ਬੇਅਦਬੀ ਕਾਂਡ ਦੇ ਮੁੱਦੇ ਉਪਰ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਮੁਖ ਮੰਤਰੀ ਨੂੰ ਘੇਰਿਆ

ਬੇਅਦਬੀ ਕਾਂਡ ਦੇ ਮੁੱਦੇ ਉਪਰ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਮੁਖ ਮੰਤਰੀ ਨੂੰ ਘੇਰਿਆ

ਦੋਸ਼ੀਆਂ ਨੂੰ ਬਚਾਉਣ ਲਈ ਸਬੂਤ ਖਤਮ ਕੀਤੇ ਗਏ,ਮੁਖ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮਿ੍ਤਸਰ -ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ 'ਆਪ' ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਜੰਮ ਕੇ ਵਰ੍ਹਦਿਆਂ ਆਮ ਆਦਮੀ ਪਾਰਟੀ ਸਰਕਾਰੀ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਦਾ ਸਾਰਾ ਚਿੱਠਾ ਖੋਲ੍ਹ ਕੇ ਰੱਖ ਦਿੱਤਾ ਹੈ । ਇਹ ਚਿੱਠਾ ਵੀ ਉਸ ਸਮੇਂ ਦੌਰਾਨ ਖੋਲਿ੍ਹਆ ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦਿੱਲੀ ਵਿਖੇ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਮੀਟਿੰਗ ਕਰ ਰਹੇ ਸਨ ।ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਅਦਬੀ ਦੇ ਮੁੱਦੇ 'ਤੇ ਇਨਸਾਫ਼ ਦੇਣ ਦੇ ਸਵਾਲ 'ਤੇ ਕਿਹਾ ਹੈ ਕਿ 'ਵਿਧਾਇਕ (ਕੁੰਵਰ ਵਿਜੇ ਪ੍ਰਤਾਪ ਸਿੰਘ) ਦੀ ਨਿੱਜੀ ਰਾਏ ਹੋ ਸਕਦੀ ਹੈ, ਇਸ 'ਤੇ ਆਪਣੀ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਿੱਤੇ ਗਏ ਬਿਆਨ ਕਿ ''ਵਿਧਾਇਕ (ਕੁੰਵਰ ਵਿਜੇ ਪ੍ਰਤਾਪ ਸਿੰਘ) ਦੀ ਨਿੱਜੀ ਰਾਏ ਹੋ ਸਕਦੀ ਹੈ ।' ਨੂੰ ਪੜ੍ਹ ਕਿ ਮੈਂ ਹੈਰਾਨ ਨਹੀਂ ਹੋਇਆ, ਪਰ ਸ਼ਰਮਿੰਦਾ ਜ਼ਰੂਰ ਹੋਇਆ ਹਾਂ ।ਆਪਣੇ ਸ਼ੋਸ਼ਲ ਮੀਡੀਆ ਪੇਜ 'ਤੇ ਟਿੱਪਣੀ ਕਰਦੇ ਹੋਏ ਵਿਧਾਇਕ ਨੇ ਮੁੱਖ ਮੰਤਰੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅੱਜ ਤੁਸੀਂ ਜ਼ਖ਼ਮਾਂ 'ਤੇ ਲੂਣ ਛਿੜਕ ਦਿੱਤਾ ਹੈ ।