀ ਇਹੀ ਰਹੀ ਤਾਂ ਕਾਂਗਰਸ ਦੇ ਸੁਪਨਿਆਂ ਦਾ ਮਹੱਲ ਢਹਿ ਢੇਰੀ ਹੋ ਸਕਦਾ ਹੈ।

ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕਾਂਗਰਸ ਬਗਾਵਤ ਨੂੰ ਕੰਟਰੋਲ ਨਾ ਕਰ ਸਕੀ ਤਾਂ ਇਸ ਦਾ ਫਾਇਦਾ ਅਕਾਲੀ ਦਲ ਨੂੰ ਘੱਟ , ਭਾਜਪਾ ਅਤੇ ਆਪ ਪਾਰਟੀ ਨੂੰ ਵਧ ਮਿਲੇਗਾ।

ਪਾਰਟੀ ਵਿਚ ਵਧਦੀ ਬਗਾਵਤ ਨੂੰ ਕਾਬੂ ਕਰਨ ਵਿਚ ਕਾਂਗਰਸ ਬੇਵੱਸ ਨਜ਼ਰ ਆ ਰਹੀ ਹੈ ,ਕਿਉਂਕਿ ਪਾਰਟੀ ਵਿਚ ਹਾਲੇ ਤਕ ਕੈਪਟਨ ਅਮਰਿੰਦਰ ਸਿੰਘ ,ਸੁਨੀਲ ਜਾਖੜ ਵਰਗੇ ਕੱਦ ਦੇ ਨੇਤਾ ਦੀ ਕਮੀ ਦੇਖੀ ਜਾ ਰਹੀ ਹੈ, ਜਿਸ ਦੀ ਗੱਲ ’ਤੇ ਸਾਰੇ ਵਿਸ਼ਵਾਸ ਕਰ ਸਕਣ ਅਤੇ ਪਾਰਟੀ ਵਿਚ ਅਨੁਸ਼ਾਸਨ ਬਹਾਲ ਹੋ ਸਕੇ। ਹਾਲੇ ਤੱਕ ਕਾਂਗਰਸ ਹਮੇਸ਼ਾ ਹੀ ਭਾਰੀ-ਭਰਕਮ ਕੱਦ ਵਾਲੇ ਇੰਚਾਰਜ ਲਗਾਉਂਦੀ ਰਹੀ ਹੈ। ਫਿਰ ਭਾਵੇਂ ਆਸ਼ਾ ਕੁਮਾਰੀ ਹੋਵੇ ਜਾਂ ਹਰੀਸ਼ ਰਾਵਤ ਜਾਂ ਫਿਰ ਹਰੀਸ਼ ਚੌਧਰੀ। ਦੇਵੇਂਦਰ ਯਾਦਵ ਦਾ ਕੱਦ ਇਨ੍ਹਾਂ ਨੇਤਾਵਾਂ ਦੇ ਬਰਾਬਰ ਦਾ ਨਹੀਂ ਹੈ। ਇਹੀ ਕਾਰਨ ਹੈ ਕਿ ਇਕ-ਇਕ ਕਰ ਕੇ ਵੱਡੇ ਚਿਹਰੇ ਪਾਰਟੀ ਛੱਡ ਕੇ ਜਾ ਰਹੇ ਹਨ ਅਤੇ ਕਾਂਗਰਸ ਉਸ ਨੂੰ ਰੋਕਣ ਵਿਚ ਬੇਵੱਸ ਸਾਬਤ ਹੋ ਰਹੀ ਹੈ

