ਜੰਗ-ਏ-ਆਜ਼ਾਦੀ ਯਾਦਗਾਰ ਸਮਾਗਮ ਦੌਰਾਨ ਬਣਿਆ ‘ਜੰਗ’ ਦਾ ਮਾਹੌਲ

ਜੰਗ-ਏ-ਆਜ਼ਾਦੀ ਯਾਦਗਾਰ ਸਮਾਗਮ ਦੌਰਾਨ ਬਣਿਆ ‘ਜੰਗ’ ਦਾ ਮਾਹੌਲ

ਬਾਦਲ ਨੇ ਫ਼ੌਜੀ ਪਰਿਵਾਰਾਂ ਲਈ ਨਾ ਕੀਤਾ ਕੋਈ ਐਲਾਨ, ਪਰਿਵਾਰਾਂ ਨੇ ਸਨਮਾਨ ਵਿੱਚ ਮਿਲੀਆਂ ਲੋਈਆਂ ਵੀ ਸੁੱਟੀਆਂ
ਜਲੰਧਰ/ਬਿਊਰੋ ਨਿਊਜ਼ :
ਇੱਥੇ ਕਰਤਾਰਪੁਰ ਵਿੱਚ ਜੰਗ-ਏ-ਆਜ਼ਾਦੀ ਯਾਦਗਾਰ ਦੇ ਉਦਘਾਟਨੀ ਸਮਾਗਮ ਸਮੇਂ ਹੰਗਾਮੇ ਕਾਰਨ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।
ਸਮਾਗਮ ਵਿੱਚ ਬੈਠੇ ਸੁਤੰਤਰਤਾ ਸੈਨਾਨੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸਾਰੇ ਬੁਲਾਰਿਆਂ ਦਾ ਇਕ-ਇਕ ਸ਼ਬਦ ਸੁਣਿਆ ਪਰ  ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਦੀਆਂ ਮੰਗਾਂ ਬਾਰੇ ਕੋਈ ਐਲਾਨ ਨਾ ਕੀਤਾ ਤਾਂ ਉਨ੍ਹਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਮੁੱਖ ਮੰਤਰੀ ਦੇ ਵਤੀਰੇ ਤੋਂ ਭੜਕੇ ਸੁਤੰਤਰਤਾ ਸੈਨਾਨੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਲਈ ਬਣਾਈ ਵੱਖਰੀ ਸਟੇਜ ਤੋਂ ਹੀ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਕੁਝ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਨੇ ਸਨਮਾਨ ਵਿੱਚ ਮਿਲੀਆਂ ਲੋਈਆਂ ਵੀ ਵਗ੍ਹਾ ਕੇ ਮਾਰੀਆਂ। ਉਨ੍ਹਾਂ ਕੁਝ ਸਮੇਂ ਲਈ ਉਥੇ ਧਰਨਾ ਵੀ ਦਿੱਤਾ। ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਉਨ੍ਹਾਂ ਨੂੰ ਮਨਾਉਣ ਲਈ ਵੀ ਆਏ ਪਰ ਇਨ੍ਹਾਂ ਪਰਿਵਾਰਾਂ ਨੇ ਕਿਹਾ ਕਿ ਜਿਹੜੇ ਲੋਕਾਂ ਦੀਆਂ ਸਿਫ਼ਤਾਂ ਮੁੱਖ ਮੰਤਰੀ ਕਰ ਰਹੇ ਹਨ, ਉਨ੍ਹਾਂ ਬਾਰੇ ਦੱਸਣ ਕਿ ਉਨ੍ਹਾਂ ਆਜ਼ਾਦੀ ਲਈ ਕੀਤਾ ਕੀ ਸੀ? ਜਿਹੜੀ ਇਹ ਯਾਦਗਾਰ 200 ਕਰੋੜ ਦੀ ਬਣਾਈ ਗਈ ਹੈ, ਉਸ ਦਾ ਸੁਤੰਤਰਤਾ ਸੈਨਾਨੀਆਂ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਕੀ ਲਾਭ ਹੋਵੇਗਾ?