ਮੁੱਖ ਮੰਤਰੀ ਦੀ ਉੱਚ-ਕੁਰਸੀ 'ਤੇ ਬੈਠ ਕੇ ਅਜਿਹਾ ਬਿਆਨ ਦੇਣਾ ਚੰਗਾ ਨਹੀਂ ਲਗਦਾ | ਅੱਜ ਲੋਕ ਮੈਨੂੰ ਪੁੱਛ ਰਹੇ ਹਨ ਕਿ ਕੀ ਲੋੜ ਸੀ ਰਾਜਨੀਤੀ ਦੀ ਦਲਦਲ ਵਿਚ ਆਉਣ ਦੀ? ਉਨ੍ਹਾਂ ਕਿਹਾ ਕਿ ਮੈਨੂੰ ਨਿੱਜੀ ਤੌਰ 'ਤੇ ਕੋਈ ਲੋਭ-ਲਾਲਚ ਨਹੀਂ ਹੈ; ਨਾ ਹੀ ਕਿਸੇ ਅਹੁਦੇ ਦੀ ਇੱਛਾ ।ਹਾਂ; ਕੇਜਰੀਵਾਲ ਨੇ ਬਰਗਾੜੀ ਤੇ ਬੇਅਦਬੀ ਦੇ ਮੁੱਦੇ 'ਤੇ ਇਨਸਾਫ਼ ਯਕੀਨੀ ਬਣਾਉਣ ਦੀ ਗੱਲ ਕਰਕੇ ਮੈਨੂੰ ਰਾਜਨੀਤੀ ਵਿਚ ਲਿਆਂਦਾ ਸੀ; ਪਰ ਮੈਂ ਸਿਆਸਤ ਦਾ ਸ਼ਿਕਾਰ ਹੋ ਗਿਆ ।ਉਨ੍ਹਾਂ ਭਗਵੰਤ ਮਾਨ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਜੇ ਅੱਜ ਤੁਸੀਂ ਬੇਅਦਬੀ ਮਾਮਲੇ 'ਚ ਮੇਰੀ 'ਨਿੱਜੀ ਰਾਏ' ਕਹਿ ਰਹੇ ਹੋ ਤਾਂ ਮੇਰੀ 'ਨਿੱਜੀ ਰਾਏ' ਦਾ ਉਸ ਕੁਰਸੀ ਨਾਲ ਬਹੁਤ ਹੀ ਨੇੜਲਾ ਸੰਬੰਧ ਹੈ, ਜਿਸ 'ਤੇ ਤੁਸੀਂ ਬਿਰਾਜਮਾਨ ਹੋ ।ਤੁਹਾਨੂੰ ਯਾਦ ਹੈ 2017 ਦੀਆਂ ਚੋਣਾਂ ਵਿਚ ਤੁਸੀਂ ਖੁਦ ਵੀ ਜਲਾਲਾਬਾਦ ਤੋਂ ਹਾਰ ਗਏ ਸੀ, ਪਰ ਤੁਹਾਡੇ ਨਾਲ 2022 ਵਿਚ, ਇਹ ਮੇਰੀ 'ਨਿੱਜੀ ਰਾਏ' ਸੀ, ਇਹ ਬੇਅਦਬੀ ਦਾ ਮੁੱਦਾ ਸੀ ਤੇ ਮੈਂ ਵੀ ਸੀ ।ਤੁਸੀਂ ਮੇਰੀ ਫੋਟੋ ਪੰਜਾਬ ਦੇ ਹਰ ਜ਼ਿਲ੍ਹੇ ਦੇ ਹਰ ਚੌਕ-ਚੌਰਾਹੇ 'ਤੇ ਲਗਾਈ ਸੀ । ਤੁਸੀਂ ਖੁਦ ਜਿੱਤੇ ਤੇ ਪੰਜਾਬ ਦੀ ਜਨਤਾ ਨੇ ਤੁਹਾਨੂੰ 92 ਵਿਧਾਇਕ ਦਿੱਤੇ । ਜਿੱਥੋਂ ਤੱਕ ਇਨਸਾਫ਼ ਦਾ ਸਵਾਲ ਹੈ, ਇਹ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਲੋਂ ਜ਼ਰੂਰ ਕੀਤਾ ਜਾਵੇਗਾ ।ਇਸ ਮੁੱਦੇ 'ਤੇ ਤੁਹਾਡੀ ਪ੍ਰਾਪਤੀ ਅਜਿਹੀ ਹੈ ਕਿ ਬਰਗਾੜੀ ਬੇਅਦਬੀ ਮਾਮਲੇ ਦੀ ਸੁਣਵਾਈ ਫਰੀਦਕੋਟ ਤੋਂ ਚੰਡੀਗੜ੍ਹ ਤਬਦੀਲ ਹੋ ਗਈ; ਮੁੱਖ ਦੋਸ਼ੀ ਨਹੀਂ ਫੜੇ ਗਏ; ਮੁੱਖ ਸਾਜ਼ਿਸ਼ਕਰਤਾ ਗਿ੍ਫਤਾਰ ਨਹੀਂ ਹੋਏ । ਹੁਣ ਫਰੀਦਕੋਟ ਦਾ ਕੋਈ ਵੀ ਗਵਾਹ ਚੰਡੀਗੜ੍ਹ ਨਹੀਂ ਜਾ ਸਕੇਗਾ; ਕਈ ਗਵਾਹ ਮੁੱਕਰ ਵੀ ਜਾਣਗੇ ।ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਬਹਿਬਲ ਕਲਾਂ ਕਾਂਡ ਨੂੰ ਵੀ ਤੁਹਾਡੇ (ਭਗਵੰਤ ਮਾਨ ਦੇ) ਸਰਕਾਰੀ ਤੰਤਰ ਵਲੋਂ ਖਾਰਜ ਕੀਤਾ ਜਾ ਰਿਹਾ ਸੀ, ਇਸ ਲਈ ਮੈਨੂੰ ਕਾਲਾ ਕੋਟ ਪਾ ਕੇ ਪ੍ਰਾਈਵੇਟ ਵਕੀਲਾਂ ਨਾਲ ਲੜਨਾ ਪਿਆ । ਮੇਰੇ ਦੁਆਰਾ ਕੀਤੀ ਗਈ ਜਾਂਚ ਨੂੰ ਸਹੀ ਕਰਾਰ ਦਿੱਤਾ ਗਿਆ | 04.ਅਗਸਤ.2022 ਦਾ ਹਾਈ ਕੋਰਟ ਦਾ ਹੁਕਮ ਵੇਖੋ, ਪਰ ਤੁਹਾਡੀ ਚਹੇਤੀ ਸਿੱਟ ਨੇ ਫਰੀਦਕੋਟ ਵਿਚ ਹੀ ਇਸ ਕੇਸ ਨੂੰ ਖ਼ਤਮ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ । ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਦੇਖ ਹੀ ਚੁੱਕੇ ਹੋ; ਜਿੱਥੋਂ ਮੈਂ ਛੱਡਿਆ ਸੀ ਤਫ਼ਤੀਸ਼ ਨੂੰ ; ਇਕ ਇੰਚ ਵੀ ਅੱਗੇ ਨਹੀਂ ਗਈ । ਸਗੋਂ ਗਵਾਹਾਂ ਨੂੰ ਜ਼ਰੂਰ ਮੁਕਰਾਉਣ ਦੀ ਕੋਸ਼ਿਸ਼ ਕੀਤੀ ਗਈ।ਤੁਹਾਡੇ ਸਰਕਾਰੀ ਤੰਤਰ ਨੇ ਮੋਰਚੇ ਵਾਲਿਆਂ ਨੂੰ ਮੇਰੇ ਖਿਲਾਫ ਕਾਨੂੰਨੀ ਦਾਅ-ਪੇਚ ਵਿਚ ਉਲਝਾ ਦਿੱਤਾ ਗਿਆ ।ਉਨ੍ਹਾਂ ਕਿਹਾ ਕਿ ਕੋਟਕਪੁਰਾ ਕੇਸ ਵਿਚ ਕੈਪਟਨ ਸਾਹਿਬ ਦੀ ਅਗਵਾਈ ਵਾਲੀ ਤੁਹਾਡੀ ਪਿਆਰੀ ਸਿਟ ਨੇ ਅਜਿਹੀ ਜਾਂਚ ਕੀਤੀ ਕਿ ਮੁੱਖ ਦੋਸ਼ੀਆਂ ਨੂੰ ਪਹਿਲੀ ਤਰੀਕ 'ਤੇ ਹੀ ਜ਼ਮਾਨਤ ਮਿਲ ਗਈ ।ਇਹ ਸਿਟ ਕੁਝ ਨਵਾਂ ਨਹੀਂ ਕਰ ਸਕੀ; ਪਰ ਵੱਡੇ ਦੋਸ਼ੀਆਂ ਨੂੰ ਬਚਾਉਣ ਲਈ ਸਬੂਤਾਂ ਨੂੰ ਕਮਜ਼ੋਰ ਕਰ ਦਿੱਤਾ ਗਿਆ । ਤੁਸੀਂ ਪੰਜਾਬ ਨੂੰ ਇਨਸਾਫ਼ ਤੋਂ ਦੂਰ ਕਰ ਦਿੱਤਾ ।ਦੋਸ਼ੀਆਂ ਦੇ ਮਾਹਿਰ ਵਕੀਲ ਸਰਕਾਰੀ ਵਕੀਲ ਬਣ ਕੇ ਮੈਨੂੰ ਤੇ ਮੇਰੇ ਨਿੱਜੀ ਵਕੀਲਾਂ ਨੂੰ ਮਾਤ ਦੇਣ 'ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ ।ਇੱਥੋਂ ਤੱਕ ਕਿ ਦੋਸ਼ੀਆਂ ਦੇ ਪਰਿਵਾਰਕ ਮੈਂਬਰ ਵੀ ਸਰਕਾਰੀ ਵਕੀਲ ਵਜੋਂ ਉਨ੍ਹਾਂ ਦੀ ਪੈਰਵਾਈ ਕਰ ਰਹੇ ਹਨ।