ਕਾਂਗਰਸ ਦੇ ਮਸ਼ਹੂਰ ਪਰਿਵਾਰਾਂ ਨੇ ਪਾਰਟੀ ਛਡੀ

ਪੰਜਾਬ ਕਾਂਗਰਸ ਦੇ ਵਡੇ ਮਹਾਂਰਥੀ ਕੈਪਟਨ ਅਤੇ ਜਾਖੜ ਪਰਿਵਾਰ ਪਹਿਲਾਂ ਹੀ ਕਾਂਗਰਸ ਨੂੰ ਛੱਡ ਗਏ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਜਦਕਿ ਲੋਕ ਸਭਾ ਚੋਣਾਂ ਦੌਰਾਨ ਮਰਹੂਮ ਬੇਅੰਤ ਸਿੰਘ ਪਰਿਵਾਰ ਦੇ ਰਵਨੀਤ ਬਿੱਟੂ ਕਾਂਗਰਸ ਛੱਡ ਕੇ ਭਾਜਪਾ ਵਿਚ ਚਲਾ ਗਿਆ। ਦੋਆਬਾ ਵਿਚ ਦਲਿਤ ਰਾਜਨੀਤੀ ਦਾ ਸਾਲਾਂ ਤੱਕ ਝੰਡਾ ਚੁੱਕਣ ਵਾਲੇ ਚੌਧਰੀ ਪਰਿਵਾਰ ਦੀ ਕਰਮਜੀਤ ਕੌਰ ਜਲੰਧਰ ਹਲਕੇ ਤੋਂ ਟਿਕਟ ਨਾ ਮਿਲਣ ਕਾਰਣ ਭਾਜਪਾ ਵਿਚ ਜਾ ਚੁੱਕੀ ਹੈ ਜਦਕਿ ਕਰਮਜੀਤ ਕੌਰ ਦੇ ਪਤੀ ਤੇ ਸਾਬਕਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਦੇਹਾਂਤ ਹੀ ਰਾਹੁਲ ਗਾਂਧੀ ਦੀ ਦੇਸ਼ ਬਚਾਓ ਯਾਤਰਾ ਦੌਰਾਨ ਹੋਈ ਸੀ। ਕਰਮਜੀਤ ਕੌਰ ਦੇ ਨਾਲ ਹੀ ਗਾਂਧੀ ਪਰਿਵਾਰ ਦੇ ਨਜ਼ਦੀਕੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਹਿਮਾਚਲ ਪ੍ਰਦੇਸ਼ ਦੇ ਸਹਿ ਇੰਚਾਰਜ ਤਜਿੰਦਰ ਸਿੰਘ ਬਿੱਟੂ ਵੀ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਕਾਂਗਰਸ ਪਾਰਟੀ ਨੇ ਕਰਮਜੀਤ ਕੌਰ ਨੂੰ ਪਤੀ ਦੀ ਮੌਤ ਤੋਂ ਬਾਅਦ 2023 ਦੀ ਜ਼ਿਮਨੀ ਚੋਣ ਵਿੱਚ ਟਿਕਟ ਦਿੱਤੀ ਸੀ ਪਰ ਉਹ ਆਪ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਤੋਂ ਹਾਰ ਗਏ ਸਨ। ਇਸ ਵਾਰ ਵੀ ਉਨ੍ਹਾਂ ਦੇ ਪੁੱਤਰ ਅਤੇ ਕਾਂਗਰਸੀ ਵਿਧਾਇਕ ਵਿਕਰਮ ਚੌਧਰੀ ਆਪਣੀ ਮਾਂ ਕਰਮਜੀਤ ਕੌਰ ਲਈ ਟਿਕਟ ਮੰਗ ਰਹੇ ਸਨ ਪਰ ਪਾਰਟੀ ਨੇ ਉਨ੍ਹਾਂ ਦੀ ਥਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦਿੱਤੀ।ਇਸ ਤੋਂ ਗੁਸੇ ਹੋਕੇ ਕਰਮਜੀਤ ਭਾਜਪਾ ਵਿਚ ਸ਼ਾਮਲ ਹੋ ਗਏ ਹਨ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ 'ਇਸ ਬਾਰੇ ਸਖਤ ਟਿੱਪਣੀ ਕਰਦਿਆਂ ਕਿਹਾ ਕਿ ਚੌਧਰੀ ਪਰਿਵਾਰ ਨੇ ਕਾਂਗਰਸ ਪਾਰਟੀ ਦੇ ਨਾਲ ਮਿਲ ਲੋਕਾਂ ਦੇ ਕਈ ਕੰਮ ਕੀਤੇ ਜਿਸ ਕਾਰਨ ਕਾਂਗਰਸ ਨੇ ਵੀ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੱਡੇ-ਵੱਡੇ ਅਹੁਦੇ ਦਿੱਤੇ ਸਨ। ਪਰ ਹੁਣ ਮੌਜੂਦਾ ਹਾਲਾਤ ਵਿਚ ਚੌਧਰੀ ਕਰਮਜੀਤ ਕੌਰ ਅਤੇ ਉਨ੍ਹਾਂ ਦੇ ਪੁੱਤਰ ਵਿਧਾਇਕ ਵਿਕਰਮਜੀਤ ਸਿੰਘ ਨੇ ਜੋ ਕੁਝ ਕੀਤਾ ਹੈ, ਉਸ ਨੇ ਚੌਧਰੀ ਪਰਿਵਾਰ ਦਾ ਸਾਰਾ ਇਤਿਹਾਸ ਹੀ ਤਹਿਸ-ਨਹਿਸ ਕਰ ਦਿੱਤਾ ਹੈ। ਅੱਜ ਮਰਹੂਮ ਸੰਤੋਖ ਸਿੰਘ ਚੌਧਰੀ ਦੀ ਰੂਹ ਵੀ ਰੋ ਰਹੀ ਹੋਵੇਗੀ। 