ਪੰਜਾਬ ਪ੍ਰਦੇਸ਼ ਸੁਤੰਤਰਤਾ ਸੈਨਾਨੀ ਉਤਰਾਧਿਕਾਰੀ ਸੰਗਠਨ ਦੇ ਸੂਬਾਈ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਨੇ ਹੈਰਾਨੀ ਪ੍ਰਗਟਾਈ ਕਿ ਮੁੱਖ ਮੰਤਰੀ ਨਾਲ ਕੁਝ ਦਿਨ ਪਹਿਲਾਂ ਹੀ ਮੰਗਾਂ ਬਾਰੇ ਗੱਲਬਾਤ ਕੀਤੀ ਗਈ ਸੀ। ਉਨ੍ਹਾਂ ਭਰੋਸਾ ਦਿੱਤਾ ਸੀ ਕਿ ਉਹ ਯਾਦਗਾਰ ਦੇ ਉਦਘਾਟਨੀ ਸਮਾਗਮ ਵਿੱਚ ਮੰਗਾਂ ਮੰਨਣ ਦਾ ਐਲਾਨ ਕਰਨਗੇ। ਜਦੋਂ ਸੁਤੰਤਰਤਾ ਸੈਨਾਨੀਆਂ ਨੇ ਸਟੇਜ ਤੋਂ ਹੀ ਨਾਅਰੇਬਾਜ਼ੀ ਸ਼ੁਰੂ ਕੀਤੀ, ਉਦੋਂ ਮੁੱਖ ਮੰਤਰੀ ਪੰਡਾਲ ਵਿੱਚ ਹੀ ਸਨ। ਇਸ ਦੇ ਬਾਵਜੂਦ ਕੋਈ ਵੀ ਮੰਤਰੀ ਇਨ੍ਹਾਂ ਪਰਿਵਾਰਾਂ ਨੂੰ ਮਨਾਉਣ ਲਈ ਨਹੀਂ ਪਹੁੰਚਿਆ। ਮੰਗਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਲਈ ਮੁਫ਼ਤ ਬੱਸ ਪਾਸ ਦਿੱਤੇ ਜਾਣ, ਟੌਲ ਟੈਕਸ ਮੁਆਫ਼ ਕੀਤਾ ਜਾਵੇ, ਬਿਜਲੀ ਦੇ 500 ਯੂਨਿਟ ਮੁਫ਼ਤ ਦਿੱਤੇ ਜਾਣ, ਨੌਕਰੀਆਂ ਵਿੱਚ ਜਿਹੜਾ ਦੋ ਫੀਸਦੀ ਕੋਟਾ ਕੱਟ ਕੇ ਇਕ ਫੀਸਦੀ ਕੀਤਾ ਸੀ, ਉਸ ਨੂੰ ਦੋ ਫੀਸਦੀ ਕੀਤਾ ਜਾਵੇ, ਇਲਾਜ ਮੁਫ਼ਤ ਕੀਤਾ ਜਾਵੇ, ਪੰਜਾਬ ਸਰਕਾਰ ਵੱਲੋਂ 45 ਸਾਲ ਪੁਰਾਣੀ ਸੁਤੰਤਰਤਾ ਸੈਨਾਨੀ ਪੈਨਸ਼ਨ ਨੀਤੀ ਬਦਲੀ ਜਾਵੇ।
ਮੁਹਾਲੀ ਨੇੜਲੇ ਪਿੰਡ ਅਭੀਪੁਰ ਤੋਂ ਆਏ ਬਜ਼ੁਰਗ ਗੁਰਮੀਤ ਸਿੰਘ ਨੇ ਗੁੱਸੇ ਵਿੱਚ ਕਿਹਾ ਕਿ ਉਨ੍ਹਾਂ ਦੇ ਪਿਤਾ ਗੱਜਾ ਸਿੰਘ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਨਾਲ ਆਈ.ਐਨ.ਏ. ਵਿੱਚ ਕੰਮ ਕੀਤਾ ਸੀ ਅਤੇ ਸਿੰਗਾਪੁਰ ਤੇ ਮਲੇਸ਼ੀਆ ਦੀਆਂ ਜੇਲ੍ਹਾਂ ਵਿੱਚ ਨੌਂ ਮਹੀਨੇ ਕੱਟੇ। ਕੇਂਦਰ ਸਰਕਾਰ ਨੇ 1950 ਵਿੱਚ ਚੱਪੜਚਿੜੀ ਵਿੱਚ 650 ਏਕੜ ਜ਼ਮੀਨ ਅਲਾਟ ਕੀਤੀ ਸੀ ਪਰ ਪੰਜਾਬ ਸਰਕਾਰ ਦੱਬ ਕੇ ਬੈਠੀ ਹੈ। ਇੱਥੇ ਸਨਮਾਨ ਕਰਨ ਬਹਾਨੇ ਉਨ੍ਹਾਂ ਦਾ ਅਪਮਾਨ ਕੀਤਾ ਗਿਆ। ਜੈਤੋਂ ਤੋਂ ਪੁੱਜੇ  63 ਸਾਲ ਰਾਮ ਰਾਜ ਸੇਵਕ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਮਾਸਟਰ ਕਰਤਾ ਰਾਮ ਨੇ ਜਿੱਥੇ ਨਾਭਾ ਜੇਲ੍ਹ ਵਿੱਚ ਸਜ਼ਾ ਕੱਟੀ, ਉਥੇ ਜੈਤੋ ਦੇ ਮੋਰਚੇ ਵਿੱਚ ਵੀ ਹਿੱਸਾ ਲਿਆ। ਸਮਾਗਮ ਵਿੱਚ ਉਹ ਸਵੇਰੇ 10 ਵਜੇ ਪਹੁੰਚੇ ਪਰ ਨਾ ਪੀਣ ਲਈ ਪਾਣੀ ਮਿਲਿਆ ਤੇ ਨਾ ਖਾਣਾ ਮਿਲਿਆ। ਉਸ ਦਾ ਕਹਿਣਾ ਸੀ ਕਿ ਉਹ ਇਸ ਉਮੀਦ ਨਾਲ ਆਇਆ ਸੀ ਕਿ ਸ਼ਾਇਦ ਮੁੱਖ ਮੰਤਰੀ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਬਾਰੇ ਕੋਈ ਐਲਾਨ ਕਰਨਗੇ।