ਦੂਸਰੇ ਪਾਸੇ ਫਿਲੌਰ ਤੋਂ ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਚੰਨੀ ਜਿੱਥੇ ਵੀ ਗਏ, ਉਨ੍ਹਾਂ ਨੇ ਪਾਰਟੀ ਦਾ ਨੁਕਸਾਨ ਕੀਤਾ। ਪਾਰਟੀ ਛੱਡੋ ਇਨ੍ਹਾਂ ਨੇ ਤਾਂ ਆਪਣੇ ਪਰਿਵਾਰ ਨੂੰ ਨਹੀਂ ਛੱਡਿਆ। ਉਨ੍ਹਾਂ ਨੇ ਆਪਣੇ ਰਿਸ਼ਤੇਦਾਰ ਮਹਿੰਦਰ ਸਿੰਘ ਕੇ.ਪੀ. ਨਾਲ ਵੀ ਧੋਖਾ ਕੀਤਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਉਨ੍ਹਾਂ ਦੇ ਪਿਤਾ ਦੀ ਜਾਨ ਚਲੀ ਗਈ ਸੀ। ਇੰਨੀ ਵੱਡੀ ਕੁਰਬਾਨੀ ਤੋਂ ਬਾਅਦ ਵੀ ਉਨ੍ਹਾਂ ਦੀ ਮਾਤਾ ਕਰਮਜੀਤ ਕੌਰ ਚੌਧਰੀ ਦੀ ਅਣਦੇਖੀ ਕੀਤੀ ਗਈ। ਪਾਰਟੀ ਨੂੰ ਇਸ ਬਾਰੇ ਸੋਚਣਾ ਚਾਹੀਦਾ ਸੀ।ਉਨ੍ਹਾਂ ਕਿਹਾ ਕਿ ਚੰਨੀ ਪੰਜਾਬ ਦੇ ਇੱਕੋ-ਇੱਕ ਮੁੱਖ ਮੰਤਰੀ ਹਨ, ਜਿਹੜੇ ਮੁੱਖ ਮੰਤਰੀ ਹੁੰਦਿਆਂ ਦੋ-ਦੋ ਸੀਟਾਂ ਹਾਰੇ।

ਹੋਰ ਕਾਗਰਸੀ ਆਗੂਆਂ ਵਲੋਂ ਦਲ ਬਦਲੀ

ਹੁਣੇ ਜਿਹੇ ਜਲੰਧਰ ਤੋਂ ਲੋਕ ਸਭਾ ਦੀ ਟਿਕਟ ਨਾ ਮਿਲਣ ਤੋਂ ਹਾਈਕਮਾਂਡ ਨਾਲ ਨਰਾਜ਼ ਸਾਬਕਾ ਕਾਂਗਰਸੀ ਸਾਂਸਦ ਮਹਿੰਦਰ ਸਿੰਘ ਕੇ.ਪੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਹਨ। ਇਸ ਤੋਂ ਪਹਿਲਾਂ ਗੁਰਪ੍ਰੀਤ ਜੀਪੀ ਅਤੇ ਡਾ. ਰਾਜਕੁਮਾਰ ਚੱਬੇਵਾਲ ਵਰਗੇ ਨੇਤਾ ਵੀ ਕਾਂਗਰਸ ਝੱਡ ਕੇ ‘ਆਪ’ ਦੇ ਉਮੀਦਵਾਰ ਬਣ ਗਏ ਹਨ।ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਵੱਲੋਂ ਡਾ. ਧਰਮਵੀਰ ਗਾਂਧੀ ਨੂੰ ਟਿਕਟ ਦੇਣ ਖ਼ਿਲਾਫ਼ ਟਕਸਾਲੀ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਨੂੰ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮਨਾਉਣ ਤੋਂ ਅਸਮਰੱਥ ਰਹੇ। ਰਾਜਪੁਰਾ ਵਿਚ ਗਾਂਧੀ ਨੂੰ ਟਿਕਟ ਦੇਣ ਦਾ ਵਿਰੋਧ ਕਰ ਰਹੇ ਵਰਕਰਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਡਾ. ਧਰਮਵੀਰ ਗਾਂਧੀ ਦਾ ਸਾਥ ਦੇਣ ਦੀ ਅਪੀਲ ਕੀਤੀ। ਕਾਂਗਰਸੀ ਵਰਕਰਾਂ ਨੇ ਬਾਗੀ ਸੁਰਾਂ ਅਪਨਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਉਮੀਦ ਸੀ ਕਿ ਰਾਜਾ ਵੜਿੰਗ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਲਈ ਕੋਈ ਖ਼ੁਸ਼ਖ਼ਬਰੀ ਲੈ ਕੇ ਆਉਣਗੇ ਪਰ ਅਜਿਹਾ ਨਹੀਂ ਹੋਇਆ। ਵਰਕਰਾਂ ਨੇ ਐਲਾਨ ਕੀਤਾ ਕਿ ਇਨ੍ਹਾਂ ਚੋਣਾਂ ਦੌਰਾਨ ਉਹ ਆਪਣੀ ਵੋਟ ਤਾਂ ਕਾਂਗਰਸ ਪਾਰਟੀ ਨੂੰ ਪਾ ਦੇਣਗੇ ਪਰ ਡਾ. ਗਾਂਧੀ ਲਈ ਵੋਟਾਂ ਮੰਗਣ ਲਈ ਨਹੀਂ ਤੁਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਹਾਈਕਮਾਨ ਨੂੰ ਟਿਕਟ ’ਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ ਨਹੀਂ ਤਾਂ ਇਹ ਜਿੱਤੀ ਹੋਈ ਸੀਟ ਪਾਰਟੀ ਦੇ ਹੱਥੋਂ ਨਿਕਲ ਜਾਵੇਗੀ।ਸੀਨੀਅਰ ਆਗੂ ਤੇ ਸਾਬਕਾ ਮੰਤਰੀ ਲਾਲ ਸਿੰਘ ਨੇ ਰਾਜਾ ਵੜਿੰਗ ਨੂੰ ਕਿਹਾ ਕਿ ਅਸੀਂ ਕਾਂਗਰਸ ਅਤੇ ਤੁਹਾਨੂੰ ਮਾਫੀਆ ਤੇ ਘੁਸਪੈਠੀਆਂ ਤੋਂ ਬਚਾਉਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਟਕਸਾਲੀਆਂ ਦੀ ਬਾਂਹ ਫੜੀ ਜਾਵੇ ਤੇ ਵਰਕਰਾਂ ਦੇ ਸ਼ਿਕਵੇ ਦੂਰ ਕਰ ਕੇ ਵਰਕਰਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ।ਦੂਸਰੇ ਪਾਸੇ ਰਾਜਪੁਰਾ ਰੈਲੀ ਸਬੰਧੀ ਕਾਂਗਰਸ ਦੇ ਉਮੀਦਵਾਰ ਧਰਮਵੀਰ ਗਾਂਧੀ ਨੇ ਕਿਹਾ ਕਿ ਪਟਿਆਲਾ ਦੀ ਸੀਨੀਅਰ ਲੀਡਰਸ਼ਿਪ ਨੂੰ ਖ਼ੁਦ ਜਾ ਕੇ ਮਿਲਾਂਗਾ ਤੇ ਚੋਣ ਮੁਹਿੰਮ ਯੋਜਨਾ ਤਿਆਰ ਕੀਤੀ ਜਾਵੇਗੀ। 

 ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣ ਆਪਣੇ ਲੋਕ ਸਭਾ ਹਲਕੇ ਫਰੀਦਕੋਟ ਵਿੱਚ ਘਿਰ ਗਏ ਹਨ। ਪਾਰਟੀ ਅੰਦਰ ਬਾਗੀ ਸੁਰਾਂ ਉੱਠੀਆਂ ਹਨ। ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਫਰੀਦਕੋਟ ਲੋਕ ਸਭਾ ਸੀਟ ਤੋਂ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਪਾਰਟੀ ਤੋਂ ਟਿਕਟ ਦਾ ਦਾਅਵਾ ਵੀ ਵਾਪਸ ਲੈ ਲਿਆ ਹੈ।ਡੈਨੀ ਵਾਲਮੀਕਿ ਅਤੇ ਧਾਰਮਿਕ ਭਾਈਚਾਰੇ ਨਾਲ ਸਬੰਧਤ ਮਸਲੇ ਹੱਲ ਨਾ ਹੋਣ ਤੋਂ ਉਹ ਨਿਰਾਸ਼ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨਾਲ ਵੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਸੁਖਵਿੰਦਰ ਡੈਨੀ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਵਾਲਮੀਕਿ/ਮਜ਼੍ਹਬੀ ਸਿੱਖ ਕੌਮ ਤੁਹਾਨੂੰ ਵੋਟ ਜਾਂ ਸਮਰਥਨ ਕਿਉਂ ਕਰੇ? ਜਦੋਂ ਤੁਹਾਡੇ ਭਾਈਚਾਰੇ ਦੇ ਲੋਕਾਂ ਨੇ ਸਭ ਤੋਂ ਵੱਧ ਹੋਣ ਦੇ ਬਾਵਜੂਦ ਮਜ਼੍ਹਬੀ ਸਿੱਖ/ਵਾਲਮੀਕੀ ਭਾਈਚਾਰੇ ਦੇ ਰਾਖਵੇਂਕਰਨ ਦੇ ਅਧਿਕਾਰਾਂ ਨੂੰ ਖੋਹਣ ਲਈ ਮਾਣਯੋਗ ਸੁਪਰੀਮ ਕੋਰਟ ਵਿੱਚ ਕੇਸ ਦਾਇਰ ਕੀਤਾ ਹੈ (1975 ਵਿੱਚ ਮੇਰੇ ਭਾਈਚਾਰੇ ਨੂੰ ਦਿੱਤੇ ਗਏ ਕੁੱਲ 25% SC ਰਾਖਵੇਂਕਰਨ ਦਾ 12.5%) . ਦਲਿਤਾਂ ਅਤੇ ਦੱਬੇ-ਕੁਚਲੇ ਵਰਗਾਂ ਨੂੰ ਰਾਖਵੇਂਕਰਨ ਦੀ ਸਭ ਤੋਂ ਵੱਧ ਲੋੜ ਕਿਸ ਨੂੰ ਹੈ?

ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਮਜਹਬੀ ਸਿੱਖ ਭਾਈਚਾਰੇ ਨੂੰ ਆਪਣੀ ਕੈਬਨਿਟ ਤੋਂ ਬਾਹਰ ਰੱਖਣ ਲਈ ਆਪਣੇ ਰਸਤੇ ਤੋਂ ਬਾਹਰ ਹੋ ਗਏ ਜੋ ਕਿ ਗਿਣਤੀ ਦੇ ਤੌਰ ‘ਤੇ ਪੰਜਾਬ ਦਾ ਸਭ ਤੋਂ ਵੱਡਾ ਅਨੁਸੂਚਿਤ ਭਾਈਚਾਰੇ (ਕੁੱਲ ਅਨੁਸੂਚਿਤ ਜਾਤੀ ਦੀ ਆਬਾਦੀ ਦਾ 31.6%) ਹੈ। ਚੰਨੀ, ਲੋਕਤਾਂਤਰਿਕ ਮੁਕਾਬਲੇ ਵਿੱਚ ਤੁਸੀਂ ਮੇਰੇ “ਸਮਾਜ” ਲਈ ਜ਼ਿੰਮੇਵਾਰ ਅਤੇ ਜਵਾਬਦੇਹ ਹੋ। ਮੈਂ ਆਪਣੀ ਪੂਰੀ ਤਾਕਤ ਅਤੇ ਸ਼ਿਸ਼ਟਾਚਾਰ ਨਾਲ ਆਪਣੇ ਭਾਈਚਾਰੇ ਦੇ ਨਾਲ ਖੜ੍ਹਾ ਹਾਂ ਅਤੇ ਸਾਡੇ ਮਜ਼੍ਹਬੀ ਅਤੇ ਵਾਲਮੀਕਿ ਭਾਈਚਾਰੇ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਹਨੇਰਾ ਕਰਨ ਵਾਲੇ ਇਸ ਕਾਲੇ ਅਤੇ ਗੰਭੀਰ ਕਦਮ ਦਾ ਵਿਰੋਧ ਕਰਦਾ ਹਾਂ।ਮੈਂ ਫਰੀਦਕੋਟ ਤੋਂ ਚੋਣ ਨਹੀਂ ਲੜਨਾ ਚਾਹੁੰਦਾ ਅਤੇ ਪਾਰਟੀ ਨੂੰ ਆਪਣੀ ਅਰਜ਼ੀ ਵਾਪਸ ਲੈਣ ਦੀ ਬੇਨਤੀ ਕੀਤੀ ਹੈ।